ਗੁਰੂ ਗੋਬਿੰਦ ਸਿੰਘ ਜੀ ਭਾਗ 5

ਹਰ ਧਰਮ ਕਿਸੇ ਨਾ ਕਿਸੇ ਲਾਲਚ ਦੇ ਅਧਾਰ ਤੇ ਲੋਕਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰਦਾ ਹੈ । ਕਿਸੇ ਨੂੰ ਸਵਰਗ ਦਾ, ਕਿਸੇ ਨੂੰ ਸਵਰਗ ਵਿਚ ਅਪਸਰਾ ਤੇ ਸ਼ਰਾਬ ਦੀਆਂ ਨਦੀਆਂ ਦਾ ਲਾਲਚ, ਕਿਸੇ ਨੂੰ ਮਨੁਖ ਦੇ ਪਾਪਾਂ ਦੀ ਜ਼ਿਮੇਦਾਰੀ ਖੁਦਾ ਨੂੰ ਦੇਣ ਦਾ । ਇਕ ਸਿਖ ਧਰਮ ਹੀ ਐਸਾ ਧਰਮ ਹੋਇਆ ਹੈ ਜਿਸ ਵਿਚ ਅਉਣ ਲਈ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ ਤੇ ਪੰਜ ਪਿਆਰਿਆਂ ਦੀ ਸਾਜਨਾ ਨਾਲ ਐਸੇ ਯੋਧੇ ਪੈਦਾ ਕੀਤੇ, ਐਸੇ ਮਰਦ ਪੈਦਾ ਕੀਤੇ ਕਿ “ਸਿਰ ਧਰ ਤਲੀ ਗਲੀ ਮੇਰੀ ਆਓ “,” ਇਤਿ ਮਾਰਗ ਪੈਰ ਧਰੀਜੇ , ਸਿਰ ਦੀਜੇ ਕਾਣ ਨਾ ਕੀਜੇ ” ਤੇ “ਸਵਾ ਲਾਖ ਸੇ ਇਕ ਲੜਾਉ “ਦਾ ਮਹਾਂ ਵਾਕ ਸਚ ਕਰਕੇ ਦਿਖਾ ਦਿਤੇ 40-40 ਸਿਖਾਂ ਨੇ 10-10 ਲੱਖ ਦੀ ਮੁਗਲ ਫੌਜ਼ ਨਾਲ ਟਾਕਰਾ ਕੀਤਾ ਤੇ ਜਿੱਤੇ ਵੀ ।
ਗੁਰੂ ਸਾਹਿਬ ਜਾਣਦੇ ਸੀ ਕੌਮ ਉਸਾਰੀ ਲਈ ਲੋਕਾਂ ਦੇ ਮਨਾਂ ,ਸੁਭਾਵਾਂ, ਰੁਚੀਆਂ ਤੇ ਆਚਰਨ ਨੂੰ ਢਾਲਣ ਲਈ ਸਹਿਤ ਦਾ ਬਹੁਤ ਵਡਾ ਹਥ ਹੁੰਦਾ ਹੈ, ਜਿਸਦੀ ਪੂਰਤੀ ਲਈ ਆਪਜੀ ਨੇ ਪੁਰਾਤਨ ਗਰੰਥ ,ਪੁਰਾਣਾਂ , ਮਹਾਂਭਾਰਤ , ਰਮਾਇਣ ਆਦਿ ਦਾ ਉਲਥਾ ਕਰਵਾਇਆ। ਦੇਸ਼ ਭਰ ਦੇ ਕਵੀਆਂ ਤੇ ਢਾਡੀਆਂ ਨੂੰ ਸਦ ਕੇ ਜਿਹਨਾਂ ਵਿਚ 52 ਉਘੇ ਕਵੀ ਸਨ ,ਆਪਣੇ ਦਰਬਾਰ ਦਾ ਸ਼ਿੰਗਾਰ ਬਣਾਇਆ । ਜਮਨਾ ਦੇ ਕਿਨਾਰੇ ਪਾਉਂਟਾ ਸਾਹਿਬ ਵਿਖੇ ਹਰ ਰੋਜ਼ 52 ਕਵੀਆਂ ਦੀ ਮਹਿਫਿਲ ਲਗਦੀ ਜਿਥੇ ਸੰਸਕ੍ਰਿਤ , ਫ਼ਾਰਸੀ ਵਿਚ ਲਿਖੇ ਗ੍ਰੰਥਾਂ ਦਾ ਅਨੁਵਾਦ ਕਰਕੇ ਹਿੰਦੀ ਤੇ ਪੰਜਾਬੀ ਸਹਿਤ ਨੂੰ ਅਣਮੁਲਾ ਖਜਾਨਾ ਦਿਤਾ ਜਿਸ ਲਈ ਕਈ ਵਿਦਵਾਨਾ ਨੂੰ ਸੰਸਕ੍ਰਿਤ ਪੜਨ ਲਈ ਬਨਾਰਸ ਵੀ ਭੇਜਿਆ । ਸਹਿਤ ਰਾਹੀਂ ਸਿੰਘਾ ਵਿਚ ਨਵੀਂ ਜਿੰਦ –ਜਾਨ , ਨਵਾਂ ਜੋਸ਼ ,ਨਵੀਂ ਤਰੰਗ, ਨਵੀਆਂ ਤਾਂਘਾ ,ਨਵੈ ਸਚੇ ਤੇ ਸੁਚੇ ਇਰਾਦੇ ਭਰੇ । ਬੀਰ ਰਸ ਨੇ ਉਹਨਾਂ ਨੂੰ ਜਬਰ, ਧਕੇ ਜੁਲਮ ਤੇ ਬੇਇਨਸਾਫ਼ੀ ਦੇ ਵਿਰੁਧ ਹਿਕਾਂ ਤਨ ਕੇ ਡਟ ਜਾਣ ਦੀ ਤਾਕਤ ਬਖਸ਼ੀ ।
ਲੋਕਾਂ ਦਾ ਮਿਆਰ ਉਚਾ ਕਰਨ ਲਈ ਤਿਉਹਾਰ ਮਨਾਣ ਦੇ ਢੰਗ ਬਦਲੇ । ਹੋਲੀ ਜੋ ਕੀ ਇਕ ਖੁਸ਼ੀਆਂ ਭਰਿਆ ਤਿਉਹਾਰ ਸੀ , ਚਿਕੜ ਤੇ ਗੰਦਾ ਪਾਣੀ ਇਕ ਦੂਜੇ ਤੇ ਸੁਟਿਆ ਜਾਂਦਾ । ਗੁਰੂ ਸਾਹਿਬ ਨੇ ਇਸ ਤਿਉਹਾਰ ਨੂੰ ਨਵਾਂ ਰੂਪ ਦੇਕੇ ਹੋਲੇ ਮਹੱਲੇ ਦਾ ਨਾਂ ਦਿਤਾ । ਜਿਸ ਵਿਚ ਸਵੇਰ ਦੇ ਦੀਵਾਨ ਮਗਰੋ ਕਵੀ ਦਰਬਾਰ ਤੇ ਰਾਗ ਸਭਾਵਾਂ ਹੁੰਦੀਆਂ । ਕਵੀ ਢਾਡੀ ਰਾਗੀ ਤੇ ਕੀਰਤਨੀਏ ਆਪਣੇ ਆਪਣੇ ਵਿਚਾਰ ਸੁਣਾਂਦੇ । ਲੋਢ਼ੇ ਵੇਲੇ ਫਿਰ ਬਹਾਦਰੀ ਦੇ ਕਰਤਵ , ਫੌਜੀ ਕਸਰਤਾਂ ਤੇ ਖੇਡਾਂ ਹੁੰਦੀਆਂ. ਗੁਲਾਲ ਜਲ ਦੀ ਵਰਖਾ ਹੁੰਦੀ । ਅਗਲਾ ਦਿਨ ਹੋਲਾ ਮਹੱਲਾ ਜਿਸ ਵਿਚ ਫੌਜੀ ਯੋਗਤਾ ਦਾ ਪ੍ਰਸਾਰ ਹੁੰਦਾ । ਇਸ ਯੋਗਤਾ ਵਿਚ ਸ਼ਾਮਲ ਹੋਣ ਲਈ ਲੋਕ ਸਾਰਾ ਸਾਰਾ ਸਾਲ ਤਿਆਰੀ ਕਰਦੇ ਤੇ ਆਪਣਾ ਆਪ ਨੂੰ ਗੁਰੂ ਸਾਹਿਬ ਦੀ ਕਸੋਟੀ ਤੇ ਪੂਰਾ ਉਤਰਨ ਲਈ ਕੋਸ਼ਿਸ਼ਾਂ ਕਰਦੇ । ਗਰੀਬ ਦਾ ਮੂੰਹ ਗੁਰੂ ਕੀ ਗੋਲਕ – ਗੁਰੂ ਦਰਬਾਰ ਵਿਚ ਆਏ ਸਿਖ ਸੰਗਤਾਂ ਤੇ ਜਵਾਨਾ ਦੀ ਜਿਸਮਾਨੀ ,ਆਤਮਿਕ ਤੇ ਮਾਨਸਿਕ ਖੁਰਾਕ ਲਈ ਜਗਾ ਜਗਾ ਲੰਗਰ ਲਗਵਾਏ ਜਾਂਦੇ ।
ਭੰਗਾਣੀ ਦੀ ਜਿਤ ਮਗਰੋਂ ਗੁਰੂ ਸਹਿਬ ਦੇ ਆਦਰਸ਼ਾਂ ਵਿਚ ਹੋਰ ਦ੍ਰਿੜਤਾ ਆ ਗਈ ਜਿਸ ਨਾਲ ਕੌਮ ਉਸਾਰੀ ਦੇ ਮਕਸਦ ਨੂੰ ਤਕੜਾਈ ਮਿਲੀ । ਇਸ ਧਰਮ ਯੁਧ ਸਦਕਾ ਗੁਰੂ ਸਾਹਿਬ ਦਾ ਜਸ ਦੂਰ ਦੂਰ ਤਕ ਫੈਲ ਗਿਆ । ਵਧੇਰੇ ਸ਼ਸ਼ਤਰ ਇਕੱਠੇ ਹੋ ਗਏ । ਦੂਰ ਦੂਰ ਤੋਂ ਜਵਾਨ ਉਹਨਾਂ ਦੀ ਸੇਵਾ ਵਿਚ ਹਾਜਰ ਹੋਏ , ਜਿਨਾਂ ਨੇ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇਕ ਜੋੜੇ ਦੀ ਮੰਗ ਕੀਤੀ । ਗੁਰੂ ਸਾਹਿਬ ਆਪਣੇ ਫਰਜਾਂ ਤੇ ਜ਼ਿਮੇਦਾਰੀਆਂ ਵਲ ਵਧੇਰੇ ਚੇਤਨ ਹੋ ਗਏ । ਤਿਆਰੀ ਦਾ ਇਕ ਨਵਾਂ ਦੋਰ ਸ਼ੁਰੂ ਹੋਇਆ, ਜਿਸ ਵਿਚ ਫੌਜ਼ ਭਰਤੀ , ਸੈਨਿਕ ਸਿਖਲਾਈ ,ਸਾਧਨ ਪ੍ਰਾਪਤੀ ਤੇ ਕਿਲੇ ਬੰਦੀ ਸ਼ਾਮਿਲ ਹੋ ਗਈ ।
1699 ਵੈਸਾਖੀ ਵਾਲੇ ਦਿਨ ਮਾਨਵ ਸਮਾਜ ਦੀ ਸਮਾਨਤਾ ਦੀ ਨੀਹ ਰਖਕੇ ਇਕ ਨਵੇ ਸਮਾਜ ਦੀ ਉਸਾਰੀ ਕੀਤੀ ,ਖਾਲਸਾ ਪੰਥ ਸਾਜਿਆ , ਇਕ ਅਜਿਹੇ ਸਮਾਜ ਅਤੇ ਭਾਈਚਾਰੇ ਦੀ ਸਿਰਜਨਾ ਕੀਤੀ ਜਿਥੇ ਜਾਤ–ਪਾਤ ,ਵਰਣ–ਵੰਡ ਤੇ ਊਚ– ਨੀਚ ਦੀ ਕੋਈ ਥਾਂ ਨਹੀ ਸੀ । ਇਹ ਇਕ ਨਵੇ ਸਮਾਜ ਦੀ ਸੁਤੰਤਰ ਹੋਂਦ ਦਾ ਐਲਾਨ ਸੀ ਜਿਸ ਨਾਲ ਜਾਤ ਪਾਤ ਤੋਂ ਮੁਕਤੀ ਦੇ ਫ਼ਲਸਫ਼ੇ ਨੇ ਲੋਕਾਂ ਵਿਚ ਏਕਤਾ ਦੀ ਭਾਵਨਾ ਪੈਦਾ ਕੀਤੀ ਜੋ ਆਓਣ ਵਾਲੇ ਸਮੇ ਵਿਚ ਕੌਮੀ ਏਕਤਾ ਦਾ ਅਧਾਰ ਬਣ ਗਈ । ਵਖੋ ਵਖ ਜਾਤੀਆਂ, ਧਰਮ, ਤੇ ਕਿਤਿਆ ਦੇ ਲੋਕਾਂ ਨੂੰ ਇਕ ਬਾਟੇ ਵਿਚ ਅਮ੍ਰਿਤ ਛਕਾ ਕੇ ਇਕ ਨਵੇ ਸਮਾਜ ਦੀ ਨੀਹ ਰਖੀ। ਇਖਲਾਕੀ ਤੇ ਅਧਿਆਤ੍ਮਿਕ ਤੋਰ ਤੇ ਉਚਾ ਕਰਨ ਲਈ ਕੁਝ ਰਹਿਤਾਂ ਤੇ ਕੁਰਹਿਤਾਂ ਨੀਅਤ ਕੀਤੀਆਂ । ਸੰਸਾਰਕ ਤੋਰ ਤੇ ਮਜਬੂਤ ਹੋਣ ਲਈ ਕਿਰਪਾਨ ਧਾਰਨ ਇਕ ਜਰੂਰੀ ਅੰਗ ਬਣਾ ਦਿਤਾ । ਉਹਨਾਂ ਦੇ ਦਿਲਾਂ ਵਿਚੋਂ ਡਰ ਤੇ ਹੀਨਤਾ ਦੀ ਭਾਵਨਾ ਦੂਰ ਕਰਨ ਲਈ ਅਕਾਲ ਪੁਰਖ ਦੀਆਂ ਅਸੀਮ ਸ਼ਕਤੀਆਂ ਪ੍ਰਤੀ ਅਟਲ ਵਿਸ਼ਵਾਸ ਪੈਦਾ ਕੀਤਾ ਜੋ ਵਡਿਆਂ ਵਡਿਆਂ ਹਕੂਮਤਾਂ ਨੂੰ ਕੁਚਲਨ ਦੀ ਸ਼ਕਤੀ ਰਖਦਾ ਹੋਵੇ । ਉਹਨਾਂ ਦੇ ਆਚਰਣ ਨੂੰ ਉਚੀ ਮਿਆਰ ਤੇ ਰਖਣ ਲਈ 5 ਕਕਾਰਾਂ, ਚਾਰ ਕੁਰਹਿਤਾਂ, ਪੰਜ ਬਾਣੀਆਂ ਦਾ ਪਾਠ, ਸਚੀ ਸੁਚੀ ਕਿਰਤ ਕਰਕੇ ਵੰਡ ਕੇ ਛਕਣ ਤੇ ਸਿਮਰਨ ਕਰਨ ਦਾ ਹੁਕਮ ਦਿਤਾ । ਕੁਰਬਾਨੀ ਦੇਣ ਦੇ ਨਾਲ ਨਾਲ ਉਹਨਾਂ ਲਈ ਉਤਮ ਕਿਸਮ ਦੇ ਸੰਸਕਾਰ ਤੇ ਆਦਰਸ਼ ਵੀ ਕਾਇਮ ਕੀਤੇ ।
ਪੰਜ ਪਿਆਰਿਆਂ ਨੂੰ ਪੁਤਰਾਂ ਤੋ ਵਧ ਪਿਆਰ ਕੀਤਾ । ਪਾਹੁਲ ਦਿਤੀ, ਆਪਣਾ ਨਾਮ ਦਿਤਾ । ਪੁਤਰ ਬਣਾਇਆ । ਪੁਰਾਣੀ ਕੁਲ–ਨਾਸ਼, ਵਰਣ ਨਾਸ਼ ,ਜਾਤ ਨਾਸ਼ ਕਰਕੇ ਖਾਲਸੇ ਦਾ ਖਿਤਾਬ ਬਖਸ਼ਿਆ । ਉਹਨਾਂ ਤੋਂ ਹੀ ਖੰਡਾ ਬਾਟੇ ਦੀ ਪਹੁਲ ਲੈਕੇ ਗੁਰੂ ਗੋਬਿੰਦ ਰਾਇ ਤੋ ਗੁਰੂ ਗੋਬਿੰਦ ਸਿੰਘ ਬਣਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ । ਏਕ ਪਿਤਾ ਏਕਸ ਕੇ ਹਮ ਬਾਰਿਕ ” ਖਾਲਸੇ ਨੂੰ ਆਪਣਾ ਰੂਪ ,ਆਪਣਾ ਇਸ਼ਟ ,ਸ਼ਹਿਰਦ ,ਆਪਣਾ ਪਿੰਡ ਪਰਾਨ, ਸਤਿਗੁਰੂ ਪੂਰਾ ਅਤੇ ਸਜਣ ਸੂਰਾ ਕਹਿ ਕੇ ਨਿਵਾਜਿਆ ।
