ਜੀਵਨ ਭਗਤ ਪਰਮਾਨੰਦ ਜੀ,ਭਗਤ ਪਰਮਾਨੰਦ ਸ੍ਰੀ ਵਲਭਾਚਾਰਯਾ ਦੇ ਸ਼ਿਸ਼ ਸਨ । ਆਚਾਰਯ ਦੇ ਪੁੱਤਰ ਗੋਸਵਾਮੀ ਵਿਠਲ ਨਾਥ ਜੀ ਨੇ ਬ੍ਰਿਜ ਭਾਸ਼ਾ ਦੇ ਅੱਠ ਕਵੀਆਂ ਦੀ ਅਸ਼ਟਛਾਪ ਬਣਾਈ ਸੀ , ਜਿਨ੍ਹਾਂ ਵਿਚ ਸੂਰਦਾਸ , ਕ੍ਰਿਸ਼ਨ ਦਾਸ , ਕੁੰਭਨ ਦਾਸ , ਛਿਤ ਸਵਾਮੀ , ਗੋਬਿੰਦ ਸਵਾਮੀ , ਚਤੁਰ ਭੁਜ ਦਾਸ , ਨੰਦ ਦਾਸ ਤੇ ਪਰਮਾਨੰਦ ਜੀ ਸ਼ਾਮਲ ਹਨ । ਮਿਸ਼ਰ ਬੰਧੁ ਵਿਨੋਦ ਵਿਚ ਲਿਖਿਆ ਹੈ ਕਿ ਪਰਮਾਨੰਦ ਜੀ ਕਾਨ ਕੁਬਜ ਬਾਹਮਣ ਤੇ ਕਨੌਜ ਦੇ ਵਸਨੀਕ ਸਨ । ਬਾਬੂ ਸ਼ਾਮ ਸੁੰਦਰ ਦਾਸ ਕਰਤਾ ਹਿੰਦੀ ਸ਼ਬਦ ਸਾਗਰ ਵੀ ਇਸੇ ਗੱਲ ਨੂੰ ਸਵੀਕਾਰ ਕਰਦੇ ਹਨ | 8 ਮਿਸਟਰ ਮੈਕਾਲਫ਼ ਸਿਖ ਰਿਲੀਜਨ ਵਿਚ ਲਿਖਦੇ ਹਨ ਕਿ ਪਰਮਾਨੰਦ ਜੀ ਬਾਰਸੀ ਜ਼ਿਲ੍ਹਾ ਸ਼ੋਲਾਪੁਰ ਦੇ ਰਹਿਣ ਵਾਲੇ ਸਨ । ਇਹ ਟਿਕਾਣਾ ਪੁੰਡਰਪੁਰ ਤੋਂ ਉੱਤਰ ਵੱਲ ਹੈ । ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਦੀ ਰਾਇ ਭੀ ਮਿਸਟਰ ਮੈਕਾਲਫ਼ ਨਾਲ ਮਿਲਦੀ ਹੈ । ਮਿਸਟਰ ਮੈਕਾਲਫ਼ ਹਿੰਦੀ ਲੇਖਕਾਂ ਨਾਲ ਇਸ ਗੱਲ ਵਿਚ ਸਹਿਮਤ ਹਨ ਕਿ ਪਰਮਾਨੰਦ ਜੀ ਅਸ਼ਟਛਾਪ ਦੇ ਕਵੀਆਂ ਵਿਚੋਂ ਇਕ ਸਨ । ਪਰਮਾਨੰਦ ਜੀ ਦਾ ਅਸ਼ਟਛਾਪ ਦੇ ਕਵੀਆਂ ਵਿਚੋਂ ਹੋਣਾ ਉਨ੍ਹਾਂ ਦੀ ਬ੍ਰਿਜ ਭਾਸ਼ਾ ਦੀ ਕਾਵਿ ਇਹ ਗੱਲ ਸਾਬਤ ਕਰਦੀ ਹੈ ਕਿ ਉਹ ਬਾਰਸੀ ( ਮਹਾਂਰਾਸ਼ਟਰ ) ਦੇ ਵਸਨੀਕ ਨਹੀਂ ਸਨ ਬਲਕਿ ਕਨੌਜੀ ਬਾਹਮਣ ਸਨ । ਇਹ ਹੋ ਸਕਦਾ ਹੈ ਕਿ ਫਿਰਦੇ ਟੁਰਦੇ ਉਧਰ ਚਲੇ ਗਏ ਹੋਣ , ਜਿਸ ਕਰਕੇ ਮਹਾਂਰਾਸ਼ਟਰ ਵਿਚ ਵੀ ਉਨ੍ਹਾਂ ਦਾ ਟਿਕਾਣਾ ਪ੍ਰਸਿੱਧ ਹੋ ਗਿਆ ਹੋਵੇ । ਇਨ੍ਹਾਂ ਦੀ ਕਵਿਤਾ ਤੋਂ ਸਿੱਧ ਹੁੰਦਾ ਹੈ ਕਿ ਉਹ ਯੂ.