ਭਾਈ ਹਰਜਿੰਦਰ ਸਿੰਘ ਜੀ ਜਿੰਦਾ ਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਸਿੱਖ ਕੌਮ ਦੇ ਮਹਾਨ ਯੋਧੇ (ਸ਼ਹੀਦੀ 9 ਅਕਤੂਬਰ 1992)
‘ਜਦੋਂ ਦੁਸਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ’
ਦਿੱਲੀ ਪੁਲਿਸ ਦੇ ਕਮਿਸ਼ਨਰ ‘ਵੇਦ ਮਾਰਵਾਹ’ ਦੇ ਮੂਹੋਂ ਨਿਕਲੇ ਇਹ ਸ਼ਬਦ ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ’ਤੇ ਹਜ਼ਾਰਾਂ ਨਹੀਂ, ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫੀ ਅਤੇ ਜੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ-ਸੱਚ-ਇਨਸਾਫ਼ ਦੇ ਹਰ ਪਾਂਧੀ ਨੂੰ ਰੌਸਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੇ ਰਾਹ ’ਤੇ ਤੁਰਨ ਵਿੱਚ ਅਗਵਾਈ ਤੇ ਹੌਸਲਾ ਬਖ਼ਸ਼ਦੇ ਹਨ। ਗੁਰੂ ਕਲਗੀਧਰ ਦੇ ਵਰੋਸਾਏ ਖਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸਹਾਦਤ ਨਾਲ ਖਾਲਸਾਈ ਗਗਨ ਨੂੰ ਤਾਂ ਲਟ ਲਟ ਰੌਸਨ ਕੀਤਾ ਹੀ ਹੈ । ਲੱਖਾਂ ਫੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖਤ ਸਾਹਿਬ ’ਤੇ ਹਮਲਾਵਰ ‘ਜਨਰਲ ਵੈਦਿਆ’ ਤਾਂ ਇਤਿਹਾਸ ਦੇ ਘੱਟੇ ਵਿੱਚ ਗੁਆਚ ਗਿਆ ਹੈ ਪਰ ਭਾਈ ਜਿੰਦਾ ਤੇ ਭਾਈ ਸੁੱਖਾ ਸਿੱਖਾ ਦੇ ਸਦੀਵੀ ਜਰਨੈਲ ਸਥਾਪਤ ਹੋ ਗਏ ਹਨ, ਜਿਨ੍ਹਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸਮਣ ਨੇ ਵੀ ਮੰਨਿਆ ਹੈ। ਜੰਗ ਦੇ ਮੈਦਾਨ ਵਿਚ ਬੱਬਰ ਸ਼ੇਰ ਦੀ ਗਰਜ ਰੱਖਣ ਵਾਲੇ ਇਨ੍ਹਾਂ ਸੂਰਮਿਆਂ ਨੇ ਫਾਂਸੀ ਦੇ ਰੱਸੇ ਨੂੰ ਗਲ ’ਚ ਪਾਉਣ ਤੱਕ ਦਾ ਸਫਰ ਸੰਤਤਾਈ ਦੀ ਉੱਚ ਆਤਮਿਕ ਅਵਸਥਾ ਵਿੱਚ ਵਿਚਰਦਿਆਂ ਤਹਿ ਕੀਤਾ। ਇਹਨਾਂ ਦੋ ਜਾਗਦੀਆਂ ਰੂਹਾਂ ਵਾਲਿਆਂ ਨੂੰ ਮੌਤ ਲਾੜੀ ਵਿਆਹੁਣ ਦੇ ਖਿਆਲ ਨੇ ਅਨੰਦਮਈ ਅਵਸਥਾ ਵਿੱਚ ਪਹੁੰਚਾ ਦਿੱਤਾ। ਦਗ-ਦਗ ਭਖਦੇ ਚਿਹਰਿਆਂ ਦੇ ਤੇਜੱਸਵੀ ਜਲਾਲ ਸਾਹਮਣੇ ਮੌਤ ਨੂੰ ਵੀ ਦੰਦਲ ਪੈ ਗਈ ਹੋਵੇਗੀ। ਪਰ ਨਿਰਮਾਣਤਾ ਦੇ ਪੁੰਜ ਵੀਰਿਆਂ ਨੇ ਜਲਾਦ ਨੂੰ ਵੀ ਗਲ ਨਾਲ ਲਾ ਕੇ ਵਧਾਈ ਦਿੱਤੀ ਕਿਉਂਕਿ ਮੌਤ ਨਾਲ ਅਨੰਦ (ਵਿਆਹ) ਪੜ੍ਹਾਉਣ ਦੀ ਰਸਮ ਤਾਂ ਉਹ ਹੀ ਅਦਾ ਕਰ ਰਿਹਾ ਸੀ। ਬੋਲੇ ਸੋ ਨਿਹਾਲ ਦੇ ਨਾਅਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ’ਤੇ ਝੂਟਾ ਲੈ ਰਹੇ ਭਾਈ ਸੁੱਖਾ-ਜਿੰਦਾ ਨੂੰ ਮਾਨੋ ਦਸਮੇਸ਼ ਪਿਤਾ ਆਪ ਲੋਰੀਆਂ ਦੇ ਰਹੇ ਸਨ।
ਜਦੋਂ ਅਸੀਂ 18 ਵੀਂ ਸਦੀ ਦੇ ਸਿੰਘਾਂ ਦੀ ਬਹਾਦਰੀ ਤੇ ਆਚਰਨ ਦਾ ਹਵਾਲਾ ਦਿੰਦੇ ਹਾਂ ਤਾਂ ਅਹਿਮਦ ਸਾਹ ਅਬਦਾਲੀ ਦੇ ਨਾਲ ਆਏ ਜਰਨੈਲ-ਇਤਿਹਾਸਕਾਰ ਕਾਜੀ ਨੂਰ ਮੁਹੰਮਦ ਦਾ ਜਿਕਰ ਕੀਤਾ ਜਾਂਦਾ ਹੈ। ਕਾਜੀ ਨੂਰ ਮੁਹੰਮਦ ਦਾ ਕਹਿਣਾ ਹੈ ‘ਇਨ੍ਹਾਂ ਸਿੱਖਾਂ ਨੂੰ ਕੁੱਤੇ ਨਾ ਆਖੋ (ਕਿਉਂਕਿ ਉਹ ਪਹਿਲਾਂ ਆਪ ਹੀ ਸਿੱਖਾਂ ਲਈ ਕੁੱਤਾ, ਫਾਰਸੀ ਵਿੱਚ ਸੱਗ ਸਬਦ ਵਰਤ ਚੁੱਕਾ ਸੀ) ਇਹ ਤਾਂ ਅਸਲੀ ਸ਼ੇਰ ਹਨ। ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ੇਰ ਦੀ ਭਬਕਾਰ ਨਾਲ ਜੂਝਦਾ ਹੈ, ਉਸ ਨੂੰ ਕੁੱਤਾ ਕਿਵੇਂ ਆਖਿਆ ਜਾ ਸਕਦਾ ਹੈ ? ਉਹ ਤਲਵਾਰ ਦੇ ਯੋਧਿਓ! ਜੇ ਤੁਸੀਂ ਜੰਗ ਦੇ ਦਾਓ ਪੇਚ ਸਿੱਖਣੇ ਹਨ, ਤਲਵਾਰ ਵਾਹੁਣੀ ਸਿੱਖਣੀ ਹੈ ਤਾਂ ਇਨ੍ਹਾਂ ਤੋਂ ਸਿੱਖੋ। ਇਹ ਨਾਇਕਾਂ ਵਾਂਗ ਦੁਸਮਣ ਦਾ ਟਾਕਰਾ ਕਰਦੇ ਹਨ ਅਤੇ ਫੇਰ ਬੜੀ ਸਫਾਈ ਨਾਲ ਸੁਰੱਖਿਅਤ ਨਿਕਲ ਵੀ ਜਾਂਦੇ ਹਨ।’ ਦੁਸਮਣ ਵੱਲੋਂ ਕੀਤੀ ਗਈ ਸਿਫਤ ਹੀ ਅਸਲ ਆਚਰਨ ਦੀ, ਭਰੋਸੇਯੋਗ ਜਾਮਨੀ ਹੁੰਦੀ ਹੈ।
20 ਵੀਂ ਸਦੀ ਦੇ ਅੰਤ ਵਿੱਚ ਖਾਲਸਤਾਨੀ ਸੰਘਰਸ਼ ਲਈ ਸ਼ਹੀਦ ਡੇਢ ਲੱਖ ਤੋਂ ਜ਼ਿਆਦਾ ਸਿੰਘਾਂ-ਸਿੰਘਣੀਆਂ ਦੀ ਸੂਰਬੀਰਤਾ, ਸਿਦਕ ਅਤੇ ਮੌਤ ਦੇ ਬੇਖ਼ੌਫ ਹੋਣ ਦੇ ਕਰੈਕਟਰ ਦਾ ਰੋਲ-ਮਾਡਲ ਭਾਈ ਜਿੰਦਾ ਤੇ ਭਾਈ ਸੁੱਖਾ ਕਹੇ ਜਾ ਸਕਦੇ ਹਨ।
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸੰਖੇਪ ਜੀਵਨੀ:
ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਤਾ ਜੀ ਗੁਰਨਾਮ ਕੌਰ ਅਤੇ ਪਿਤਾ ਗੁਲਜਾਰ ਸਿੰਘ ਜੀ ਚੜ੍ਹਦੀ-ਕਲਾ ਵਾਲੇ ਕਿਰਤੀ ਸਿੱਖ ਸਨ। ਭਾਈ ਸਾਹਿਬ ਦੇ ਦੋ ਵੱਡੇ ਭਰਾ ਨਿਰਭੈਲ ਸਿੰਘ ਅਤੇ ਭੁਪਿੰਦਰ ਸਿੰਘ ਤੇ ਇਕ ਭੈਣ ਬੀਬੀ ਬਲਵਿੰਦਰ ਕੌਰ ਹੈ। ਭਾਈ ਸਾਹਿਬ ਦਾ ਜਨਮ 4 ਅਪ੍ਰੈਲ 1962 ਵਿੱਚ ਹੋਇਆ ਸੀ। ਭਾਈ ਹਰਜਿੰਦਰ ਸਿੰਘ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਗਦਲੀ (ਜਿਲ੍ਹਾ ਅੰਮ੍ਰਿਤਸਰ) ਤੋਂ ਪਾ੍ਰਪਤ ਕੀਤੀ। ਗਹਿਰੀ ਮੰਡੀ ਤੋਂ ਦਸਵੀਂ ਪਾਸ ਕਰਕੇ ਤੇ ਬਾਰਵੀਂ ਜੰਡਿਆਲਾ ਗੁਰੂ ਤੋਂ ਪਾਸ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ’ਚ ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਦਾਖਲਾ ਲੈ ਲਿਆ। ਅਜੇ ਬੀ. ਏ. (ਭਾਗ ਦੂਜਾ) ਵਿੱਚ ਪੜ੍ਹਦੇ ਸਨ ਕਿ 1984 ਦਾ ਘੱਲੂਘਾਰਾ ਵਾਪਰ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਪੁਰਬ ਸਮੇਂ ਸ੍ਰੀ ਦਰਬਾਰ ਸਾਹਿਬ ਇਕੱਤਰ ਹੋਈਆਂ ਸਿੱਖ-ਸੰਗਤਾਂ ਨੂੰ ਭਾਰਤੀ ਫੌਜ ਵੱਲੋਂ ਗੋਲੀਆਂ, ਬੰਬਾਂ, ਤੋਪਾਂ ਤੇ ਟੈਕਾਂ ਨਾਲ ਭੁੰਨ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਢਹਿ ਢੇਰੀ ਕਰ ਦਿੱਤਾ ਗਿਆ, ਚਾਲੀ ਹੋਰ ਗੁਰਧਾਮ ਫੌਜੀ ਛਾਉਣੀਆਂ ਵਿੱਚ ਤਬਦੀਲ ਕਰ ਦਿੱਤੇ ਗਏ ਤੇ ਪਿੰਡਾਂ ਵਿੱਚ ਸਿੱਖ ਜਵਾਨਾਂ ਨੂੰ ਚੁਣ-ਚੁਣ ਕੇ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਇਹਨਾਂ ਘਟਨਾਵਾਂ ਕਰਕੇ ਹਰ ਸਿੱਖ ਵਾਂਗ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਖੂਨ ਨੇ ਵੀ ਉਬਾਲਾ ਖਾਧਾ, ਸਿੱਖੀ ਅਣਖ ਜਾਗੀ ਤੇ ਪੜ੍ਹਾਈ ਵਿੱਚੇ ਛੱਡ ਕੇ ਸਿੱਖ-ਸੰਘਰਸ਼ ਵਿੱਚ ਕੁੱਦ ਪਏ। ਜਦੋਂ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ ਉਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਆਪਣੇ ਪਿੰਡ ਤੇ ਨੇੜੇ-ਨੇੜੇ ਦੀਆਂ ਸਿੱਖ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਆਜ਼ਾਦ ਕਰਵਾਉਣ ਲਈ ਕੀਤੇ ਮਾਰਚ ਵਿੱਚ ਸ਼ਾਮਲ ਸੀ। ਪਰ ਫੌਜੀ ਨਾਕਿਆਂ ਦੇ ਤਸੱਦਦ ਸਾਹਮਣੇ ਕੋਈ ਪੇਸ਼ ਨਾ ਗਈ ਤੇ ਕਚੀਚੀਆਂ ਖਾਂਦੇ ਦੁੱਖੀ-ਹਿਰਦਿਆਂ ਨਾਲ ਕੁੱਟ-ਮਾਰ ਖਾ ਕੇ ਘਰਾਂ ਨੂੰ ਪਰਤ ਆਏ। ਭਾਈ ਹਰਜਿੰਦਰ ਸਿੰਘ ਜਿੰਦਾ ਆਪਣੇ ਨਾਨਕੇ ਪਿੰਡ ਚੱਕ ਬਾਈ ਐਚ. ਸ੍ਰੀ ਗੰਗਾਨਗਰ ਚਲਾ ਗਿਆ। ਆਪ ਦੇ ਮਾਮੇ ਦੇ ਪੁੱਤਰ ਬਲਜਿੰਦਰ ਸਿੰਘ ਰਾਜੂ ਅਤੇ ਉਸ ਦੇ ਮਿੱਤਰ ਭਾਈ ਸੁਖਦੇਵ ਸਿੰਘ ਸੁੱਖਾ 16 ਐਫ. ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਮਿੰਦਰ ਸਾਹਿਬ ਤੇ ਹੋਰ ਗੁਰਧਾਮਾਂ ਦੀ ਕੀਤੀ ਬੇਅਦਬੀ ਅਤੇ ਸਿੱਖ ਕੌਮ ਦੀ ਹੋਈ ਬੇਪਤੀ ਦਾ ਬਦਲਾ ਲੈਣ ਲਈ ਪ੍ਰਣ ਕੀਤਾ। ਭਾਈ ਰਾਜੂ ਪੁਲਿਸ ਦੇ ਕਾਬੂ ਆ ਗਏ ਤੇ ਉਸ ਉੱਤੇ ਕੀਤੇ ਤਸੱਦਦ ਦੀ ਖ਼ਬਰ ਸੁਣ ਕੇ ਭਾਈ ਜਿੰਦਾ ਤੇ ਭਾਈ ਸੁੱਖੇ ਦਾ ਮਨ ਹੋਰ ਵੀ ਉਬਾਲੇ ਖਾਣ ਲੱਗਾ ਇਸ ਤੋਂ ਬਾਅਦ ਭਾਈ ਜਿੰਦਾ ਜੀ ਨੇ ਜੋ ਕਾਰਨਾਮੇ ਕੀਤੇ ਉਹ ਇਸ ਪ੍ਰਕਾਰ ਹਨ:
31 ਜੁਲਾਈ 1985 ਨੂੰ ਦਿੱਲੀ ਕਤਲੇਆਮ ਦੇ ਮੁਖ ਹਤਿਆਰੇ ਕਾਂਗਰਸੀ ਨੇਤਾ ਲਲਿਤ ਮਾਕਨ ਨੂੰ ਜਾ ਸੋਧਾ ਲਾਇਆ ਏਸ ਕਾਰਵਾਈ ’ਚ ਗੁਰੂ ਦੇ ਦੋਵੇਂ ਲਾਡਲੇ ਭਾਈ ਜਿੰਦਾ ਜੀ ਅਤੇ ਭਾਈ ਸੁੱਖ ਜੀ ਦੇ ਨਾਲ ਹੀ ਭਾਈ ਰਣਜੀਤ ਸਿੰਘ ਗਿੱਲ ਵੀ ਸਨ ਭਾਈ ਰਣਜੀਤ ਸਿੰਘ ਗਿੱਲ ਜੀ ਨੂੰ 14 ਮਈ 1987 ਨੂੰ ਅਮਰੀਕਾ ਜਰਸੀ ਵਿਖੇ ਇੰਟਰਪੋਲ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਅਤੇ 6 ਫਰਵਰੀ 1988 ਨੂੰ ਯੂ ਏਨ ਓ ’ਚ ਸੁਣਵਾਈ ’ਤੇ ਸੰਨ 2000 ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਇਆ ਜਿੱਥੇ ਭਾਈ ਰਣਜੀਤ ਸਿੰਘ ਗਿੱਲ ਨੂੰ ਸਜ਼ਾ ਸੁਣਾ ਦਿੱਤੀ ਗਈ।
1984 ਦੇ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਉਣ ’ਚ ਅਹਿਮ ਰੋਲ ਅਦਾ ਕਰਨ ਵਾਲਾ ਇੱਕ ਹੋਰ ਕਾਂਗਰਸੀ ਨੇਤਾ ਅਰਜੁਨ ਦਾਸ ਸੀ, ਜਿਸ ਨੂੰ ਨਾਨਾਵਤੀ ਕਮਿਸ਼ਨ ਨੇ ਵੀ ਦੋਸ਼ੀ ਕਰਾਰ ਦਿੱਤਾ ਸੀ। 5 ਸਤੰਬਰ 1985 ਨੂੰ ਗੁਰੂ ਦੇ ਲਾਡਲਿਆਂ ਨੇ ਅਰਜੁਨ ਦਾਸ ਨੂੰ ਗੱਡੀ ਚੜ੍ਹਾ ਦਿੱਤਾ ਇਹ ਰਾਜੀਵ ਗਾਂਧੀ ਦਾ ਖਾਸ ਚਮਚਾ ਸੀ।
10 ਅਗਸਤ 1986 ਨੂੰ ਸਭ ਤੋਂ ਵੱਡਾ ਕਾਰਨਾਮਾ ਤਦ ਕੀਤਾ ਗਿਆ ਜਦ ਸੂਰਮਿਆਂ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੇ ਮੋਹਰੀ ਰਹੇ ‘ਜਨਰਲ ਵੈਦਿਆ ’ ਨੂੰ ਉਸ ਦੇ ਕੀਤੇ ਦੀ ਸਜ਼ਾ ਵੱਜੋਂ ਸੋਧਾ ਲਾ ਦਿੱਤਾ ਗਿਆ ਇਹ ਭਾਰਤ ਸਰਕਾਰ ਦੇ ਮੂੰਹ ’ਤੇ ਹੁਣ ਤੱਕ ਦਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਕਰਾਰਾ ਤਮਾਚਾ ਸੀ।
ਸਿੱਖ ਸੰਘਰਸ਼ ਨੂੰ ਮੁਕਾਮ ਤੱਕ ਲੈ ਜਾਨ ਲਈ ਸਿੰਘਾਂ ਨੂੰ ਹਥਿਆਰਾਂ ਦੀ ਸਖ਼ਤ ਲੋੜ ਸੀ, ਜਿਸ ਵਾਸਤੇ ਭਾਰਤ ਦੇ ਇਤਿਹਾਸ ਵਿੱਚ 13 ਫਰਵਰੀ 1987 ਨੂੰ ਖਾਲਿਸਤਾਨ ਕਮਾਂਡੋ ਫੋਰਸ ਦੇ ਸਿੰਘਾਂ ਨੇ ਜਨਰਲ ਲਾਭ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ’ਚ ਇੱਕ ਬੈਂਕ ਵਿੱਚੋਂ 5.70 ਕਰੋੜ ਰੁਪਏ ਲੈ ਕੇ ਨਿਕਲਣ ’ਚ ਕਾਮਯਾਬ ਹੋ ਗਏ, ਕਿਹਾ ਜਾਂਦਾ ਹੈ ਕਿ ਇਹ ਕਾਰਨਾਮਾ ‘ਲਿਮ੍ਕਾ ਬੁੱਕ ਆਫ ਰਿਕਾਰਡ’ ’ਚ ਦਰਜ ਹੈ।
ਇਹ ਕਾਰਵਾਈ ਸੁਣ ਕੇ ਵੱਡੇ ਵੱਡੇ ਅਧਿਕਾਰੀਆਂ ਦੇ ਪਸੀਨੇ ਨਿਕਲ ਗਏ ਸੀ, ਜਿਸ ਢੰਗ ਨਾਲ ਸਿੰਘ ਸਫਾਈ ਨਾਲ ਬਾਹਰ ਨਿਕਲੇ ਸੀ ਉਸ ਬਾਰੇ ਪੂਰਾ ਸੱਚ ਭਾਰਤ ਸਰਕਾਰ ਦੇ ਅਧਿਕਾਰੀ ਦੇ ਮੂਹੋਂ ਆਪ ਸੁਣੋ :
‘ਵੇਦ ਮਰਵਾਹਾ’ ਦਿੱਲੀ ਪੁਲਿਸ ਦਾ ਮੁਖੀ (ਕਮਿਸਨਰ) ਹੁਣ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਇਸ ਦੀ ਕਮਾਂਡ ਥੱਲੇ ਦਿੱਲੀ ਪੁਲਿਸ ਨੇ ਦੋ ਵਾਰ (1985 ਤੇ ਫਿਰ 1987 ਵਿਚ) ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫਤਾਰ ਕੀਤਾ ਸੀ। ‘ਵੇਦ ਮਰਵਾਹੇ’ ਨੇ ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ ਜਿਸ ਦਾ ਸਿਰਲੇਖ ਹੈ ‘ਅਨਸਿਵਲ ਵਾਰਜ ਪਥੋਲੌਜੀ ਆਫ ਟੈਰਰਿਜਮ ਇਨ ਇੰਡੀਆ।’
ਇਸ ਕਿਤਾਬ ਦੇ ਸਫਾ 16 ’ਤੇ ਉਸ ਨੇ ਇੱਕ ਸਿਰਲੇਖ ਦਿੱਤਾ ਹੈ: ‘ਜਿੰਦਾ ਕੋਈ ਸਧਾਰਣ ਮਨੁੱਖ ਨਹੀਂ ਸੀ।’ ਇਸ ਦੀ ਲਿਖਤ ਵਿਚਲਾ ਵੇਰਵਾ ਕਾਜੀ ਨੂਰ ਮੁਹੰਮਦ ਦੀ 18 ਵੀਂ ਸਦੀ ਦੇ ਸਿੰਘਾਂ ਬਾਰੇ ‘ਗਵਾਹੀ’ ਵਾਂਗ ਹੀ ਹੈ। ਭਾਰਤੀ ਰਾਸਟ੍ਰ ਭਗਤੀ ਤੇ ਫਿਰਕੂਪੁਣੇ ਨਾਲ ਭਰਿਆ ਪੰਜਾਬੀ ਹਿੰਦੂ ਮੂਲ ਦਾ ‘ਵੇਦ ਮਰਵਾਹਾ’ ਲਿਖਦਾ ਹੈ: ‘ਹਰਜਿੰਦਰ ਸਿੰਘ ਜਿੰਦਾ, ਜਿਸ ਨੂੰ ਜਨਰਲ ਵੈਦਿਆ ਦੇ ਕਤਲ ਕੇਸ ਵਿਚ ਸਜਾ ਹੋਈ ਅਤੇ ਬਾਅਦ ਵਿਚ ਫਾਂਸੀ ’ਤੇ ਲਟਕਾਇਆ ਗਿਆ ਕੋਈ ਸਧਾਰਨ ਮਨੁੱਖ ਨਹੀਂ ਸੀ। … ਇਹ ਸਿਰਫ਼ ਇੱਕ ਬੇਤਰਸ ਹਤਿਆਰਾ ਨਹੀਂ ਸੀ। ਉਸ ਦੀ ਸਖ਼ਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖ਼ਤ ਜਖਮੀ ਸੀ ਅਤੇ ਜੀਵਨ-ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲੁਭਾਉਣ ਵਾਲਾ ਅੰਦਾਜ ਰੱਖਦਾ ਸੀ। ਜਦੋਂ ਮੈਂ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ ਬਲਕਿ ਉਸ ਦੀ ਮਾਨਸਿਕਤਾ ਵਿੱਚ ਐਸੇ ਅਸਾਧਾਰਨ ਤੱਤ ਸਨ, ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਤ ਕਰਦੇ ਸਨ।’
‘ਵੇਦ ਮਰਵਾਹਾ’ ਅੱਗੋਂ ਛੋਟਾ ਸਿਰਲੇਖ ਦਿੰਦੇ ਹਨ: ‘ਪਹਿਲੀ ਗ੍ਰਿਫਤਾਰੀ’ ਲਿਖਤ ਅਨੁਸਾਰ-‘ਜਿੰਦਾ ਪਹਿਲੀ ਵਾਰ ਅਚਾਨਕ ਹੀ 1985 ਵਿਚ ਪੁਲਿਸ ਦੇ ਹੱਥ ਲੱਗ ਗਿਆ। ਉਦੋਂ ਦਿੱਲੀ ਵਿੱਚ ਲਗਾਤਾਰ ਬੈਂਕ ਲੁੱਟੇ ਜਾ ਰਹੇ ਸਨ ਪਰ ਪੁਲਿਸ ਨੂੰ ਕੋਈ ਸੂਹ ਨਹੀਂ ਸੀ ਮਿਲ ਰਹੀ। ਮੈਨੂੰ ਰੋਜ਼ਾਨਾ ਭਾਰਤ ਦੇ ਗ੍ਰਹਿ ਮੰਤਰੀ ਤੋਂ ਝਾੜਾਂ ਪੈ ਰਹੀਆਂ ਸਨ ਅਤੇ ਮੀਡੀਏ ਵਿੱਚ ਵੀ ਦਿੱਲੀ ਪੁਲਿਸ ਦੀ ਦੁਰਗਤੀ ਬਣ ਰਹੀ ਸੀ। ਉਦੋਂ ਤੱਕ ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਬੈਂਕ ਡਕੈਤੀਆਂ ਨਾਲ ਪੰਜਾਬ ਦੇ ਦਹਿਸਤਗਰਦਾਂ ਦਾ ਵੀ ਕੋਈ ਸਬੰਧ ਹੋ ਸਕਦਾ ਹੈ। ਜਿੰਦੇ ਦੀ ਗ੍ਰਿਫਤਾਰੀ ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਆਧਾਰ ’ਤੇ ਹੋਈ, ਜਿਸ ਦਾ ਸੰਬੰਧ ਕਿਸੇ ਕਾਰ ਦੀ ਚੋਰੀ ਨਾਲ ਸੀ। ਕ੍ਰਾਈਮ ਬਰਾਂਚ ਦੇ ਐਡੀਸ਼ਨਲ ਕਮਿਸਨਰ ਆਰ. ਕੇ. ਸਰਮਾ ਨੇ ਮੈਨੂੰ ਇੱਕ ਐਤਵਾਰ ਦੀ ਸਵੇਰ ਫੋਨ ਕਰ ਕੇ ਜਿੰਦੇ ਦੀ ਗ੍ਰਿਫਤਾਰੀ ਦੀ ‘ਵੱਡੀ ਪ੍ਰਾਪਤੀ’ ਸੰਬੰਧੀ ਦੱਸਿਆ। ਉਦੋਂ ਪਹਿਲੀ ਵਾਰ ਦਿੱਲੀ ਪੁਲਿਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਇੱਕ ਅਚਾਨਕ ਇੱਕ ਮਾਰਕਾਖੋਜ ਕੰਮ ਕੀਤਾ ਹੈ।’
