ਬੰਦੇ ਖਾਣੀ….. ਪਿੰਡ ਛੱਡਣਾ ਮਨਜ਼ੂਰ ਨਹੀਂ ਸੀ ਸੋ ਜਾਨ ਬਚਾਉਣ ਦਾ ਮਾਰਾ ਬਟਵਾਰੇ ਤੋਂ ਬਾਅਦ ਤਿਲਕ ਰਾਜ ਪਾਕਸਤਾਨ ‘ਚ ਰਹਿਕੇ ਅਬਦੁਲ ਰਹੀਮ ਹੋ ਗਿਆ। ਹੁੰਦਾ ਏ ਏਦਾਂ ਅਕਸਰ ਬਹੁਗਿਣਤੀ ਦਾ ਦਾਬਾ ਚੱਲ ਜਾਂਦਾ ਏ।
ਕਿੰਨੇ ਈ ਚਾਚੇ-ਤਾਏ ਸਨ ਤੇ ਅਗਾਂਹ ਉਹਨਾਂ ਦੇ ਬਾਲ਼-ਬੱਚੇ, ਤਕਰੀਬਨ ਤੀਹ-ਪੈਂਤੀ ਜੀਅ। ਨਿੱਕੇ-ਮੋਟੇ ਮੇਲੇ ਜਿੰਨੀ ਰੌਣਕ ਤਾਂ ਘਰੇ ਅੱਠੋ-ਪਹਿਰ ਲੱਗੀ ਰਹਿੰਦੀ ਸੀ। ਬਟਵਾਰੇ ਨੇ ਦੇਸ ਤਾਂ ਵੰਡਿਆ ਈ ਟੱਬਰ ਵੀ ਵੰਡ ਘੱਤੇ। ਅੱਧੇ ਤੋਂ ਵੱਧ ਜੀਆਂ ਨੇ ਹਿੰਦੋਸਤਾਨ ਨੂੰ ਚਾਲੇ ਪਾ ਦਿੱਤੇ ਤੇ ਦਰਜਨ ਕੁ ਪਿੱਛਾਂਹ ਰਹਿ ਗਏ।
ਫੇਸਬੁੱਕ, ਵੱਟਸਐਪ, ਯੂਟਿਊਬ ਊਂ ਤਾਂ ਨਿਰਾ ਟੈਮ ਬਰਬਾਦ ਆ ਪਰ ਜਿਹੜੇ ਇਹਨਾਂ ਨੇ ਮੁੱਦਤਾਂ ਦੇ ਵਿੱਛੜੇ ਮਰਨ ਤੋਂ ਪਹਿਲਾਂ ਇੱਕ ਵਾਰ ਮਿਲਾ ਦਿੱਤੇ ਨੇ ਉਹਤੋਂ ਵੱਡਾ ਪੁੰਨ ਦਾ ਕੰਮ ਵੀ ਨਹੀਂ ਹੋ ਸਕਦਾ।
ਸੱਤਰ ਵਰ੍ਹਿਆਂ ਬਾਅਦ ਬਿਲਕੁਲ ਉਸੇ ਦਿਨ ਜਿਸ ਦਿਨ ਵਿੱਛੜੇ ਸਨ ਆਪਣੇ ਚਾਚੇ ਦੀ ਕੁੜੀ ਜਮਨਾ ਨਾਲ਼ ਫ਼ੋਨ ‘ਤੇ ਗੱਲ ਕਰਦਿਆਂ ਤਿਲਕ ਰਾਜ ਬਨਾਮ ਅਬਦੁਲ ਰਹੀਮ ਰਾਮ-ਰਾਮ ਦੀ ਜਗ੍ਹਾ ਸਲਾਮ ਕਹਿ ਬੈਠਾ।
“ਭਾਊ, ਕੀ ਹਾਲ਼ ਏ ਤੇਰਾ? ਤੂੰ ਮਜਬ ਬਦਲ ਕੇ ਕਿਤੇ ਆਪਣੀ ਭੈਣ ਜਮਨਾ ਨੂੰ ਭੁੱਲ ਤਾਂ ਨਈਂ ਗਿਆ।”
ਪੌਣੀ ਸਦੀ ਬਾਅਦ ਭੈਣ ਦੇ ਦਰਸ਼ਨ ਕਰਕੇ ਹੁਬਕੀਂ ਰੋਂਦਾ ਅਬਦੁਲ ਕਹਿੰਦਾ, “ਭੈਣ ਮੇਰੀਏ, ਬਿਨ ਦਰਵਾਜਿਉਂ ਚੁਗਾਠਾਂ ਬਣਕੇ ਰਹਿ ਗਏ ਆਂ!”
ਜਮਨਾ ਤੋਂ ਵੀ ਅੱਥਰੂ ਤੇ ਲੇਰਾਂ ਡੱਕੀਆਂ ਨਾ ਜਾਣ, ਵਿੱਚੇ ਕਹੀ ਜਾਵੇ, “ਮਨ ‘ਤੇ ਨਾ ਲਾ, ਮੇਰਾ ਭਰਾ। ਡਾਢਿਆਂ ਅੱਗੇ ਜ਼ੋਰ ਨਈਂ ਚੱਲਦੇ ਹੁੰਦੇ! ਤੈਨੂੰ ਯਾਦ ਏ ਜਦੋਂ ਓਸ ਕਾਲ਼ੀ-ਬੋਲ਼ੀ ਰਾਤ ਨੂੰ ਅਸੀਂ ਵੱਸਦੇ ਘਰਾਂ ਨੂੰ ਜੰਦਰੇ ਮਾਰ ਕੇ ਤੁਰੇ ਸਾਂ ਤੇ ਤੁਸੀਂ ਮਗਰ ਰਹਿ ਗਏ ਸਾਂ, ਉਸੇ ਰਾਤ ਰਾਹ ‘ਚ ਅੰਮਾਂ, ਆਪਣੀ ਦਾਦੀ ਦੀ ਮੌਤ ਹੋ ਗੀ ਸੀ, ਸੰਸਕਾਰ ਵੀ ਨੀ ਕੀਤਾ ਗਿਆ, ਰੋਹੀਆਂ ‘ਚ ਕਰੀਰਾਂ ਦੇ ਓਲ੍ਹੇ ਚਾਦਰ ਉੱਤੇ ਪਾ ਕੇ ਅੱਗੇ ਤੁਰ ਪਏ ਸਾਂ, ਪਤਾ ਨਈਂ ਕੀ ਹੋਇਆ ਓਵੇਗਾ ਮਗਰੋਂ। ਕਈ ਦਿਨ ਭੁੱਖਣ-ਭਾਣੇ, ਧਿਆਏ ਦਿਨ ਵੇਲ਼ੇ ਕਮਾਦਾਂ ‘ਚ ਲੁਕਦੇ ਤੇ ਰਾਤ ਵੇਲ਼ੇ ਤੁਰਦੇ ਅੰਤ ਸਹੀ-ਸਲਾਮਤ ਅੰਬਰਸਰ ਪਹੁੰਚੇ ਸਾਂ!”
“ਅੰਮਾਂ ਕਿੰਨੀ ਹੱਥਾਂ ਦੀ ਦਾਨੀ ਤੇ ਸੱਤ ਬੇਗਾਨੇ ਨਾਲ਼ ਵੀ ਦ੍ਰੈਤ ਨਾ ਕਰਨ ਵਾਲ਼ੀ ਬੁੜ੍ਹੀ ਸੀ, ਪਤਾ ਨਈਂ ਉੱਪਰ ਵਾਲ਼ੇ ਨੂੰ ਕੀ ਮਨਜ਼ੂਰ ਏ! ਅਸਾਂ ਵੀ ਲੁਕ-ਲੁਕ ਕੇ ਜਾਨ ਬਚਾਈ। ਤੈਨੂੰ ਯਾਦ ਏ ਤਾਇਆ ਚੌਧਰੀ ਫ਼ਰਜੰਦ ਜੋ ਭਾਈਏ ਹੁਰਾਂ ਦਾ ਯਾਰ ਹੁੰਦਾ ਸੀ, ਉਹਨਾਂ ਨੇ ਹਵੇਲੀ ‘ਚ ਲੁਕਾਕੇ ਰੱਖਿਆ। ਮਹੌਲ ਸ਼ਾਂਤ ਹੋਣ ‘ਤੇ ਘਰੇ ਜਾਣ ਦਿੱਤਾ, ਰੱਬ ਸੁਰਗਾਂ ‘ਚ ਵਾਸਾ ਕਰੇ।”
“ਸਾਨੂੰ ਤਾਂ ਬੱਸ, ਆਹੀ ਦੁੱਖ ਮਾਰ ਗਏ। ਤੈਨੂੰ ਯਾਦ ਏ ਨਾ ਆਪਾਂ ਨਿੱਕੇ ਹੁੰਦੇ ਦਵਾਲ਼ੀ ‘ਤੇ ਲੱਛਮੀਂ ਮਾਤਾ ਦੀ ਪੂਜਾ ਕਰਦੇ ਹੁੰਦੇ ਸੀ, ਜਨਮਸ਼ਟਮੀਂ ‘ਤੇ ਝਾਈ ਪੂੜੇ ਪਕਾਇਆ ਕਰਦੀ ਸੀ, ਉਹੋ ਜਹੀ ਗੱਲ ਨਈਂ ਬਣੀ ਕਦੇ ਇੰਦੋਸਤਾਨ ਆ ਕੇ?”
“ਉਹ ਜਮਾਨੇ ਕਿਵੇਂ ਭੁੱਲ ਸਕਦੇ ਆ, ਹੁਣ ਆਲ਼ਿਆਂ ਨੂੰ ਏਹ ਵੀ ਕਿੱਥੇ ਪਤਾ ਹੋਣੈਂ ਸਾਡੇ ਪਿਉਆਂ ਦੇ ਸੱਤ ਹਲ਼ ਚੱਲਦੇ ਸੀ। ਜਮਨਾ, ਤੈਨੂੰ ਆਪਣਾ ਅੰਦਰਲਾ ਘਰ ਯਾਦ ਏ?”
“ਕਦੇ ਉਹ ਕੰਧਾਂ-ਕੰਧੋਲ਼ੀਆਂ ਭੁੱਲਦੀਆਂ ਨੇ ਲੁਕਣ-ਮੀਟੀ ਖੇਡਦਿਆਂ ਜਿੰਨ੍ਹਾਂ ਦੇ ਓਹਲੇ ਲੁਕੇ ਹੋਈਏ! ਚਰਨੋਂ ਨੈਣ ਨਾਲ਼ ਆਪਣੀ ਬਾਹਰਲੀ ਕੰਧ ਲਿੱਪਦੀ ਮੈਂ ਪੌੜੀ ਤੋਂ ਡਿੱਗ ਪਈ ਸਾਂ, ਮਸਾਂ ਈ ਬਾਂਹ ਟੁੱਟਣੋਂ ਬਚੀ ਸੀ।…
ਏਧਰ ਸਾਡੀ ਗੁਆਂਢਣ ਏ ਰਾਜੋ, ਮੁਸਲਮਾਨਾਂ ਦੀ ਕੁੜੀ ਏ, ਰਜੀਆ ਨਾਂ ਸੀ, ਜਦੋਂ ਆ ਜਾਂਦੀ ਏ ਦੁੱਖੜੇ ਛੇੜ ਲੈਂਦੀ ਏ, ਫਿਰ ਜ਼ਖ਼ਮ ਰਿਸ ਪੈਂਦੇ ਨੇ।”
“ਤੈਨੂੰ ਯਾਦ ਹੋਣੈਂ ਤਾਏ ਦੁਰਗਾ ਦਾਸ ਦਾ ਵੱਡਾ ਮੁੰਡਾ ਰਾਮ ਦਿਆਲ, ਉਹ ਵੀ ਪਿੱਛੇ ਰਹਿਕੇ ਮੁਸਲਮਾਨ ਹੋ ਗਿਆ ਸੀ, ਮਰਨ ਕਿਨਾਰੇ ਏ, ਕਦੇ-ਕਦਾਈਂ ਹਾਲ਼-ਚਾਲ਼ ਪੁੱਛਣ ਚਲਿਆ ਜਾਂਦਾ ਆਂ। ਕਹਿੰਦਾ ਏ,’ ਕੀ ਵੱਟਿਆ ਏਥੇ ਰਹਿਕੇ, ਅੱਧੇ ਰਹਿਗੇ, ਏਦੂੰ ਤਾਂ ਉਦੋਂ ਈ ਮਰ ਜਾਂਦੇ ਤੇ ਘਾਣੀ ਮੁੱਕ ਜਾਂਦੀ, ਹੁਣ ਨਾ ਮਰਿਆਂ ‘ਚ ਨਾ ਜਿਊਂਦਿਆਂ ‘ਚ!’ ਤੇ ਗੱਲਾਂ ਕਰਦਾ ਭੁੱਬਾਂ ਮਾਰ ਰੋ ਪੈਂਦਾ ਏ।”
“ਭਾਊ, ਛੇਕੜਲੇ ਵੇਲ਼ੇ ਬੰਦੇ ਕੋਲ਼ ਯਾਦਾਂ ਤੋਂ ਸਿਵਾ ਹੋਰ ਕੁਝ ਨਈਂ ਰਹਿ ਜਾਂਦੈ। ਮਾਪੇ ਤੇ ਨਾਲ਼ ਦੇ ਜੰਮੇ-ਜਾਏ ਯਾਦ ਆਉਂਦੇ ਆ!”
