ਕਾਫੀ ਦਿਨ ਪਹਿਲਾਂ FB ਤੇ ਇਸ ਗੁਰੂਦਵਾਰਾ ਸਾਹਿਬ ਬਾਰੇ ਪੜ੍ਹਿਆ ਸੀ ਕਿ ਇਥੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਬੂਟਿਆਂ , ਦਰਖਤਾਂ ਦਾ ਜਿਕਰ ਆਇਆ ਹੈ, ਜਿਆਦਾਤਰ ਇਕ ਪੰਜ ਏਕੜ ਦੇ ਬਾਗ਼ ਵਿੱਚ ਲਗੇ ਹਨ। ਇਹ ਗੁਰੂਦਵਾਰਾ ਸਾਹਿਬ ਪਿੰਡ ਪੱਤੋ ਹੀਰਾ ਸਿੰਘ ਨਿਹਾਲ ਸਿੰਘ ਵਾਲਾ ( ਮੋਗਾ) ਤੋਂ ਬਾਘਾ ਪੁਰਾਣਾ ਸੜਕ ਤੇ ਸਥਿਤ ਹੈ। ਇਸ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਨ ਦੀ ਬੜੀ ਲਾਲਸਾ ਸੀ। ਐਤਵਾਰ 23.07.2023 ਨੂੰ ਦਾਸ, ਮੇਰਾ ਅਨਿੱਖੜਵਾਂ ਜੀਵਨ ਸਾਥੀ ਤਰਜੀਤ ਕੌਰ, ਸਤਨਾਮ ਸਿੰਘ ਮੇਰਾ ਸਾਂਢੂ ਅਤੇ ਜਗਜੀਤ ਕੌਰ ਉਸ ਦੀ ਧਰਮ ਪਤਨੀ ਸਾਰੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇਥੇ ਜਾਣ ਦਾ ਮਨ ਬਣਾਇਆ।
ਲੁਧਿਆਣੇ ਤੋਂ ਅਸੀਂ 11.30 ਵਜੇ ਗੁਰੂ ਘਰ ਨੂੰ ਚਲ ਪਏ। ਮੋਗਾ ਬੁਗੀਪੁਰ ਚੌਂਕ ਤੋਂ ਖੱਬੇ ਪਾਸੇ ਹੋ ਗਏ। ਫਿਰ ਬੱਧਣੀ ਤੋਂ ਸੱਜੇ ਪਾਸੇ ਮੁੜ ਕੇ ਨਿਹਾਲ ਸਿੰਘ ਵਾਲਾ ਤੋਂ ਹੁੰਦੇ ਹੋਏ ਗੁਰੂਦਵਾਰਾ ਸਾਹਿਬ 1.00 ਵਜੇ ਪਹੁੰਚ ਗਏ। ਓਥੇ ਪਹੁੰਚ ਕੇ ਪਤਾ ਲਗਾ ਕਿ ਇਸ ਧਰਤੀ ਤੇ ਚਾਰ ਗੁਰੂ ਸਾਹਿਬਾਨ ਨੇ ਆਪਣੇ ਮੁਬਾਰਕ ਚਰਨ ਪਾਏ ਹਨ। ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ ਜੀ :
1. ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਦੌਰਾਨ ਈਸਵੀ 1510 ਵਿੱਚ ਸੁਲਤਾਨਪੁਰ, ਧਰਮਪੁਰਾ ਅਤੇ ਤਖਤੂਪੁਰਾ ਤੋਂ ਚਲ ਕੇ ਇਸ ਅਸਥਾਨ ਤੇ ਆਏ।
2. ਗੁਰੂ ਹਰਗੋਬਿੰਦ ਜੀ ਨੇ ਈਸਵੀ 1627 ਨੂੰ ਮਾਲਵੇ ਨੂੰ ਤਾਰਦੇ ਹੋਏ ਤਖਤੂਪੁਰੇ ਤੋਂ ਡਰੋਲੀ ਭਾਈ ਨੂੰ ਜਾਂਦੇ ਹੋਏ ਆਪਣੇ ਮੁਬਾਰਕ ਚਰਨ ਪਾਏ।
3. ਗੁਰੂ ਹਰ ਰਾਇ ਜੀ ਨੇ ਈਸਵੀ 1644 ਵਿੱਚ ਡਰੋਲੀ ਭਾਈ ਤੋਂ ਆਉਂਦੇ ਹੋਏ ਇਸ ਅਸਥਾਨ ਤੇ ਆਪਣੇ ਮੁਬਾਰਕ ਚਰਨ ਪਾਏ। ਗੁਰੂ ਜੀ ਆਪਣੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਲਵੇ ਫੇਰੀ ਦੌਰਾਨ ਜਿਹੜੀਆਂ ਥਾਵਾਂ ਤੇ ਗਏ ਸਨ, ਦੀ ਨਿਸ਼ਾਨ ਦੇਹੀ ਵਾਸਤੇ ਮਾਲਵੇ ਦੇ ਇਲਾਕੇ ਵਿੱਚ ਆਏ ਸਨ।
4. ਗੁਰੂ ਗੋਬਿੰਦ ਸਿੰਘ ਜੀ ਦੀਨਾ ਕਾਂਗੜ ਜਾਂਦੇ ਸਮੇਂ ਕੁਛ ਦਰ ਐਥੇ ਠਹਰੇ ਸਨ। ਦੀਨਾ ਕਾਂਗੜ ਪਤੋ ਹੀਰਾ ਸਿੰਘ ਤੋਂ 13 ਕਿਲੋਮੀਟਰ ਦੂਰ ਹੈ।
ਗੁਰੂਘਰ ਨਤਮਸਤਕ ਹੋਏ। ਥੋੜੀ ਦੇਰ ਬੈਠੇ ਦੇਗ ਲਈ ਅਤੇ ਸੇਵਾਦਾਰ ਪਾਸੋਂ ਬਾਗ਼ ਬਾਰੇ ਪੁੱਛਿਆ। ਉਹਨਾਂ ਨੇ ਕਿਹਾ ਪਹਿਲਾਂ ਪਰਸ਼ਾਦਾ ਛਕ ਲਵੋ ਫਿਰ ਆਪ ਬਾਗ਼ ਦੇ ਦਰਸ਼ਨ ਕਰਨ ਚਲੇ ਜਾਣਾ। ਲੰਗਰ ਵਿੱਚ ਆਲੂ ਦੀ ਸਬਜੀ ਤਰੀ ਵਾਲੀ ਅਤੇ ਗਾੜੀ ਲੱਸੀ ਸੀ। ਉਸ ਤੋਂ ਬਾਅਦ ਗੁਰੂਦਵਾਰਾ ਸਾਹਿਬ ਦੇ ਨਾਲ ਲਗਦੇ ਬਾਗ਼ ਨੂੰ ਦੇਖਣ ਚਲੇ ਗਏ।
ਕੁਦਰਤ ਸਾਡੇ ਜੀਵਨ ਦਾ ਅਧਾਰ ਹੈ। ਗੁਰਬਾਣੀ ਵਿੱਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿਤਾ ਗਿਆ ਹੈ। ਗੁਰਬਾਣੀਂ ਵਿੱਚ ਦਰਖਤਾਂ ਅਤੇ ਬੂਟਿਆਂ ਦੇ ਹਵਾਲੇ ਦੇ ਕੇ ਮਨੁੱਖ ਨੂੰ ਜੀਵਨ ਜਿਉਣ ਅਤੇ ਪਰਮਾਤਮਾ ਨੂੰ ਜਾਣਨ ਦਾ ਤਰੀਕਾ ਸਮਝਾਇਆ ਗਇਆ ਹੈ। ਗੁਰਬਾਣੀ ਵਿੱਚ 60 ਦੇ ਕਰੀਬ ਰੁੱਖ ਅਤੇ ਬੂਟਿਆਂ ਦਾ ਜਿਕਰ ਹੈ। ਅਸੀਂ ਸਾਰੇ ਬਾਗ਼ ਦੇ ਦਰਸ਼ਨ ਕੀਤੇ, ਓਥੇ ਕਾਫੀ ਬੂਟੇ ਸਨ, ਪਰ ਸਿਰਫ ਉਹਨਾਂ ਵਿਚੋਂ ਕੁਛ ਦਾ ਹੀ ਜਿਕਰ ਕਰ ਰਿਹਾਂ ਹਾਂ:
1. ਪਿੱਪਲ ( ਪੀਪ)
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ( 1325 )
2. ਸਿੰਮਲ
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ( 470)
3.ਖਜੂਰ
ਜਲ ਕੀ ਮਾਛੁਲੀ ਚਰੈ ਖਜੂਰਿ ( 718)
4. ਚੰਦਨ
ਚੋਆ ਚੰਦਨ ਦੇਹ ਫ਼ੂਲਿਆ ( 210)
5. ਨਾਰੀਅਲ
ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ( 972)
6. ਮਹਿੰਦੀ
ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ (1367)
7. ਅੱਕ
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ (147)
8. ਲੌਂਗ