ਖਾਲਸਾ ਮੇਰਾ ਰੂਪ ਹੈ ਖਾਸ ।।
ਖਾਲਸੇ ਮੇ ਹਓ ਕਰਓ ਨਿਵਾਸ ।।
ਇਸ ਦਿਨ ਪੰਜ ਪਿਆਰਿਆਂ ਤੋ ਬਾਅਦ ਲਖਾਂ ਨੇ ਅਮ੍ਰਿਤ ਛਕਿਆ ਤੇ ਖਾਲਸਾ ਪੰਥ ਵਿਚ ਸ਼ਾਮਲ ਹੋਏ । ਗੁਰੂ ਸਾਹਿਬ ਦਾ ਇਹ ਇਕ ਐਸਾ ਮਹਾਨ ਕਾਰਨਾਮਾ ਸੀ ਜਿਸਨੇ ਮੁਰਦਾ ਕੌਮ ਵਿਚ ਰੂਹ ਫੂਕ ਦਿਤੀ । ਸੋਈ ਹੋਈ ਹਿੰਦੁਸਤਾਨ ਦੀ ਮਿਟੀ ਵਿਚੋਂ ਅਜਿਹੇ ਸੰਤ ਸਿਪਾਹੀ ਪੈਦਾ ਕੀਤੇ ਜਿਸਨੇ ਦੇਸ਼ ਤੇ ਕੌਮ ਦੀ ਤਸਵੀਰ ਬਦਲ ਕੇ ਰਖ ਦਿਤੀ । ਸਿਖਾਂ ਨੂੰ ਉਸ ਮੰਜਿਲ ਤੇ ਪੁਚਾ ਦਿਤਾ ਜਿਥੇ ਦੁਸ਼ਮਣਾ ਦੀਆਂ ਲਖਾਂ ਕੋਸ਼ਿਸ਼ਾਂ ਵੀ ਹਿਲਾ ਨਾ ਸਕੀਆਂ । ਰਾਜੇ ,ਮਹਾਰਜਿਆਂ ਨੂੰ ਵੀ ਖਾਲਸਾ ਪੰਥ ਵਿਚ ਸ਼ਾਮਿਲ ਕਰਨ ਦੇ ਜਤਨ ਕੀਤੇ ,ਪਰ ਓਹ ਜਾਤ ਪਾਤ ,ਨਸਲ, ਗੋਤ, ਕੁਲ ਤੋਂ ਉਪਰ ਨਹੀਂ ਉਠ ਸਕੇ । ਉਹਨਾਂ ਨੇ ਆਪਣੀ ਐਸ਼ ਪ੍ਰਸਤੀ ਤੇ ਅਜ਼ਾਦੀ ਦਾ ਸੋਖਾ ਰਾਹ ਚੁਣਿਆ । ਰਾਜੇ ,ਮਹਾਰਾਜੇ ਤੇ ਉਚੀਆਂ ਜਾਤਾਂ ਦੇ ਲੋਕਾਂ ਨੇ ਗੁਰੂ ਸਾਹਿਬ ਦੀਆਂ ਸਰਗਰਮੀਆਂ ਨੂੰ ਆਪਣੇ ਲਈ ਖਤਰਾ ਤੇ ਵਿਦ੍ਰੋਹ ਸਮਝਿਆ । ਨੀਵੀਆਂ ਜਾਤੀਆਂ ਦੇ ਬਰਾਬਰ ਖੜਾ ਕਰਨਾ ਉਹਨਾਂ ਕੋਲ ਸਹਿਣ ਨਹੀ ਸੀ ਹੋ ਰਿਹਾ । ਇਹੀ ਕਾਰਨ ਹੈ ਕੀ ਇਸ ਕੋਮੀ ਤੇ ਅਧਿਆਤਮਿਕ ਜਦੋ ਜਹਿਦ ਵਿਚ ਜਿਨੀਆਂ ਰੁਕਾਵਟਾ ਤੇ ਮੁਸ਼ਕਲਾਂ ਰਾਜਿਆਂ, ਮਹਾਰਾਜਿਆਂ ਨੇ ਖੜੀਆਂ ਕੀਤੀਆਂ ਮੁਗਲ ਹਕੂਮਤ ਨੇ ਵੀ ਨਹੀਂ ਖੜੀਆਂ ਕੀਤੀਆਂ ।
ਖਾਲਸਾ ਪੰਥ ਨੇ ਉਨਾਂ ਸਾਰੀਆਂ ਗਲਾਂ ਦਾ ਡਟ ਕੇ ਵਿਰੋਧ ਕੀਤਾ ਜਿਨਾਂ ਤੇ ਭਾਰਤੀ ਸਮਾਜ ਨੂੰ ਉਸਾਰਿਆ ਗਿਆ ਸੀ । ਜਿਹਨਾ ਨੂੰ ਧਰਤੀ ਤੇ ਕੀੜਿਆਂ ਵਾਂਗੂ ਰੇਗਣ ਦਾ ਹੁਕਮ ਸੀ ਘੋੜਿਆਂ ਤੇ ਚੜਨ ਦੀ ਮਨਾਹੀ ਸੀ ਉਹਨਾਂ ਨੂੰ ਸਹਿ –ਸਵਾਰ ਬਣਾ ਦਿਤਾ । ਜਿਹਨਾਂ ਨੂੰ ਘਰ ਵਿਚ ਕਰਦ ਰਖਣ ਦੀ ਆਗਿਆ ਨਹੀਂ ਸੀ ਉਨਾ ਦੇ ਹਥ ਤਲਵਾਰਾਂ ਪਕੜਾ ਦਿਤੀਆਂ । ਜਿਹਨਾਂ ਨੀਵੀਆਂ ਜਾਤਾਂ ਦੀ ਹੋਂਦ ਨਾਲ ਹਵਾ ਗੰਦੀ ਹੋ ਜਾਂਦੀ ,ਮੰਦਰਾਂ ਵਿਚ ਜਾਣਾ ਤਾਂ ਇਕ ਪਾਸੇ ਮੰਦਰਾਂ ਦੇ ਆਸ ਪਾਸ ਵੀ ਜਾਣ ਦੀ ਮਨਾਹੀ ਸੀ ਉਨਾ ਨੂੰ ਸੰਗਤ ਤੇ ਪੰਗਤ ਵਿਚ ਬੈਠਣ ਦੀ ਆਜ਼ਾਦੀ ਦੇ ਦਿਤੀ । ਔਰੰਗਜ਼ੇਬ ਨੇ ਜਦ ਮੰਦਰਾਂ ਵਿਚ ਸੰਖ ਵਜਾਣ ਦੀ ਮਨਾਹੀ ਕੀਤੀ ਤਾਂ ਰਣਜੀਤ ਨਗਾਰੇ ਵਜਾਣ ਦੀ ਪਰੰਪਰਾ ਸ਼ੁਰੂ ਕਰਵਾ ਦਿਤੀ । ਜਦ ਉਸਨੇ ਸੰਗੀਤ ਤੇ ਰਾਗ ਦੀ ਮਨਾਹੀ ਕੀਤੀ ਤਾ ਕਵੀਆਂ , ਢਾਡੀਆਂ , ਰਾਗੀਆਂ ਤੇ ਸੰਗੀਤਕਾਰਾਂ ਨੂੰ ਆਪਣੇ ਦਰਬਾਰ ਦਾ ਸ਼ਿੰਗਾਰ ਬਣਾ ਲਿਆ । ਸੰਸਕ੍ਰਿਤ ਪਾਠਸ਼ਾਲਾਂ ਬੰਦ ਕਰਵਾਈਆਂ ਤਾਂ ਗੁਰੂ ਸਾਹਿਬ ਨੇ ਸਿਖਾਂ ਨੂੰ ਸੰਸਕ੍ਰਿਤ ਪੜਨ ਲਈ ਬਨਾਰਸ ਭੇਜ ਦਿਤਾ । ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਂ ਨੂੰ ਆਪਣੇ ਕੋਲ ਇਕ ਖੰਡਾ ਰਖਣ ਦਾ ਹੁਕਮ ਦਿਤਾ ਤੇ ਵੰਗਾਰ ਕੇ ਕਿਹਾ ਕੀ ਲੋੜ ਪਵੇ ਇਸ ਨੂੰ ਗਡ ਲਵੋ । ਦੇਖੋ ਕਿਸਦੀ ਹਿੰਮਤ ਪੈਂਦੀ ਹੈ ਇਸ ਅਗੇ ਸਿਰ ਚੁਕਣ ਦੀ ਅਗਰ ਫਿਰ ਵੀ ਕੋਈ ਚੁਕੇ ਤਾਂ ਗਰਦਨ ਲਾਹ ਦਿਉ ।
