30 ਅਕਤੂਬਰ 1922 ਨੂੰ ਪੰਜਾ ਸਾਹਿਬ ਜੀ ਦਾ ਸਾਕਾ ਵਾਪਰਿਆ, ਆਉ ਸੰਖੇਪ ਝਾਤ ਮਾਰੀਏ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੁਰਦੁਆਰਿਆਂ ਵਿਚ ਮਸੰਦਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਧਿਆਨ ਸਿੰਘ ਡੋਗਰਾ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਜੰਮੂ ਤੋਂ ਡੋਗਰੇ ਲਿਆ ਕੇ ਉਨ੍ਹਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਗੁਰਦੁਆਰਿਆਂ ਵਿਚ ਬਿਠਾ ਦਿੱਤਾ। ਉਨ੍ਹਾਂ ਬੰਦਿਆਂ ਨੂੰ ਹੀ ਪੁਜਾਰੀ ਜਾਂ ਮਸੰਦਾਂ ਦਾ ਨਾਂ ਦਿੱਤਾ ਗਿਆ। ਇਨ੍ਹਾਂ ਨੇ ਗੁਰਦੁਆਰਿਆਂ ਦਾ ਪੂਜਾ ਧਾਨ ਖਾਣਾ ਤੇ ਗੁਰਦੁਆਰਿਆਂ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ।
ਅੰਮ੍ਰਿਤਸਰ ਤੋਂ 13 ਕਿਲੋਮੀਟਰ ਦੀ ਦੂਰੀ ’ਤੇ ਘੁੱਕੇਵਾਲੀ ਵਿਚ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਥਾਪਿਤ ਹੈ। ਇਸ ਗੁਰਦੁਆਰੇ ਨੂੰ ਕਾਫੀ ਜ਼ਮੀਨ ਮਿਲੀ ਹੋਈ ਹੈ, ਜੋ ‘ਗੁਰੂ ਕਾ ਬਾਗ਼’ ਅਖਵਾਉਂਂਦੀ ਹੈ।
‘ਗੁਰੂ ਕਾ ਬਾਗ਼’ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਦੇ ਕਬਜ਼ੇ ਵਿਚ ਸੀ, ਜਿਸ ਨੇ ਉਥੇ ਬਿਨਾਂ ਵਿਆਹ ਤੋਂ ਇੱਕ ਔਰਤ ਰੱਖੀ ਹੋਈ ਸੀ ਅਤੇ ਗੁਰਦੁਆਰੇ ਦੀ ਮਰਿਆਦਾ ਨੂੰ ਵੀ ਸਹੀ ਢੰਗ ਨਾਲ ਨਹੀਂ ਨਿਭਾਅ ਰਿਹਾ ਸੀ। ਇਹ ਸਭ ਕੁਝ ਇਲਾਕੇ ਦੀ ਸੰਗਤ ਨੂੰ ਮਨਜ਼ੂਰ ਨਹੀਂ ਸੀ। ਇਹ ਗੱਲ ਉਨ੍ਹਾਂ ਸ਼੍ਰੋਮਣੀ ਕਮੇਟੀ ਕੋਲ ਕੀਤੀ। ਸ਼੍ਰੋਮਣੀ ਕਮੇਟੀ ਨੇ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਲਈ ਦਾਨ ਸਿੰਘ ਵਿਛੋਆ ਦੀ ਡਿਊਟੀ ਲਾ ਦਿੱਤੀ। ਦਾਨ ਸਿੰਘ ਵਿਛੋਆ ਦੇ ਕਹਿਣ ’ਤੇ ਮਹੰਤ ਸੁੰਦਰ ਦਾਸ ਨੇ ਈਸ਼ਰੀ ਨਾਂ ਦੀ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕ ਕੇ ਗੁਰਦੁਆਰੇ ਦੀ ਮਰਿਆਦਾ ਨੂੰ ਠੀਕ ਢੰਗ ਨਾਲ ਚਲਾਉਣ ਲੱਗ ਪਿਆ।
21 ਫ਼ਰਵਰੀ 1921 ਈਃ ਨੂੰ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਨਨਕਾਣਾ ਸਾਹਿਬ ਦਾ ਕਬਜ਼ਾ ਲੈ ਲਿਆ ਸੀ। ਉਸ ਵੇਲੇ ਮਹੰਤ ਸੁੰਦਰ ਦਾਸ ਨੂੰ ਵੀ ਆਪਣਾ ਫਿਕਰ ਪੈ ਗਿਆ। ਉਸ ਨੇ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ। ਕਮੇਟੀ ਨੇ ਮਹੰਤ ਸੁੰਦਰ ਦਾਸ ਨੂੰ 120 ਰੁਪਏ ਮਹੀਨਾ ਦੇਣਾ ਮੰਨ ਲਿਆ ਅਤੇ ਅੰਮ੍ਰਿਤਸਰ ਵਿਚ ਰਹਿਣ ਲਈ ਇੱਕ ਮਕਾਨ ਮੁੱਲ ਲੈ ਕੇ ਦੇ ਦਿੱਤਾ। ਗੁਰਦੁਆਰੇ ਦਾ ਪ੍ਰਬੰਧ ਕਮੇਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਪਰ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਮਹੰਤ ਨੇ ਫਿਰ ਗੁਰਦੁਆਰੇ ਦਾ ਪ੍ਰਬੰਧ ਆਪਣੇ ਕਬਜ਼ੇ ਵਿਚ ਲੈਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ।
8 ਅਗਸਤ, 1922 ਨੂੰ 5 ਸਿੰਘਾਂ ਦਾ ਜਥਾ ਲੰਗਰ ਲਈ ਲੱਕੜਾਂ ਕੱਟਣ ਲਈ ਗੁਰੂ ਕਾ ਬਾਗ਼ ਚਲਾ ਗਿਆ। ਮਹੰਤ ਸੁੰਦਰ ਦਾਸ ਨੇ ਇਹ ਖ਼ਬਰ ਪੁਲੀਸ ਨੂੰ ਦੇ ਦਿੱਤੀ। ਉਨ੍ਹਾਂ ਨੇ 9 ਅਗਸਤ ਨੂੰ ਪੰਜੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। 10 ਤਾਰੀਖ ਨੂੰ ਸਿੰਘਾਂ ਨੂੰ ਛੇ-ਛੇ ਮਹੀਨੇ ਦੀ ਸਜ਼ਾ ਅਤੇ ਜੁਰਮਾਨਾ ਸੁਣਾ ਦਿੱਤਾ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਡੰਟ ਨੇ ਸਰਕਾਰੀ ਹਦਾਇਤਾਂ ਅਨੁਸਾਰ 22 ਅਗਸਤ ਤੋਂ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। 25 ਅਗਸਤ ਤੋਂ ਸਿੱਖਾਂ ’ਤੇ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ।
