ਇਤਿਹਾਸ – ਗੁਰੂ ਅੰਗਦ ਦੇਵ ਜੀ ਤੇ ਮਲੂਕਾ ਚੌਧਰੀ

ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਮੇਂ ਸ੍ਰੀ ਖਡੂਰ ਸਾਹਿਬ ਜੀ ਵਿਚ ਮਲੂਕਾ ਨਾਮ ਦਾ ਵਿਅਕਤੀ ਜੋ ਪਿੰਡ ਦਾ ਚੌਧਰੀ ਰਹਿੰਦਾ ਸੀ । ਕਈ ਵਿਦਵਾਨਾਂ ਨੇ ਇਸਦਾ ਨਾਮ ਚੌਧਰੀ ਜਵਾਹਰ ਮੱਲ ਲਿਖਿਆ ਹੈ । ਇਸ ਦੀ ਹਵੇਲੀ ਸਤਿਗੁਰਾਂ ਦੇ ਮੱਲ ਅਖਾੜਾ ਸਾਹਿਬ ਦੇ ਪਾਸ ਹੀ ਸੀ । ਇਸ ਨੂੰ ਸ਼ਰਾਬ ਪੀਣ ਦੀ ਬੜੀ ਭੈੜੀ ਆਦਤ ਸੀ । ਇਸ ਕਰਕੇ ਇਸ ਨੂੰ ਮਿਰਗੀ ਦੀ ਦੁਖਦਾਇਕ ਬਿਮਾਰੀ ਸੀ , ਜੋ ਬੜੇ – ਬੜੇ ਇਲਾਜ ਕਰਕੇ ਵੀ ਨਾ ਹਟੀ । ਇਹ ਬਿਮਾਰੀ ‘ ਤੋਂ ਤੰਗ ਆ ਗਿਆ ਕਿਸੇ ਨੇ ਦੱਸਿਆ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਜਾ ਉਹ ਤੇਰੀ ਬਿਮਾਰੀ ਠੀਕ ਕਰ ਸਕਦੇ ਹਨ ।ਮਲੂਕੇ ਚੌਧਰੀ ਨੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆ ਕੇ ਬੇਨਤੀ ਕੀਤੀ ।
ਆਪ ਤਪਾ ਜੀ ਪਰਮ ਕਿਰਪਾਲੁ ॥ ਸਭ ਭਾਖਹਿ ਤੁਮ ਸੁਜਸੁ ਬਿਸਾਲ ॥
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ , ਹੇ ਗ਼ਰੀਬ ਨਿਵਾਜ ਜੀ ! ਮੇਰੀ ਮਿਰਗੀ ਦੀ ਬਿਮਾਰੀ ਹਟਾਓ ।
ਰੋਗ ਅਧਿਕ ਮੇਰੇ ਤਨ ਮਾਂਹੀ ॥ ਕਰਹੁ ਕ੍ਰਿਪਾ ਜਿਮ ਇਹੁ ਮਿਟ ਜਾਹੀ ॥੨੩ ॥
ਸਤਿਗੁਰੂ ਸਾਹਿਬ ਜੀ ਨੇ ਸਹਿਜ ਸੁਭਾਅ ਕਿਹਾ ਕਿ ਭਾਈ ਸ਼ਰਾਬ ਪੀਣੀ ਛੱਡ ਦੇਵੇਂ ਤਾਂ ਤੇਰੀ ਮਿਰਗੀ ਦੀ ਬਿਮਾਰੀ ਹਟ ਜਾਏਗੀ , ਪਰ ਇਹ ਗੱਲ ਚੇਤੇ ਰੱਖੀਂ , ਜਿਸ ਦਿਨ ਸ਼ਰਾਬ ਪੀਵੇਂਗਾ , ਐਸੀ ਮਿਰਗੀ ਆਵੇਗੀ ਕਿ ਉੱਠ ਨਹੀਂ ਸਕੇਂਗਾ , ਉਥੇ ਹੀ ਮਰ ਜਾਵੇਗਾ । ਇਹ ਸਤਿਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤੇ । ਮਲੂਕੇ ਨੇ ਇਹ ਬਚਨ ਸੁਣ ਕੇ ਸ਼ਰਾਬ ਛੱਡ ਦਿੱਤੀ । ਅੱਠ ਸਾਲ ਜਿਉਂਦਾ ਰਿਹਾ ਤੇ ਮਿਰਗੀ ਦੀ ਬਿਮਾਰੀ ਨਾ ਆਈ । ਇਕ ਦਿਨ ਉਸ ਨੂੰ ਗ਼ਲਤ ਸਾਥੀਆਂ ਦਾ ਸੰਗ ਹੋ ਗਿਆ ਤਾਂ ਉਨ੍ਹਾਂ ਨੇ ਕਿਹਾ ਹੁਣ ਤਾਂ ਬਿਮਾਰੀ ਹਟ ਗਈ ਹੈ , ਮੌਜ ਲੈ , ਸਾਉਣ ਦੀਆਂ ਘਟਾਂ ਝੂਮ- ਝੂਮ ਕੇ ਆਈਆਂ । ਠੰਢੀ – ਠੰਢੀ ਪਉਣ ਚੱਲੀ , ਨਿੱਕੀ – ਨਿੱਕੀ ਬੂੰਦਾ ਬਾਂਦੀ ਹੋ ਰਹੀ ਸੀ । ਇਹ ਰਹਿ ਨਾ ਸਕਿਆ । ਨੌਕਰ ਨੂੰ ਕਿਹਾ , “ ਲਿਆ ਓਇ ਸ਼ਰਾਬ ! ‘ ‘ ਜਦੋਂ ਸ਼ਰਾਬ ਪੀ ਕੇ ਨੇਤਰਾਂ ਨੂੰ ਤਰਾਰ ਜਿਹਾ ਆਇਆ ਤਾਂ ਚੁਬਾਰੇ ‘ ਤੇ ਚੜ੍ਹ ਕੇ ਆਖਿਆ , “ ਹੇ ਗੁਰੂ ਜੀ ! ਅੱਜ ਨਹੀਂ ਰਹਿ ਸਕਿਆ । ਅੱਜ ਮੈਂ ਪੀ ਲਈ ਹੈ , ਵੇਖੋ ਅੱਜ ਸ਼ਰਾਬ ਨੇ ਮੇਰਾ ਕੁਝ ਨਹੀਂ ਵਿਗਾੜਿਆ , ਤੁਹਾਡਾ ਬਚਨ ਵੀ ਝੂਠ ਪੈ ਗਿਆ ਹੈ । ” ਉਸ ਵਕਤ ਸਤਿਗੁਰੂ ਸਾਹਿਬ ਜੀ ਦਾ ਦੀਵਾਨ ਗੁਰਦੁਆਰਾ ਮੱਲ ਅਖਾੜਾ ਸਾਹਿਬ ਜੀ ਵਿਖੇ ਲੱਗਾ ਹੋਇਆ ਸੀ । ਸਤਿਗੁਰਾਂ ਨੇ ਇਸ ਦੀ ਇਹ ਗੱਲ ਸੁਣ ਕੇ ਕਿਹਾ , “ ਮਿਰਗੀ ਵੀ ਹੁਕਮ ਦੀ ਬੱਧੀ ਹੋਈ ਸੀ । ਜੇ ਤੂ ਸਾਡਾ ਬਚਨ ਤੋੜ ਕੇ ਸ਼ਰਾਬ ਪੀ ਲਈ ਹੈ ਤੇ ਲੈ ਫੇਰ ਮਿਰਗੀ ਵੀ ਆਈ ” ਇਹ ਬਚਨ ਕਹਿਣ ਦੀ ਦੇਰ ਸੀ ਮਿਰਗੀ ਦਾ ਦੌਰਾ ਮਲੂਕੇ ਚੌਧਰੀ ਨੂੰ ਆਣ ਪਇਆ ਚੁਬਾਰੇ ਤੋਂ ਡਿੱਗ ਕੇ ਮੌਤ ਹੋ ਗਈ । ਇਸ ਲਈ ਜੇ ਗੁਰੂ ਦੀ ਮਿਹਰ ਨਾਲ ਤੁਹਾਡੇ ਦੁੱਖ ਦੂਰ ਹੋ ਗਏ ਹੋਣ ਤਾ ਗੁਰੂ ਦੇ ਬਚਨਾਂ ਤੇ ਤੁਰਨ ਦਾ ਵੀ ਯਤਨ ਕਰਿਆ ਕਰੋ ਗੁਰੂ ਜੀ ਦੇ ਬਚਨ ਜਨਮ ਮਰਨ ਦਾ ਗੇੜ ਖ਼ਤਮ ਕਰ ਦੇਂਦੇ ਹਨ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




"2" Comments
Leave Comment
  1. Chandpreet Singh

    ਵਾਹਿਗੁਰੂ ਜੀ🙏

  2. 🙏🙏ਇੱਕਓਂਕਾਰ ਸਤਿਗੁਰੂ ਪ੍ਰਸ਼ਾਦ ਵਾਹਿਗੁਰੂ ਜੀ ਤੁਹਾਡੀ ਕ੍ਰਿਪਾਅਪਰੰਪਾਰ ਹੈ ਜੀਆਪਣੀ ਕਿਰਪਾ ਬਣਾਏ ਰੱਖਣਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਪਰਵਾਨ ਕਰਨਾ ਜੀ 🙏🙏

top