ਇਤਿਹਾਸ – ਰਿਛ ਦਾ ਉਧਾਰ ਕਰਨਾ

ਆਨੰਦਪੁਰ ਵਿਚ ਸਤਿਗੁਰੂ ਜੀ ਦੇ ਰੋਜ਼ ਦੀਵਾਨ ਲੱਗਦੇ ਹਨ , ਮਨੋਕਾਮਨਾ ਦੇ ਅਭਿਲਾਖੀ ਆਉਂਦੇ , ਦਰਸ਼ਨ ਕਰਦੇ , ਉਪਦੇਸ਼ ਸੁਣਦੇ ਅਤੇ ਆਪਣਾ ਜੀਵਲ ਸਫਲਾ ਕਰਦੇ ਹਨ ।
ਇਕ ਦਿਨ ਸਤਿਗੁਰੂ ਜੀ ਸੰਗਤਾਂ ਵਿਚ ਸੁਭਾਵਕ ਹੀ ਬੈਠੇ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ ਜਿਵੇਂ ਤਾਰਿਆਂ ਵਿਚ ਚੰਦ ਸੁਭਾਏਮਾਨ ਹੁੰਦਾ ਹੈ ।
ਇਸ ਸਮੇਂ ਇਕ ਕਲੰਦਰ ਰਿੱਛ ਦਾ ਤਮਾਸ਼ਾ ਕਰਨ ਵਾਲਾ ਇਕ ਬੜਾ ਭਾਰੀ ਗਿੱਛ ਲੈ ਕੇ ਆ ਗਿਆ , ਉਸ ਨੇ ਸਤਿਗੁਰੂ ਜੀ ਦੇ ਸਾਮਣੇ ਹੀ ਰਿੱਛ ਨਾਲ ਘੋਲ ਕਰਨਾ ਆਰੰਭ ਕਰ ਦਿੱਤਾ । ਆਮੋ ਸਾਮਣੇ ਹੋ ਕੇ ਲੋਕਾਂ ਨੂੰ ਹਸਾਉਣ ਵਾਸਤੇ ਅਤੇ ਸਤਿਗੁਰੂ ਜੀ ਨੂੰ ਪ੍ਰਸੰਨ ਕਰਨ ਵਾਸਤੇ ਜਦ ਕਲੰਦਰ ਰਿੱਛ ਨਾਲ ਜਫ – ਗੜਵੀ ਹੋਇਆ ਤਾਂ ਭਾਈ ਕੀਰਤੀਆ ਸਤਿਗੁਰੂ ਜੀ ਦਾ ਚੌਰੀ ਬਰਦਾਰ ਜੋ ਇਸ ਸਮੇਂ ਸਤਿਗੁਰੂ ਜੀ ਨੂੰ ਚੌਰ ਕਰ ਰਿਹਾ ਸੀ , ਰਿੱਛ ਨੂੰ ਵੇਖਕੇ ਬੜਾ ਹੱਸਿਆ ਅਤੇ ਕਹਿਣ ਲੱਗਾ , ਏਡਾ ਵੱਡਾ ਰਿੱਛ ਕਲੰਦਰ ਦੇ ਕਾਬੂ ਕਿਸ ਤਰ੍ਹਾਂ ਆ ਗਿਆ । ਇਸਦੀ ਕਿਹੜੇ ਪਾਪ ਕਰਕੇ ਇਹ ਗਤੀ ਹੋਈ ਹੈ । ਇਹ ਗੱਲ ਭਾਈ ਕੀਰਤੀਏ ਦੀ ਸੁਣਕੇ ਸਤਿਗੁਰੂ ਜੀ ਨੇ ਹੱਸ ਕੇ ਕਿਹਾ , ਓ ਕੀਰ8ਤੀਆ ! ਇਹ ਰਿੱਛ ਪਿਛਲੇ ਜਨਮ ਵਿਚ ਤੇਰਾ ਪਿਤਾ ਸੀ , ਇਕ ਵੱਡੇ ਪਾਪ ਕਰਕੇ ਇਸ ਨੇ ਰਿੱਛ ਦੀ ਜੂਨ ਪਾਈ ਹੈ । ਸਤਿਗੁਰੂ ਜੀ ਦਾ ਇਹ ਬਚਨ ਸੁਣਕੇ ਭਾਈ ਕੀਰਤੀਆ ਅਤੇ ਹੋਰ ਸਿੱਖ ਸੰਗਤ ਬੜੀ ਹੈਰਾਨ ਹੋਈ । ਭਾਈ ਕੀਰਤੀਆ ਨੇ ਹੱਥ ਜੋੜ ਕੇ ਬੇਨਤੀ ਕੀਤੀ , ਸਤਿਗੁਰੂ ਜੀਓ ! ਮੇਰਾ ਪਿਤਾ ਤਾਂ ਸਦਾ ਹੀ ਆਪ ਜੀ ਦੀ ਸੇਵਾ ਕਰਦਾ ਸੀ , ਅਰਦਾਸ ਕਰਦਾ ਅਤੇ ਪ੍ਰਸ਼ਾਦ ਵਰਤਾਉਂਦਾ ਸੀ , ਨੌਵੇਂ ਪਾਤਸ਼ਾਹ , ਜਿਨ੍ਹਾਂ ਦੇ ਦਰਸ਼ਨ ਕਰਕੇ ਹਜ਼ਾਰਾ ਸਿੱਖਾਂ ਦੀ ਕਲਿਆਣ ਹੋਈ ਹੈ , ਉਨ੍ਹਾਂ ਦੀ ਸੇਵਾ ਵੀ ਮੇਰਾ ਪਿਤਾ ਕਰਦਾ ਰਿਹਾ ਸੀ । ਜੇ ਮੇਰੇ ਪਿਤਾ ਨੂੰ ਗੁਰੂ ਜੀ ਦੀ ਸੇਵਾ ਦਾ ਇਹ ਫਲ ਮਿਲਿਆ ਕਿ ਮਨੁੱਖ ਤੋਂ ਰਿੱਛ ਜੂਨੀ ਪਾਈ ਹੈ , ਤਾਂ ਫਿਰ ਮੈਨੂੰ ਤੁਹਾਡੀ ਸੇਵਾ ਦਾ ਫਲ ਸ਼ਾਇਦ ਬਾਦਰ ਜੂਨੀ ਮਿਲੇਗੀ । ਤੁਹਾਡੀ ਸੇਵਾ ਤਾਂ ਮੁਕਤ ਪਦ ਲੈਣ ਵਾਸਤੇ ਕੀਤੀ ਜਾਂਦੀ ਹੈ , ਪਰੰਤੂ ਜੇ ਇਸ ਦਾ ਉਲਟਾ ਹੀ ਫਲ ਮਿਲਣਾ ਹੈ ਤਾਂ ਕੋਈ ਵੀ ਸਿੱਖ ਅਧਮਗਤੀ ਤੋਂ ਡਰਦਾ ਤੁਹਾਡੀ ਸੇਵਾ ਨਹੀਂ ਕਰੇਗਾ ।
ਇਸ ਕਰਕੇ ਆਪ ਇਸ ਦਾ ਕਾਰਨ ਦੱਸੋ ਕਿ ਇਸ ਨੇ ਰਿੱਛ ਜੂਨ ਕਿਉਂ ਪਾਈ ਹੈ ਅਤੇ ਫਿਰ ਇਸ ਦਾ ਇਸ ਜੂਨ ਵਿਚੋਂ ਛੁਟਕਾਰਾ ਕਰਨ ਦੀ ਕ੍ਰਿਪਾਲਤਾ ਕਰੋ ਜੀ । ਸਤਿਗੁਰੂ ਜੀ ਨੇ ਫੁਰਮਾਇਆ , ਸੁਣ ਭਾਈ ਕੀਰਤੀਆ ! ਤੇਰੇ ਪਿਤਾ ਨੇ ਇਸ ਕਾਰਨ ਇਹ ਜੂਨੀ ਪਾਈ ਹੈ ਕਿ ਇਕ ਦਿਨ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਜਿਸ ਸਮੇਂ ਤੇਰਾ ਪਿਤਾ ਸੰਗਤ ਵਿਚ ਕੜਾਹ ਪ੍ਰਸ਼ਾਦ ਵਰਤਾ ਰਿਹਾ ਸੀ । ਉਸੀ ਸਮੇਂ ਕੋਈ ਇਕ ਸਿੱਖ ਗੁੜ ਦਾ ਗੱਡਾ ਲੱਦਕੇ ਉਥੋਂ ਲੰਘ ਰਿਹਾ ਸੀ । ਉਸਨੇ ਗੁਰੂ ਜੀ ਦੀ ਸੰਗਤ ਵਿਚ ਕੜਾਹ ਪ੍ਰਸ਼ਾਦ ਵਰਤਦਾ ਵੇਖਿਆ ਤਾਂ ਉਹ ਅਤਿ ਸ਼ਰਧਾ ਨਾਲ ਪ੍ਰੇਮ ਨਾਲ ਗੱਡਾ ਖੜਾ ਕਰਕੇ ਗੁਰੂ ਕਾ ਪ੍ਰਸ਼ਾਦ ਲੈਣ ਆਇਆ । ਛੇਤੀ ਪ੍ਰਸ਼ਾਦ ਲੈਣ ਵਾਸਤੇ ਉਹ ਸਿੱਖ ਦੋਵੇਂ ਹੱਥ ਕਰ ਕੇ ਤੇਰੇ ਪਿਤਾ ਦੇ ਸਾਮਣੇ ਹੋਇਆ । ਸਿੱਖ ਦੇ ਮੂੰਹ ਤੇ ਦਾੜ੍ਹੀ ਉਤੇ ਰਸਤੇ ਦੀ ਬਹੁਤ ਧੂੜ ਪਈ ਹੋਈ ਸੀ , ਤੇਰੇ ਪਿਤਾ ਨੇ ਉਸ ਨੂੰ ਘਿਣਾ ਨਾਲ ਵੇਖਕੇ ਉਸਦੇ ਹੱਥਾਂ ‘ ਤੇ ਪ੍ਰਸ਼ਾਦ ਨਾ ਰੱਖਿਆ । ਹੋਰ ਹੋਰ ਪਾਸੇ ਵਰਤਾਉਂਦਾ ਰਿਹਾ ਪਰ ਸਿੱਖ ਨੇ ਫੇਰ ਉਸ ਦੇ ਅੱਗੇ ਹੋ ਕੇ ਜਦ ਪ੍ਰਸ਼ਾਦ ਲੈਣ ਵਾਸਤੇ ਹੱਸ ਕੇ ਬੇਨਤੀ ਕੀਤੀ ਤਾਂ ਤੇਰੇ ਪਿਤਾ ਨੇ ਬੜੇ ਕ੍ਰੋਧ ਨਾਲ ਕਿਹਾ , ਮੂਰਖਾ ਰਿੱਛ ਵਾਂਗੂੰ ਅੱਗੇ ਟੱਪਦਾ ਕਿਉਂ ਫਿਰਦਾ ਹੈਂ ਪਿੱਛੇ ਹੋ ਕੇ ਖੜਾ ਰਹੋ , ਵਾਰੀ ਸਿਰ ਪ੍ਰਸ਼ਾਦ ਮਿਲ ਜਾਵੇਗਾ । ਤੇਰੇ ਪਿਤਾ ਦੀ ਇਹ ਗੱਲ ਸੁਣ ਕੇ ਉਸ ਸਿੱਖ ਨੇ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ ਅਤੇ ਪ੍ਰਸ਼ਾਦ ਦਾ ਇਕ ਕਿਨਕਾ ਪ੍ਰਿਥਵੀ ਉਤੋਂ ਡਿੱਗਾ ਹੋਇਆ ਚੁੱਕ ਬੜੀ ਸ਼ਰਧਾ ਨਾਲ ਮੂੰਹ ‘ ਚ ਪਾ ਲਿਆ ਅਤੇ ਵਾਹਿਗੁਰੂ ਆਖ ਕੇ ਤੇਰੇ ਪਿਤਾ ਨੂੰ ਇਉਂ ਸਰਾਪ ਦੇ ਦਿੱਤਾ । ਹੇ ਗੁਰੂ ਦੇ ਪ੍ਰਸ਼ਾਦ ਦੇ ਵਰਤਾਵੇ ! ਤੈਨੂੰ ਗੁਰਸਿੱਖੀ ਦਾ ਲੇਸ ਮਾਤਰ ਵੀ ਅਸਰ ਨਹੀਂ ਹੈ , ਤੂੰ ਗੁਰੂ ਕਾ ਪ੍ਰਸ਼ਾਦ ਲੈਣ ਆਏ ਇਕ ਸਿੱਖ ਨੂੰ ਰਿੱਛ ਆਖਿਆ ਹੈ , ਇਸ ਕਰਕੇ ਤੈਨੂੰ ਰਿੱਛ ਜੂਨੀ ਹੀ ਪ੍ਰਾਪਤ ਹੋਵੇਗੀ । ਸਿੱਖ ਦੇ ਇਸ ਸਰਾਪ ਉਪਰੰਤ ਜਦੋਂ ਆਪਣੀ ਆਯੂ ਬਤੀਤ ਕਰਕੇ ਤੇਰ ਪਿਤਾ ਨੇ ਮਨੁੱਖ ਸਰੀਰ ਛੱਡਿਆ ਤਾਂ ਉਸ ਨੂੰ ਰਿੱਛ ਜੂਨੀ ਪ੍ਰਾਪਤ ਹੋਈ । ਉਸ ਵਕਤ ਅਜੇ ਵਿਹ ਛੋਟਾ ਬੱਚਾ ਹੀ ਸੀ ਕਿ ਇਸ ਕਲੰਦਰ ਨੇ ਫੜ ਲਿਆ ਅਤੇ ਤਮਾਸ਼ਾ ਕਰਕੇ ਇਸ ਨੂੰ ਆਪਣੀ ਰੋਜ਼ੀ ਦਾ ਜਰੀਆ ਬਣਾ ਲਿਆ । ਸਤਿਗੁਰੂ ਜੀ ਤੋਂ ਇਹ ਵਿਰਤਾਂਤ ਸੁਣ ਕੇ ਸਾਰੇ ਸਿੱਖ ਬੜੇ ਹੈਰਾਨ ਹੋਏ ਅਤੇ ਭਾਈ ਕੀਰਤੀਏ ਨੇ ਬੇਨਤੀ ਕੀਤੀ , ਸਤਿਗੁਰੂ ਜੀ ! ਤੁਸਾਂ ਜੋ ਫਰਮਾਇਆ ਹੈ ਸਭ ਸੱਚ ਹੈ , ਇਹ ਆਪਣੇ ਸਿੱਖ ਦੀ ਇਸ ਜੂਨ ਤੋਂ ਖਲਾਸੀ ਕਰੋ । ਤੁਹਾਡਾ ਨਾਮ ਪਤਿਤ ਪਾਵਨ ਹੈ , ਜੋ ਅਨੇਕ ਦੋਸ਼ਾਂ ਨੂੰ ਦੂਰ ਕਰਨ ਵਾਲਾ ਹੈ । ਕੀਰਤੀਏ ਸਿੱਖ ਦੀ ਬੇਨਤੀ ਪ੍ਰਵਾਨ ਕਰ ਕੇ ਸਤਿਗੁਰੂ ਜੀ ਨੇ ਦੋ ਸੌ ਰੁਪਏ ਦੇ ਕੇ ਕਲੰਦਰ ਤੋਂ ਰਿੱਛ ਮੁੱਲ ਲੈ ਲਿਆ । ਦੂਸਰੇ ਦਿਨ ਸਤਿਗੁਰੂ ਜੀ ਨੇ ਇਕੋਤ੍ਰ ਸੌ ਰੁਪਏ ਦਾ ਕੜਾਹ ਪ੍ਰਸ਼ਾਦ ਕਰਾਇਆ , ਉਸ ਪਰ ਅਰਦਾਸ ਕੀਤੀ ਅਤੇ ਫਿਰ ਥੋੜ੍ਹਾ ਜਿਹਾ ਆਪਣਾ ਸੀਤ ਪ੍ਰਸ਼ਾਦ ਉਸ ਰਿੱਛ ਦੇ ਮੂੰਹ ਵਿਚ ਪਾਇਆ ਜਿਸ ਦੇ ਖਾਣ ਨਾਲ ਤਤਛਿਨ ਹੀ ਰਿੱਛ ਨੇ ਮਰ ਕਰਕੇ ਉੱਤਮ ਗਤਿ ਪ੍ਰਾਪਤ ਕਰ ਲਈ।


Share On Whatsapp

Leave a Reply




top