‘ਮਰਵਾਹੇ’ ਦੀ ਲਿਖਤ ਦਾ ਅਗਲਾ ਸਿਰਲੇਖ ਹੈ-‘ਪੁੱਛ ਗਿੱਛ’ (ਇੰਟੈਰੋਗੇਸਨ) ਮਰਵਾਹੇ ਅਨੁਸਾਰ -‘ਮੈਂ ਆਪਣੇ ਘਰੋਂ ਫੌਰਨ ਕ੍ਰਾਈਮ ਬਰਾਂਚ ਇੰਟੈਰੋਗੇਸਨ ਸੈਂਟਰ ਪਹੁੰਚਿਆ ਅਤੇ ਇਸ ਸਾਧਾਰਨ ਜਿਹੀ ਦਿੱਖ ਵਾਲੇ ਵਿਅਕਤੀ ਦੀ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ (ਇਸ ਨੂੰ ਤਸੱਦਦ ਪੜ੍ਹਿਆ ਜਾਵੇ) ਕੀਤੀ। ਮੈਂ ਉਸ ਵੱਲੋਂ ਕਹਾਣੀ ਬਿਆਨ ਕਰਨ ਦੇ ਢੰਗ ਤੋਂ ਬੜਾ ਅਚੰਭਿਤ ਹੋਇਆ ਅਤੇ ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ। ਉਸ ਦੀ ਖੱਲੜੀ ਵਿੱਚ ਡਰ ਨਾਂ ਦੀ ਕੋਈ ਚੀਜ ਨਹੀਂ ਸੀ ਅਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੋਂ ਪਛਤਾਵਾ ਸੀ। ਉਹ ਤਾਂ ਬਾਲੀਵੁਡ ਦੀਆਂ ਫਿਲਮਾਂ ਦੇ ਅੰਦਾਜ਼ ਵਿੱਚ ਪੁਲਿਸ ਨੂੰ ਥਾਂ-ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨਾਮਿਆਂ ਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਸਿੱਖ ਖੜ੍ਹਾ ਸੀ ਜਿਸ ਨੇ ਸਮੁੱਚੀ ਦਿੱਲੀ ਪੁਲਿਸ ਨੂੰ ਵਖਤ ਪਾਇਆ ਹੋਇਆ ਸੀ, ਇਸ ਤੱਥ ਦੀ ਵੀ ਉਸ ਨੂੰ ਬੜੀ ਖੁਸੀ ਸੀ। ਉਸ ਨੇ ਆਪਣੇ ਖਾਲਸਤਾਨੀ ਸੰਘਰਸ਼ ਵਿਚਲੇ ਰੋਲ ਨੂੰ ਘਟਾ ਕੇ ਦੱਸਿਆ ਪਰ ਦਿੱਲੀ (ਜਿਸ ਨੂੰ ਉਹ ਰਾਜਧਾਨੀ ਕਹਿਣ ਦੀ ਜਿਦ ਕਰਦਾ ਸੀ) ਵਿਚਲੀ ਬੈਂਕ ਡਕੈਤੀਆਂ ਸੰਬੰਧੀ ਉਸ ਨੇ ਬੜੇ ਮਾਣ ਨਾਲ ਖੁੱਲ੍ਹ ਕੇ ਦੱਸਿਆ। ਉਸ ਦਾ ਦਿੱਲੀ ਨੂੰ ਵਾਰ ਵਾਰ ‘ਰਾਜਧਾਨੀ’ ਕਹਿਣ ਤੋਂ ਵੀ ਇਹ ਹੀ ਭਾਵ ਸੀ, ਉਹ ਦਿੱਲੀ ਪੁਲਿਸ ਦਾ ਪੂਰਾ ਮਜਾਕ ਉਡਾ ਰਿਹਾ ਸੀ। ਉਦੋਂ ਭਾਵੇਂ ਸਾਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਪਰ ਉਹ ਗੱਲ ਕਰਨ ਲੱਗਿਆ ‘ਉਹ’ (ਭਾਰਤ ਸਰਕਾਰ) ਤੇ ਅਸੀਂ (ਖਾਲਸਤਾਨੀ) ਸਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਮੈਨੂੰ ਉਦੋਂ ਮਹਿਸੂਸ ਹੋਇਆ ਕਿ ਉਹ ਮੇਰੇ ਨਾਲ, ਇੱਕ ‘ਪੁਲਿਸ ਮੁਖੀ’ ਦੇ ਤੌਰ ’ਤੇ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ (ਨਾ ਕਿ ਮੁਜਰਮ ਦੇ ਤੌਰ ’ਤੇ) …. ਉਸ ਨੂੰ ਫੇਰ ਅਸੀਂ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿੱਥੋਂ ਕਿ ਉਹ ਅਦਾਲਤ ਵਿਚ ਪੇਸ਼ੀ ਲਈ ਲਿਜਾਂਦੇ ਸਮੇਂ, ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਉਸ ਤੋਂ ਬਾਅਦ ਉਸ ਨੇ ਬੜੇ ਦਲੇਰਾਨਾ ਕੰਮ ਕੀਤੇ, ਜਿਨ੍ਹਾਂ ਵਿੱਚ ‘ਲਲਿਤ ਮਾਕਨ’ ਐਮ. ਪੀ. ਤੇ ‘ਅਰਜਨ ਦਾਸ’ ਆਦਿ ਸੰਜੇ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰੇ ਜਾਣਾ ਵੀ ਸ਼ਾਮਲ ਸੀ। ਦਿੱਲੀ ਤੇ ਪੰਜਾਬ ਵਿੱਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਗਈ।’
‘ਵੇਦ ਮਰਵਾਹਾ’ ਫੇਰ, ਇੱਕ ਸਬ-ਹੈਡਿੰਗ ‘ਦੂਸਰੀ ਮੁਲਾਕਾਤ’ ਦਾ ਹਵਾਲਾ ਦਿੰਦਾ ਹੈ, ਜਿਸ ਅਨੁਸਾਰ ਅਗਸਤ 1987 ਵਿੱਚ ਸਿਵਲ ਲਾਈਨਜ ਏਰੀਏ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਜਿੰਦਾ ਸਖ਼ਤ ਜਖ਼ਮੀ ਹਾਲਤ ਵਿੱਚ ਦਿੱਲੀ ਪੁਲਿਸ ਨੇ ਦਬੋਚ ਲਿਆ। ….. ਮੈਂ ਆਪਣੇ ਵਾਇਰਲੈੱਸ ਸੈੱਟ ’ਤੇ ਜਿੰਦੇ ਦੀ ਗ੍ਰਿਫਤਾਰੀ ਬਾਰੇ ਸੁਣਿਆ ਅਤੇ ਕੁਝ ਮਿੰਟਾਂ ਵਿੱਚ ਹੀ ਪੁਲਿਸ ਸਟੇਸ਼ਨ ਪਹੁੰਚ ਗਿਆ। ਜਿੰਦੇ ਨੂੰ ਇੱਕ ਸਟਰੈਚਰ ’ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ ਜਦੋਂਕਿ ਉਸ ਨੇ ਮੈਨੂੰ ਵੇਖ ਲਿਆ। ਉਸ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹ ਬੜੀ ਗੰਭੀਰ ਜਖ਼ਮੀ ਹਾਲਤ ਵਿੱਚ ਸੀ ਪਰ ਫਿਰ ਵੀ ਉਸ ਨੇ ਮੈਨੂੰ ਮਜਾਕੀਆ ਲਹਿਜੇ ਵਿੱਚ ਕਿਹਾ -‘ਮੁਬਾਰਕ ਹੋ, ਅਬ ਆਪ ਕੋ ਬਹੁਤ ਬੜੀ ਤਰੱਕੀ ਮਿਲੇਗੀ ਦਿੱਲੀ ਪੁਲਿਸ ਨੇ ਮੁਝੇ ਪਕੜ ਲੀਆ ਹੈ।’ ਮੇਰੇ ਸਾਹਮਣੇ ਉਹ ਬੰਦਾ ਸੀ, ਜਿਹੜਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ ਪਰ ਉਹ ਇਨ੍ਹਾਂ ਪਲਾਂ ਵਿੱਚ ਵੀ ਬੇਪ੍ਰਵਾਹ ਹੋ ਕੇ ਮਜਾਕ ਕਰ ਰਿਹਾ ਸੀ। ਮੈਂ ਦੇਖ ਰਿਹਾ ਸੀ ਕਿ ਉਸ ਨੂੰ ਆਪਣੇ ਕਾਰਜ ਲਈ ਮਹਾਨ ਕੁਰਬਾਨੀ ਕਰਨ ਦੀ ਤਸੱਲੀ ਵੀ ਸੀ ਤੇ ਪੁਲਿਸ ਨੂੰ ਨੀਵਾਂ ਦਿਖਾਉਣ ਦਾ ਚਾਅ ਵੀ… ਉਸ ਦਾ ਫੌਜੀ ਹਸਪਤਾਲ ਵਿੱਚ ਇਲਾਜ ਚੱਲਿਆ ਤੇ ਉਹ ਇੱਕ ਅਪਰੇਸ਼ਨ ਤੋਂ ਬਾਅਦ ਕਰਾਮਾਤੀ ਤੌਰ ’ਤੇ ਠੀਕ ਹੋ ਗਿਆ। ਮੈਂ ਉਸ ਨੂੰ ਡੀ. ਜੀ. ਪੀ. ਕ੍ਰਾਈਮ ਦੇ ਨਾਲ ਹਸਪਤਾਲ ਵਿੱਚ ਦੇਖਣ ਗਿਆ। ਪਰ ਇਸ ਵਾਰ ਮੈਂ ਪੁੱਛਗਿੱਛ ਲਈ ਨਹੀਂ ਗਿਆ ਪਰ ਉਸ ਇਨਸਾਨ ਨੂੰ ਮਿਲਣ ਗਿਆ, ਜਿਸ ਨੇ ਮੇਰੇ ਮਨ ’ਚ ਵੀ ਸਤਿਕਾਰ ਦੀ ਥਾਂ ਬਣਾ ਲਈ ਸੀ। ਮੈਂ ਇਹ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸਨਲ ਪੁਲਿਸ ਅਫਸਰ ਵਾਲੀਆਂ ਨਹੀਂ ਸਨ ਬਲਕਿ ਪ੍ਰਸੰਸਾ ਤੇ ਨਿੱਘ ਵਾਲੀਆਂ ਸਨ…..।’
ਖਾਲਸਤਾਨੀ ਸੰਘਰਸ਼ ਦੇ ਇਸ ਸਿਪਾਹ ਸਿਲਾਰ ਨੂੰ ‘ਦੁਸਮਣ’ ਵੱਲੋਂ ਦਿੱਤੀ ਗਈ, ਇਸ ਸਰਧਾਂਜਲੀ ਚੋਂ ਭਵਿੱਖ ਦੀਆਂ ਪੀੜੀਆਂ ਨੂੰ ਖਾਲਸਤਾਨੀ ਸੰਘਰਸ਼ ਦੇ ਯੋਧਿਆਂ ਦੀ ਅਸਲੀ ਤਸਵੀਰ ਨਜ਼ਰ ਆ ਰਹੀ ਹੋਵੇਗੀ।
ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਸੰਖੇਪ ਜੀਵਨੀ
ਭਾਈ ਸੁਖਦੇਵ ਸਿੰਘ ਦਾ ਜਨਮ ਰਾਜਿਸਥਾਨ ਜਿਲ੍ਹੇ ਗੰਗਾਨਗਰ ਦੀ ਤਹਿਸੀਲ ਕਰਨਪੁਰ ਦੇ ਚੱਕ ਨੰਬਰ 11 ਵਿੱਚ ਹੋਇਆ।
ਆਪ ਜੀ ਦੇ ਪਿਤਾ ਮਹਿੰਗਾ ਸਿੰਘ ਗੁਰਸਿੱਖ ਹਨ ਤੇ ਖੇਤੀ ਦਾ ਕੰਮ ਕਰਦੇ ਹਨ। ਮਾਤਾ ਸੁਰਜੀਤ ਕੌਰ ਪੂਰਨ ਗੁਰਸਿਖ, ਰਹਿਤ ਦੇ ਧਾਰਨੀ ਤੇ ਨਿਤਨੇਮੀ ਹਨ। ਭਾਈ ਸੁਖਦੇਵ ਸਿੰਘ ਨੂੰ ਸਿੱਖੀ ਸਿਦਕ ਦੀ ਦਾਤ ਵਿਰਸੇ ਵਿੱਚ ਮਿਲੀ ਹੋਈ ਸੀ। ਸਕੂਲ ਦੀ ਪੜ੍ਹਾਈ ਦੇ ਨਾਲ ਹੀ ਧਾਰਮਿਕ ਵਿਦਿਆ ਤੇ ਗੁਰਬਾਣੀ ਦਾ ਅਭਿਆਸ ਉਸ ਦਾ ਨਿਤ ਕਰਮ ਬਣ ਗਿਆ। ਮੁੱਢਲੀ ਵਿਦਿਆ ਪਿੰਡ ਮਾਣਕਪੁਰ ਚੱਕ ਨੰਬਰ 13 ਤੋਂ ਪ੍ਰਾਪਤ ਕੀਤੀ ਤੇ ਕਾਨਪੁਰ ਤੋਂ ਦਸਵੀਂ ਪਾਸ ਕਰਕੇ ਗਿਆਨ ਜੋਤੀ ਕਾਲਜ ਤੋਂ ਬੀ. ਏ. ਪਾਸ ਕੀਤੀ। ਐਮ. ਏ ਅੰਗਰੇਜੀ ਵਿੱਚ ਪੜ੍ਹਦੇ ਸਨ, ਜਦੋਂ 1984 ਦਾ ਸਿੱਖੀ ਦਮਨ ਕਰਨ ਵਾਲਾ ਘੱਲੂਘਾਰਾ ਵਾਪਰ ਗਿਆ। ਭਾਈ ਸੁੱਖਾ ਜੀ ਘਰੋਂ ਬੇਘਰ ਹੋ ਕੇ ਸਿੱਖੀ ਦੀ ਪੱਤ ਬਚਾਉਣ ਦੀਆ ਵਿਉਂਤਾਂ ਵਿੱਚ ਲਗ ਗਿਆ। ਆਪਣੇ ਮਿੱਤਰ ਬਲਜਿੰਦਰ ਸਿੰਘ ਰਾਜੂ ਦੇ ਭੂਆ ਦੇ ਪੁੱਤਰ ਹਰਜਿੰਦਰ ਸਿੰਘ ਜਿੰਦਾ ਨੂੰ ਆਪਣੇ ਕਾਰਜ ਦੇ ਨਿਸ਼ਾਨੇ ਉੱਤੇ ਪੁੱਜਣ ਲਈ ਆਪ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ। ਗੁਰੂ ਮਹਾਰਾਜ ਦੇ ਬਖ਼ਸ਼ੇ ਹੋਏ ਲਾਡਲੇ ਸਪੁੱਤਰਾਂ ਨੂੰ ਪੰਥ ਦੇ ਲੇਖੇ ਲਾ ਸੁਰਖ਼ਰੂ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਭਾਈ ਲਾਭ ਸਿੰਘ ਪੰਜਵਡ, ਭਾਈ ਜਰਨੈਲ ਸਿੰਘ ਹਲਵਾਰਾ ਤੇ ਮਥਰਾ ਸਿੰਘ ਚੌਡੇ ਮਧਰੇ ਤੇ ਭਾਈ ਚਰਨਜੀਤ ਸਿੰਘ ਚੰਨੀ ਲੁਧਿਆਣਾ (ਪੰਜਾਬ) ਵਿੱਚ ਸਰਗਰਮ ਸਨ। ਉਨਾਂ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੰਜਾਬ ਤੋਂ ਬਾਹਰ ਦਿੱਲੀ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ ਹੋਇਆ ਸੀ ਕਿਉਂਕਿ ਨਵੰਬਰ 1984 ਵਿੱਚ ਸਿੱਖਾਂ ਦੀ ਸਭ ਤੋਂ ਵੱਧ ਕਤਲੇਆਮ ਤੇ ਬੇਪਤੀ ਦਿੱਲੀ ਵਿੱਚ ਹੋਈ ਸੀ।
ਦਿੱਲੀ ਵਿੱਚ ਇਨਾਂ ਦਾ ਨਾਮ ਸੁਣ ਕੇ ਅਤੇ ਸਰਕਾਰ ਵੱਲੋਂ ਟੀ. ਵੀ. ਉੱਤੇ ਇਨ੍ਹਾਂ ਦੀਆਂ ਤਸਵੀਰਾਂ ਦਿਖਾਉਣ ਕਰਕੇ ਦਿੱਲੀ ਦੇ ਫ਼ਿਰਕੂ ਕਾਤਲ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ। ਇਕ ਵਾਰੀ ਭਾਈ ਹਰਜਿੰਦਰ ਸਿੰਘ ਜਿੰਦਾ ਦਿੱਲੀ ਪੁਲਿਸ ਦੇ ਕਾਬੂ ਆ ਗਏ ਤੇ ਅਹਿਮਦਾਬਾਦ ਜੇਲ ਵਿੱਚ ਭੇਜ ਦਿੱਤੇ ਗਏ ਉੱਥੋਂ ਕਿਸੇ ਢੰਗ ਨਾਲ ਨਿਕਲਣ ਵਿੱਚ ਸਫਲ ਹੋ ਗਏ ਫਿਰ ਇਹਨਾਂ ਨੇ ਹਿੰਦੁਸਤਾਨੀ ਫੌਜਾਂ ਦੇ ਉਸ ਵੇਲੇ ਦੇ ਕਮਾਂਡਰ ਇਨ-ਚੀਫ ਜਨਰਲ ਵੈਦਿਆ ਨੂੰ ਸੋਧਣ ਦਾ ਪ੍ਰੋਗਰਾਮ ਬਣਾਇਆ, ਜਿਸ ਦੀ ਕਮਾਨ ਹੇਠ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਤੇ ਹੋਰ ਗੁਰਦੁਆਰਿਆਂ ਦੀ ਬੇਹੁਰਮਤੀ (ਬੇਇੱਜ਼ਤੀ) ਹੋਈ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕੀਤਾ ਗਿਆ ਸੀ। ਜਨਰਲ ਵੈਦਿਆ ਫੌਜ ਵਿੱਚੋਂ ਰਿਟਾਇਰ ਹੋ ਕੇ ਪੂਨੇ ਵਿੱਚ ਰਹਿ ਰਿਹਾ ਸੀ।
ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਪੂਨੇ ਪਹੁੰਚ ਗਏ ਤੇ ਜਨਰਲ ਵੈਦਿਆ ਦੀ ਭਾਲ ਪਿੱਛੋਂ ਮੌਕਾ ਮਿਲਦਿਆਂ ਹੀ ਉਸ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਪਾਪੀ ਨੂੰ ਉਸ ਦੇ ਪਾਪਾਂ ਦੀ ਸਜ਼ਾ ਦੇ ਕੇ ਆਪਣੇ ਮਿਥੇ ਨਿਸ਼ਾਨੇ ਦੀ ਪੂਰਤੀ ਕੀਤੀ।’
17 ਸਤੰਬਰ 1987 ਨੂੰ ਭਾਈ ਸੁੱਖਾ ਜੀ ਦਾ ਪੂਨੇ ਇੱਕ ਟਰੱਕ ਨਾਲ ਐਕਸਿਡੈੱਨਟ ਹੋ ਗਇਆ ਉਸ ਸਮੇਂ ਭਾਈ ਸੁੱਖਾ ਜੀ ਉਸ ਮੋਟਰ ਸਾਇਕਲ ’ਤੇ ਹੀ ਸਵਾਰ ਸਨ ਜੋ ਉਨ੍ਹਾਂ ਨੇ ਵੈਦ੍ਯ ਨੂੰ ਸੋਧ ਲਾਉਣ ਸਮੇਂ ਇਸਤੇਮਾਲ ਕੀਤਾ ਸੀ। ਭਾਈ ਜਿੰਦਾ ਜੀ ਦੇ 1987 ਦੇ ਦਿੱਲੀ ਮੁਕਾਬਲੇ ’ਚ ਪੈਰ ’ਚ ਗੋਲੀ ਲਗੀ ਸੀ ਅਤੇ ਮਾਰਚ ਦੇ ਮਹੀਨੇ ਭਾਈ ਜਿੰਦਾ ਜੀ ਨੂੰ ਗੁਰਦੁਆਰਾ ਮਜਨੂੰ ਦਾ ਟਿਲਾ (ਦਿੱਲੀ) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਸਿੰਘਾਂ ਤੇ ਜਨਰਲ ਵੈਦ੍ਯ ਦੀ ਹਤਿਆ ਦਾ ਦੋਸ਼ ਲਾਇਆ ਗਇਆ ਜਿਸ ਦੀ ਸਜ਼ਾ ਮੌਤ ਤੋਂ ਘੱਟ ਨਹੀਂ ਸੀ। 21 ਅਕਤੂਬਰ 1989 ਨੂੰ 2. 05 ਵਜੇ ਦੋਵੇਂ ਸਿੰਘਾਂ ਨੂੰ ਜੱਜ ਨੇ ਫਾਂਸੀ ਦੇਣ ਦੇ ਹੁਕਮ ਸੁਣਾ ਦਿੱਤੇ, ਜਿਸ ਦਾ ਸੁਆਗਤ ਦੋਵੇਂ ਸਿੰਘਾਂ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।’ ਦੇ ਜੈਕਾਰਿਆਂ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰਿਆਂ ਨਾਲ ਕੀਤਾ।
ਭਾਈ ਜਿੰਦਾ ਅਤੇ ਭਾਈ ਸੁੱਖਾ ਜੀ ਨੇ ਆਪਣੀ ਸਜ਼ਾ ਦੇ ਵਿਰੁਧ ਅਗਾਂਹ (ਹਾਈਕੋਰਟ ’ਚ) ਕੋਈ ਅਪੀਲ ਦਰਜ ਨਹੀਂ ਕੀਤੀ ਪਰ ਬਹੁਤ ਸਿੱਖ ਜਥੇਬੰਦੀਆਂ ਨੇ ਦੋਵੇਂ ਸਿੰਘਾਂ ਦੇ ਹੱਕ ਚ ਅਰਜ਼ੀਆਂ ਪਾਈਆਂ ਪਰ 9 ਅਕਤੂਬਰ 1992 ਨੂੰ ਕੋਰਟ ਨੇ ਉਨ੍ਹਾਂ ਅਰਜ਼ੀਆਂ ਨੂੰ ਨਾਂ ਮਨਜ਼ੂਰ ਕਰਦਿਆਂ ਰੱਦ ਕਰ ਦਿੱਤਾ।
ਯਾਰਵੜਾ ਦੀ ਜੇਲ ’ਚ ਭਾਈ ਜਿੰਦਾ ਜੀ ਅਤੇ ਭਾਈ ਸੁੱਖ ਜੀ ਨੂੰ 9 ਅਕਤੂਬਰ 1992 (ਸਵੇਰੇ 4 ਵਜੇ) ਫਾਂਸੀ ’ਤੇ ਚੜ੍ਹਾ ਦਿੱਤਾ ਗਿਆ ਇਸ ਤੋਂ ਪਹਿਲਾਂ ਉਨ੍ਹਾਂ ਨੇ ਬੋਲੇ ਸੋ ਨਿਹਾਲ ਦੇ ਨਾਹਰੇ ਲਗਾਏ। ਦੋਵੇਂ ਸਿੰਘਾਂ ਨੂੰ 30 ਮਿੰਟਾਂ ਤੱਕ ਹਵਾ ’ਚ ਲਟਕਦਿਆਂ ਰੱਖਿਆ ਗਿਆ, ਉਸ ਤੋਂ ਬਾਅਦ ਹੀ ਥੱਲੇ ਉਤਾਰਿਆ ਗਿਆ। ਉਸ ਦਿਨ ਪੂਰੇ ਉੱਤਰ ਭਾਰਤ ਨੂੰ ਹਾਈ ਅਲਰਟ ਕੀਤਾ ਹੋਇਆ ਸੀ।
ਭਾਈ ਜਿੰਦਾ ਜੀ ਅਤੇ ਭਾਈ ਸੁਖਾ ਜੀ ਦੇ ਅੰਤਿਮ ਸੰਸਕਾਰ ਮੁਲਾ ਦਰਿਆ ਦੇ ਕੰਡੇ ’ਤੇ 4 ਉਪ ਪੁਲਿਸ ਆਯੁਕਤ, 10 ਜੂਨਿਯਰ ਆਯੁਕਤ, 14 ਨਿਰੀਕ੍ਸ਼ਕ, 145 ਜੂਨਿਯਰ ਨਿਰੀਕ੍ਸ਼ਕ, 1275 ਹੋਰ ਅਧਿਕਾਰੀਆਂ ਦੀ ਤਾਇਨਾਤੀ ਹੇਠ ਸਵੇਰੇ 6.30 ਵਜੇ ਕੀਤੇ ਗਏ।
ਉਸ ਦਿਨ ਪੰਜਾਬ ਸਮੇਤ ਭਾਰਤ ਦੇ ਬਾਕੀ ਰਾਜਾਂ ’ਚ ਵੀ ਭਾਰੀ ਵਿਰੋਧ ਕੀਤੇ ਗਏ। ਸਿੱਖ ਸੰਗਤਾਂ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਇਕੱਠੀਆਂ ਹੋਈਆ ਜਿੱਥੋਂ ਭਾਰਤੀ ਫੋਰਸਾਂ ਨੇ 300 ਦੇ ਲਗਭਗ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਭਾਈ ਜਿੰਦਾ ਤੇ ਭਾਈ ਸੁੱਖਾ ਜੀ ਨੇ ਰਾਸਟਰਪਤੀ ਨੂੰ ਲਿਖੇ ਆਪਣੇ ਪੱਤ੍ਰ ਵਿੱਚ ਖਾਲਸਤਾਨੀ ਸੰਘਰਸ਼ ਦੀ ਤਰਜਮਾਨੀ ਕਰਦਿਆਂ ਬੜੇ ਫਖ਼ਰ ਨਾਲ ਲਿਖਿਆ ਸੀ: ‘ਜਦੋਂ ਕੌਮਾਂ ਜਾਗਦੀਆਂ ਹਨ ਤਾਂ ਇਤਿਹਾਸ ਨੂੰ ਕੰਬਣੀ ਛਿੜ ਜਾਂਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲੇ ਨੇ ਸਮੁੱਚੀ ਕੌਮ ਨੂੰ ਉਸ ਦੇ ਫ਼ਰਜ਼ ਦੀ ਯਾਦ ਕਰਵਾਈ ਹੈ ਤੇ ਹੁਣ ਕੌਮ ਨੇ ਤੁਹਾਡੀ ਗੁਲਾਮੀ ਦਾ ਜੂਲਾ ਪਰ੍ਹਾਂ ਵਗਾਹ ਕੇ ਆਪਣੀ ਮੰਜ਼ਲ ਵੱਲ ਚੜ੍ਹਾਈ ਕੀਤੀ ਹੋਈ ਹੈ।’
ਖਾਲਸਾ ਜੀ ! ਆਪਣੇ ਕੌਮੀ ਫ਼ਰਜ਼ਾਂ ਦੀ ਪਛਾਣ ਕਰੀਏ। ਇਹੀ ਇਨ੍ਹਾਂ ਦੋ ਮਰਜੀਵੜਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ: ‘ਜਿਸ ਸਾਨ ਸੇ ਕੋਈ ਮੁਕਤਲ ਮੇਂ ਗਿਆ, ਵੋਹ ਸਾਨ ਸਲਾਮਤ ਰਹਤੀ ਹੈ। ਇਸ ਜਾਨ ਕੀ ਤੋ ਕੋਈ ਬਾਤ ਨਹੀਂ, ਯੇ ਜਾਨ ਤੋ ਆਨੀ-ਜਾਨੀ ਹੈ।’