“ ਵੇ ਗੁਲਾਬੇ ! ਵੇ ਗੁਲਾਬੇ ! ” ਗੁਲਾਬੇ ਮਸੰਦ ਦੇ ਘਰ ਸਦਰ ਦਰਵਾਜ਼ੇ ਅੱਗੋਂ ਆਵਾਜ਼ ਆਈ । ਬੂਹਾ ਅੰਦਰੋਂ ਬੰਦ ਸੀ । ਆਵਾਜ਼ ਦੇਣ ਵਾਲੀ ਔਰਤ ਨੇ ਬੂਹਾ ਖੜਕਾਇਆ ਸੀ । “ ਆਉ ਬੇਬੇ ਜੀ ! ਧੰਨ ਭਾਗ ! ” ਗੁਲਾਬੇ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਬੂਹਾ ਖੜਕਾਉਣ ਵਾਲੀ ਔਰਤ ਨੂੰ ਸੰਬੋਧਨ ਕਰ ਕੇ ਆਉਣ ਵਾਲੀ ਔਰਤ ਨੂੰ ਆਖਿਆ ਬੇਬੇ ਦੀ ਉਮਰ ਭਾਵੇਂ ਅੱਸੀ ਸਾਲ ਹੋਏਗੀ , ਸਿਰ ਦੇ ਵਾਲ ਦੁੱਧ ਚਿੱਟੇ ਤੇ ਅੱਖਾਂ ਦੇ ਭਰਵੱਟਿਆਂ ਦੇ ਵਾਲ ਵੀ ਚਿੱਟੇ ਹੋ ਗਏ ਸਨ । ਪਰ ਉਸ ਦੀ ਨਿਗਾਹ ਤੇਜ਼ ਤੇ ਅਜੇ ਬਿਨਾਂ ਸੋਟੇ ਦੇ ਆਸਰੇ ਤੋਂ ਤੁਰੀ ਫਿਰਦੀ ਤੇ ਤੁਰਦੀ ਵੀ ਸਿੱਧੀ ਹੋ ਕੇ ਸੀ । ਉਹ ਅੰਦਰ ਲੰਘੀ । ਗੁਲਾਬੇ ਦੀ ਵਹੁਟੀ ਨੇ ਮੁੜ ਬੂਹਾ ਬੰਦ ਕਰ ਦਿੱਤਾ | “ ਧੀਏ ! ਕੀ ਇਹ ਸੱਚ ਹੈ , ਅਨੰਦਪੁਰ ਵਾਲੇ ਗੁਰੂ ਜੀ ਆਏ ਹਨ ? ” “ ਬੇਬੇ ਜੀ ! ਤੁਸਾਂ ਨੂੰ ਕਿਸ ਨੇ ਆਖਿਆ ? ” ਗੁਲਾਬੇ ਦੀ ਪਤਨੀ ਇਕ ਦਮ ਘਾਬਰ ਗਈ । ਬੇਬੇ ਦੀ ਕੱਛੇ ਖੱਦਰ ਦੇ ਲੀੜੇ ਦੇਖ ਕੇ ਉਸ ਨੇ ਖ਼ਿਆਲ ਕੀਤਾ ਸੀ । ਬੇਬੇ ਉਹਨਾਂ ਨੂੰ ਰੇਜਾ ਦੇਣ ਆਈ ਸੀ । ਕਿਉਂਕਿ ਮਸੰਦ ਗੁਰੂ ਘਰ ਵਾਸਤੇ ਕਾਰ ਭੇਟ ਸੇਵਕਾਂ ਕੋਲੋਂ ਲੈ ਲੈਂਦੇ ਸਨ । ਛੇ ਮਹੀਨੇ ਪਿੱਛੋਂ ਅਨੰਦਪੁਰ ਜਾ ਕੇ ਗੁਰੂ ਘਰ ਖ਼ਜ਼ਾਨੇ ਪਾ ਆਉਂਦੇ ਸਨ । “ ਦੇਖੋ ! ਐਵੇਂ ਝੂਠ ਬੋਲਣ ਦਾ ਜਤਨ ਨਾ ਕਰਨਾ , ਮੈਂ ਆਪ ਮਹਾਰਾਜ ਨੂੰ ਤੁਸਾਂ ਦੇ ਘਰ ਆਉਂਦਿਆਂ ਦੇਖਿਆ ਹੈ । ਤੁਸਾਂ ਦੇ ਭਾਗ ਜਾ ਪਏ । ” ਬੇਬੇ ਨੇ ਗੁਲਾਬੇ ਦੀ ਪਤਨੀ ਦੀ ਇਕ ਤਰ੍ਹਾਂ ਨਾਲ ਜ਼ਬਾਨ ਫੜ ਲਈ । ਉਹ ਕੁਝ ਨਾ ਬੋਲ ਸਕੀ । ਉਹ ਚੁੱਪ ਦੀ ਚੁੱਪ ਕੀਤੀ ਰਹਿ ਗਈ । ਉਸ ਨੇ ਬੇਬੇ ਵੱਲ ਤੱਕਿਆ । ” ਦੱਸ ਕਿਥੇ ਹਨ ? ” ਬੇਬੇ ਨੇ ਕਿਹਾ । “ ਅੰਦਰ …। ” ਗੁਲਾਬੇ ਦੀ ਪਤਨੀ ਨੇ ਜ਼ਬਾਨੋਂ ਆਖ ਦਿੱਤਾ । ਉਹ ਇਸ ਵਾਸਤੇ ਘਾਬਰਦੀ ਤੇ ਨਹੀਂ ਸੀ ਦੱਸਣਾ ਚਾਹੁੰਦੀ ਕਿਉਂਕਿ ਗੁਲਾਬੇ ਨੇ ਉਸ ਨੂੰ ਡਰਾ ਦਿੱਤਾ ਸੀ । ਉਸ ਨੂੰ ਕਿਹਾ ਸੀ , “ ਕੋਈ ਆਏ , ਦੱਸੀਂ ਨਾ । ਮੁਗ਼ਲ ਗੁਰੂ ਜੀ ਨੂੰ ਲੱਭਦੇ ਫਿਰਦੇ ਹਨ । ” ਪਰ ਗੁਰੂ ਜੀ ਨੇ ਆਪ ਹੀ ਖੇਲ ਰਚਾ ਦਿੱਤਾ । ਉਹਨਾਂ ਨੇ ਬੇਬੇ ਨੂੰ ਆਪ ਸ਼ਾਇਦ ਪ੍ਰੇਰ ਕੇ ਲਿਆਂਦਾ । ਉਹ ਚੋਲਾ ਪਜਾਮਾ ਖੱਦਰ ਦਾ ਸਿਉਂ ਕੇ ਲੈ ਆਈ । ਉਸ ਨੇ ਮਾਈ ਸਭਰਾਈ ਵਾਂਗ ਸ਼ਰਧਾ ਤੇ ਪ੍ਰੇਮ ਦੇ ਤੰਦ ਖਿੱਚੇ ਸਨ । ਰੀਝ ਨਾਲ ਆਪ ਹੱਥੀਂ ਸਵਾਈ ਕੀਤੀ ਸੀ । “ ਅੰਦਰ । ” ਸ਼ਬਦ ਸੁਣ ਕੇ ਬੇਬੇ ਨੇ ਅਗਲੇ ਅੰਦਰ ਵੱਲ ਕਦਮ ਪੁੱਟਿਆ । ਸੱਚ ਹੀ ਅੰਦਰ ਪਲੰਘ ਉੱਤੇ ਸਤਿਗੁਰੂ ਜੀ ਬਿਰਾਜਮਾਨ ਸਨ । ਸੁਨਹਿਰੀ ਚੱਕਰ ਸੀਸ ਉੱਤੇ ਚੰਦ ਦੇ ਪਰਵਾਰ ਵਾਂਗ ਸੀ । ਦਾਤੇ ਦੇ ਨੇਤਰਾਂ ਵਿਚ ਦਇਆ ਤੇ ਪਿਆਰ ਸੀ । ਦਾਤਾ ਜੀਅ ਦਾਨ ਬਖ਼ਸ਼ ਰਿਹਾ ਸੀ । ਭਾਵੇਂ ਆਪਣਾ ਪਰਿਵਾਰ , ਸੇਵਕ , ਬਿਰਧ ਮਾਤਾ ਗੁਜਰੀ ਜੀ ਕੋਲ ਨਹੀਂ ਸਨ । ਕਿਧਰ ਗਏ ? ਕੀ ਹੋਇਆ ? ਇਹ ਵੀ ਕਿਸੇ ਨੇ ਸੂਚਨਾ ਨਹੀਂ ਸੀ ਦਿੱਤੀ ? ਬੇਬੇ ਨੇ ਜਾ ਚਰਨਾਂ ਉੱਤੇ ਨਿਮਸ਼ਕਾਰ ਕੀਤੀ । ਸਤਿਗੁਰੂ ਜੀ ਮਹਾਰਾਜ ਪਲੰਘ ਉੱਤੇ ਬਿਰਾਜੇ ਸਨ । ਭਾਈ ਦਇਆ ਸਿੰਘ , ਧਰਮ ਸਿੰਘ ਤੇ ਮਾਨ ਸਿੰਘ ਕੋਲ ਫ਼ਰਸ਼ ਉੱਤੇ ਬੈਠੇ ਸਨ । “ ਮਹਾਰਾਜ । ਬੇਨਤੀ ਹੈ । ” ਬੇਬੇ ਹੱਥ ਜੋੜ ਕੇ ਬੋਲੀ । ਦੱਸੋ ਮਾਤਾ ਜੀ । ” ਸਤਿਗੁਰੂ ਜੀ ਸਹਿਜ ਸੁਭਾਅ ਬੋਲੇ । “ ਮੈਂ ਬਸਤਰ ਲਿਆਈ ਹਾਂ । ਦਰਸ਼ਨ ਕਰਨ ਦੀ ਰੀਝ ਸੀ । ਆਪ ਵੀ ਦਿਲ ਦੀ ਬੁੱਝ ਲਈ ਜੇ । ਮੈਥੋਂ ਤਾਂ ਹੁਣ ਅਨੰਦਪੁਰ ਜਾਣਾ ਵੀ ਔਖਾ ਹੈ । ਪੈਂਡਾ ਨਹੀਂ ਹੁੰਦਾ । ” “ ਮਾਤਾ ਜੀ ! ਬਸਤਰ ਲਿਆਏ ਜੇ , ਬਹੁਤ ਖ਼ੁਸ਼ੀ ਦੀ ਗੱਲ ਹੈ । ਆਖ਼ਰ ਪੁੱਤਰਾਂ ਦਾ ਖ਼ਿਆਲ ਮਾਤਾਵਾਂ ਹੀ ਕਰਦੀਆਂ ਹਨ । ” ਸਤਿਗੁਰੂ ਜੀ ਮਹਾਰਾਜ ਨੇ ਬਸਤਰਾਂ ਨੂੰ ਫੜਦਿਆਂ ਹੋਇਆਂ ਬਚਨ ਕੀਤਾ । “ ਆਹ ਕਿੰਨੇ ਚੰਗੇ ਹਨ । ਮਾਤਾ ਜੀ , ਤੁਸੀਂ ਨਿਹਾਲ ! ” “ ਸੱਚੇ ਪਾਤਿਸ਼ਾਹ ! ਸੱਚ ਮੈਂ ਨਿਹਾਲ ? ” “ ਹਾਂ ਮਾਤਾ ਜੀ…
ਤੁਸੀਂ ਨਿਹਾਲ ! ਤੁਸਾਂ ਦੀ ਕਿਰਤ ਨਿਹਾਲ ! ਸੇਵਾ ਨਿਹਾਲ । ‘ ‘ “ ਮੈਂ ਬਲਿਹਾਰੀ ਜਾਵਾਂ । ” “ ਮਾਤਾ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ । ਉਹ ਸੰਨ ਹੋ ਗਈ । ਉਸ ਨੂੰ ਸੱਚ ਹੀ ਇਉਂ ਪ੍ਰਤੀਤ ਹੋਇਆ ਜਿਵੇਂ ਉਹ ਨਿਹਾਲ ਹੀ ਨਹੀਂ ਸੀ ਹੋਈ , ਉਸ ਦਾ ਜੀਵਨ ਹੀ ਪਲਟ ਗਿਆ ਸੀ । “ ਮਹਾਰਾਜ ! ਇਕ ਹੋਰ ਰੀਝ ! ” ਉਹ ਮੁੜ ਬੋਲੀ । “ ਥਾਲੀ ਪਰੋਸ ਕੇ ਰੋਟੀ ਖੁਵਾਵਾਂ । ” “ ਮਾਤਾ ਜੀ ! ਏਨੇ ਵਿਚ ਅਸੀਂ ਪ੍ਰਸੰਨ — ਜੇ ਇੱਛਾ ਤੀਬਰ ਹੈ ਤਾਂ ਏਥੇ ਹੀ ਰੋਟੀ ਭੇਜ ਦਿਉ । ” “ ਏਥੇ ….. ਅੱਛਾ ਫਿਰ ਰਾਤ ਦੀ ਰੋਟੀ ਭੇਜਾਂਗੀ , ਆਪ ਪਕਾ ਕੇ ਗਰਮ ਗਰਮ …. ਮੇਰਾ ਜੀਵਨ ਸਫਲ ਹੋਇਆ ਮੇਰੇ ਧੰਨ ਭਾਗ ….. ਦੀਨ – ਦੁਨੀ ਦੇ ਵਾਲੀ ਮਿਹਰਾਂ ਦੇ ਘਰ ਆਏ । ” ਇਸ ਤਰ੍ਹਾਂ ਖ਼ੁਸ਼ੀ ਦੇ ਵਿਚ ਨਿਹਾਲ ਹੋਈ ਮਾਈ ਗੁਲਾਬੇ ਦੇ ਘਰੋਂ ਚਲੀ ਗਈ । ਉਸ ਮਾਈ ਦੇ ਜਾਣ ਪਿੱਛੋਂ ਗੁਲਾਬਾ ਮਸੰਦ ਆ ਗਿਆ । ਉਸ ਦਾ ਰੰਗ ਉਡਿਆ ਹੋਇਆ ਸੀ , ਸਿਰ ਤੋਂ ਪੈਰਾਂ ਤਕ ਸਰੀਰ ਕੰਬਦਾ , ਸਾਹ ਨਾਲ ਸਾਹ ਨਹੀਂ ਸੀ ਮਿਲਦਾ । “ ਮਹਾਰਾਜ ! ” ਉਹ ਆਉਂਦਾ ਹੀ ਬੋਲਿਆ , “ ਮੈਨੂੰ ! “ ਤੈਨੂੰ ਕੀ ! ਗੁਲਾਬੇ ! ਭਾਈ ਐਨਾ ਕਿਉਂ ਘਬਰਾਇਆ ਹੈਂ ? ” ਮਹਾਰਾਜ ! “ ਧੀਰਜ ਨਾਲ ਬਚਨ ਕਰ । ਕੀ ਨਬੀ ਖ਼ਾਂ ਨਹੀਂ ਮਿਲਿਆ ? ” “ ਮਿਲਿਆ ਹੈ । ” “ ਫ਼ਿਰ ਆਇਆ ਨਹੀਂ ! ” “ ਆਉਂਦਾ ਹੈ , ਮਹਾਰਾਜ ਆਉਂਦਾ ਹੈ । ਉਸ ਦੇ ਘਰ ਮੁਗ਼ਲ ਬੈਠੇ ਹਨ । ” “ ਕਿਉਂ ? ” “ ਮਹਾਰਾਜ ! ਇਹ ਤਾਂ ਪਤਾ ਨਹੀਂ , ਬੈਠੇ ਹਨ , ਮੈਂ ਤਾਂ ਸਿਰਫ਼ ਇਹ ਸੁਣਿਆ ਹੈ । ” “ ਕੀ ? ” “ ਆਖਦੇ ਸੀ , ਹਿੰਦੂ ਪੀਰ , ਮਾਛੀਵਾੜੇ ਵਿਚ ਹੈ ….. ਮਹਾਰਾਜ ਪੂਰਨ ਮਸੰਦ ਦਾ ਬੇੜਾ ਗਰਕ ਹੋਇਆ । ” “ ਨਾ , ਮਾੜਾ ਬਚਨ ਕਿਸੇ ਨੂੰ ਨਾ ਬੋਲ , ਜੋ ਕਰ ਰਿਹਾ , ਜੋ ਅਖਵਾ ਰਿਹਾ , ਉਹ ਅਕਾਲ ਪੁਰਖ ਅਖਵਾ ਰਿਹਾ ਹੈ ।
ਪ੍ਰਭ ਕਰਣ ਕਾਰਣ ਸਮਰਥਾ ਰਾਮ ॥ ਰਖੁ ਜਗਤੁ ਸਗਲ ਦੇ ਹਥਾ , ਰਾਮ ॥ ਸਮਰਥ ਸਰਣਾ ਜੋਗੁ ਸੁਆਮੀ , ਕ੍ਰਿਪਾ ਨਿਧਿ ਸੁਖ ਦਾਤਾ ॥
