*ਸਾਖੀ ਪੜ੍ਹ ਕੇ ਵੱਧ ਤੋਂ ਵੱਧ ਹੋਰਾਂ ਨੂੰ ਵੀ ਸ਼ੇਅਰ ਕਰੋ ਜੀ*
ਜਦ ਗੁਰੂ ਅਮਰ ਦਾਸ ਜੀ ਗੁਰ ਗੱਦੀ ਉਤੇ ਬੈਠੇ ਸਨ ਤਾਂ ਭਾਈ ਜੇਠਾ ਜੀ ਦੀ ਉਮਰ ਅਠਾਰਾਂ ਸਾਲ ਦੀ ਹੋ ਗਈ ਸੀ। ਉਹ ਇਕ ਦਰਸ਼ਨੀ ਸ਼ਖਸਿਅਤ ਦੇ ਮਾਲਕ ਸਨ। ਲੰਮਾ ਚੌੜਾ ਸ਼ਰੀਰ ਅਤੇ ਨੂਰਾਨੀ ਚਿਹਰਾ ਹਰ ਵੇਖਣ ਵਾਲੇ ਦਾ ਦਿਲ ਮੋਹ ਲੈਂਦਾ ਸੀ।
ਇਕ ਦਿਨ ਮਾਤਾ ਮਨਸਾ ਦੇਵੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਬੀਬੀ ਭਾਨੀ ਹੁਣ ਸਿਆਣੀ ਹੋ ਗਈ ਹੈ ਇਸ ਲਈ ਉਸ ਵਾਸਤੇ ਕੋਈ ਯੋਗ ਵਰ ਲਭਣਾ ਚਾਹੀਦਾ ਹੈ।
ਜਦ ਗੁਰੂ ਜੀ ਨੇ ਪੁੱਛਿਆ ਕਿ ਲੜਕਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤਾਂ ਮਾਤਾ ਜੀ ਨੇ ਕਿਹਾ ਕਿ ਭਾਈ ਜੇਠਾ ਜੀ ਵਰਗਾ। ਗੁਰੂ ਅਮਰਦਾਸ ਜੀ ਨੇ ਕਿਹਾ ਫਿਰ ਉਸ ਵਰਗਾ ਤਾਂ ਉਹ ਹੀ ਹੈ।
ਬੀਬੀ ਭਾਨੀ ਜੀ ਸਭ ਤੋਂ ਛੋਟਾਂ ਬੱਚਾ ਹੋਣ ਕਰਕੇ ਬੜੀ ਲਾਡਲੀ ਸੀ। ਉਹ ਵੀ ਗੁਰੂ ਜੀ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਹਰ ਵੇਲੇ ਉਨ੍ਹਾਂ ਦੀ ਸੇਵਾ ਵਿਚ ਲੱਗੀ ਰਹਿੰਦੀ ਸੀ। ਉਹ ਗੁਰੂ ਜੀ ਦੀ ਸੇਵਾ ਪਿਤਾ ਕਰਕੇ ਨਹੀਂ ਬਲਕਿ ਗੁਰੂ ਕਰਕੇ ਕਰਦੀ ਸੀ।
ਗੁਰੂ ਅਮਰ ਦਾਸ ਜੀ ਅਤੇ ਮਾਤਾ ਮਨਸਾ ਦੇਵੀ ਜੀ ਭਾਈ ਜੇਠਾ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਉਨ੍ਹਾਂ ਦੇ ਮਿਲਾਪੜੇ ਸੁਬਾੳੇ ਤੋਂ ਵਾਕਿਫ ਸਨ ਅਤੇ ਕਾਫੀ ਸਮੇਂ ਤੋਂ ਇਹ ਮਨ ਬਣਾ ਚੁਕੇ ਸਨ ਕਿ ਭਾਈ ਜੇਠਾ ਜੀ ਬੀਬੀ ਭਾਨੀ ਵਾਸਤੇ ਯੋਗ ਵਰ ਸੀ।
ਉਹ ਸੁਬਾੳੇ ਦੀ ਸੁਸ਼ੀਲ, ਸੰਜਮੀ ਅਤੇ ਨਿਮਰਤਾ ਦੀ ਮੂਰਤ ਸੀ। ਗੁਰੂ ਜੀ ਦੀ ਸਿਖਿਆ ਉਤੇ ਚਲਦੀ, ਉਹ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੀ। ਉਹ ਬੜੇ ਸਾਦੇ ਕਪੜੇ ਪਹਿਨ ਕੇ ਖੁਸ਼ ਹੁੰਦੀ ਸੀ ਅਤੇ ਗਹਿਣੇ ਤਾਂ ਬਿਲਕੁਲ ਪਾਉਣੇ ਪਸੰਦ ਨਹੀਂ ਸੀ ਕਰਦੀ ਸੀ।