ਪੀ. ਦੇ ਵਸਨੀਕ ਸਨ । ਪ੍ਰਮਾਨੰਦ ਜੀ ਦੀ ਕਾਵਿ ਰਚਨਾ ਦਾ ਸਮਾਂ ਸੰਮਤ ੧੬੦੬ ਦੇ ਲਗਪਗ ਮੰਨਿਆਜਾਂਦਾ ਹੈ । ਇਸ ਸਮੇਂ ਭਾਰਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ , ਕਬੀਰ ਜੀ , ਨਾਮਦੇਵ , ਜੈ ਦੇਵ ਤੇ ਹੋਰ ਵੈਸ਼ਨਵ ਆਚਾਰਯਾਂ ਦੁਆਰਾ ਜਾਰੀ ਕੀਤੀ ਗਈ ਭਗਤੀ ਦੀ ਰੌਅ ਬੜੇ ਜ਼ੋਰਾਂ ਤੇ ਸੀ । ਵੈਸ਼ਨਵ ਸੰਪਰਦਾਵਾਂ ਸਾਕਾਰ ਪੂਜਾ ਤੇ ਅਵਤਾਰ ਫ਼ਿਲਾਸਫ਼ੀ ਨੂੰ ਮੰਨਦੀਆਂ ਸਨ । ਇਸ ਲਈ ਇਨ੍ਹਾਂ ਵਿਚ ਲਕਸ਼ਮੀ ਨਰਾਇਣ , ਰਾਮ ਕ੍ਰਿਸ਼ਨ ਆਦਿ ਅਵਤਾਰਾਂ ਦੀ ਪੂਜਾ ਹੀ ਪ੍ਰਧਾਨ ਸੀ । ਦੂਜੇ ਪਾਸੇ ਨਿਰਾਕਾਰ ਦੇ ਮੰਨਣ ਵਾਲੇ ਮਹਾਂਪੁਰਖਾਂ ਦੀ ਗੂੰਜ ਪੈ ਰਹੀ ਸੀ । ਇਸ ਸਮੇਂ ਭਗਤਾਂ ਦੇ ਦੋ ਗਰੁੱਪ ਸਨ । ਇਕ ਤਾਂ ਕਿਸੇ ਵਿਅਕਤੀ ਨੂੰ ਈਸ਼ਵਰ ਅਵਤਾਰ ਮੰਨ ਕੇ ਉਸ ਦੀ ਪੂਜਾ ਦੁਆਰਾ ਹੀ ਰੱਬ ਨੂੰ ਮਿਲਣਾ ਸਮਝਦੇ ਸਨ । ਦੂਜੇ ਸਰਬ ਵਿਆਪਕ ਤੇ ਮਹਾਨ ਸ਼ਕਤੀ ਦੇ ਮਾਲਕ ਨੂੰ ਨਿਰਾਕਾਰ ਰੂਪ ਵਿਚ ਦੇਖ ਰਹੇ ਸਨ । ਭਗਤਾਂ ਦੇ ਪਹਿਲੇ ਹਿੱਸੇ ਨੇ ਅਵਤਾਰ – ਪੂਜਾ , ਮੂਰਤੀ – ਪੂਜਾ ਤੇ ਦੇਵ – ਪੂਜਾ ਨੂੰ ਪ੍ਰਚਲਤ ਕੀਤਾ ਹੈ , ਅਵਤਾਰਾਂ ਦੇ ਗੁਣ ਕਥਨ ਕਰ ਕੇ ਹੀ ਇਨ੍ਹਾਂ ਵਿਚ ਭਗਤੀ ਸਮਝੀ ਜਾਂਦੀ ਸੀ । ਦੂਜਾ ਭਾਗ ਇਨ੍ਹਾਂ ਗੱਲਾਂ ਦਾ ਖੰਡਨ ਕਰ ਕੇ ਦ੍ਰਿਸ਼ਟਮਾਨ ਜਗਤ ਦੇ ਉਹਲੇ ਜੋ ਅਦ੍ਰਿਸ਼ਟ ਸ਼ਕਤੀ ਹੈ , ਉਸ ਵੱਲ ਲਿਜਾਂਦਾ ਹੈ । ਚੂੰਕਿ ਵਲਭਾਚਾਰਯ ਸ੍ਰੀ ਕ੍ਰਿਸ਼ਨ ਦੇ ਉਪਾਸ਼ਕ ਸਨ , ਇਸ ਲਈ ਪਰਮਾਨੰਦ ਜੀ ਉਪਰ ਉਨ੍ਹਾਂ ਦਾ ਪ੍ਰਭਾਵ ਪੈਣਾ ਕੁਦਰਤੀ ਗੱਲ ਸੀ । ਸ੍ਰੀ ਪਰਮਾਨੰਦ ਦੀ ਕਵਿਤਾ ਵਿਚ ਕ੍ਰਿਸ਼ਨ ਚਰਿੱਤਰ ਨੂੰ ਵਧੇਰੇ ਕਥਨ ਕੀਤਾ ਗਿਆ ਹੈ । ਕਹਿੰਦੇ ਹਨ ਕਿ ਇਕ ਦਿਨ ਸ੍ਰੀ ਵਲਭਾਚਾਰਯ ਨੇ ਪਰਮਾਨੰਦ ਜੀ ਨੂੰ ਕਿਹਾ ਕਿ ਤੁਸੀਂ ਆਪਣੀ ਮਨੋਰੰਜਕ ਕਵਿਤਾ ਸੁਣਾਉ । ਆਚਾਰਯ ਦਾ ਕਹਿਣਾ ਮੰਨ ਕੇ ਜਦੋਂ ਪਰਮਾਨੰਦ ਨੇ ਭਗਤੀ ਨਾਲ ਭਰਪੂਰ ਕਾਵਿ ਸੁਣਾਈ ਤਾਂ ਵਲਭ ਸਵਾਮੀ ਕਿੰਨਾ ਚਿਰ ਬੇਸੁਧ ਪਏ ਰਹੇ । ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਕਿੰਨੇ ਉੱਚੇ ਕਵੀ ਸਨ । ਈਸ਼ਵਰ – ਭਗਤੀ ਦੀ ਠੰਡੀ ਤੇ ਮਿੱਠੀ ਰੌਅ ਨੂੰ ਜਾਰੀ ਕਰਨ ਵਿਚ ਆਪ ਵਰਗੇ ਭਗਤ ਸੇਵੀਆਂ ਦਾ ਖ਼ਾਸ ਹਿੱਸਾ ਸੀ । ਬ੍ਰਿਜ ਭਾਸ਼ਾ ਦੀ ਕਾਵਿ ਵਿਚ ਭਗਤੀ ਦਾ ਰਸ ਭਰਨ ਵਾਲੇ ਪਰਮਾਨੰਦ ਤੇ ਇਨ੍ਹਾਂ ਦੇ ਸਾਥੀ ਕਵੀ ਹੀ ਸਨ । ਇਹ ਰਬ ਦੇ ਪਿਆਰ ਗੂੜੇ ਰੰਗੇ ਹੋਏ ਮਹਾਂਪੁਰਸ਼ ਸਨ । ਜਦ ਕਦੀ ਈਸ਼ਵਰ – ਸਿਮਰਨ ਵਿਚ ਲੱਗਦੇ ਤਾਂ ਕਿੰਨਾ ਕਿੰਨਾ ਸਮਾਂ ਇਸੇ ਰਸ ਵਿਚ ਬਤੀਤ ਕਰ ਦਿੰਦੇ , ਅੱਖੀਆਂ ਵਿਚੋਂ ਹੰਝੂਆਂ ਦੀ ਝੜੀ ਲੱਗ ਜਾਂਦੀ । ਆਪ ਦਾ ਕਹਿਣਾ ਸੀ ਕਿ ਕਦੀ ਕਦੀ ਭਜਨ ਕਰਨ ਨਾਲ ਮਨ ਲਾਂਭੇ ਦੌੜ ਜਾਂਦਾ ਹੈ , ਪਰ ਜੇ ਕਦੀ ਇਕ ਰਸ ਭਜਨ ਕੀਤਾ ਜਾਵੇ ਤਾਂ ਮਨ ਵਿਚ ਰੱਬ ਦਾ ਨਿਵਾਸ ਹੁੰਦਾ ਹੈ । ਪਰਮਾਨੰਦ ਜੀ ਬੜੇ ਅਤੀਤ ਭੀ ਸਨ । ਇਕ ਦਿਨ ਇਕ ਸੁਦਾਗਰ ਨੇ ਆਪ ਰੇਸ਼ਮੀ ਕੱਪੜਾ ਤਨ ਢੱਕਣ ਲਈ ਦਿੱਤਾ , ਪਰ ਆਪ ਨੇ ਕਿਹਾ , “ ਇਹ ਕੱਪੜਾ ਮੈਥੋਂ ਵੱਧ ਲੋੜ ਵਾਲੇ ਨੂੰ ਦਿੱਤਾ ਜਾਏ ਤਾਂ ਚੰਗਾ ਹੈ । ਇਹ ਕਹਿ ਕੇ ਉਹ ਕੱਪੜਾ ਮੋੜ ਦਿੱਤਾ । ਵਲਭ ਜੀ ਦੇ ਪੋਤਰੇ ਗੋਕਲ ਨਾਥ ਨੇ ਜੋ ੮੪ ਅਤੇ ੨੫੨ ਵੈਸ਼ਨਵਾਂ ਦੀ ਵਾਰਤਾ ਨਾਮ ਦੇ ਦੋ ਗ੍ਰੰਥ ਲਿਖੇ ਹਨ , ਉਨ੍ਹਾਂ ਵਿਚ ਪਰਮਾਨੰਦ ਜੀ ਦਾ ਜ਼ਿਕਰ ਵੀ ਕੀਤਾ ਹੈ ।
ਪਰਮਾਨੰਦ ਜੀ ਦੀ ਬ੍ਰਿਜ ਭਾਸ਼ਾ ਦੀ ਕਵਿਤਾ ਦੇ ਕੁਝ ਨਮੂਨੇ ਹੇਠਾਂ ਦਰਜ ਕਰਦੇ ਹਾਂ : ( ੧ ) ਦੇਖੋ ਕੀ ਯੇਹ ਕੈਸਾ ਬਾਲਿਕ , ਰਾਣੀ ਜਸੁ ਮਨ ਭਾਇਆ ਹੈ । ਸੁੰਦਰ ਬਦਨ ਕਮਲ ਦਲ ਲੋਚਨ , ਦੇਖਤ ਚੰਦੂ ਲਜਾ ਹੈ । ਪੂਰਨ ਬ੍ਰਹਮ ਅਲਖ ਅਬਿਨਾਸੀ , ਪ੍ਰਗਟ ਨੰਦ ਘਰ ਆਯਾ ਹੈ । ਪਰਮਾਨੰਦ ਕ੍ਰਿਸ਼ਨ ਮਨਮੋਹਨ ਚਰਨ ਕਮਲ ਚਿਤ ਲਾਯਾ ਹੈ । ( ੨ ) ਕਹਾਂ ਕਰੋਂ ਬੈਕੁੰਠਹਿ ਜਾਇ ॥ ਜਹਿ ਨਹਿ ਨੰਦ ਜਹਾਂ ਨਹੀਂ ਜਸੋਧਾ ਜਹਿ ਨਹਿ ਗੋਪੀ ਗੂਲਨ ਜਾਇ ॥ ਜਹਿ ਨਹਿ ਜਲ ਜਮੁਨਾ ਕੋ ਨਿਰਮਲ ਔਰ ਨਹੀਂ ਕਦਬਨ ਕੀ ਛਾਇ ॥ ਪਰਮਾਨੰਦ ਪ੍ਰਭੂ ਚਤਰ ਗ਼ਾਲਿਨ ਬ੍ਰਿਜ ਰਜੁ ਤਜਿ ਮੋਰੀ ਜਾਇ ਬਲਾਇ । ਕਈ ਦੇਸੀ ਇਤਿਹਾਸਕਾਰਾਂ ਨੂੰ ਨਵੀਨ ਖੋਜ ਵਿਚ ਪਰਮਾਨੰਦ ਜੀ ਦੇ ਰਚਿਤ ਕਈ ਗ੍ਰੰਥ ਮਿਲੇ ਹਨ , ਜਿਨ੍ਹਾਂ ‘ ਚੋਂ ਪ੍ਰਮਾਨੰਦ ਸਾਗਰ , ਪਰਮਾਨੰਦ ਦਾਸ ਕਾ ਪਦ , ਦਾਨ ਲੀਲ੍ਹਾ ਤੇ ਧਰੂਅ – ਚਰਿਤ੍ਰ ਆਦਿਕ ਹਨ । ਪਰਮਾਨੰਦ ਜੀ ਆਪਣੀ ਕਵਿਤਾ ਦੇ ਅੰਤ ਵਿਚ ਕਿਤੇ ਕਿਤੇ ਆਪਣਾ ਤਖੱਲਸ ‘ ਸਾਰੰਗ ’ ਭੀ ਵਰਤਦੇ ਰਹੇ ਹਨ । ਜਿਸ ਦਾ ਅਰਥ ਹੈ – ਸਵਾਂਤ ਬੂੰਦ ਨੂੰ ਲੈਣ ਵਾਲਾ ਪਪੀਹਾ । ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਰਮਾਨੰਦ ਨਾਮ ਹੈ । ਸ੍ਰੀ ਗੁਰੂ ਜੀ ਨੇ ਇਨ੍ਹਾਂ ਦਾ ਇਕ ਹੀ ਸ਼ਬਦ ਬੀੜ ਵਿਚ ਦਰਜ ਕੀਤਾ ਹੈ , ਜੋ ਇਸ ਪ੍ਰਕਾਰ ਹੈ : ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥ ਅਨਪਾਵਨੀ ਭਗਤਿ ਨਹੀਂ ਉਪਜੀ ਭੂਖੈ ਦਾਨੁ ਨ ਦੀਨਾ ॥