“ ਮਹਾਰਾਜ ਜੀ ! ਉਸ ਦੀ ਜ਼ਬਾਨੋਂ ਨਿਕਲ ਗਿਆ , ਗੁਰੂ ਜੀ ਮਾਛੀਵਾੜੇ ਵਿਚ ਹਨ । ” “ ਕਿਥੇ ਹੈ ? ” ‘ ‘ ਉਸ ਨੂੰ ਫੜ ਕੇ ਲੈ ਗਏ , ਚੌਧਰੀ ਦੇ ਘਰ …। ਚੌਧਰੀ ਬੜਾ ਡਾਢਾ ਹੈ । ਪੂਰਨ ਨੇ …। ” “ ਭਾਈ ਪੂਰਨ ਨਹੀਂ ਕੁਝ ਦੱਸੇਗਾ , ਉਸ ਨੇ ਇਕ ਭੁੱਲ ਕੀਤੀ , ਹੁਣ ਨਹੀਂ ਕਰੇਗਾ । ” “ ਮਹਾਰਾਜ ! ਉਸ ਨੂੰ ਜਦੋਂ ਪੁੱਠਾ ਟੰਗਿਆ …..। ” “ ਪਰ ਤੇਰੇ ਉੱਤੇ ਕੀ ਅਸਰ ….. ? ” “ ਮੇਰੇ ਉੱਤੇ । ” ‘ ਹਾਂ ! ” ‘ ਬਹੁਤ । ” “ ਕੀ ? ” “ ਮਹਾਰਾਜ ! ਆਪ ਮੇਰੇ ਘਰੋਂ ਮੁਗ਼ਲਾਂ ਦੇ ਹੱਥ ਆ ਗਏ ਤਾਂ ….। ” “ ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ । ਫ਼ਿਕਰ ਨਾ ਕਰ ਅਸੀਂ ਤੇਰੇ ਮਨ ਦੀ ਅਵਸਥਾ ਨੂੰ ਜਾਣ ਗਏ ਹਾਂ । ਫ਼ਿਕਰ ਨਾ ਕਰ , ਤੇਰਾ ਵਾਲ ਵਿੰਗਾ ਨਹੀਂ ਹੋਏਗਾ ।….. ਪੂਰਨ ….. ਉਹ ਤੇਰਾ ਨਾਂ ਨਹੀਂ ਲਏਗਾ । ਨਹੀਂ ਨਾਂ ਲਵੇਗਾ । ” ਪਿਛਲੇ ਵਾਕ ਸਤਿਗੁਰੂ ਜੀ ਮਹਾਰਾਜ ਨੇ ਰਤਾ ਉੱਚੀ ਤੇ ਜ਼ੋਰ ਨਾਲ ਬੋਲੇ ਗੁਲਾਬੇ ਦੇ ਘਰ ਦੀ ਛੱਤ ਗੂੰਜ ਉੱਠੀ । ਗੁਲਾਬਾ ਸਤਿਗੁਰੂ ਜੀ ਦੇ ਚਰਨਾਂ ਵਿਚ ਹੀ ਬਿਰਾਜ ਗਿਆ । ਉਹ ਕੰਬੀ ਜਾਣ ਲੱਗਾ । ਮੁਗ਼ਲਾਂ ਦਾ ਗ਼ੁੱਸਾ , ਲੋਕਾਂ ਦੀਆਂ ਗੱਲਾਂ , ਮੁਗ਼ਲ ਲਸ਼ਕਰ ਦਾ ਘੇਰਾ ਉਸ ਦੀ ਘਬਰਾਹਟ ਦੇ ਤਿੰਨ ਕਾਰਨ ਸਨ । ਪਰ ਸਭ ਕੁਝ ਸੁਣ ਕੇ ਸਤਿਗੁਰੂ ਜੀ ਮਹਾਰਾਜ ਅਡੋਲ ਬਿਰਾਜੇ ਸਨ । ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਨੂੰ ਸੰਬੋਧਨ ਕਰ ਕੇ ਆਖੀ ਜਾਂਦੇ ਸਨ ।
ਅੰਤਰ ਕੀ ਗਤਿ ਤੁਮ ਹੀ ਜਾਨੀ , ਤੁਝ ਹੀ ਪਾਹਿ ਨਿਬੇਰੋ ।।
ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ।।
( ਚਲਦਾ )