ਸੰਤਾਂ ਅਤੇ ਸ਼ਹੀਦਾ ਦੀ ਇਸ ਧਾਰਮਿਕ ਸੰਪਰਦਾ ਨੇ ਹੌਲੀ ਹੌਲੀ ਬਹਾਦਰ ਯੋਧਿਆਂ ਦੇ ਸੰਗਠਨ ਦਾ ਰੂਪ ਧਾਰਨ ਕਰ ਲਿਆ , ਜੋ ਸਿਪਾਹੀ ਤਾਂ ਬਣੇ ਪਰ ਸੰਤਾ ਵਾਲੇ ਗੁਣ ਨਹੀਂ ਛਡੇ । । ਉਹਨਾਂ ਨੇ ਆਪਣੇ ਸਿਖਾਂ ਨੂੰ ਸਿਰਫ ਤਾਕਤ ਹੀ ਨਹੀਂ ਬਖਸ਼ੀ , ਸੰਸਕਾਰ ਵੀ ਦਿਤੇ । ਸਮਾਜ ਸੇਵਾ ਨੂੰ ਇਕ ਰੂਹਾਨੀ ਤਰਕੀ ਵਾਸਤੇ ਮੁਢਲੀ ਸ਼ਰਤ ਬਣਾ ਦਿਤਾ । ਕਾਮ , ਕ੍ਰੋਧ , ਲੋਭ ,ਮੋਹ , ਹੰਕਾਰ ਤੇ ਕਾਬੂ ਪਾਣ ਦੀ ਜਰੂਰਤ ਤੇ ਜੋਰ ਦਿਤਾ । ਜਾਤ– ਪਾਤ ਦੀਆਂ ਸੰਸਥਾਵਾਂ –ਉਚੇ –ਨੀਵੇਂ ਰੁਤਬੇ , ਮਰਦ –ਇਸਤਰੀ ਵਿਚ ਨਾ ਬਰਾਬਰੀ , ਧਾਰਮਕ ਤੇ ਸਿਆਸੀ ਜਬਰ ਦੇ ਖਿਲਾਫ਼ ਜਦੋ–ਜਹਿਦ ਕਰਨ ਦੀ ਹਿੰਮਤ ਤੇ ਤਾਕਤ ਬਖਸ਼ੀ , ਸ਼ਕਤੀ ਸੰਕਲਪ ਤੇ ਸਮਾਜ ਸੇਵਾ ਨੂੰ ਇਨਕਲਾਬੀ ਰੰਗਤ ਦਿਤੀ । ਮਨੁਖ ਦੀ ਸੰਪੂਰਨ ਅਜਾਦੀ ਸਿਖ ਲਹਿਰ ਦਾ ਨਿਸ਼ਾਨਾ ਬਣ ਗਿਆ ਜਿਸਨੇ ਮੁਗਲ ਹਕੂਮਤ ਦੇ ਹਰ ਜੁਲਮ ਦਾ ਡਟ ਕੇ ਵਿਰੋਧ ਕੀਤਾ । ਲੋੜ ਪਈ ਤਾ ਕੁਰਬਾਨੀਆਂ ਵੀ ਦਿਤੀਆਂ ਜਿਸ ਵਿਚ ਉਮਰ ਦੀ ਕੋਈ ਅਹਿਮੀਅਤ ਨਹੀਂ ਸੀ । ਗੁਰੂ ਸਾਹਿਬ ਦੇ ਸਾਹਿਬਜਾਦੇ ਨੇ ਲੜਾਈ ਦੇ ਮੈਦਾਨ ਵਿਚ ਛੋਟੇ ਖੰਡੇ ਵਾਹੇ । ਦੋ ਛੋਟੇ ਪੁਤਰਾਂ ਨੇ ਸਰਹੰਦ ਦੀਆਂ ਨੀਹਾਂ ਵਿਚ ਧਰਮ ਬਦਲਣ ਦੀ ਬਜਾਇ ਸ਼ਹੀਦੀ ਨੂੰ ਤਰਜੀਹ ਦਿਤੀ । ਬੰਦਾ ਬਹਾਦਰ ਦਾ ਚਾਰ ਸਾਲ ਦਾ ਪੁਤ ਸ਼ਹੀਦ ਹੋਇਆ ਤੇ ਇਸਤੋਂ ਬਾਅਦ ਹੋਰ ਕਿਤਨੇ ਹੀ ਬਚੀ ਬਚਿਆਂ ਨੇ ਅਕਿਹ ਤੇ ਅਸਹਿ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਨੂੰ ਗਲੇ ਲਗਾਇਆ ।
“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ“
ਬੜੀ ਵਾਰ ਭੁਲੇਖਾ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਦਾ ਰਾਹ ਤਿਆਗ ਕੇ ਸਿਖਾਂ ਦੀ ਪਰਮਾਰਥ ਏਕਤਾ ਨੂੰ ਦੁਨਿਆਵੀ ਸਫਲਤਾ ਦਾ ਵਸੀਲਾ ਬਣਾ ਦਿਤਾ । ਰਾਜਸੀ ਉਨਤੀ ਦਾ ਸਾਧਨ ਬਣਾ ਦਿਤਾ ਜਿਸ ਕਰਕੇ ਸਿਖ ਜੋ ਸਦੀਆਂ ਤੋਂ ਸਚੇ ਸੁਚੇ ਮਨੁਖ ਬਣਨ ਵਲ ਪ੍ਰਗਤੀ ਕਰ ਰਹੇ ਸੀ ਨਿਰੇ ਸਿਪਾਹੀ ਬਣ ਕੇ ਰਹਿ ਗਏ । ਕਈ ਲੋਗ ਜਿਨਾ ਨੇ ਇਤਿਹਾਸ ਨੂੰ ਠੀਕ ਤਰਹ ਪੜਿਆ ਨਹੀਂ ਜਾ ਜਾਣ–ਬੁਝ ਕੇ‘ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਸਚਮੁਚ ਉਨਾ ਦੀ ਸੋਚ ਤੇ ਮਾਨਸਿਕ ਉਡਾਰੀ ਤੇ ਬੜਾ ਅਫਸੋਸ ਹੁੰਦਾ ਹੈ । ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ‘ਅਰਬਿੰਦੂ ਘੋਸ਼’ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ। ਦੂਜੇ ਪਾਸੇ ਖਾਲਸਾ ਅਸਚਰਜ ਮਈ ਅਨੋਖੀ ਤੇ ਨਿਰਾਲੀ ਸਿਰਜਨਾ ਹੈ ।’ ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕਮਾਲ ਹੈ ਜਿਹਨਾਂ ਨੇ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ । ..
( ਚਲਦਾ )


Share On Whatsapp

Leave a Reply




top