ਇਤਿਹਾਸ – ਭਾਈ ਚੂਹੜ ਜੀ

ਗੁਰੂ ਪਿਤਾ ਦੇ ਮੂੰਹ ਵਿਚੋਂ ਨਿਕਲੇ ਵਚਨ ਨੂੰ ਪੂਰਾ ਕਰਨਾ ਸਿੱਖ ਆਪਣਾ ਫ਼ਰਜ਼ ਸਮਝਦੇ ਸਨ । ਗੁਰੂ ਦੇ ਸ਼ਬਦ ਨੂੰ ਸਿੱਖ ਗੁਰੂ ਤੁਲ ਹੀ ਸਨਮਾਨ ਦਿੰਦੇ ! ਧੰਨ ਹਨ ਉਹ ਗੁਰਸਿੱਖ ਜੋ ਗੁਰੂ ਦੇ ਮੂੰਹ ਵਿਚੋਂ ਨਿਕਲੇ ਵਚਨਾਂ ਨੂੰ ਪੂਰਾ ਕਰਦੇ । ਉਸ ਵਕਤ ਕੋਈ ਸ਼ਬਦਾਂ ਦੀ ਤੋਲ ਮੋਲ ਜਾਂ ਸੱਚ ਝੂਠ ਦੇ ਵਿਚ ਨਾ ਪੈ ਕੇ ਬਸ ਕਰਮ ਕਰਦੇ । ਉਨ੍ਹਾਂ ਨੂੰ ਗੁਰੂ ਦਾ ਹਰ ਹੁਕਮ ਸਿਰ ਮੱਥੇ ਤੇ ਮੰਨ ਚਾਅ ਚੜ੍ਹਦਾ । ਐਸੇ ਹੀ ਅਨੇਕਾਂ ਸਿੱਖਾਂ ਵਿਚੋਂ ਇਕ ਧੰਨ ਭਾਈ ਚੂਹੜ ਜੀ ਸਨ ਜੋ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਏ । ਗੁਰੂ ਹਰਿਗੋਬਿੰਦ ਜੀ ਨੇ ਇਨ੍ਹਾਂ ਨੂੰ ਸਿੱਖੀ ਦੇ ਨਿਯਮ ਅਤੇ ਭੇਦ ਦੱਸ ਕੇ ਨਿਹਾਲ ਕੀਤਾ । ਭਾਈ ਚੂਹੜ ਜੀ ਦੀ ਕਮਾਨ ਹੇਠ ਸੌ ਸਵਾਰ ਸਨ । ਹੁਕਮ ਮੰਨਣ ਮਨਾਉਣ ਦੀ ਉਨ੍ਹਾਂ ਸਿੱਖਿਆ ਗੁਰੂ ਪਿਤਾ ਕੋਲੋਂ ਲਈ ਸੀ । ਮੀਰੀ ਪੀਰੀ ਦੇ ਮਾਲਕ ਨੇ ਇਕ ਵਾਰ ਉਨ੍ਹਾਂ ਨੂੰ ਕਿਹਾ ਕਿ ਸਿੱਖਾਂ ਨੂੰ ਆਦੇਸ਼ ਪਹੁੰਚਾਉ ਕਿ ਪੱਥਰ ਇੱਟਾਂ ਲਿਆਉਣ , ਲੰਗਰ ਦੀ ਦੀਵਾਰ ਬਣਾਉਣੀ ਹੈ । ਭਾਈ ਚੂਹੜ ਜੀ ਨੇ ਹੌਰ ਸਿੱਖਾਂ ਨੂੰ ਕੀ ਕਹਿਣਾ ਸੀ ਆਪ ਹੀ ਇਕੱਲੇ ਪੱਥਰ ਢੋਣ ਲੱਗ ਪਏ ਇਸ ਸ਼ਰਧਾ ਵਿਚ ਸੇਵਾ ਕੀਤੀ ਕਿ ਹੱਥਾਂ ਪੈਰਾਂ ਵਿਚੋਂ ਖੂਨ ਵਗਣ ਲੱਗ ਪਿਆ ਪਰ ਫਿਰ ਵੀ ਉਨ੍ਹਾਂ ਪ੍ਰਵਾਹ ਨਾ ਕੀਤੀ । ਜਦ ਛੇਵੇਂ ਪਾਤਸ਼ਾਹ ਖੂਨ ਨਾਲ ਭਰਿਆ ਸਰੀਰ ਡਿੱਠਾ ਤਾਂ ਫ਼ਰਮਾਇਆ : “ ਭਾਈ ਚੂਹੜ ਜੀ ਅਸਾਂ ਤਾਂ ਸਿੱਖਾਂ ਕੋਲੋਂ ਸੇਵਾ ਕਰਾਉਣ ਲਈ ਕਿਹਾ ਸੀ । ਤੁਸੀਂ ਆਪ ਹੀ ਜੁੱਟ ਪਏ । ’ ’ ਚੂਹੜ ਜੀ ਨੇ ਹੱਥ ਬੰਨ੍ਹ ਬੇਨਤੀ ਕੀਤੀ : ਮਹਾਰਾਜ ! ਹੁਕਮ ਸਿੱਖਾਂ ਨੂੰ ਸੀ ਤੇ ਸਿੱਖ ਬਣਨ ਦੇ ਮਾਣ ਤੋਂ ਮੈਂ ਵਾਂਝਿਆ ਕਿਵੇਂ ਰਹਿੰਦਾ । ਐਸੇ ਸਨ ਚੂਹੜ ਜੀ ਜੋ ਜਰਨੈਲ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਇਕ ਆਮ ਸਿੱਖ ਹੀ ਸਮਝਦੇ ਸਨ । ਕਲਗੀ ਵਾਲੇ ਨੇ ਇਕ ਵਾਰ ਬਾਬਾ ਬੰਦਾ ਸਿੰਘ ਨੂੰ ਜਦ ਉਸ ਸਿੱਖ ਬਣਨ ਦੀ ਯਾਚਨਾ ਕੀਤੀ ਸੀ ਤਾਂ ਸਮਝਾਇਆ ਸੀ : ਸਿੱਖ ਬਣਨਾ ਬੜਾ ਔਖਾ ਹੈ । ਸਿੱਖ ਤਦ ਬਣਦਾ ਹੈ ਜਦ ਉਹ ਭਰਮ ਗਵਾਵੇ ! ਆਪਾ ਖੋਵੇ । ਕੁਲ ਦਾ ਹੁੰਕਾਰ ਗਵਾਵੇ । ਜ਼ਾਤਾਂ ਦੇ ਜਾਲ ਵਿਚ ਨਾ ਫਸੋ । ਸੇਵਾ ਕਰਦਿਆਂ ਜੇ ਸਿਰ ਵੀ ਲਗਾਉਣਾ ਪਵੇ ਤਾਂ ਸੰਕੋਚ ਨਾ ਕਰੋ । ਪ੍ਰਭੂ ਦਾ ਭੈ ਆਦਰ ਰੱਖੋ । ਸਿਖ ਬਨੈ ਸਭ ਖੋਏ ਭਰਮ ਸਿਖ ਬਨਨ ਕੇ ਕਠਨ ਸੁ ਕਰਮ ਸਿਖ ਹੋਇ ਜੋ ਆਪਾ ਖੋਵੈ । ਮੇਟ ਕੁਲੋਂ ਨਿਜ ਗੁਰ ਭਲ ਹੋਵੈ ।


Share On Whatsapp

Leave a Reply




top