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ (1123)
9. ਬਾਂਸ
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ( 1365 )
10. ਬੋਹੜ ( ਬਟਕ)
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ( 340)
11. ਬੇਰੀ
ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ 1369
12. ਨਿੰਮ
ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ (1244)
13.ਕਿੱਕਰ
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ (1379)
14. ਅੰਬ
ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ( 693)
15. ਭੰਗ ( ਸੁੱਖਾ)
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ (1377)
16.ਘਾਹ
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ (144)
ਇਸ ਗੁਰੂਦਵਾਰਾ ਸਾਹਿਬ ਵਾਲੀਆਂ ਕਾਫੀ ਮਿਹਨਤ ਕੀਤੀ ਹੈ ਅਤੇ ਇਕ ਜੰਗਲ ਦੇ ਰੂਪ ਵਿੱਚ ਬੂਟੇ ਅਤੇ ਦਰਖ਼ਤ ਲਾਏ ਹਨ। ਬਹੁਤ ਰੁੱਖ ਅਤੇ ਬੂਟੇ ਅਸੀਂ ਆਪਣੇਂ ਆਸੇ ਪਾਸੇ ਰੋਜ਼ਾਨਾ ਜਿੰਦਗੀ ਵਿੱਚ ਵੇਖਦੇ ਅਤੇ ਵਰਤਦੇ ਹਾਂ, ਜਿਹਨਾਂ ਦਾ ਜਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ :
ਕੰਦ ਅਤੇ ਮੂਲ, ਧਤੂਰਾ, ਇਰੰਡ, ਤੁਲਸੀ, ਹਲਦੀ, ਲਸੁਨ, ਤਿਲ, ਕਪਾਹ, ਕਮਾਦ, ਕਣਕ, ਧਾਨ, ਰਾਈ, ਜਉਂ, ਸਰੋਂ, ਕਾਨਾ, ਪਬਨਿ, ਖੁੰਬ, ਤਾੜੀ, ਢਾਕ ਪਲਾਸ, ਕੇਲਾ ਆਦਿ।
ਸਾਡੇ ਵਿੱਚੋਂ ਬਹੁਤਿਆਂ ਨੇ ਬਹੁਤੇ ਰੁੱਖ ਅਤੇ ਬੂਟੇ ਵੇਖੇ ਹੋਣਗੇ ਪਰ ਇੰਨੇ ਸਾਰੇ ਇਕੱਠੇ ਇਕ ਥਾਂ ਤੇ ਵੇਖ ਕੇ ਬਹੁਤ ਚੰਗਾ ਲਗਦਾ ਹੈ। ਗੁਰੂ ਸਾਹਿਬ ਦਾ ਉਪਦੇਸ਼
” ਪਵਨ ਗੁਰੂ ਪਾਣੀ ਪਿਤਾ …..” ਨੂੰ ਮਨ ਹੀ ਮਨ ਯਾਦ ਕਰਦੇ ਹੋਏ ਅਸੀਂ ਸ਼ਾਮੀ ਚਾਰ ਵਜੇ ਵਾਪਿਸ ਲੁਧਿਆਣੇ ਵੱਲ ਚੱਲ ਪਏ।
ਵੀਰੇਂਦਰ ਜੀਤ ਸਿੰਘ ਬੀਰ
ਵਾਹਿਗੁਰੂ ਸਾਹਿਬ ਜੀ