ਮਾਤਾ ਕੌਲਾਂ ਜੀ ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖ਼ਾਂ ਦੀ ਪੁੱਤਰੀ ਸਨ। ਇਸੇ ਪਿੰਡ ਵਿੱਚ ਪੂਰਨ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਮਾਤਾ ਕੌਲਾਂ ਜੀ ਨੂੰ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ।
ਗਿਆਨੀ ਗਿਆਨ ਸਿੰਘ ਲਿਖਦਾ ਹੈ ਕਿ “ ਜਦੋਂ ਬੀਬੀ ਕੌਲਾਂ ਸੰਤਾਂ ਫਕੀਰਾਂ ਦੇ ਡੇਰਿਆਂ ਤੇ ਆਉਣ ਲੱਗੀ ਤਾਂ ਉਸ ਨੇ ਸਾਈਂ ਮੀਆਂ ਮੀਰ ਪਾਸੋਂ ਕੁਝ ਬਾਣੀ ਵੀ ਸਿਖ ਲਈ । ਜਦੋਂ ਉਸ ਨੇ ਇਹ ਬਾਣੀ ਘਰ ਜਾ ਕੇ ਪੜਣੀ ਤਾਂ ਕਾਜ਼ੀ ਨੇ ਬੁਰਾ ਮਨਾਣਾ ਤੇ ਘੂਰਨਾ। ਹਾਰ ਕੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ । ਜਦੋਂ ਫਿਰ ਵੀ ਨਾ ਰੁਕੀ ਤਾਂ ਕਾਜ਼ੀ ਨੇ ਫਤਵਾ ਲਵਾ ਕੇ ਉਸ ਨੂੰ ਮੌਤ ਦੀ ਸਜ਼ਾ ਪ੍ਰਵਾਨ ਕਰਾ ਦਿੱਤੀ ਕਿ ਉਹ ਕਾਫਰਾਂ ਦਾ ਕਲਾਮ ਪੜ੍ਹਦੀ ਹੈ । ਜਦੋਂ ਉਸ ਨੇ ਆਪਣੀ ਮੌਤ ਦੀ ਸਜ਼ਾ ਦੀ ਖਬਰ ਸੁਣੀ ਤਾਂ ਰਾਤੋਂ ਰਾਤ ਭੱਜ ਕੇ ਸਾਈ ਮੀਆਂ ਪੀਰ ਪਾਸ ਜਾ ਪੁੱਜੀ ਤੇ ਉਸ ਨੇ ਰੋ ਰੋ ਕੇ ਸਾਰੀ ਕੁੱਟਣ ਮਾਰਨ ਤੇ ਮੌਤ ਦੀ ਸਜ਼ਾ ਬਾਰੇ ਦੱਸਿਆ । ਫਕੀਰ ਮੀਆਂ ਮੀਰ ਇਕ ਪੁਜਿਆ ਹੋਇਆ ਪੀਰ ਸੀ । ਇਸ ਨੇ ਅਗਲੀ ਰਾਤ ਆਪਣੇ ਇਕ ਮੁਰੀਦ ਅਬਦੁਲ ਰਾਹੀਂ ਇਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਪਾਸ ਅੰਮ੍ਰਿਤਸਰ ਪਹੁੰਚਾ ਦਿੱਤਾ । ਕਹਿ ਭੇਜਿਆ ਕਿ “ ਕੌਲਾਂ ਆਪ ਪਾਸ ਸ਼ਰਨ ਲੈਣ ਆਈ ਹੈ ਹੁਣ ਇਸ ਦੀ ਜਾਨ ਦੀ ਰਖਿਆ ਕਰਨਾ ਤੁਹਾਡਾ ਸਾਡਾ ਧਰਮ ਬਣਦਾ ਹੈ । ਮੈਂ ਆਪਣੇ ਪਾਸ ਇਸ ਨੂੰ ਨਹੀਂ ਰੱਖ ਸਕਦਾ ਕਿਉਂਕਿ ਇਸ ਨੂੰ ਮੌਤ ਦਾ ਫਤਵਾ ਲਗ ਚੁੱਕਾ ਹੈ । ਸ਼ਾਹ ਇਸ ਨੂੰ ਮੇਰੇ ਡੇਰਿਓਂ ਕਿਸੇ ਸਮੇਂ ਵੀ ਲਿਜਾ ਸਕਦਾ ਹੈ । ਹੁਣ ਕੌਲਾਂ ਨੇ ਗੁਰੂ ਘਰ ਆ ਕੇ ਸਭ ਹੱਡ – ਬੀਤੀ ਦੱਸਦਿਆਂ ਬੇਨਤੀ ਕੀਤੀ ਕਿ “ ਗੁਰੂ ਘਰ ਨਿਆਸਰਿਆਂ ਦਾ ਆਸਰਾ , ਨਿਮਾਣਿਆਂ ਦਾ ਮਾਣ , ਨਿਉਟਿਆਂ ਦੀ ਓਟ ਹੈ । ਮੇਰੀ ਵੀ ਰਖਿਆ ਕਰੋ । ਗੁਰੂ ਜੀ ਨੇ ਇਕ ਫੁਲਾਂ ਵਾਲੀ ਢਾਬ ਦੇ ਕੰਢੇ ਆਪਣੇ ਮਹਿਲਾਂ ਤੋਂ ਅੱਧਾ ਕੁ ਮੀਲ ਹਟਵਾਂ ਇਕ ਕੋਠਾ ਰਹਿਣ ਲਈ ਦੇ ਦਿੱਤਾ । ਰੋਟੀ ਕਪੜਾ ਤੇ ਸੁਰੱਖਿਆ ਦਾ ਬਚਨ ਵੀ ਦਿੱਤਾ ਤੇ ਬਚਨ ਦਿੱਤਾ ਕਿ ਉਹ ਬੇਫਿਕਰ ਰਹੇ ਏਥੇ ਤੈਨੂੰ ਕੋਈ ਵੀ ਚੁਕ ਕੇ ਨਹੀਂ ਲਿਜਾ ਸਕਦਾ ਨਿਸ਼ਚਿੰਤ ਹੋ ਕੇ ਭਜਨ ਬੰਦਗੀ ਕਰਿਆ ਕਰ । ਸੋ , ਉਹ ਭਜਨ ਬੰਦਗੀ ਵਿੱਚ ਰੁਝ ਗਈ । ਅੰਮ੍ਰਿਤਸਰ ਦੇ ਯੁੱਧ ਸਮੇਂ ਬੀਬੀ ਕੌਲਾਂ ਨੂੰ ਗੁਰੂ ਜੀ ਹੋਰਾਂ ਪਹਿਲਾਂ ਹੀ ਰੱਖਿਅਤ ਥਾਂ ਕਰਤਾਰਪੁਰ ( ਜਿਹੜਾ ਗੁਰੂ ਅਰਜਨ ਦੇਵ ਜੀ ਨੇ ਦੁਆਬੇ ਵਿਚ ਆਬਾਦ ਕੀਤਾ ਸੀ ) ਭੇਜ ਦਿੱਤਾ ਤੇ ਆਪ ਲੜਾਈ ਉਪਰੰਤ ਬੀਬੀ ਵੀਰੋ ਜੀ ਦਾ ਝਬਾਲ ਵਿਆਹ ਕਰਨ ਉਪਰੰਤ ਤਰਨਤਾਰਨ , ਖਡੂਰ ਸਾਹਿਬ , ਗੋਇੰਦਵਾਲ ਹੁੰਦੇ ਗੁਰੂ ਅਮਰਦਾਸ ਜੀ ਦੇ ਪੋਤੇ ਅਨੰਦ ਤੇ ਉਨ੍ਹਾਂ ਦੇ ਪੁੱਤਰ ਸੁੰਦਰ ਜੀ ਤੇ ਹੋਰਾਂ ਸੰਗਤਾਂ ਨੂੰ ਦਰਸ਼ਨ ਦੇਂਦੇ ਕਰਤਾਰਪੁਰ ਪੁੱਜੇ ।
ਕੌਲਾਂ ਦਾ ਚਲਾਣਾ
ਗੁਰੂ ਜੀ ਦੇ ਕਰਤਾਰਪੁਰ ਪੁੱਜਣ ਤੋਂ ਪਹਿਲਾਂ ਬੀਬੀ ਕੌਲਾਂ ਪੁੱਜ ਚੁੱਕੀ ਸੀ । ਗੁਰੂ ਜੀ ਦੇ ਦਰਸ਼ਨ ਕਰਕੇ ਬੜੀ ਪ੍ਰਸੰਨ ਚਿਤ ਹੋਈ । ਗੁਰੂ ਦੇ ਨੇ ਬਚਨ ਕੀਤਾ ‘ ਬੀਬੀ ਹੁਣ ਤੇਰਾ ਅੰਤਿਮ ਸਮਾਂ ਆ ਗਿਆ ਹੈ । ਗੰਗਸਰ ਖੂਹ ਤੋਂ ਇਸ਼ਨਾਨ ਕਰ ਥੰਮ ਸਾਹਿਬ ਸੰਗਤਾਂ ਵਿਚ ਆ ਕੇ ਹਾਜ਼ਿਰ ਹੋ । ਸੰਗਤ ਦੇ ਦਰਸ਼ਨ ਕਰਕੇ ਤੇਰੇ ਸੁਆਸ ਪੂਰੇ ਹੋਣਗੇ । ਇਸ਼ਨਾਨ ਕਰ ਆਣ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਬੇਨਤੀ ਕੀਤੀ , “ ਮਹਾਰਾਜਾ ਆਪਣੇ ਚਰਨਾਂ ਦੀ ਦਾਸੀ ਨੂੰ ਨਾਮ ਦਾਨ ਦੀ ਕਰੋ ਬਖਸ਼ਿਸ਼ ਕਰੋ ਭਉਜਲ ਦੇ ਸਮੁੰਦਰ ਤੋਂ ਪਾਰ । ਅੱਖਾਂ ‘ ਚੋਂ ਨੀਰ ਬਹਿ ਰਿਹਾ ਹੈ । ਗੁਰੂ ਜੀ ਨੇ ਬਚਨ ਕੀਤਾ , “ ਬੀਬੀ ਕੌਲਾਂ ਤੇਰਾ ਰਹਿੰਦੀ ਦੁਨੀਆਂ ਤਕ ਨਾਮ ਰਹੇਗਾ । ਤੇਰੀ ਢਾਬ ਜਿਥੇ ਤੂੰ ਰਹਿੰਦੀ ਹੈ ਤੇਰੇ ਨਾਮ ਦਾ ਸਰੋਵਰ ਕੌਲਸਰ ਬਣੇਗਾ । ਤੇਰਾ ਨਾਮ ਸਦਾ ਲਈ ਰਹੇਗਾ । ‘ ‘ ਸੋ ਕੌਲਸਰ ਜਿਸ ਦੇ ਕੰਢੇ ਤੇ ਬਾਬਾ ਅਟਲ ਰਾਇ ਜੀ ਦਾ ਨੌ ਛੱਤਾ ਬੁਰਜ਼ ਹੈ ਸੰਗਤ ਇਸ਼ਨਾਨ ਕਰਕੇ ਬੀਬੀ ਕੌਲਾਂ ਦਾ ਨਾਮ ਲੈਂਦੀਆਂ ਹਨ । ਬੀਬੀ ਨੇ ਸਾਰਾ ਦਿਨ ਸੰਗਤ ਕੀਤੀ ਫਿਰ ਰਾਤ ਆਪਣੇ ਟਿਕਣ ਵਾਲੇ ਅਸਥਾਨ ਚਲੀ ਗਈ । ਅਗਲੇ ਦਿਨ ਗੁਰੂ ਜੀ ਖੁਦ ਸਿੱਖਾਂ ਨੂੰ ਨਾਲ ਲੈ ਕੇ ਕੌਲਾਂ ਨੂੰ ਮਿਲਣ ਗਏ । ਉਠ ਕੇ ਗੁਰੂ ਜੀ ਦੇ ਚਰਨਾਂ ਨੂੰ ਲਪਟ ਹੰਝੂਆਂ ਨਾਲ ਚਰਨ ਗਿਲੇ ਕਰ ਦਿੱਤੇ । ਹੁਣ ਗੁਰੂ ਜੀ ਨੇ ਬਚਨ ਕੀਤਾ , ” ਬੀਬੀ ਹੁਣ ਤੇਰਾ ਅੰਤਿਮ ਵੇਲਾ ਆ ਗਿਆ ਹੈ ਹੁਣ ਵਾਹਿਗੁਰੂ ਨਾਲ ਬਿਰਤੀ ਜੋੜ । ਬੀਬੀ ਦੀ ਸਮਾਧੀ ਲਗ ਗਈ ਕੁਝ ਚਿਰ ਬਾਅਦ ਸੰਚਖੰਡ ਜਾ ਵਸੀ । ਕਿੰਨੇ ਚੰਗੇ ਕਰਮ ਕੀਤੇ ਹੋਣਗੇ ਇਸਨੇ ਜਿਸ ਨੂੰ ਗੁਰੂ ਜੀ ਹੋਰਾਂ ਆਪਣੇ ਬਾਗ ਵਿਚ ਬੜੇ ਆਦਰ ਤੇ ਸਤਿਕਾਰ ਨਾਲ ਦਬਾ ਦਿੱਤਾ । ਇਥੇ ਅੱਜ ਵੀ ਬੀਬੀ ਕੌਲਾਂ ਦੀ ਕਬਰ ਵੇਖੀ ਜਾ ਸਕਦੀ ਹੈ । ਦਫਨਾਉਣ ਉਪਰੰਤ ਸਾਰੀ ਸੰਗਤ ਤੇ ਗੁਰੂ ਜੀ ਨੇ ਥੰਮ ਸਾਹਿਬ ਜਾ ਕੜਾਹ ਪ੍ਰਸ਼ਾਦਿ ਕਰਾ ਰਾਮਕਲੀ ਦੀ ਸਦ ਪੜ੍ਹ ਉਸ ਦੀ ਰੂਹ ਲਈ ਅਰਦਾਸ ਕਰਕੇ ਪ੍ਰਸ਼ਾਦਿ ਵੰਡਿਆ ਗਿਆ । ਇਸ ਦਾ ਦੇਹਾਂਤ 1629 ਵਿਚ ਹੋਇਆ ਲਿਖਿਆ ਹੈ ।
ਜੋਰਾਵਰ ਸਿੰਘ ਤਰਸਿੱਕਾ।
waheguru ji ka khalsa Waheguru ji ki Fateh ji 🙏🏻