26 ਅਗਸਤ 1922 ਨੂੰ ਅਕਾਲ ਤਖ਼ਤ ਸਾਹਿਬ ’ਤੇ ਮੀਟਿੰਗ ਕਰ ਰਹੀ ਅੰਤਰਿੰਗ ਕਮੇਟੀ ਦੇ ਆਗੂ ਭਗਤ ਜਸਵੰਤ ਸਿੰਘ (ਜਨਰਲ ਸਕੱਤਰ), ਮਹਿਤਾਬ ਸਿੰਘ (ਪ੍ਰਧਾਨ), ਪ੍ਰੋ. ਸਾਹਿਬ ਸਿੰਘ (ਮੀਤ ਸਕੱਤਰ), ਸਰਮੁਖ ਸਿੰਘ ਝਬਾਲ (ਪ੍ਰਧਾਨ, ਅਕਾਲੀ ਦਲ), ਬਾਬਾ ਕੇਹਰ ਸਿੰਘ ਪੱਟੀ, ਮਾਸਟਰ ਤਾਰਾ ਸਿੰਘ ਤੇ ਰਵੇਲ ਸਿੰਘ ਨੂੰ ਡੀਸੀ ਨੇ ਵਾਰੰਟ ਜਾਰੀ ਕਰ ਕੇ ਸਾਰੇ ਗ੍ਰਿਫ਼ਤਾਰ ਕਰ ਲਏ। ਸਰਕਾਰ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਿੱਖਾਂ ਦੇ ਦਲੇਰੀ ਭਰੇ ਕਾਰਨਾਮੇ ਦੇਖ ਚੁੱਕੀ ਸੀ, ਹੁਣ ਉਹ ਸਿੱਖਾਂ ਦੀ ਲਹਿਰ ਨੂੰ ਸਖ਼ਤੀ ਨਾਲ ਦਬਾਉਣਾ ਚਾਹੁੰਦੀ ਸੀ ਪਰ ਸਰਕਾਰ ਦੀ ਸਖਤੀ ਦਾ ਸਿੱਖਾਂ ’ਤੇ ਕੋਈ ਅਸਰ ਨਾ ਪਿਆ।
30 ਅਗਸਤ ਨੂੰ 60 ਕੁ ਸਿੰੰਘਾਂ ਦਾ ਜਥਾ ‘ਗੁਰੂ ਕਾ ਬਾਗ਼’ ਨੂੰ ਰਵਾਨਾ ਹੋਇਆ। ਜਥੇ ਨੂੰ ਰਸਤੇ ਵਿਚ ਹੀ ਰਾਤ ਕੱਟਣੀ ਪਈ ਪਰ ਪੁਲੀਸ ਨੇ ਸੁੱਤੇ ਪਏ ਜਥੇ ’ਤੇ ਡਾਂਗਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਫਿਰ ਇਹ ਮੋਰਚਾ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕਰ ਦਿੱਤਾ ਗਿਆ। 31 ਅਗਸਤ ਤੋਂ ਹਰ ਰੋਜ਼ 100 ਸਿੰਘਾਂ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਤੁਰਦਾ। ਜਥੇ ਨੂੰ ਤੁਰਨ ਵੇਲੇ ਇਹ ਕਿਹਾ ਜਾਂਦਾ ਕਿ ਭਾਵੇਂ ਸਰਕਾਰ ਵੱਲੋਂ ਤਸ਼ੱਦਦ ਢਾਹੇ ਜਾਣ, ਪਰ ਉਹ ਸ਼ਾਂਤ ਹੀ ਰਹਿਣਗੇ।
30 ਅਕਤੂਬਰ 1922 ਨੂੰ ਸਰਕਾਰ ਨੇ ਇੱਕ ਕੈਦੀ ਜਥੇ ਨੂੰ ਰੇਲ ਗੱਡੀ ਰਾਹੀਂ ਅਟਕ ਜ੍ਹੇਲ ਭੇਜਣ ਦੀ ਤਿਆਰੀ ਕਰ ਲਈ। ਜਦ ਹਸਨ ਅਬਦਾਲ ਵਿਚ ਸਿੱਖਾਂ ਨੂੰ ਪਤਾ ਲੱਗਾ ਕਿ ਸਿੱਖ ਕੈਦੀ ਜਥੇ ਦੀ ਭਰੀ ਗੱਡੀ ਆ ਰਹੀ ਹੈ ਅਤੇ ਉਸ ਨੇ ਗੁਰਦੁਆਰਾ ਪੰਜਾ ਸਾਹਿਬ ਕੋਲੋਂ ਲੰਘ ਕੇ ਅਟਕ ਜ੍ਹੇਲ ਜਾਣਾ ਹੈ ਤਾਂ ਉਨ੍ਹਾਂ ਨੇ ਲੰਗਰ-ਪਾਣੀ ਦਾ ਪ੍ਬੰਧ ਸ਼ਟੇਸ਼ਨ ਤੇ ਕਰਨ ਦਾ ਮਤਾ ਪਾਸ ਕੀਤਾ ।
ਸਿੱਖਾਂ ਦੀ ਸਹਿਨਸ਼ੀਲਤਾ , ਸੂਰਬੀਰਤਾ ਅਤੇ ਪੂਰਨ ਕੁਰਬਾਨੀ ਦਾ ਇਕ ਉਦਾਹਰਨ ਸੀ ਜੋ ਮਿਤੀ 30 ਅਕਤੂਬਰ 1922 ਦੀ ਸਵੇਰ 10 ਵਜੇ ਨੂੰ ਪੰਜਾ ਸਾਹਿਬ ਦੇ ਨੇੜੇ ਹਸਨ ਅਬਦਾਲ ( ਪਾਕਿਸਤਾਨ ) ਰੇਲਵੇ ਸਟੇਸ਼ਨ ਤੇ ਸਿੱਖਾਂ ਵੱਲੋਂ ਦੁਨੀਆਂ ਅੱਗੇ ਪੇਸ਼ ਕੀਤਾ ਗਿਆ । ਸਿੱਖਾਂ ਦੀ ਸੂਰਬੀਰਤਾ ਅਤੇ ਸੰਕਲਪ ਦ੍ਰਿੜਤਾ ਦੀ ਇਹ ਮਿਸਾਲ ਸੁਤੇ-ਸਿੱਧ ਹੀ ਇਕ ਲੋਕ ਗਾਥਾ ਦਾ ਰੂਪ ਧਾਰਨ ਕਰ ਗਈ । ਜ਼ਿਲਾ ਅੰਮ੍ਰਿਤਸਰ ਵਿਚ ਗੁਰਦੁਆਰਾ ਗੁਰੂ ਕਾ ਬਾਗ , ਆਪਸੀ ਸਮਝੌਤੇ ਮਗਰੋਂ , ਪੁਜਾਰੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿਚ ਆ ਗਿਆ ਸੀ । ਇਸ ਗੁਰਦੁਆਰੇ ਦੇ ਨਾਂ ਲਗੀ ਜ਼ਮੀਨ ਤੋਂ ‘ ਗੁਰੂ ਕਾ ਲੰਗਰ` ਲਈ ਲੱਕੜ ਲਿਆਉਣ ਵਾਸਤੇ ਦਰਖ਼ਤ ਕੱਟਣ ਦੇ ਅਧਿਕਾਰ ਨੂੰ ਦ੍ਰਿੜ੍ਹ ਕਰਾਉਣ ਹਿਤ 8 ਅਗਸਤ 1922 ਨੂੰ ਇਕ ਅਹਿੰਸਕ ਸੰਘਰਸ਼ ਸ਼ੁਰੂ ਹੋ ਚੁੱਕਾ ਸੀ । ਪਹਿਲਾਂ ਤਾਂ ਇਸ ਅੰਦੋਲਨ ਦੇ ਜਥੇ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਉੱਤੇ ਨਾਜਾਇਜ਼ ਦਖ਼ਲ ਦਾ ਮੁਕੱਦਮਾ ਚਲਾਇਆ ਗਿਆ ਪਰੰਤੂ 25 ਅਗਸਤ ਤੋਂ ਮਗਰੋਂ ਹਰ ਰੋਜ਼ ਆਉਣ ਵਾਲੇ ਸਿੱਖ ਜਥਿਆਂ ਦੀ ਪੁਲਿਸ ਨੇ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ । ਇਹ ਸਭ ਕੁਝ 13 ਸਤੰਬਰ ਤਕ ਵਾਪਰਦਾ ਰਿਹਾ । ਫਿਰ ਗਵਰਨਰ ਪੰਜਾਬ ਦੇ ਦਖ਼ਲ ਦੇਣ ਤੇ ਕੁਟਾਈ ਬੰਦ ਹੋ ਗਈ ਅਤੇ ਮੁੜ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ ।
ਬੰਦੀਆਂ ( ਕੈਦੀਆਂ ) ਵਿਰੁੱਧ ਅੰਮ੍ਰਿਤਸਰ ਵਿਚ ਸਰਸਰੀ ਸੁਣਵਾਈ ਵਾਲੇ ਮੁਕੱਦਮੇ ਚਲਾਉਣ ਉਪਰੰਤ ਰੇਲ ਗੱਡੀਆਂ ਰਾਹੀਂ ਉਹਨਾਂ ਨੂੰ ਦੂਰ-ਦੂਰ ਦੀਆਂ ਜੇਲ੍ਹਾਂ ਵਿਚ ਭੇਜਣਾ ਸ਼ੁਰੂ ਹੋ ਗਿਆ । 29 ਅਕਤੂਬਰ 1922 ਨੂੰ ਇਕ ਜਥਾ ਰੇਲ ਗੱਡੀ ਰਾਹੀਂ ਅੱਟਕ ਦੇ ਕਿਲੇ ਵੱਲ ਤੋਰਿਆ ਗਿਆ ਜਿਸ ਨੇ ਹਸਨ ਅਬਦਾਲ ਸਟੇਸ਼ਨ ਤੇ ਪੁਜਣਾ ਸੀ । ਪੰਜਾ ਸਾਹਿਬ ਦੇ ਸਿੱਖਾਂ ਨੇ ਇਹਨਾਂ ਬੰਦੀਆਂ ਨੂੰ ਭੋਜਨ ਛਕਾਉਣ ਦਾ ਫ਼ੈਸਲਾ ਕੀਤਾ ਅਤੇ ਜਦੋਂ ਲਗਪਗ 200 ਸਿੱਖ ਲੰਗਰ ਲੈ ਕੇ ਰੇਲਵੇ ਸਟੇਸ਼ਨ ਪੁੱਜੇ ਤਾਂ ਸਟੇਸ਼ਨ ਮਾਸਟਰ ਨੇ ਦਸਿਆ ਕਿ ਇਸ ਗੱਡੀ ਨੂੰ ਇਸ ਸਟੇਸ਼ਨ ਤੇ ਰੋਕਣਾ ਅੱਜ ਦੀ ਸਮਾਂ ਸੂਚੀ ਵਿਚ ਸ਼ਾਮਲ ਨਹੀਂ ਹੈ । ਪੰਜਾ ਸਾਹਿਬ ਦੀ ਸੰਗਤ ਦੀਆਂ ਮਿੰਨਤਾਂ ਅਤੇ ਬੇਨਤੀਆਂ ਦਾ ਕਿ ਅਜਿਹੀਆਂ ਗੱਡੀਆਂ ਨੂੰ ਕੈਦੀਆਂ ਦੇ ਭੋਜਨ ਵਾਸਤੇ ਹੋਰਨਾਂ ਥਾਵਾਂ ਤੇ ਰੋਕਿਆ ਜਾਂਦਾ ਹੈ ਕੋਈ ਅਸਰ ਨਹੀਂ ਹੋਇਆ ।
ਇਹ ਦਲੀਲ ਵੀ ਕਾਰਗਰ ਸਿੱਧ ਨਾ ਹੋਈ ਕਿ ਅਜਿਹੀਆਂ ਗੱਡੀਆਂ ਹੋਰ ਕਈ ਥਾਵਾਂ ਤੇ ਲੰਗਰ ਛਕਾਉਣ ਲਈ ਰੋਕੀਆਂ ਸਨ । ਸੰਗਤ ਦੇ ਦੋ ਆਗੂਆਂ , ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਨੇ ਜਦੋਂ ਦੂਰੋਂ ਆਉਂਦੀ ਗੱਡੀ ਦੀ ਗੜ ਗੜ ਤੇ ਸੀਟੀਆਂ ਸੁਣੀਆਂ ਤਾਂ ਉਹ ਅੱਗੇ ਵਧ ਕੇ ਰੇਲ ਦੀ ਪਟੜੀ ਦੇ ਵਿਚਕਾਰ ਚੌਕੜੀ ਮਾਰ ਕੇ ਬੈਠ ਗਏ । ਇਹ ਵੇਖ ਕੇ ਕੁਝ ਹੋਰ ਸਿੱਖ ਅਤੇ ਬੀਬੀਆਂ ਵੀ ਰੇਲ-ਪਟੜੀ ਤੇ ਜਾ ਬੈਠੇ । ਗੱਡੀ ਨੇ 11 ਵਿਅਕਤੀਆਂ ਨੂੰ ਕੁਚਲਣ ਤੋਂ ਪਹਿਲਾਂ ਨਾ ਰੁਕ ਸਕੀ । ਗੱਡੀ ਰੁਕੀ ਅਤੇ ਬੰਦੀਆਂ ਨੂੰ ਪ੍ਰਸ਼ਾਦਾ ਛਕਾਇਆ ਗਿਆ । ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਬੁਰੀ ਤਰ੍ਹਾਂ ਜਖਮੀ ਹੋਏ ਅਤੇ ਇਹ ਦੋਵੇਂ ਅਗਲੇ ਦਿਨ ਦਮ ਤੋੜ ਗਏ ।
ਸ਼ਹੀਦ ਭਾਈ ਪ੍ਰਤਾਪ ਸਿੰਘ ਦਾ ਜਨਮ 26 ਮਾਰਚ, 1899 ਈ: ਨੂੰ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਅਕਾਲਗੜ੍ਹ ਦੇ ਸ: ਸਰੂਪ ਸਿੰਘ ਦੇ ਘਰ ਬੀਬੀ ਪ੍ਰੇਮ ਕੌਰ ਦੀ ਕੁੱਖ ਤੋਂ ਹੋਇਆ ਸੀ। ਆਪਣੇ ਕਸਬੇ ਵਿਚ ਸਿੱਖਿਆ ਪ੍ਰਾਪਤ ਕਰਨ ਪਿੱਛੋਂ ਭਾਈ ਪ੍ਰਤਾਪ ਸਿੰਘ ਸਰਗੋਧਾ ਜ਼ਿਲ੍ਹੇ ਦੀ ਮੰਡੀ ਭਲਵਾਲ ਵਿਚ ਅਧਿਆਪਕ ਨਿਯੁਕਤ ਹੋਏ। ਪਿੱਛੋਂ ਕਰਾਚੀ ਦੇ ਕਿਸੇ ਆੜ੍ਹਤੀਏ ਕੋਲ ਵੀ ਨੌਕਰੀ ਕੀਤੀ।
1918 ਈ: ਵਿਚ ਇਨ੍ਹਾਂ ਦੀ ਸ਼ਾਦੀ ਬੀਬੀ ਹਰਨਾਮ ਕੌਰ ਨਾਲ ਹੋਈ। ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਪ੍ਰੇਰਿਤ ਹੋ ਕੇ ਨੌਕਰੀ ਛੱਡ ਦਿੱਤੀ। ਆਪਣਾ ਪੂਰਾ ਜੀਵਨ ਗੁਰਦੁਆਰਾ ਸੁਧਾਰ ਲਹਿਰ ਲਈ ਗੁਰੂ ਪੰਥ ਦੇ ਲੇਖੇ ਲਾਉਣ ਲਈ ਕੌਮ ਨੂੰ ਸਮਰਪਿਤ ਕਰ ਦਿੱਤਾ। ਪੰਜਾਬ ਸਾਹਿਬ ਦੇ ਸਾਕੇ ਸਮੇਂ ਉਹ ਹੁਣ ਗੁਰਦੁਆਰਾ ਪੰਜਾ ਸਾਹਿਬ ਵਿਚ ਖਜ਼ਾਨਚੀ ਦੀ ਸੇਵਾ ਕਰ ਰਹੇ ਸਨ।
ਇਸ ਸਾਕੇ ਦੇ ਦੂਸਰੇ ਸ਼ਹੀਦ ਭਾਈ ਕਰਮ ਸਿੰਘ ਸਨ। ਇਨ੍ਹਾਂ ਦਾ ਜਨਮ 14 ਨਵੰਬਰ, 1885 ਈ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਛੱਕਣ ਤੋਂ ਪਹਿਲਾਂ ਇਨ੍ਹਾਂ ਦਾ ਪਰਿਵਾਰਕ ਨਾਂਅ ਸ: ਸੰਤ ਸਿੰਘ ਸੀ। ਪਰ ਘਰ ਦੇ ਧਾਰਮਿਕ ਪ੍ਰਭਾਵ ਕਾਰਨ ਪਿਤਾ ਜੀ ਤੋਂ ਗੁਰਬਾਣੀ ਦੀ ਸੰਥਿਆ ਅਤੇ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਕੇ ਥੋੜ੍ਹੇ ਸਮੇਂ ਵਿਚ ਨਾਮਵਰ ਕੀਰਤਨੀਏ ਬਣ ਗਏ।