“ਮੁਸਲਮਾਨ ਹੋਣ ਤੇ ਤੈਨੂੰ ਮੇਰੇ ਤੋਂ ਨਫ਼ਰਤ ਜਹੀ ਤਾਂ ਨੀਂ ਹੋ ਰਈ?”
“ਨਾ ਭਾਊ, ਏਹ ਤੂੰ ਕੀ ਆਖਿਆ? ਡਾਢਿਆਂ ਅੱਗੇ ਜ਼ੋਰ ਨਈਂ ਚੱਲਦੇ ਹੁੰਦੇ! ਫੇਰ ਕੀ ਏ ਖ਼ੂਨ ਤਾਂ ਸਾਡਾ ਇੱਕ ਏ ਨਾ! ਖ਼ੂਨ ਮਾਰ ਕਰਦਾ ਹੁੰਦੈ! ਹੋਰ ਮੇਰੀ ਭਰਜਾਈ ਤੇ ਭਤੀਜੇ-ਭਤੀਜੀਆਂ ਬਾਰੇ ਦੱਸ।”
“ਰੱਬ ਦੀ ਬੰਦੀ ਏ ਜੇ ਮੈਂ ਅੰਦਰ ਵੜਕੇ ਕਦੇ-ਕਦਾਈਂ ਹਨੂੰਮਾਨ ਚਲੀਸਾ ਪੜ੍ਹ ਲੈਂਦਾ ਵਾਂ ਤਾਂ ਕੋਈ ਭੈੜ ਨਈਂ ਮੰਨਦੀ ਉਹ! ਦੇਸ ਰਾਜ ਤੇ ਬਲਦੇਵ ਰਾਜ ਬਾਰੇ ਦੱਸ।”
“ਓਧਰ ਪ੍ਰਵਾਰ ਇੱਕ-ਜੁੱਟ ਸੀ, ਬਰਕਤਾਂ ਸੀ ਸਾਂਝੇ ਘਰ ‘ਚ। ਏਧਰ ਆ ਕੇ ਸਾਰੇ ਖੇਰੂੰ-ਖੇਰੂੰ ਹੋ ਗਏ, ਕੋਈ ਕਿਤੇ ਵਸ ਗਿਆ ਤੇ ਕੋਈ ਕਿਤੇ। ਕੋਈ ਕਿਸੇ ਪਿੰਡ ‘ਚ ਰਹਿਣ ਲੱਗ ਪਿਆ ਤੇ ਕੋਈ ਸ਼ਹਿਰ। ਝੋਰੇ ਮਾਰ ਗਏ ਸਭ ਨੂੰ, ਸਾਰੇ ਮਰ-ਮੁੱਕ ਗਏ, ਮੈਂ ਈ ਬਚੀ ਆਂ ਸਾਰੇ ਭੈਣ-ਭਰਾਵਾਂ ‘ਚੋਂ, ਨਦੀ ਕਿਨਾਰੇ ਰੁੱਖੜਾ!”
