ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਕੁਝ ਲਾਡਲਿਆਂ ਨੂੰ ਪੰਥ ਤੋਂ ਵਾਰ ਕੇ ਅਤੇ ਕੁਝ ਨੂੰ ਜੂਝਦਾ ਛੱਡ ਕੇ ਪੰਜ ਪਿਆਰਿਆਂ ਦੀ ਬੇਨਤੀ ਮੰਨ ਕੇ , ਭਾਈ ਸੰਗਤ ਸਿੰਘ ਨੂੰ ਕਲਗੀ ਸੌਂਪ ਕੇ ਉੱਥੋਂ ਨਿਕਲ ਪਏ। ਜੰਗਲਾਂ ਵਿੱਚੋਂ ਹੁੰਦੇ ਹੋਏ ਝਾੜ ਵਿੱਚ ਵਿਸ਼ਰਾਮ ਕਰਨ ਮਗਰੋਂ ਗੁਰੂ ਜੀ ਮਾਛੀਵਾੜਾ ਵਿੱਚ ਨਗਰ ਤੋਂ ਬਾਹਰ ਗੁਲਾਬੇ ਖੱਤਰੀ ਦੇ ਬਾਗ਼ ਵਿੱਚ ਆ ਪੁੱਜੇ। ਗੁਰੂ ਗੋਬਿੰਦ ਸਿੰਘ ਜੀ ਪੋਹ ਮਹੀਨੇ ਦੀਆਂ ਠੰਢੀਆਂ ਰਾਤਾਂ ਵਿੱਚ ਇੱਥੇ ਪੁੱਜੇ ਸਨ। ਮਾਛੀਵਾੜਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਕਈ ਇਤਿਹਾਸਕ ਅਸਥਾਨ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: ਗੁਰਦੁਆਰਾ ਚਰਨ ਕੰਵਲ ਸਾਹਿਬ: ਗੁਰਦੁਆਰਾ ਚਰਨ ਕੰਵਲ ਸਾਹਿਬ, ਉਹ ਪਵਿੱਤਰ ਅਸਥਾਨ ਹੈ, ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1704 ਈ. (ਸੰਮਤ ਬਿਕਰਮੀ 1761) ਨੂੰ ਨੰਗੇ ਪੈਰੀਂ, ਲਹੂ-ਲੁਹਾਣ, ਫਟੇ ਹੋਏ ਵਸਤਰਾਂ ਵਿੱਚ, ਪੈਰਾਂ ਵਿੱਚ ਛਾਲੇ , ਕੰਡਿਆਲੇ ਅਤੇ ਬਿਖਮ ਪੈਂਡੇ ਤੋਂ ਹੁੰਦੇ ਹੋਏ ਪੁੱਜੇ ਸਨ। ਗੁਲਾਬੇ ਖੱਤਰੀ ਦੇ ਬਾਗ਼ ਵਿੱਚ ਖੂਹ ਤੋਂ ਜਲ ਛਕਣ ਪਿੱਛੋਂ ਗੁਰੂ ਜੀ ਖੂਹ ਤੋਂ 70 ਗਜ਼ ਦੀ ਦੂਰੀ ’ਤੇ ਸਥਿਤ ਜੰਡ ਦੇ ਦਰਖ਼ਤ ਹੇਠ ਟਿੰਡ ਦਾ ਸਰ੍ਹਾਣਾ ਬਣਾ ਕੇ ਤੇ ਹੱਥ ਵਿੱਚ ਨੰਗੀ ਸ਼ਮਸ਼ੀਰ (ਕਿਰਪਾਨ) ਫੜ ਕੇ ਵਿਸ਼ਰਾਮ ਕਰਨ ਲੱਗ ਪਏ। ਇਸ ਸਮੇਂ ਤਕ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਸਨ। ਜਾਨ ਤੋਂ ਪਿਆਰੇ ਵਿੱਛੜ ਗਏ ਪਰ ਫਿਰ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲਿਆ। ਉਨ੍ਹਾਂ ਅਕਾਲ ਪੁਰਖ ਨੂੰ ਸੰਬੋਧਨ ਹੁੰਦਿਆਂ ਇਹ ਸ਼ਬਦ ਕਹੇ:
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।। ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ।। ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।। ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ।। ੧ ।।¨੧ ।।
ਇੱਥੇ ਹੀ ਅੰਮ੍ਰਿਤ ਵੇਲੇ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਪੰਜ ਪਿਆਰਿਆਂ ਵਿੱਚੋਂ ਦੋ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਤਾਰਿਆਂ ਦੀ ਸੇਧ ਵਿੱਚ ਪੁੱਜੇ। ਗੁਰੂ ਸਾਹਿਬ ਦੇ ਵਸਤਰ ਲੀਰੋ-ਲੀਰ, ਪੈਰ ਜ਼ਖ਼ਮੀ ਹੋਏ ਹੋਣ ਦੇ ਬਾਵਜੂਦ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਪੜ੍ਹੇ ਜਾ ਰਹੇ ਸ਼ਬਦ ਨੂੰ ਸੁਣ ਕੇ ਉਹ ਫੁੱਟ-ਫੁੱਟ ਰੋ ਪਏ। ਗੁਰੂ ਸਾਹਿਬ ਨੇ ਸਿੰਘਾਂ ਨੂੰ ਹੌਂਸਲਾ ਦਿੱਤਾ। ਮਗਰੋਂ ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਪਿੱਛੋਂ ਨਿੱਤਨੇਮ ਕੀਤਾ। ਉਸ ਸਮੇਂ ਬਾਗ਼ ਦਾ ਰਾਖਾ ਉੱਧਰ ਆ ਗਿਆ। ਉਸ ਨੇ ਗੁਰੂ ਜੀ ਅਤੇ ਸਿੱਖਾਂ ਨੂੰ ਬੈਠੇ ਦੇਖ ਕੇ ਬਾਗ਼ ਦੇ ਮਾਲਕ ਤੇ ਗੁਰੂ ਜੀ ਦੇ ਦੋ ਸ਼ਰਧਾਲੂ ਭਰਾਵਾਂ ਭਾਈ ਗੁਲਾਬੇ ਤੇ ਭਾਈ ਪੰਜਾਬੇ ਨੂੰ ਜਾ ਦੱਸਿਆ। ਦੋਵਾਂ ਭਰਾਵਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਸਤਿਕਾਰ ਨਾਲ ਉਨ੍ਹਾਂ ਨੂੰ ਘਰ ਲਿਆ ਕੇ ਪਹਿਲਾਂ ਇਸ਼ਨਾਨ ਕਰਵਾਇਆ ਤੇ ਫਿਰ ਜ਼ਖ਼ਮਾਂ ਉੱਤੇ ਮਲ੍ਹਮ ਲਗਾਈ। ਗੁਰਦੁਆਰਾ ਚਰਨ ਕੰਵਲ ਸਾਹਿਬ ਗੁਲਾਬੇ ਦੇ ਬਾਗ਼ ਵਿੱਚ, ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸਨ, ਉੱਥੇ ਸਥਿਤ ਹੈ। ਇਹ ਕਸਬੇ ਤੋਂ ਇੱਕ ਮੀਲ ਪੂਰਬ ਵੱਲ ਸਥਿਤ ਹੈ। ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਯਾਤਰੂਆਂ ਲਈ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ। ਗੁਰਦੁਆਰਾ ਗਨੀ ਖਾਂ ਨਬੀ ਖਾਂ: ਘੋੜਿਆਂ ਦੇ ਸੁਦਾਗਰ (ਵਪਾਰੀ) ਭਾਈ ਗਨੀ ਖਾਂ ਤੇ ਨਬੀ ਖਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਨੂੰ ਭਾਈ ਗੁਲਾਬੇ ਅਤੇ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਗਏ। ਦੋਵਾਂ ਭਰਾਵਾਂ ਨੇ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ। ਭਾਈ ਗਨੀ ਖਾਂ ਤੇ ਨਬੀ ਖਾਂ ਦੇ ਘਰ ਬੈਠ ਕੇ ਸਾਰਿਆਂ ਨੇ ਗੁਰੂ ਸਾਹਿਬ ਨੂੰ ਮੁਗ਼ਲਾਂ ਦੀ ਫ਼ੌਜ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ। ਇਸ ਸਮੇਂ ਭਾਈ ਗੁਲਾਬੇ, ਭਾਈ ਪੰਜਾਬੇ, ਗਨੀ ਖਾਂ ਤੇ ਨਬੀ ਖਾਂ ਤੋਂ ਇਲਾਵਾ ਪੰਜ ਪੀਰ ਸੱਯਦ ਅਨਾਇਤ ਅਲੀ, ਨੂਰਪੁਰੀਆ, ਕਾਜ਼ੀ ਪੀਰ ਮੁਹੰਮਦ, ਸੁਬੇਗ ਸ਼ਾਹ ਹਲਵਾਰੀਆ, ਸੱਯਦ ਹਸਨ ਅਲੀ ਤੇ ਕਾਜ਼ੀ ਚਿਰਾਗ ਸ਼ਾਹ ਵੀ ਮੌਜੂਦ ਸਨ। ਗੁਰਦੁਆਰਾ ਗਨੀ ਖਾਂ ਨਬੀ ਖਾਂ ਦੇ ਅਸਥਾਨ ’ਤੇ ਮਾਤਾ ਸੋਮਾ, ਮਾਤਾ ਦੇਸਾਂ (ਜਿਨ੍ਹਾਂ ਵਿੱਚੋਂ ਇੱਕ ਬਾਅਦ ਵਿੱਚ ਮਾਤਾ ਹਰਦੇਈ ਦੇ ਨਾਂ ਨਾਲ ਜਾਣੀ ਗਈ) ਵੱਲੋਂ ਸ਼ਰਧਾ ਅਤੇ ਪਿਆਰ ਨਾਲ ਤਿਆਰ ਕੀਤੀ ਖੱਦਰ ਦੀ ਪੌਸ਼ਾਕ (ਚੋਲਾ) ਗ੍ਰਹਿਣ ਕਰਨ ਪਿੱਛੋਂ ਗੁਰੂ ਜੀ ਸਿਰ ’ਤੇ ਢਿੱਲਾ ਜਿਹਾ ਪਰਨਾ ਬੰਨ੍ਹ ਕੇ ਤੇ ਕੇਸ ਪਿੱਛੇ ਨੂੰ ਖੁੱਲ੍ਹੇ ਛੱਡ ਕੇ ‘ਉੱਚ ਦੇ ਪੀਰ’ ਦੇ ਭੇਸ ਵਿੱਚ ਇੱਕ ਪਲੰਘ ਉੱਤੇ ਬੈਠ ਗਏ। ਗਨੀ ਖਾਂ ਅਤੇ ਨਬੀ ਖਾਂ ਭਰਾਵਾਂ ਨੇ ਪਲੰਘ ਨੂੰ ਅਗਲੇ ਪਾਸਿਓਂ ਅਤੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਨੇ ਪਿਛਲੇ ਪਾਸਿਓਂ ਚੁੱਕ ਲਿਆ ਤੇ ਤੁਰ ਪਏ। ਭਾਈ ਮਾਨ ਸਿੰਘ ਉਨ੍ਹਾਂ ਨੂੰ ਚੌਰ (ਚਵਰ) ਕਰ ਰਹੇ ਸਨ। ਪਿੰਡ ਤੋਂ ਬਾਹਰ ਨਿਕਲਦਿਆਂ ਹੀ ਮੁਗ਼ਲ ਫ਼ੌੌਜ ਨੇ ਉਨ੍ਹਾਂ ਨੂੰ ਰੋਕ ਲਿਆ। ਮੁਗ਼ਲ ਜਰਨੈਲ ਦਿਲਾਵਰ ਖਾਨ ਨੇ ਪੁੱਛਿਆ ਕਿ ਪਲੰਘ ’ਤੇ ਕੌਣ ਹੈ ਤਾਂ ਗਨੀ ਖਾਂ ਤੇ ਨਬੀ ਖਾਂ ਨੇ ਕਿਹਾ, ‘‘ਸਾਡੇ ਉੱਚ ਦੇ ਪੀਰ ਹਨ।’’ ਨੇੜਲੇ ਪਿੰਡ ਸੱਯਦ ਪੀਰ ਮੁਹੰਮਦ ਕਾਜ਼ੀ ਨੂੰ ਸੁਨੇਹਾ ਭੇਜਿਆ ਗਿਆ। ਉਸ ਨੇ ਭਾਵੇਂ ਆਉਂਦਿਆਂ ਹੀ ਗੁਰੂ ਸਾਹਿਬ ਨੂੰ ਪਛਾਣ ਲਿਆ ਕਿਉਂਕਿ ਗੁਰੂ ਸਾਹਿਬ ਨੇ ਉਸ ਕੋਲੋਂ ਫ਼ਾਰਸੀ ਪੜ੍ਹੀ ਸੀ ਪਰ ਸ਼ਰਧਾ ਵਿੱਚ ਗੜੁੱਚ ਕਾਜ਼ੀ ਨੇ ਪਰਮਾਤਮਾ ਦੀ ਰਜ਼ਾ ਅਨੁਸਾਰ ਕਹਿ ਦਿੱਤਾ ਕਿ ਉਹ ਉੱਚ ਦੇ ਪੀਰ ਹਨ, ਉਨ੍ਹਾਂ ਨੂੰ ਰੋਕਿਆ ਨਾ ਜਾਵੇ। ਜੇ ਰੋਕਿਆ ਤਾਂ ਕਿਆਮਤ ਆ ਜਾਵੇਗੀ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗਨੀ ਖਾਂ ਤੇ ਨਬੀ ਖਾਂ ਦੋਵੇਂ ਭਰਾ ਦਸਮੇਸ਼ ਪਿਤਾ ਜੀ ਕੋਲ ਕੁਝ ਸਮਾਂ ਨੌਕਰ ਰਹੇ। ਜਦੋਂ ਚਮਕੌਰ ਸਾਹਿਬ ਤੋਂ ਚੱਲ ਕੇ ਕਲਗੀਧਰ ਪਾਤਸ਼ਾਹ ਮਾਛੀਵਾੜਾ ਆਏ ਉਦੋਂ ਇਹ ਪ੍ਰੇਮ ਭਾਵ ਨਾਲ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਦਾ ਪਲੰਘ ਉਠਾ ਕੇ ਹੇਰ ਪਿੰਡ ਤਕ ਸਾਥ ਰਹੇ। ਜਗਤ ਗੁਰੂ ਨੇ ਇਸ ਥਾਂ ਤੋਂ ਇਨ੍ਹਾਂ ਨੂੰ ਵਿਦਾ ਕਰਨ ਵੇਲੇ ਹੁਕਮਨਾਮਾ ਬਖ਼ਸ਼ਿਆ ਜਿਸ ਵਿੱਚ ਲਿਖਿਆ ਹੈ ਕਿ ਗਨੀ ਖਾਂ ਅਤੇ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੱਧ ਪਿਆਰੇ ਹਨ। ਇਸ ਪਵਿੱਤਰ ਅਸਥਾਨ ’ਤੇ ਗੁਰੂ ਸਾਹਿਬ ਨੇ ਦੋ ਦਿਨ ਤੇ ਦੋ ਰਾਤਾਂ ਆਰਾਮ ਕੀਤਾ। ਦਸਮੇਸ਼ ਪਿਤਾ ਜੀ ਵੱਲੋਂ ਬਖ਼ਸ਼ਿਸ਼ ਹੁਕਮਨਾਮਾ ਅੱਜ ਵੀ ਗਨੀ ਖਾਂ ਤੇ ਨਬੀ ਖਾਂ ਦੀ ਨੌਵੀਂ ਪੀੜ੍ਹੀ ਕੋਲ ਅਦਬ-ਸਤਿਕਾਰ ਨਾਲ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਸੰਭਾਲਿਆ ਹੋਇਆ ਹੈ। ਗਨੀ ਖਾਂ ਤੇ ਨਬੀ ਖਾਂ ਦੇ ਘਰ ਉਨ੍ਹਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ। ਇਹ ਸੁੰਦਰ ਗੁਰਦੁਆਰਾ ਬੱਸ ਸਟੈਂਡ ਦੇ ਨਜ਼ਦੀਕ ਹੀ ਸਥਿਤ ਹੈ। ਗੁਰਦੁਆਰਾ ਚੁਬਾਰਾ ਸਾਹਿਬ: ਇਸ ਅਸਥਾਨ ’ਤੇ ਗੁਰੂ ਜੀ ਨੂੰ ਭਾਈ ਗੁਲਾਬਾ ਤੇ ਪੰਜਾਬਾ ਸਤਿਕਾਰ ਨਾਲ ਲੈ ਕੇ ਆਏ ਸਨ। ਇਹ ਉਨ੍ਹਾਂ ਦਾ ਆਪਣਾ ਘਰ ਸੀ। ਇਸ ਗੁਰਦੁਆਰੇ ਵਿੱਚ ਮੱਟ ਸਾਹਿਬ ਸੁਸ਼ੋਭਿਤ ਹੈ। ਹਰਦੇਈ ਨੇ ਗੁਰੂ ਸਾਹਿਬ ਨੂੰ ਖੱਦਰ ਦਾ ਬਣਿਆ ਚੋਲਾ ਭੇਟ ਕੀਤਾ ਤਾਂ ਗਨੀ ਖਾਂ ਤੇ ਨਬੀ ਖਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਮੁਗ਼ਲਾਂ ਦੀ ਫ਼ੌਜ ਦੇ ਘੇਰੇ ਵਿੱਚੋਂ ਕੱਢ ਕੇ ਲੈ ਜਾਣਗੇ। ਗੁਰੂ ਸਾਹਿਬ ਨੇ ਕਿਹਾ, ‘‘ਤੁਸੀਂ ਕਿੰਜ ਫ਼ੌਜ ਦੇ ਘੇਰੇ ਵਿੱਚੋਂ ਕੱਢ ਕੇ ਲੈ ਜਾਓਗੇ।’’ ਗਨੀ ਖਾਂ ਤੇ ਨਬੀ ਖਾਂ ਨੇ ਕਿਹਾ, ‘‘ਜਦੋਂ ਸਾਡੇ ਪੀਰ ਸਾਡੇ ਕੋਲ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਆਦਰ-ਸਨਮਾਨ ਨਾਲ ਮੰਜੇ ’ਤੇ ਬਿਠਾ ਕੇ ‘ਉੱਚ ਦਾ ਪੀਰ’ ਬਣਾ ਕੇ ਦੂਰ ਤਕ ਛੱਡ ਕੇ ਆਉਂਦੇ ਹਾਂ। ਤੁਸੀਂ ਵੀ ਸਾਡੇ ਉੱਚ ਦੇ ਪੀਰ ਹੋ, ਤੁਸੀਂ ਵੀ ਚੋਲਾ ਪਾ ਲਓ।’’ ਗੁਰੂ ਜੀ ਨੇ ਕਿਹਾ, ‘‘ਚੋਲੇ ’ਤੇ ਲਲਾਰੀ ਕੋਲੋਂ ਨੀਲਾ ਰੰਗ ਕਰਵਾ ਲਿਆਓ।’’ ਜਦੋਂ ਗਨੀ ਖਾਂ ਤੇ ਨਬੀ ਖਾਂ ਲਲਾਰੀ ਕੋਲ ਰੰਗ ਕਰਵਾਉਣ ਗਏ ਤਾਂ ਉਸ ਨੇ ਕਿਹਾ ਕਿ ਮੱਟ ਵਿੱਚ ਰੰਗ ਮੁੱਕ ਚੁੱਕਾ ਹੈ। ਇਸ ਲਈ ਚੋਲੇ ਨੂੰ ਰੰਗ ਨਹੀਂ ਹੋ ਸਕਦਾ। ਗਨੀ ਖਾਂ ਤੇ ਨਬੀ ਖਾਂ ਨੇ ਇਸ ਬਾਰੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਦੱਸਿਆ। ਗੁਰੂ ਸਾਹਿਬ ਨੇ ਉਨ੍ਹਾਂ (ਗਨੀ ਖਾਂ ਤੇ ਨਬੀ ਖਾਂ) ਨੂੰ ਕਿਹਾ, ‘‘ਲਲਾਰੀ ਨੂੰ ਜਾ ਕੇ ਕਹੋ ਕਿ ਤੇਰੇ ਮੱਟ ਵਿੱਚ ਰੰਗ ਹੈ, ਤੂੰ ਮੱਟ ਨੂੰ ਪਾਣੀ ਨਾਲ ਭਰ ਕੇ ਵਾਹਿਗੁਰੂ ਦਾ ਨਾਂ ਲੈ ਕੇ ਚੋਲਾ ਵਿੱਚ ਪਾ ਦੇ।’’ ਜਦੋਂ ਲਲਾਰੀ ਨੇ ਗੁਰੂ ਜੀ ਦੇ ਬਚਨਾਂ ਅਨੁਸਾਰ ਚੋਲਾ ਮੱਟ ਵਿੱਚ ਪਾਇਆ ਤਾਂ ਚੋਲਾ ਰੰਗਿਆ ਗਿਆ। ਲਲਾਰੀ ਸਮਝ ਗਿਆ ਕਿ ਇਹ ਕੋਈ ਰੱਬ ਦਾ ਫ਼ਕੀਰ ਹੈ। ਉਸ ਨੇ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਦੱਸਿਆ ਕਿ ਉਸ ਦੇ ਕੋਈ ਔਲਾਦ ਨਹੀਂ ਹੈ ਤਾਂ ਗੁਰੂ ਜੀ ਨੇ ਉਸ ਨੂੰ ਆਸ਼ੀਰਵਾਰ ਦਿੱਤਾ ਕਿ ਉਸ ਦੇ ਘਰ ਪੁੱਤਰ ਹੋਵੇਗਾ। ਗੁਰੂ ਜੀ ਨੇ ਲਲਾਰੀ ਨੂੰ ਕਿਹਾ ਕਿ ਇਸ ਮੱਟ ਨੂੰ ਮੂਧਾ ਨਾ ਕਰੀਂ ਤੇ ਹਮੇਸ਼ਾ ਪਾਣੀ ਨਾਲ ਭਰ ਕੇ ਰੱਖੀਂ। ਵਾਹਿਗੁਰੂ ਦਾ ਨਾਂ ਲੈ ਕੇ ਜੋ ਵੀ ਰੰਗ ਸੋਚ ਕੇ ਇਸ ਵਿੱਚ ਪਾਵੇਂਗਾ, ਕੱਪੜਾ ਉਸੇ ਰੰਗ ਦਾ ਰੰਗਿਆ ਜਾਵੇਗਾ। ਇਸ ’ਤੇ ਸ਼ੰਕਾ ਨਾ ਕਰੀਂ ਤੇ ਨਾ ਹੀ ਇਸ ਦਾ ਭੇਤ (ਬੁਝਾਰਤ) ਕਿਸੇ ਨੂੰ ਦੱਸੀਂ। ਇਸ ਨਾਲ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ। ਗੁਰੂ ਜੀ ਦੀ ਕ੍ਰਿਪਾ ਨਾਲ ਲਲਾਰੀ ਦੇ ਘਰ ਪੁੱਤਰ ਪੈਦਾ ਹੋਇਆ। ਪੁੱਤਰ ਦੇ ਵੱਡਾ ਹੋਣ ’ਤੇ ਉਸ ਦਾ ਵਿਆਹ ਕੀਤਾ ਗਿਆ। ਲਲਾਰੀ ਦੀ ਨੂੰਹ ਨੇ ਮੱਟ ’ਤੇ ਸ਼ੰਕਾ ਕੀਤੀ ਤੇ ਮੱਟ ਨੂੰ ਖ਼ਾਲੀ ਕਰ ਕੇ ਮੂਧਾ ਕਰ ਦਿੱੱਤਾ ਤੇ ਉਸ ਦਾ ਭੇਤ ਵੀ ਆਮ ਲੋਕਾਂ ਨੂੰ ਦੱਸ ਦਿੱਤਾ। ਉਸ ਦਿਨ ਤੋਂ ਬਾਅਦ ਮੱਟ ਵਿੱਚੋਂ ਰੰਗ ਖ਼ਤਮ ਹੋ ਗਿਆ। ਗੁਰਦੁਆਰਾ ਚੁਬਾਰਾ ਸਾਹਿਬ ਵਿੱਚ ਉਹ ਮੱਟ ਸ਼ੀਸ਼ੇ ਦੇ ਫਰੇਮ ਵਿੱਚ ਜੜ੍ਹਤ ਹੈ। ਗੁਰਦੁਆਰਾ ਕਿਰਪਾਨ ਭੇਟ: ਇਹ ਗੁਰਦੁਆਰਾ ਮਾਛੀਵਾੜਾ-ਸਮਰਾਲਾ ਰੋਡ ’ਤੇ ਮਾਛੀਵਾੜਾ ਬੱਸ ਸਟੈਂਡ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਅਸਥਾਨ ’ਤੇ ਗੁਰੂ ਸਾਹਿਬ ਨੇ ਦਿਲਾਵਰ ਖਾਂ ਦੁਆਰਾ ਪਰੋਸਿਆ ਖਾਣਾ ਛਕਿਆ ਸੀ। ਭਾਈ ਸੰਤੋਖ ਸਿੰਘ ਅਨੁਸਾਰ ਦਿਲਾਵਰ ਖਾਂ ਨੇ ਚਮਕੌਰ ਦੀ ਜੰਗ ਵਿੱਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ ਪੰਜ ਸੌ ਅਸ਼ਰਫ਼ੀਆਂ (ਮੋਹਰਾਂ) ਦੀ ਮੰਨਤ ਮੰਨੀ ਸੀ। ਉਹ ਪੰਜ ਸੌ ਮੋਹਰਾਂ ਗੁਰੂ ਜੀ ਨੇ ਦਿਲਾਵਰ ਖਾਂ ਕੋਲੋਂ ਮੰਗ ਕੇ ਆਪਣੇ ਆਪ ਨੂੰ ‘ਉੱਚ ਦਾ ਪੀਰ’ ਸਿੱਧ ਕੀਤਾ ਸੀ। ਇਸ ਅਸਥਾਨ ’ਤੇ ਫ਼ੌਜ ਨੇ ਗੁਰੂ ਸਾਹਿਬ ਨੂੰ ਰੋਕਿਆ ਸੀ।
(ਚਲਦਾ)