ਇਸ ਸੰਸਾਰ ਵਿੱਚ ਬਹੁਤ ਅਵਤਾਰ , ਪੈਗੰਬਰ , ਫਕੀਰ , ਔਲੀਏ ਹੋਏ ਸਾਰੇ ਹੀ ਸਤਿਕਾਰ ਯੋਗ ਹਨ । ਪਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸੰਸਾਰ ਨੂੰ ਦੇਣ ਦੇ ਕੇ ਗਏ ਹਨ ਉਹ ਹੋਰ ਕੋਈ ਨਹੀ ਦੇ ਸਕਿਆ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਦੀ ਧਰਤੀ ਤੇ ਅਵਤਾਰ ਧਾਰਨ ਕੀਤਾ , ਆਪਣੇ ਪਿਛਲੇ ਜਨਮ ਤੇ ਉਸ ਬੰਦਗੀ ਕਰਨ ਵਾਲੇ ਅਸਥਾਨ ਦੀ ਜਾਣਕਾਰੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੀ ਦਸਵੀ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਹਨ । ਬਹੁਤ ਅਵਤਾਰ , ਪੀਰ , ਪੈਗੰਬਰ , ਹੋਏ ਪਰ ਕਿਸੇ ਨੇ ਵੀ ਆਪਣੇ ਪਿਛਲੇ ਜਨਮ ਜਾ ਆਪਣੀ ਬੰਦਗੀ ਵਾਲੇ ਅਸਥਾਨ ਦਾ ਜਿਕਰ ਨਹੀ ਕੀਤਾ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਦੇ ਹਨ ਕਿ ਪਿਛਲੇ ਕਈ ਜਨਮਾਂ ਤੋ ਹੀ ਸਾਡੇ ਮਾਤਾ ਪਿਤਾ ਜੀ ਨੇ ਅਕਾਲ ਪੁਰਖ ਜੀ ਦੀ ਬਹੁਤ ਬੰਦਗੀ ਕੀਤੀ , ਜਦੋ ਅਕਾਲ ਪੁਰਖ ਜੀ ਬੰਦਗੀ ਤੋ ਖੁਸ਼ ਹੋਏ ਤਾ ਆਪ ਅਕਾਲ ਪੁਰਖ ਜੀ ਨੇ ਮੇਰੇ ਮਾਤਾ ਪਿਤਾ ਜੀ ਨੂੰ ਦਰਸ਼ਨ ਦਿਤੇ ਤੇ ਕੁਝ ਮੰਗਣ ਲਈ ਆਖਿਆ। ਸਾਡੇ ਮਾਤਾ ਪਿਤਾ ਜੀ ਨੇ ਇਕ ਮਹਾਨ ਪੁਰਸ਼ ਦੀ ਪੁੱਤਰ ਰੂਪ ਵਿੱਚ ਮੰਗ ਕੀਤੀ । ਅਕਾਲ ਪੁਰਖ ਜੀ ਉਹਨਾ ਦੀ ਬੇਨਤੀ ਮੰਨ ਲਈ ਤੇ ਸਾਨੂੰ ਮਾਤਲੋਕ ਤੇ ਜਾਣ ਦਾ ਹੁਕਮ ਕੀਤਾ ਤੇ ਆਪਣਾ ਨਵਾ ਪੰਥ ਚਲਾਉਣ ਦਾ ਵੀ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਸਦੇ ਹਨ । ਮੈ ਦੁਸਟ ਦੁਮਨ ਦੇ ਰੂਪ ਵਿੱਚ ਹੇਮਕੁੰਟ ਦੇ ਪਰਬਤਾਂ ਵਿੱਚ ਉਸ ਅਕਾਲ ਪੁਰਖ ਜੀ ਦੀ ਬੰਦਗੀ ਵਿੱਚ ਲੀਨ ਸੀ । ਗੁਰੂ ਜੀ ਜਿਕਰ ਕਰਦੇ ਹਨ ਸਾਡਾ ਦਿਲ ਨਹੀ ਕਰਦਾ ਸੀ ਮਾਤਲੋਕ ਤੇ ਜਾਣ ਦਾ ਕਿਉਕਿ ਸਾਡੀ ਸੁਰਤ ਉਸ ਅਕਾਲ ਪੁਰਖ ਜੀ ਦੇ ਵਿੱਚ ਲੀਨ ਸੀ । ਪਰ ਫੇਰ ਅਕਾਲ ਪੁਰਖ ਜੀ ਦਾ ਹੁਕਮ ਵੀ ਨਹੀ ਸੀ ਮੋੜ ਸਕਦੇ , ਅਸੀ ਅਕਾਲ ਪੁਰਖ ਜੀ ਨੂੰ ਬੇਨਤੀ ਕੀਤੀ ਜੇ ਤੁਸੀ ਆਪ ਪੰਥ ਚਲਾਉਣ ਵਿੱਚ ਸਾਡੀ ਸਹਾਇਤਾ ਕਰੋਗੇ ਫੇਰ ਹੀ ਅਸੀ ਇਹ ਕਾਰਜ ਕਰ ਸਕਦੇ ਹਾ । ਇਹ ਸੁਣ ਕੇ ਅਕਾਲ ਪੁਰਖ ਜੀ ਬਹੁਤ ਖੁਸ਼ ਹੋਏ ਤੇ ਉਹਨਾ ਨੇ ਸਾਨੂੰ ਆਪਣਾ ਪੁੱਤਰ ਬਣਾ ਕੇ ਇਸ ਮਾਤ ਲੋਕ ਤੇ ਭੇਜਿਆ ਤੇ ਪੰਥ ਚਲਾਉਣ ਦੀ ਆਗਿਆ ਦਿੱਤੀ । ਏਧਰ ਮਾਤਲੋਕ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਜਰੀ ਜੀ ਦੀ ਗੋਂਦ ਉਤੇ ਮਿਹਰ ਕਰਨ ਲਈ ਕਿਹਾ , ਤਾ ਗੁਰੂ ਜੀ ਮਾਤਾ ਨਾਨਕੀ ਜੀ ਤੇ ਆਪਣੇ ਮਹਿਲ ਮਾਤਾ ਗੁਜਰੀ ਜੀ ਤੇ ਆਪਣੇ ਸਿਖਾ ਨਾਲ ਤਰਬੈਣੀ ਦੇ ਤੱਟ ਤੇ ਪਹੁੰਚ ਗਏ । ਸਿਖਾ ਨੂੰ ਇਸ ਅਸਥਾਨ ਤੇ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਬਾਣੀ ਪੜਨ ਦਾ ਹੁਕਮ ਕੀਤਾ , ਮਾਤਾ ਨਾਨਕੀ ਜੀ ਤੇ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਗੁਰੂ ਸਹਿਬਾਨ ਜੀ ਦੀ ਬਾਣੀ ਸਰਵਨ ਕਰਨ ਦਾ ਉਪਦੇਸ਼ ਕੀਤਾ । ਵੱਡੇ ਗੁਰੂ ਸਾਹਿਬਾਨ ਜੀ ਤੇ ਭਗਤਾ ਦੀ ਰਸਨਾਂ ਤੋ ਉਚਾਰਨ ਕੀਤੀ ਬਾਣੀ ਸਰਵਨ ਕਰਦਿਆ ਤੇ ਪੁੰਨ ਦਾਨ ਕਰਦਿਆ ਤਰਬੈਣੀ ਘਾਟ ਉਤੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਕੁੱਖ ਵਿੱਚ ਪ੍ਰਵੇਸ਼ ਕੀਤਾ । ਗੁਰੂ ਤੇਗ ਬਹਾਦਰ ਜੀ ਜਦੋ ਪਟਨੇ ਦੀ ਧਰਤੀ ਤੇ ਪਹੁੰਚੇ ਤਾ ਸਾਹਿਬਜਾਦੇ ਦੇ ਆਗਮਨ ਨੂੰ ਜਾਣ ਕੇ ਮਾਤਾ ਨਾਨਕੀ ਜੀ ਆਪਣੇ ਮਹਿਲ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਚੰਦ ਜੀ ਤੇ ਕੁਝ ਸਿੱਖਾਂ ਨੂੰ ਪਟਨੇ ਦੀ ਧਰਤੀ ਤੇ ਛੱਡ ਕੇ ਆਪ ਅਸਾਂਮ ਦੀ ਯਾਤਰਾ ਤੇ ਜਾਣ ਦੀ ਤਿਆਰੀ ਕਰ ਲਈ । ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਕੋਲ ਬੁਲਵਾਇਆ ਤੇ ਆਖਿਆ ਤੁਹਾਡੀ ਕੁੱਖ ਤੋ ਐਸਾ ਮਹਾਨ ਪੁਰਸ਼ ਜਨਮ ਲਵੇਗਾ ਜਿਨਾ ਵਰਗਾ ਨਾ ਇਸ ਸੰਸਾਰ ਤੇ ਪਹਿਲਾ ਪੈਦਾ ਹੋਇਆ ਹੈ ਤੇ ਨਾ ਹੀ ਅਗੇ ਪੈਦਾ ਹੋਵੇਗਾ । ਤੁਸਾ ਨੇ ਉਸ ਬਾਲਕ ਦਾ ਨਾਮ ਗੋਬਿੰਦ ਰਾਇ ਰੱਖਣਾ ਹੈ ਉਹ ਜੋ ਵੀ ਚੋਂਜ ਵਰਤਾਉਣਗੇ ਉਹ ਅਕਾਲ ਪੁਰਖ ਜੀ ਦੇ ਹੁਕਮ ਵਿੱਚ ਹੀ ਵਰਤਾਉਣਗੇ ਤੁਸੀ ਉਹਨਾ ਨੂੰ ਕਦੇ ਵੀ ਰੋਕਣਾ ਨਹੀ । ਅਸੀ ਹੁਣ ਸਿਖੀ ਦੇ ਪ੍ਰਚਾਰ ਲਈ ਜਾ ਰਹੇ ਹਾ ਤੁਸਾ ਨੇ ਕੋਈ ਫਿਕਰ ਨਹੀ ਕਰਨਾ ਗੁਰੂ ਨਾਨਕ ਸਾਹਿਬ ਆਪ ਸਭ ਦੇ ਅੰਗ ਸੰਗ ਹਨ । ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਕਹਿ ਕੇ ਯਾਤਰਾ ਤੇ ਚਲੇ ਜਾਦੇ ਹਨ , ਆਖਿਰ ਉਹ ਘੜੀ ਆ ਹੀ ਜਾਦੀ ਹੈ ਜਦੋ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਟਨੇ ਦੀ ਧਰਤੀ ਤੇ ਹੋਇਆ ਤੇ ਸਾਰੀ ਹੀ ਕਾਇਨਾਤ ਖੁਸ਼ੀਆਂ ਨਾਲ ਭਰ ਜਾਦੀ ਹੈ । ਐਸੇ ਮਹਾਨ ਗੁਰੂ ਸਹਿਬਾਨ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ
7277553000