6 ਨਵੰਬਰ ਦਾ ਇਤਿਹਾਸ – ਜੋਤੀ ਜੋਤਿ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਗੁਰੂ ਹੋਏ ਹਨ। ਮੀਰੀ ਪੀਰੀ ਦੇ ਮਾਲਿਕ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਤੇ ਮਾਤਾ ਨਿਹਾਲ ਕੌਰ ਜੀ ਦੇ ਸਪੁੱਤਰ ਸਨ।
ਆਪ ਜੀ ਦਾ ਜਨਮ ਸੰਨ 1630 ਈ: ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਇ ਸਾਹਿਬ ਜੀ ਬਚਪਨ ਤੋਂ ਹੀ ਸੰਤ ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿਚ ਲੱਗੇ ਰਹਿਣ ਵਾਲੇ ਸਤਿ ਸੰਤੋਖ ਦੀ ਮੂਰਤ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਬਹੁਤ ਪ੍ਰੇਮ ਕਰਦੇ ਅਤੇ ਸਦਾ ਉਨ੍ਹਾਂ ਦੀ ਹਜ਼ੂਰੀ ਵਿਚ ਹੀ ਰਹਿੰਦੇ। ਗੁਰੂ ਸਾਹਿਬ ਜੀ ਬਹੁਤ ਹੀ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ। 1644 ਈ: ਵਿਚ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਿਛੋਂ ਗੁਰ ਗੱਦੀ ਦੀ ਪੂਰੀ ਜ਼ਿੰਮੇਵਾਰੀ ਆਪ ਜੀ ਨੇ ਸੰਭਾਲੀ। ਗੁਰੂ ਸਾਹਿਬ ਜੀ ਦੇ ਨਾਲ ਉੱਚ ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇਕ ਫੋਜੀ ਟੁਕੜੀ ਰਹਿੰਦੀ ਸੀ।
ਆਪ ਜੀ ਦਾ ਬਹੁਤ ਸਮਾਂ ਪਰਮੇਸ਼ਰ ਦੀ ਭਗਤੀ ਦੇ ਵਿਚ ਹੀ ਬਤੀਤ ਹੁੰਦਾ। ਗੁਰੂ ਜੀ ਦਿਆਲੂ ਵੀ ਬਹੁਤ ਸਨ। ਕਿਸੇ ਵੀ ਸ਼ਰਣ ਆਏ ਸ਼ਰਨਾਰਥੀ ਨੂੰ ਕਦੇ ਜਵਾਬ ਨਹੀਂ ਸਨ ਦਿੰਦੇਂ। ਗੁਰੂ ਜੀ ਦੇ ਖਜਾਨੇ ਵਿਚ ਬਹੁਤ ਦੁਰਲੱਭ ਅਤੇ ਕੀਮਤੀ ਚੀਜ਼ਾਂ ਜਮਾਂ ਹੋ ਗਈਆਂ ਸਨ। ਸੰਗਤਾਂ ਦੇ ਵਲੋਂ ਭੇਟ ਕੀਤੇ ਕੀਮਤੀ ਪਦਾਰਥ ਵਿਸ਼ੇਸ਼ ਤੌਰ ‘ਤੇ ਸੰਭਾਲੇ ਜਾਂਦੇ ਸਨ, ਕਿਉਂਕਿ ਇਨ੍ਹਾਂ ਦੇ ਨਾਲ ਵੀ ਕਿਸੇ ਦੀ ਸਹਾਇਤਾ ਕੀਤੀ ਜਾ ਸਕਦੀ ਸੀ। 