ਗਿਆਨੀ ਸੰਤ ਸਿੰਘ ਜੀ ਮਸਕੀਨ”*
*ਪੰਛੀਆਂ ਦੇ ਬੱਚੇ ਜੰਮਦਿਆਂ ਹੀ ਚਹਿ-ਚਹਾਉਂਦੇ ਨੇ, ਅੰਡਿਆਂ ਚੋ ਜਿਉਂ ਹੀ ਨਿਕਲਦੇ ਨੇ ਗੀਤ ਗਾਉਦਿਆਂ ਹੀ ਸੰਸਾਰ ਵਿਚ ਆਉਂਦੇ ਨੇ। ਪਸ਼ੂਆਂ ਦੇ ਬੱਚੇ ਸੰਸਾਰ ਵਿਚ ਆਉਂਦੇ ਨੇ ਖਾਮੋਸ਼ੀ ਨਾਲ।*
*ਇਕੋ ਮਨੁੱਖ ਦਾ ਹੀ ਬੱਚਾ ਹੈ, ਜੋ ਜੱਗ ਤੇ ਰੋਂਦਿਆਂ ਹੋਇਆ ਆਉਂਦਾ ਹੈ, ਇਸ ਸੰਬੰਧ ਵਿਚ ਪ੍ਰਾਕ੍ਰਿਤਕ ਢੰਗ ਨਾਲ ਤੇ ਅਧਿਆਤਮਿਕ ਢੰਗ ਨਾਲ ਆਪੋ-ਆਪਣੀ ਖੋਜ਼ ਹੋਈ ਹੈ। ਭਗਤਾਂ ਨੇ ਇਹਦੇ ਸੰਬੰਧ ਵਿਚ ਬਹੁਤ ਮੁਤਾਲਿਆ ਕੀਤਾ ਹੈ।*
*ਇਕ ਦਫ਼ਾ ਵੈਦ ਤੇ ਹਕੀਮ ਗੁਰੂ-ਘਰ ਦੇ ਦਾਰਸ਼ਨਿਕ, ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸ ਇਕੱਠੇ ਹੋਏ, ਕਹਿਣ ਲੱਗੇ – “ਅਸੀਂ ਹੈਰਾਨ ਹਾਂ ਕਿ ਜੰਮਦੇ ਹੋਏ ਬੱਚੇ ਨੂੰ ਕੋਈ ਦੁਖ ਨਹੀਂ, ਕੋਈ ਸਰੀਰਕ ਰੋਗ ਵੀ ਨਹੀਂ, ਕੋਈ ਭੁੱਖ ਨਹੀਂ -*
*ਤਾਂ ਫਿਰ ਇਹਦੇ ਰੋਣ ਦਾ ਕਾਰਣ ਕੀ ਹੈ ?*
*ਤੋ ਭਾਈ ਸਾਹਿਬ ਦੱਸਦੇ ਨੇ -*
*ਰੋਵੈ ਰਤਨੁ ਗਵਾਇ ਕੈ,ਮਾਇਆ ਮੋਹੁ ਅਨੇਰੁ ਗੁਬਾਰਾ।*
*ਓਹੁ ਰੋਵੈ ਦੁਖੁ ਆਪਣਾ, ਹਸਿ ਹਸਿ ਗਾਵੈ ਸਭ ਪਰਵਾਰਾ।*
*ਇਹ ਇਕ ਰਤਨ ਗਵਾ ਚੁੱਕਿਆ ਹੈ, ਜਿਸ ਕਾਰਨ ਇਹ ਰੋ ਰਿਹਾ ਹੈ। ਇਹਦੇ ਕੋਲ ਇਕ ਰਤਨ ਸੀ ਕੀ ?*
*ਮਨ ਦੀ ਇਕਾਗਰਤਾ, ਮਨ ਦਾ ਟਿਕਾਉ, ਟਿਕੀ ਹੋਈ ਸੁਰਤ। ਜਨਮ ਹੋਇਆ ਅਤੇ ਜੰਮਦਿਆਂ ਸਾਰ ਲਿਵ ਟੁੱਟ ਗਈ, ਮਨ ਖਿੰਡ ਗਿਆ। ਸਰੀਰ ਨੇ ਕੁਝ ਸਪਰਸ਼ ਕੀਤਾ, ਅੱਖਾਂ ਨੇ ਕੁਝ ਵੇਖਿਆ, ਕੰਨਾਂ ਵਿਚ ਕੁਝ ਆਵਾਜਾਂ ਦੀਆਂ ਧੁਨੀਆਂ ਪਈਆਂ, ਕੁਝ ਸੰਸਾਰ ਦੀਆਂ ਲਹਿਰਾਂ ਟਕਰਾਈਆਂ ਔਰ ਇਹ ਧਾਈਆਂ ਮਾਰ ਕੇ ਰੋ ਉੱਠਿਆ, ਕਿਉਕਿ ਇਕਾਗਰਤਾ ਦਾ ਸੁਖ ਇਹ ਮਾਣ ਚੁੱਕਿਆ ਸੀ।*
