ਇੱਕ ਬਜ਼ੁਰਗ ਹਰ ਰੋਜ ਸਵੇਰ ਸ਼ਾਮ ਪਾਠ ਕਰਦਾ । ਉਸ ਦੇ ਨਿੱਤਨੇਮ ਨੂੰ ਉਸ ਬਜ਼ੁਰਗ ਦਾ ਪੋਤਰਾ ਹਰ ਰੋਜ ਦੇਖਦਾ । ਇੱਕ ਦਿਨ ਉਸ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਵਾਂਗ ਨਿੱਤਨੇਮ ਕਰਿਆ ਕਰਾਂਗਾ । ਬਾਬੇ ਨੇ ਕਿਹਾ ਹਾਂ , ਜ਼ਰੂਰ ਕਰਿਆ ਕਰ । ਬਹੁਤ ਵਧੀਆ ਗੱਲ ਹੈ ।
ਇੱਕ ਦਿਨ ਬੱਚਾ ਵੀ ਆਪਣੇ ਦਾਦਾ ਜੀ ਨਾਲ ਹੀ ਨਿੱਤਨੇਮ ਕਰਨ ਲਈ ਬੈਠ ਗਿਆ । ਦਾਦਾ ਉੱਚੀ ਅਵਾਜ਼ ਵਿੱਚ ਬੋਲ ਕੇ ਨਿੱਤਨੇਮ ਕਰਦਾ ਅਤੇ ਬੱਚਾ ਕੋਲ ਬੈਠ ਕੇ ਸੁਣਦਾ ਰਹਿੰਦਾ । ਇਸ ਤਰ੍ਹਾਂ ਚਾਰ ਪੰਜ ਦਿਨ ਵਧੀਆ ਲੰਘ ਗਏ । ਆਖ਼ਰ ਇੱਕ ਦਿਨ ਪੋਤਰਾ ਕਹਿਣ ਲੱਗਿਆ ,” ਦਾਦਾ ਜੀ , ਮੈਨੂੰ ਤਾਂ ਕੁੱਝ ਵੀ ਸਮਝ ਨਹੀਂ ਲੱਗਦਾ । ਨਾ ਹੀ ਮੇਰੇ ਕੁੱਝ ਯਾਦ ਰਹਿੰਦਾ ਹੈ ।ਫੇਰ ਰੋਜ ਰੋਜ ਪਾਠ ਕਰਨ ਦਾ ਕੀ ਫ਼ਾਇਦਾ”?
ਦਾਦਾ ਸਮਝ ਗਿਆ ਕਿ ਬੱਚੇ ਦਾ ਮਨ ਉਕਤਾ ਗਿਆ ਹੈ । ਉਸ ਨੇ ਪੋਤਰੇ ਨੂੰ ਕਿਹਾ ,” ਬੇਟਾ ਆਹ ਜਿਹੜੀ ਕੋਲ਼ੇ ਵਾਲੀ ਟੋਕਰੀ ਪਈ ਹੈ । ਇਸ ਵਿੱਚੋਂ ਕੋਲ਼ੇ ਢੇਰੀ ਕਰਕੇ , ਜਾਹ ਇਸ ਟੋਕਰੀ ਨੂੰ ਪਾਣੀ ਦੇ ਚੁਬੱਚੇ ਵਿੱਚੋਂ ਪਾਣੀ ਦੀ ਭਰ ਕੇ ਲਿਆ “ । ਬੱਚਾ ਟੋਕਰੀ ਲੈ ਕੇ ਗਿਆ । ਪਾਣੀ ਦੇ ਚੁਬੱਚੇ ਵਿੱਚ ਡੁਬੋਈ , ਅਤੇ ਟੋਕਰੀ ਬਾਹਰ ਕੱਢ ਕੇ , ਆਪਣੇ ਦਾਦਾ ਜੀ ਕੋਲ ਲੈ ਆਇਆ । ਟੋਕਰੀ ਦੇਖ ਕੇ ਦਾਦੇ ਨੇ ਕਿਹਾ ,” ਪੁੱਤਰ ਇਸ ਵਿੱਚੋਂ ਤਾਂ ਸਾਰਾ ਪਾਣੀ ਨਿੱਕਲ ਗਿਆ । ਜਾਹ ਦੁਬਾਰਾ ਜਾਹ । ਟੋਕਰੀ ਭਰ ਕੇ ਦੌੜ ਕੇ ਜਲਦੀ ਆਈ “ । ਬੱਚਾ ਫੇਰ ਗਿਆ ਤੇ ਟੋਕਰੀ ਭਰ ਕੇ ਤੇਜ਼ੀ ਨਾਲ ਵਾਪਸ ਆਇਆ । ਜਦੋਂ ਦੇਖਿਆ ਤਾਂ ਫੇਰ ਟੋਕਰੀ ਵਿੱਚ ਪਾਣੀ ਨਹੀਂ ਸੀ । ਇਸ ਤਰ੍ਹਾਂ ਬੱਚੇ ਨੇ ਲਗਾਤਾਰ ਦਸ ਬਾਰਾਂ ਵਾਰ ਕੋਸ਼ਿਸ਼ ਕੀਤੀ । ਆਖ਼ਰ ਕਹਿਣ ਲੱਗਿਆ ,” ਦਾਦਾ ਜੀ ਟੋਕਰੀ ਵਿੱਚੋਂ ਤਾਂ ਸਾਰਾ ਪਾਣੀ ਨਿਕਲ ਜਾਂਦਾ ਹੈ । ਇਸ ਵਿੱਚ ਪਾਣੀ ਨੀ ਆ ਸਕਦਾ “।
ਦਾਦਾ ਕਹਿਣ ਲੱਗਿਆ ,” ਪੁੱਤਰਾ , ਟੋਕਰੀ ਵਿੱਚੋਂ ਭਾਵੇਂ ਪਾਣੀ ਨਹੀਂ ਆਇਆ । ਪਰ ਧਿਆਨ ਨਾਲ ਦੇਖ ਟੋਕਰੀ ਵਿੱਚ ਕੀ ਫਰਕ ਪਿਆ ਹੈ । ਪਹਿਲਾ ਟੋਕਰੀ ਦਾ ਰੰਗ ਕੋਲ਼ੇ ਕਾਰਨ ਕਾਲਾ ਹੋਇਆ ਪਿਆ ਸੀ । ਹੁਣ ਟੋਕਰੀ ਬਿਲਕੁਲ ਸਾਫ਼ ਹੋ ਗਈ ਹੈ “। ਠੀਕ ਇਸ ਤਰ੍ਹਾਂ ਵਾਰ ਪਾਠ ਕਰਨ ਨਾਲ , ਸਾਨੂੰ ਭਾਵੇ ਪੂਰੀ ਤਰ੍ਹਾਂ ਬਾਣੀ ਸਮਝ ਨਾ ਲੱਗੇ , ਭਾਵੇਂ ਬਾਣੀ ਯਾਦ ਨਾ ਰਹੇ । ਪਰ ਇੱਕ ਗੱਲ ਜ਼ਰੂਰ ਹੈ ਕਿ ਹਰ ਵਾਰ ਪਾਠ ਕਰਨ ਨਾਲ ਸਾਡੇ ਮਨ ਦੀ ਕਾਲਖ ਕੁੱਝ ਨਾ ਕੁੱਝ ਘਟਦੀ ਜ਼ਰੂਰ ਹੈ । ਜਿਵੇਂ ਪਾਣੀ ਨਾਲ ਟੋਕਰੀ ਦੀ ਕਾਲਖ ਘੱਟ ਗਈ । ਇਸ ਲਈ ਹਰ ਰੋਜ ਨਿੱਤਨੇਮ ਕਰਨ ਨਾਲ , ਚੰਗੀਆਂ ਪੁਸਤਕਾ ਪੜ੍ਹਨ ਨਾਲ , ਚੰਗੀਆਂ ਗੱਲਾਂ ਸੁਣਨ ਨਾਲ ਸਾਡੇ ਅੰਦਰਲੀ ਅਗਿਆਨਤਾ ਦੀ ਕਾਲਖ ਘੱਟਦੀ ਜਾਂਦੀ ਹੈ ਅਤੇ ਗਿਆਨ ਦਾ ਪ੍ਰਕਾਸ਼ ਵਧਣ ਲੱਗਦਾ ਹੈ । ਇਸ ਲਈ ਸਾਨੂੰ ਕਿਸੇ ਵੀ ਚੰਗੇ ਕੰਮ ਕਰਨ , ਧਾਰਮਿਕ ਪਾਠ ਕਰਨ ਅਤੇ ਚੰਗੀਆਂ ਗੱਲਾ ਸਿੱਖਣ ਦਾ ਨਿੱਤਨੇਮ ਕਰਨਾ ਬਹੁਤ ਜ਼ਰੂਰੀ ਹੈ ।
ਸੁਖਦੇਵ ਸਿੰਘ ਪੰਜਰੁੱਖਾ ।
ਮੋਬਃ 7888892342
Sahi gl hai nitnem hamesha kro mai v rabb nl judna hai
waheguru ji ka khalsa Waheguru ji ki Fateh ji 🙏🏻