੧ ॥ ਰਹਾਉ ॥ ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ ॥ ਪਨਿੰਦਾ ਮੁਖ ਤੇ ਨਹੀ ਛੂਟੀ ਨਿਫਲਕੇ ਭਈ ਸਭ ਸੇਵਾ ॥੧ ll ਬਾਟ ਪਾਰਿ ਘਰੁ ਮੂਸਾ ਬਿਰਾਨੋ ਪੇਟੁ ਭਰੈ ਅਪ੍ਰਾਧੀ । ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥੨ ll ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ ॥ ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤਾ ਨ ਚਾਲੀ॥॥੩॥੧ ॥ ( ਸਾਰੰਗ , ਪੰਨਾ ੧੨੫੩ ) ਭਾਵਾਰਥ : ਐ ਮਨੁੱਖ ! ਤੂੰ ਪੁਰਾਣਾਂ ਦੀਆਂ ਕਥਾਵਾਂ ਸੁਣ ਕੇ ਕੀ ਸਵਾਰਿਆ ? ਜਿਸ ਭਗਤੀ ਦਾ ਨਾਸ਼ ਨਾ ਹੋ ਸਕੇ , ਉਹ ਤੇਰੇ ਵਿਚ ਪੈਦਾ ਨਹੀਂ ਹੋਈ । ਕਿਸੇ ਭੁੱਖੇ ਨੂੰ ਤੂੰ ਆਪਣੀ ਕਮਾਈ ` ਚੋਂ ਦਾਨ ਨਹੀਂ ਦਿੱਤਾ । ਹੇ ਭਾਈ ! ਤੂੰ ਕਾਮ ਕ੍ਰੋਧ ਤੇ ਲੋਭ ਨੂੰ ਨਹੀਂ ਛੱਡਿਆ । ਪਰਾਈ ਨਿੰਦਾ ਨਹੀਂ ਛੱਡੀ । ਇਸ ਲਈ ਤੇਰੀ ਕੀਤੀ ਹੋਈ ਸੇਵਾ ਨਿਸਫਲ ਗਈ । ਤੂੰ ਰਸਤੇ ਲੁੱਟੇ , ਪਰਾਏ ਘਰ ਭੰਨੇ ਤੇ ਚੋਰੀ ਕੀਤੀ , ਜਿਸ ਕੰਮ ਨਾਲ ਲੋਕ ਵਿਚ ਅਪਜਸ ਹੋਵੇ , ਤੂੰ ਉਹ ਮੂਰਖਤਾਈ ਵਾਲੇ ਕੰਮ ਕੀਤੇ । ਤੂੰ ਜੀਵ ਮਾਰਨੇ ਨਹੀਂ ਛੱਡੇ , ਉਨ੍ਹਾਂ ’ ਤੇ ਦਇਆ ਨਹੀਂ ਕੀਤੀ । ਪਰਮਾਨੰਦ ਜੀ ਕਹਿੰਦੇ ਹਨ , ਤੂੰ ਸਾਧ ਸੰਗਤ ਵਿਚ ਆ ਕੇ ਹਰੀ ਦੀ ਪਵਿੱਤਰ ਕਥਾ ਨਹੀਂ ਸਰਵਣ ਕੀਤੀ ।
ਜੋਰਾਵਰ ਸਿੰਘ ਤਰਸਿੱਕਾ ।