*ਜੰਮਦਿਆਂ ਸਾਰ ਉਹ ਆਪਣਾ ਦੁਖ ਰੋ ਰਿਹਾ ਹੈ, ਪਰਿਵਾਰ ਵਿਚ ਵਧਾਈਆਂ ਚਲਦੀਆਂ…
ਨੇ, ਲੱਡੂ ਵੰਡੇ ਜਾ ਰਹੇ ਨੇ। ਬੱਚੇ ਦਾ ਜਨਮ ਜੋ ਹੋਇਐ, ਪਰ ਭਾਈ ਸਾਹਿਬ ਕਹਿੰਦੇ ਨੇ ਉਸ ਰੋਂਦੇ ਬੱਚੇ ਨੂੰ ਤਾਂ ਪੁੱਛੋ -*
*- ਉਹਦੇ ਦੁਖ ਦਾ ਮੂਲ ਕਾਰਨ ਕੀ ਹੈ ?*
*ਲਿਵ ਟੁੱਟ ਗਈ ਹੈ, ਧਿਆਨ ਭੰਗ ਹੋ ਗਿਆ, ਇਕਾਗਰਤਾ ਨਸ਼ਟ ਹੋ ਚੁੱਕੀ ਹੈ। ਸਹਿਜੇ ਸਹਿਜੇ ਹੋਰ ਰੋਣੇ ਪੈਦਾ ਹੋ ਜਾਂਦੇ ਨੇ।*
*ਪਹਿਲੈ ਪਿਆਰ ਲਗਾ ਥਣ ਦੁੱਧ,*.
*ਦੂਜੈ ਮਾਇ ਬਾਪ ਕੀ ਸੁਧਿ।*
*ਸਭ ਤੋਂ ਪਹਿਲੇ ਰੋਇਆ ਧਿਆਨ ਭੰਗ ਹੋ ਗਿਆ ਸੀ, ਪਰ ਹੁਣ ਰੋਂਦਾ ਹੈ ਦੁੱਧ ਵਾਸਤੇ। ਫਿਰ ਰੋਇਆ ਮਾਂ-ਬਾਪ ਵਾਸਤੇ, ਖਿਡੌਣਿਆਂ ਵਾਸਤੇ, ਤਾਲੀਮ ਵਾਸਤੇ।*
*ਹੋਰ ਵੱਡਾ ਹੋਇਆ ਰੋਇਆ ਕੰਮ ਧੰਦਿਆਂ ਵਾਸਤੇ, ਵਿਆਹ ਵਾਸਤੇ ਰੋਇਆ, ਫਿਰ ਬੱਚੇ ਹੋਏ ਨੇ, ਬੱਚਿਆਂ ਦੇ ਰੋਣੇ ਵਧ ਗਏ। ਇਤਨੇ ਰੋਣੇ ਧੋਣੇ ਇਕੱਠੇ ਹੋ ਗਏ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਰੋਇਆ ਸੀ, ਉਹ ਰੋਣਾ ਦੱਬ ਕੇ ਰਹਿ ਗਿਆ।*
*ਮਨੁੱਖ ਇਸ ਵਾਸਤੇ ਹੀ ਸਤਿਸੰਗ ਵਿਚ ਆਉਂਦੈ, ਕਿ ਸੰਸਾਰ ਦੇ ਇਹ ਸਾਰੇ ਰੋਣੇ ਇਕ ਪਾਸੇ ਕਰ ਕੇ ਉਸ ਰੋਣੇ ਨੂੰ ਨਵੇਂ ਸਿਰਿਉਂ ਸੁਰਜੀਤ ਕਰੀਏ, ਜੋ ਜ਼ਿੰਦਗੀ ਵਿਚ ਜਨਮ ਲੈਂਦਿਆਂ ਪਹਿਲੀ ਦਫ਼ਾ ਰੋਏ ਸੀ।*
*ਸਚਮੁੱਚ ਉਹੋ ਰੋਣਾ ਬੜਾ ਅਜ਼ੀਮ ਹੈ, ਬੜਾ ਮਹਾਨ ਹੈ, ਕਦੀ-ਕਦਾਈਂ ਹੀ ਕਿਸੇ ਦੀ ਝੋਲੀ ਵਿਚ ਪੈਂਦਾ ਹੈ -*
*ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ,*
*ਮੈ ਨੀਰੁ ਵਹੈ ਵਹਿ ਚਲੈ ਜੀਉ।*