“ਕੱਖ ਨਾ ਰਵੇ ਕਾਫ਼ਰਾਂ ਦਾ ਜਿੰਨ੍ਹਾਂ ਕਰਕੇ ਏਹ ਸਭ ਹੋਇਐ, ਜੀਆਂ ਦੇ ਜੀਅ ਆਪਣੇ ਟੱਬਰਾਂ ਤੋਂ ਵਿੱਛੜ ਗਏ, ਜਾਨਾਂ ਗਵਾਈਆਂ, ਇੱਜਤਾਂ ਗਵਾਈਆਂ, ਬਣੇ ਬਣਾਏ ਘਰ ਪਿੱਛੇ ਛੱਡ ਕੇ ਟੱਪਰੀਵਾਸਾਂ ਵਾਂਗ ਰੁਲ਼ਣਾ ਪਿਆ। ਹਿਸਾਬ ਦੇਣਾ ਪਊ ਇੱਕ ਦਿਨ ਰੱਬ ਦੀ ਦਰਗਾਹ ‘ਚ।”
“ਭਾਊ, ਉਹਨਾਂ ਨੇ ਕਾਹਦਾ ਸਾਭ ਦੇਣਾ, ਸਾਭ ਤਾਂ ਆਪਾਂ ਦਿੱਤੈ ਸਾਰੀ ਉਮਰ, ਮਸੂਮਾਂ, ਬਦੋਸ਼ਿਆਂ ਨੇ!” ਜਮਨਾ ਨੇ ਡੂੰਘਾ ਹੌਂਕਾ ਲਿਆ ਤੇ ਫ਼ੋਨ ਹੱਥੋਂ ਡਿੱਗ ਪਿਆ। ਅਬਦੁਲ ਰਹੀਮ ਨੇ ਬਾਰ-ਬਾਰ ਹੈਲੋ ਕਿਹਾ ਕੋਈ ਫੋਟੋ ਨਹੀਂ ਆ ਰਹੀ ਸੀ, ਅੰਤ ਕਿਸੇ ਨੇ ਫ਼ੋਨ ਚੱਕ ਕੇ ਕਿਹਾ,”ਮਾਮਾ, ਬੀਬੀ ਨੂੰ ਕੁਝ ਹੋ ਗਿਆ ਏ ਬਾਦ ‘ਚ ਗੱਲ ਕਰਦੇ ਆਂ!”
ਰੱਬ ਨੂੰ ਮੰਨਣ ਵਾਲ਼ਿਆਂ ਦਾ ਆਖ਼ਰੀ ਉਲ੍ਹਾਮਾ ਰੱਬ ਨੂੰ ਹੁੰਦਾ ਏ, ਹਕੂਮਤਾਂ ਅਕਸਰ ਦੋਸ਼ ਤੋਂ ਬਰੀ ਹੋ ਜਾਂਦੀਆਂ ਨੇ। ਘੰਟੇ ਕੁ ਬਾਅਦ ਜਮਨਾ ਦੇ ਹਸਪਤਾਲ ਵਿੱਚ ਪੂਰੇ ਹੋਣ ਦੀ ਖ਼ਬਰ ਜਾਣ ਕੇ ਅਬਦੁਲ ਰਹੀਮ ਬਨਾਮ ਤਿਲਕ ਰਾਜ ਦੀ ਨਿਗ੍ਹਾ ਉੱਪਰ ਅਸਮਾਨ ਵੱਲ਼ ਨੂੰ ਗਈ,” ਵਾਹ, ਓਏ ਡਾਢਿਆ ਰੱਬਾ, ਤੈਨੂੰ ਪਤਾ ਲੱਗਜੇ ਕੀ ਹੁੰਦੀ ਏ ਜੁਦਾਈ, ਤੇਰਾ ਵੀ ਕਦੇ ਯਾਰ ਵਿੱਛੜੇ! ਏਸ ਸਾਲ਼ੀ ਚੌਦਾਂ-ਪੰਦਰਾਂ ‘ਗਸਤ ਨੇ ਇੱਕ ਵਾਰ ਉਦੋਂ ਵਿਛੋੜਿਆ ਸੀ ਤੇ ਅੱਜ ਸਦਾ ਲਈ ਵਿਛੋੜ ਧਰਿਆ ਏ! ਮੂੰਹ ਕਾਲ਼ਾ ਹੋਵੇ ਏਸ ਬਲ਼ਾ ਦਾ!”
ਬਲਜੀਤ ਖ਼ਾਨ ਪੁੱਤਰ ਜਨਾਬ ਬਿੱਲੂ ਖ਼ਾਨ। ਵੀਹ ਨਵੰਬਰ, ਵੀਹ ਸੌ ਵੀਹ।