1707 ਬਿ: ਵਿਚ ਦਾਰਾ ਸ਼ਿਕੋਹ ਵੀ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧੰਨਵਾਦ ਕਰਨ ਦੇ ਲਈ ਕੀਰਤਪੁਰ ਸਾਹਿਬ ਵਿਖੇ ਆਇਆ ਸੀ । ਕਿਉਂਕਿ ਕੁਝ ਸਮਾਂ ਪਹਿਲਾਂ ਦਾਰਾ ਸ਼ਿਕੋਹ ਗੁਰੂ ਸਾਹਿਬ ਜੀ ਵੱਲੋਂ ਦਵਾਖਾਨੇ ਦੇ ਵਿਚੋਂ ਦਿੱਤੀ ਗਈ ਜੜੀ-ਬੂਟੀ ਦੇ ਸਦਕਾ ਹੀ ਠੀਕ ਹੋਇਆ ਸੀ। ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਤੋਂ ਹੀ ਚਾਲੂ ਪਰੰਪਰਾਵਾਂ ਦੇ ਅਨੁਸਾਰ ਗੁਰੂ ਘਰ ਦੇ ਵਿਚ ਆਤਮਿਕ ਉਪਦੇਸ਼ਾਂ ਦੇ ਨਾਲ ਨਾਲ ਸ਼ਰਧਾਲੂਆਂ ਦੇ ਸਰੀਰਕ ਰੋਗ ਦਾ ਇਲਾਜ ਵੀ ਕੀਤਾ ਜਾਂਦਾ ਸੀ।
ਗੁਰੂ ਹਰਿ ਰਾਇ ਸਾਹਿਬ ਜੀ ਦੇ ਜੀਵਨ ਦੇ ਹਰ ਪੱਖ ਵਿਚ ਉਨ੍ਹਾਂ ਦਾ ਨਰਮ ਅਤੇ ਕੋਮਲ ਸੁਭਾਅ, ਪਰੰਤੂ ਗੁਰਮਤਿ ਸਿਧਾਂਤਾਂ ਦੀ ਪਾਲਣਾ ਦੇ ਵਿਚ ਪੱਕੇ ਤੌਰ ‘ਤੇ ਅਟੱਲ ਦ੍ਰਿੜ ਇਰਾਦਾ ਸੀ । ਸਿਧਾਂਤ ਅਤੇ ਮਰਿਯਾਦਾ ਦੇ ਮਸਲੇ ਵਿਚ ਗੁਰੂ ਜੀ ਕਦੇ ਵੀ ਕਿਸੇ ਕਿਸਮ ਦੀ ਢਿਲ ਨੂੰ ਪਸੰਦ ਨਹੀਂ ਕਰਦੇ ਸਨ। ਇਥੋ ਤੱਕ ਕਿ ਆਪਣੇ ਪੁੱਤਰ ਵਲੋਂ ਬਾਣੀ ਦੀ ਕੀਤੀ ਗਈ ਬੇਅਦਬੀ ਬਾਰੇ ਪਤਾ ਲੱਗਾ ਤਾਂ ਬਹੁਤ ਨਰਾਜ਼ ਹੋਏ ਅਤੇ ਕਿਹਾ ਕਿ ਰਾਮ ਰਾਇ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਬਦਲਿਆ ਹੈ। ਇਸ ਲਈ ਸਾਨੂੰ ਆਪਣੀ ਸ਼ਕਲ ਨਾ ਦਿਖਾਵੇ। ਉਹਨਾਂ ਸਿੱਖ ਸੰਗਤ ਨੂੰ ਬਾਬਾ ਰਾਮ ਰਾਇ ਨਾਲ ਮੇਲ ਨਾ ਰੱਖਣ ਲਈ ਹੁਕਮਨਾਮੇ ਭੇਜ ਦਿੱਤੇ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਜੀਵਨ, ਗੁਰਮਤਿ ਸਿਧਾਂਤਾਂ ਦੇ ਉੱਪਰ ਪਹਿਰੇਦਾਰ ਹੋਣ ਬਾਰੇ ਸਾਡੇ ਸਾਰਿਆਂ ਦੇ ਲਈ ਇਕ ਚਾਨਣ ਮੁਨਾਰੇ ਦਾ ਕਾਰਜ ਕਰਦਾ ਹੈ। ਅੱਜ ਜਦੋਂ ਮਨੁੱਖੀ ਰਿਸ਼ਤੇ ਤਾਰ-ਤਾਰ ਹੋ ਰਹੇ ਹਨ , ਨਿਜੀ ਸੁਆਰਥ ਅਤੇ ਔਲਾਦ ਦੇ ਮੋਹ ਕਰਕੇ ਆਪਣੇ ਮਹਾਨ ਸਿਧਾਂਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਕੌਮੀ ਨੁਕਸਾਨ ਕੀਤਾ ਜਾ ਰਿਹਾ ਹੈ, ਦੇਸ਼ ਦਾ ਸਭ ਕੁਝ ਦਾਅ ਦੇ ਉਪਰ ਲਗਾਇਆ ਜਾ ਰਿਹਾ ਹੈ, ਧਾਰਮਿਕ ਸਿਧਾਂਤ ਅਤੇ ਮਰਿਆਦਾ ਲੀਰੋ-ਲੀਰ ਕੀਤੀ ਜਾ ਰਹੀ ਹੈ, ਸਮਾਜਿਕ ਸਿਸਟਮ ਤਹਿਸ-ਨਹਿਸ ਹੋ ਰਿਹਾ ਹੈ, ਅਸੀ ਆਪਣੇ ਮਹਾਨ ਅਤੇ ਉੱਤਮ ਸਭਿਆਚਾਰ ਨੂੰ ਤਿਲਾਂਜਲੀ ਦੇ ਕੇ ਦੂਜਿਆਂ ਦੇ ਸਭਿਆਚਾਰ ਨੂੰ ਅਪਣਾ ਰਹੇ ਹਾਂ ਜੋ ਸਾਡੀ ਜ਼ਿੰਦਗੀ ਦੇ ਲਈ ਬਹੁਤ ਹੀ ਘਾਤਕ ਹੈ। ਸਾਨੂੰ ਆਪਣੇ ਸਰੋਤ, ਆਪਣੀਆਂ ਜੜ੍ਹਾਂ, ਆਪਣੀ ਵਿਰਾਸਤ, ਆਪਣੇ ਸਭਿਆਚਾਰ ਦੇ ਨਾਲ ਜੁੜਣਾ ਹੋਵੇਗਾ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵੱਲੋਂ ਜਿਥੇ ਬਾਣੀ ਦੇ ਅਦਬ ਅਤੇ ਸਤਿਕਾਰ ਨੂੰ ਮੁੱਖ ਰੱਖਿਆ ਗਿਆ ਉਥੇ ਵਾਤਾਵਰਣ ਅਤੇ ਬਨਸਪਤੀ ਦੀ ਸਾਂਭ-ਸੰਭਾਲ ਪ੍ਰਤੀ ਚੇਤਨਾ ਉਜਾਗਰ ਕੀਤੀ ਅਤੇ ਨਾਲ-ਨਾਲ ਇਕ ਨਹੀਂ, ਅਨੇਕਾਂ ਹੀ ਸੋਹਣੇ ਸੋਹਣੇ ਬਾਗ ਸਥਾਪਿਤ ਕੀਤੇ ਗਏ। ਕੀਰਤਪੁਰ ਦੀ ਪਾਵਨ ਧਰਤੀ ਦੇ ੳੁੱਪਰ ਦਵਾਖਾਨੇ ਦੀ ਸਥਾਪਨਾ ਕਰਕੇ ਸੰਗਤਾਂ ਦੀ ਔਖੇ ਵੇਲੇ ਮਦਦ ਕੀਤੀ ਜਾਣ ਲੱਗੀ। ਅੰਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਆਪਣੇ ਛੋਟੇ ਸਾਹਿਬਜ਼ਾਦੇ (ਗੁਰੂ) ਹਰਿਕ੍ਰਿਸ਼ਨ ਜੀ ਨੂੰ ਗੁਰਤਾਗੱਦੀ ਸੋਂਪ ਕੇ ਸੰਨ 1661 ਈ: ਨੂੰ ਕੀਰਤਪੁਰ ਸਾਹਿਬ ਦੀ ਧਰਤੀ ‘ਤੇ ਜੋਤੀ ਜੋਤਿ ਸਮਾ ਗਏ।

ਆਉ, ਅਸੀਂ ਵੀ ਗੁਰੂ ਹਰਿ ਰਾਇ ਸਾਹਿਬ ਜੀ ਵੱਲੋਂ ਦਰਸਾਏ ਅਦੁੱਤੀ ਮਾਰਗ ਦੇ ਪਾਂਧੀ ਹੋਈਏ। ਧਰਮ ਦੇ ਨਾਲੋਂ ਧੜੇ ਨੂੰ ਬਿਹਤਰ ਨਾ ਸਮਝੀਏ। ਗੁਰਬਾਣੀ ਦੇ ਅਦਬ ਅਤੇ ਸਤਿਕਾਰ ਨੂੰ ਕਾਇਮ ਰੱਖਦੇ ਹੋਏ ਆਪਣੇ ਜੀਵਨ ਦੇ ਵਿਚ ਗੁਰਬਾਣੀ ਸਿਧਾਂਤਾਂ ਨੂੰ ਢਾਲੀਏ।


Share On Whatsapp

Leave a Reply




top