1922 ਈ: ਵਿਚ ਆਪਣੀ ਪਤਨੀ ਸਮੇਤ ਗੁ: ਪੰਜਾ ਸਾਹਿਬ ਦੇ ਦਰਸ਼ਨਾਂ ਨੂੰ ਗਏ, ਇਥੇ ਹੀ ਕੀਰਤਨ ਦੀ ਸੇਵਾ ਨਿਭਾਉਣ ਲੱਗ ਪਏ। ਇਥੇ ਹੀ ਅੰਮ੍ਰਿਤਪਾਨ ਕਰਕੇ ਸੰਤ ਸਿੰਘ ਤੋਂ ਕਰਮ ਸਿੰਘ ਨਾਂਅ ਰੱਖਿਆ ਗਿਆ, ਜਦੋਂ ਇਸ ਸਾਕੇ ਦੀ ਇਹ ਘਟਨਾ ਵਾਪਰੀ ਉਦੋਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਰੇਲਵੇ ਲਾਈਨ ਉੱਪਰ ਚੌਂਕੜੇ ਮਾਰ ਕੇ ਬੈਠੇ ਸਨ ਅਤੇ ਬਾਕੀ ਸੰਗਤਾਂ ਉਨ੍ਹਾਂ ਦੇ ਪਿੱਛੇ ਰੇਲ ਲਾਈਨ ਉੱਪਰ ਬੈਠੀਆਂ ਸਨ। ਗੱਡੀ ਵਿਸਲਾਂ ਮਾਰਦੀ ਆ ਰਹੀ ਸੀ ਪਰ ਇਹ ਮਰਜੀਵੜੇ ਆਪਣੇ ਅਕੀਦੇ ਅਤੇ ਕੀਤੀ ਹੋਈ ਅਰਦਾਸ ਤੋਂ ਜ਼ਰਾ ਜਿੰਨਾ ਵੀ ਨਹੀਂ ਥਿੜਕੇ। ਰੇਲ ਗੱਡੀ ਰੁਕ ਤਾਂ ਗਈ ਪਰ ਗਿਆਰਾਂ ਸਿੰਘ ਨੂੰ ਦਰੜ ਕੇ। ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਸਨ ਪਰ ਸੁਆਸ ਚੱਲ ਰਹੇ ਸਨ। ਸਾਰੇ ਜ਼ਖਮੀਆਂ ਨੂੰ ਗੁ: ਪੰਜਾ ਸਾਹਿਬ ਦੇ ਗੁਰ ਧਾਮ ਵਿਚ ਇਲਾਜ ਲਈ ਪਹੁੰਚਾਇਆ ਗਿਆ।
ਇਹਨਾਂ ਦੇ ਮ੍ਰਿਤਕ ਸਰੀਰਾਂ ਨੂੰ ਰਾਵਲਪਿੰਡੀ ( ਪਾਕਿਸਤਾਨ ) ਲਿਆਂਦਾ ਗਿਆ । ਇਕ ਨਵੰਬਰ 1922 ਨੂੰ ਇਹਨਾਂ ਦਾ ਉਥੇ ਸਸਕਾਰ ਕੀਤਾ ਗਿਆ ਅਤੇ ਸਿੱਖ ਸੰਗਤਾਂ ਵੱਲੋਂ ਇਹਨਾਂ ਨੂੰ ਸ਼ਹੀਦ ਐਲਾਨਿਆ ਗਿਆ । 1947 ਵਿਚ ਦੇਸ ਦੀ ਵੰਡ ਤਕ ਇਹਨਾਂ , ਸ਼ਹੀਦਾਂ ਦੀ ਯਾਦ ਵਿਚ ਪੰਜਾ ਸਾਹਿਬ ਵਿਖੇ ਹਰ ਸਾਲ ਤਿੰਨ ਦਿਨਾਂ , 30 ਅਕਤੂਬਰ ਤੋਂ 1 ਨਵੰਬਰ ਤਕ ਧਾਰਮਿਕ ਜੋੜ ਮੇਲਾ ਕੀਤਾ ਜਾਂਦਾ ਰਿਹਾ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ ।