ਸਾਖੀ – ਜਦੋਂ ਗੁਰੂ ਅਮਰਦਾਸ ਜੀ ਨੇ ਵਾਰ ਵਾਰ ਥੜਾ ਬਣਾਉਣ ਲਈ ਕਿਹਾ

ਬੇਸ਼ੱਕ ਸਤਿਗੁਰੂ ਜਾਣੀਜਾਣ ਹਨ ਪਰ ਫੇਰ ਵੀ ਉਹ ਆਪਣੇ ਸਿੱਖਾਂ ਅਤੇ ਦੁਨੀਆਂ ਨੂੰ ਸੁਮੱਤ ਬਖਸ਼ਣ ਲਈ ਆਪਣੇ ਸਿੱਖਾਂ ਦੀ ਪਰਖ ਕਰਦੇ ਰਹਿੰਦੇ ਹਨ। ਗੁਰੂ ਅਮਰਦਾਸ ਜੀ ਨੇ ਇੱਕ ਵਾਰ ਆਪਣੇ ਦੋਵੇਂ ਜਵਾਈ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਨੂੰ ਹੁਕਮ ਕੀਤਾ ਕਿ ਮੈਨੂੰ ਦੋ ਥੜ੍ਹੇ ਚਾਹੀਦੇ ਹਨ ਜਿਨ੍ਹਾਂ ਉੱਤੇ ਬੈਠ ਕੇ ਬਾਉਲੀ ਸਾਹਿਬ ਦੇ ਨਿਰਮਾਣ ਦੀ ਸੇਵਾ ਕਰਵਾਇਆ ਕਰਨੀ ਹੈ। ਸੋ ਤੁਸੀਂ ਦੋਵੇਂ ਮੈਨੂੰ ਇੱਕ ਇੱਕ ਥੜਾ ਬਣਾ ਕੇ ਦਿਓ। ਦੋਹਾਂ ਨੇ ਹੁਕਮ ਮੰਨ ਕੇ ਥੜ੍ਹਾ ਬਣਾਉਣਾ ਆਰੰਭ ਕਰ ਦਿੱਤਾ। ਥੜ੍ਹੇ ਬਣਨ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਜੀ ਨੇ ਥੜ੍ਹੇ ਵੇਖੇ ਤਾਂ ਕਿਹਾ ਕਿ ਥੜ੍ਹੇ ਜਿਵੇਂ ਸਮਝਾਇਆ ਸੀ ਉਵੇਂ ਨਹੀਂ ਬਣੇ ਹਨ। ਇਹਨਾ ਨੂੰ ਢਾਹ ਕੇ ਦੁਬਾਰਾ ਬਣਾਇਆ ਜਾਵੇ। ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਵੱਲੋਂ ਥੜ੍ਹਿਆਂ ਨੂੰ ਢਾਹ ਕੇ ਦੁਬਾਰਾ ਬਣਾਇਆ ਗਿਆ। ਗੁਰੂ ਅਮਰਦਾਸ ਜੀ ਨੇ ਫੇਰ ਥੜ੍ਹੇ ਵੇਖੇ ਅਤੇ ਕਿਹਾ ਕਿ ਥੜ੍ਹੇ ਅਜੇ ਵੀ ਮੇਰੀ ਮਰਜ਼ੀ ਦੇ ਮੁਤਾਬਿਕ ਨਹੀਂ ਬਣੇ ਹਨ ਇਸ ਲਈ ਇਹਨਾਂ ਨੂੰ ਢਾਹ ਦਿੱਤਾ ਜਾਵੇ ਅਤੇ ਦੁਬਾਰਾ ਬਣਾਇਆ ਜਾਵੇ। ਤੀਜੀ ਵਾਰ ਵੀ ਗੁਰੂ ਅਮਰਦਾਸ ਜੀ ਨੇ ਥੜ੍ਹੇ ਢਾਹੁਣ ਲਈ ਕਿਹਾ। ਇਸ ਵਾਰ ਭਾਈ ਰਾਮਾ ਜੀ ਗੁੱਸੇ ਵਿਚ ਆ ਗਏ ਅਤੇ ਕਹਿਣ ਲੱਗੇ ਕਿ ਗੁਰੂ ਜੀ ਜਿਵੇਂ ਤੁਸੀਂ ਕਿਹਾ ਸੀ ਮੈਂ ਹਰ ਵਾਰ ਓਦਾਂ ਹੀ ਥੜ੍ਹੇ ਬਣਾਏ ਹਨ। ਤੁਸੀਂ ਹੀ ਭੁੱਲ ਜਾਂਦੇ ਹੋ ਕਿ ਤੁਸੀਂ ਕਿਵੇਂ ਦਾ ਥੜ੍ਹਾ ਬਨਾਉਣ ਲਈ ਕਿਹਾ ਸੀ। ਸੋ ਹੁਣ ਮੈਂ ਇਸ ਥੜ੍ਹੇ ਨੂੰ ਨਹੀਂ ਢਾਹ ਸਕਦਾ। ਏਨਾ ਆਖ ਕੇ ਭਾਈ ਰਾਮਾ ਜੀ ਉਥੋਂ ਚਲੇ ਗਏ ਪਰ ਭਾਈ ਜੇਠਾ ਜੀ ਨੇ ਥੜ੍ਹੇ ਨੂੰ ਢਾਹ ਦਿੱਤਾ ਅਤੇ ਦੁਬਾਰਾ ਬਣਾਇਆ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਥੜ੍ਹਾ ਅਜੇ ਵੀ ਮੇਰੀ ਮਰਜ਼ੀ ਦੇ ਮੁਤਾਬਿਕ ਨਹੀਂ ਬਣਿਆ ਹੈ ਦੁਬਾਰਾ ਬਣਾਇਆ ਜਾਵੇ। ਇਤਿਹਾਸ ਦੱਸਦਾ ਹੈ ਕਿ ਸੱਤਵੀਂ ਵਾਰ ਵੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਝਿੜਕਿਆ ਕਿ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਿੱਦਾਂ ਦਾ ਥੜ੍ਹਾ ਬਣਾਉਣ ਲਈ ਤੁਹਾਨੂੰ ਕਿਹਾ ਹੈ। ਭਾਈ ਜੇਠਾ ਜੀ ਹੱਥ ਜੋੜ ਕੇ ਕਹਿਣ ਲੱਗੇ ਕਿ ਗੁਰੂ ਜੀ ਮੈਂ ਮੂਰਖ ਹਾਂ। ਤੁਸੀਂ ਤਾਂ ਥੜ੍ਹਾ ਬਣਾਉਣ ਲਈ ਮੈਨੂੰ ਚੰਗੀ ਤਰ੍ਹਾਂ ਸਮਝਾਉਂਦੇ ਹੋ ਪਰ ਮੈਂ ਹੀ ਭੁੱਲ ਜਾਂਦਾ ਹਾਂ। ਤੁਸੀਂ ਕਿਰਪਾ ਕਰਕੇ ਮੈਨੂੰ ਸੁਮੱਤ ਵੀ ਬਖਸ਼ੋ ਤਾਂ ਜੋ ਮੈਂ ਤੁਹਾਡੀ ਮਰਜੀ ਮੁਤਾਬਿਕ ਥੜ੍ਹਾ ਬਣਾ ਸਕਾਂ। ਇਹ ਸੁਣ ਕੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਕਲਾਵੇ ਵਿੱਚ ਲੈ ਲਿਆ ਅਤੇ ਕਿਹਾ ਕਿ ਜੇਠਾ ਜੀ ਤੁਹਾਡੀ ਸੇਵਾ ਪ੍ਰਵਾਨ ਹੋਈ ਹੈ। ਗੁਰੂ ਅਮਰਦਾਸ ਜੀ ਨੇ ਇਹ ਕੌਤਕ ਵਰਤਾ ਕੇ ਸਭ ਸੰਗਤ ਨੂੰ ਭਾਣਾ ਮੰਨਣ ਦੀ ਜਾਚ ਬਖਸ਼ਿਸ਼ ਕੀਤੀ ਅਤੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਭਾਈ ਜੇਠਾ ਜੀ ਨੂੰ ਗੁਰਗੱਦੀ ਤੇ ਬਿਠਾਉਣਾ ਕੀਤਾ। ਭਾਈ ਜੇਠਾ ਜੀ ਗੁਰਤਾਗੱਦੀ ਤੇ ਬੈਠ ਕੇ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਬਣੇ।
(ਰਣਜੀਤ ਸਿੰਘ ਮੋਹਲੇਕੇ)


Share On Whatsapp

Leave a Reply




top