ਜਦ ਗੁਰੂ ਜੀ ਅਤੇ ਮਾਤਾ ਮਨਸਾ ਦੇਵੀ ਇਸ ਗੱਲ ਉਤੇ ਸਹਿਮਤ ਹੋ ਗਏ ਕਿ ਭਾਈ ਜੇਠਾ ਜੀ ਨਾਲ ਬੀਬੀ ਭਾਨੀ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਇਕ ਦਿਨ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਆਪਣੇ ਪਾਸ ਬੁਲਾਇਆ।
ਭਾਈ ਜੇਠਾ ਜੀ ਹੱਥ ਜੋੜ ਕੇ ਨਮਸਕਾਰ ਕਰਕੇ ਉਨ੍ਹਾਂ ਦੇ ਪਾਸ ਬੈਠ ਗਏ। ਗੁਰੂ ਜੀ ਕਹਿਣ ਲੱਗੇ, ‘ਭਾਈ ਜੇਠਾ ਜੀ, ਅਸੀਂ ਕੁਝ ਤੁਹਾਥੋਂ ਮੰਗਣਾ ਚਾਹੁੰਦੇ ਹਾਂ’।
ਭਾਈ ਜੇਠਾ ਜੀ ਬੋਲੇ, ‘ਮਹਾਰਾਜ ਹੁਕਮ ਕਰੋ ਮੇਰੀ ਜਾਨ ਵੀ ਹਾਜ਼ਰ ਹੈ, ਮੈਂ ਤਾਂ ਹਰ ਵੇਲੇ ਇਹੋ ਸੋਚਦਾ ਰਹਿੰਦਾ ਹਾਂ ਕਿ ਮੈਂ ਕਿਸੇ ਤਰ੍ਹਾਂ ਆਪ ਜੀ ਦੇ ਕੰਮ ਆ ਸਕਾਂ, ਆਪ ਜੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕਰ ਸਕਾਂ, ਆਪ ਦਾ ਹੁਕਮ ਸਿਰ ਮੱਥੇ, ਤੁਸੀਂ ਆਦੇਸ਼ ਕਰੋ’।
ਗੁਰੂ ਜੀ ਨੇ ਕਿਹਾ, ‘ਅਸੀ ਤੁਹਾਡਾ ਇਹ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ ਹਾਂ, ਅਸੀਂ ਆਪਣੀ ਲਾਡਲੀ ਪੁੱਤਰੀ ਭਾਨੀ ਵਾਸਤੇ ਤੁਹਾਡਾ ਪੱਲਾ ਮੰਗਣਾ ਚਾਹੁੰਦੇ ਹਾਂ, ਸੋਚ ਵਿਚਾਰ ਕੇ ਸਾਨੂੰ ਦਸੋ’। ਭਾਈ ਜੇਠਾ ਜੀ ਹੈਰਾਨ ਰਹਿ ਗਏ। ਉਹ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਾਦਾਰ ਸਮਝਦੇ ਸਨ। ਉਨ੍ਹਾਂ ਕਦੇ ਇਹ ਸੋਚਿਆ ਵੀ ਨਹੀਂ ਸੀ ਉਹ ਗੁਰੂ ਘਰ ਦੇ ਬਣ ਸਕਦੇ ਸਨ।
ਕੁਝ ਦਿਨਾਂ ਬਾਅਦ ਹੀ ਗੁਰ ਮਰਯਾਦਾ ਅਨੁਸਾਰ ਬੀਬੀ ਭਾਨੀ ਦਾ ਭਾਈ ਜੇਠਾ ਨਾਲ ਵਿਆਹ ਹੋ ਗਿਆ। ਬੀਬੀ ਭਾਨੀ ਜੀ ਅਤੇ ਭਾਈ ਜੇਠਾ ਜੀ ਗੁਰੂ ਜੀ ਤੋਂ ਵੱਖ ਹੋ ਕੇ ਕਿਤੇ ਨਹੀਂ ਜਾਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਨੇੜੇ ਹੀ ਵੱਖਰਾ ਮਕਾਨ ਦੇ ਦਿੱਤਾ ਜਾਵੇ, ਤਾਂਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਉਨ੍ਹਾਂ ਦੀ ਸੇਵਾ ਕਰਦੇ ਰਹਿਣ। ਗੁਰੂ ਜੀ ਨੇ ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਵਾਸਤੇ ਇਕ ਰਿਹਾਇਸ਼ੀ ਮਕਾਨ ਤਿਆਰ ਕਰਵਾ ਦਿੱਤਾ।
ਭਾਈ ਜੇਠਾ ਅਤੇ ਬੀਬੀ ਭਾਨੀ ਨੇ ਨਿਤਕਰਮ ਪਹਿਲਾਂ ਵਾਂਗ ਹੀ ਜਾਰੀ ਰੱਖਿਆ।
ਬਾਕੀ ਇਤਿਹਾਸ ਕੱਲ