ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੀ ਇਕ ਮਹਾਨ ਸ਼ਕਸ਼ੀਅਤ ਸਨ । ਉਹਨਾਂ ਦਾ ਇਨਸਾਨੀਅਤ ਨਾਲ ਪਿਆਰ ਦਾ ਜਜ੍ਬਾ ਉਚਾ ਤੇ ਸੁਚਾ ਜੀਵਨ ਕਿਸੇ ਪੈਗੰਬਰ ਨਾਲੋਂ ਘਟ ਨਹੀ ਸੀ। ਜਿਥੇ ਉਨਾਂ ਵਿਚ ਸੰਤਾ ਵਾਲੇ ਗੁਣ ਸਨ ਉਥੇ ਓਹ ਇਕ ਸਮਾਜ ਸੁਧਾਰਕ ਕੌਮੀ ਉਸਰਈਏ ਅਤੇ ਮਹਾਨ ਫੌਜੀ ਜਰਨੈਲ ਵੀ ਸਨ , ਨਿਡਰ ਤੇ ਲੋਭ ਲਾਲਚ ਤੋ ਕਿਤੇ ਉਪਰ । ਉਹਨਾਂ ਨੇ ਸਿਮਰਨ ਵੀ ਕੀਤਾ ਤੇ ਜੰਗ ਵੀ ,ਜਰ ਜੋਰੁ ਜਾਂ ਜਮੀਨ ਲਈ ਨਹੀ ,ਨਾ ਕਿਸੇ ਨੂੰ ਦੁਖ ਪਹੁੰਚਾਣ ਲਈ ,ਸਗੋ ਗਰੀਬਾਂ ਤੇ ਮਜ੍ਲੂਮਾ ਦੀ ਰਖਿਆ ਕਰਨ ਤੇ ਜੋਰ ਜਬਰ ਦਾ ਟਾਕਰਾ ਕਰਨ ਲਈ । ਓਹਨਾਂ ਨੇ ਨਾ ਕਿਸੇ ਦੀ ਦੋਲਤ ਲੁਟੀ , ਨਾ ਜਮੀਨ ਜਾਇਦਾਦ ਤੇ ਕਬਜਾ ਕੀਤਾ , ਨਾ ਕਿਸੀ ਦੀ ਬਹੂ ਬੇਟੀ ਨੂੰ ਬੇਆਬਰੂ ਕੀਤਾ ਨਾ ਕਰਵਾਇਆ,ਨਾ ਕਿਸੇ ਨੂੰ ਕੈਦ ਕੀਤਾ , ਨਾ ਅੰਗ ਵਡੇ , ਨਾ ਸੂਲੀ ਤੇ ਚਾੜਿਆ , ਓਹ ਲੜੇ ਤੇ ਸਿਰਫ ਅਸੂਲਾਂ ਵਾਸਤੇ, ਹਕ ਤੇ ਸਚ ਦੀ ਰਾਖੀ ਕਰਨ ਵਾਸਤੇ ਓਹ ਵੀ ਤਦ ਜਦੋਂ ਬਾਕੀ ਸਾਰੇ ਸ਼ਾਂਤਮਈ ਢੰਗ ਫ਼ੇਲ ਹੋ ਚੁਕੇ ਸਨ ।
ਉਹਨਾਂ ਦੀਆ ਕੁਰਬਾਨੀਆਂ ਦਾ ਕੋਈ ਅੰਤ ਨਹੀ 9 ਸਾਲ ਦੀ ਉਮਰ ਵਿਚ ਪਿਤਾ ਨੂੰ ਤਿਲਕ ਤੇ ਜੰਜੂ ਦੀ ਰਖਿਆ ਵਾਸਤੇ ਕੁਰਬਾਨ ਕੀਤਾ , ਜਿਸ ਵਿਚ ਨਾ ਕਿਸੇ ਗੁਰੂ ਨੂੰ ਵਿਸ਼ਵਾਸ ਸੀ ਤੇ ਨਾ ਹੀ ਸਤਿਕਾਰ । ਸਿਰਫ 42 ਸਾਲ ਦੀ ਉਮਰ ਵਿਚ ਉਹਨਾ ਨੇ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਜਬਰ ਤੇ ਜੁਲਮ ਦੇ ਖਿਲਾਫ਼ ਕ੍ਰਾਂਤੀਕਾਰੀ ਸਿਧਾਂਤਾਂ ਨੂੰ ਸਿਖਰ ਤੇ ਪਹੁੰਚਾਇਆ , ਜਿਸ ਲਈ ਉਹਨਾ ਨੇ ਆਪਣੇ ਸਰਬੰਸ ਤੇ ਅਨੇਕਾਂ ਪਿਆਰੇ ਸਿਖਾ ਦੀ ਕੁਰਬਾਨੀ ਦਿਤੀ । ਉਹਨਾਂ ਦਾ ਹੋਸਲਾ ਵੀ ਕਮਾਲ ਦਾ ਸੀ ਇਤਨਾ ਕੁਝ ਵਾਪਰ ਗਿਆ ਪਰ ਫਿਰ ਵੀ ਚੜਦੀ ਕਲਾ ਵਿਚ ਰਹਿਕੇ ਰਬ ਦਾ ਸ਼ੁਕਰ ਮਨਾਉਂਦੇ ਰਹੇ । ਚਮਕੌਰ ਦੀ ਜੰਗ ਵਿਚ ਆਪਣੇ ਪੁਤਰਾਂ ਨੂੰ ਆਪਣੀ ਹਥੀਂ ਤਿਆਰ ਕਰਕੇ ਸ਼ਹਾਦਤ ਲਈ ਤੋਰਨਾ ,ਆਪਣੀ ਅਖੀਂ ਸ਼ਹੀਦ ਹੁੰਦਿਆਂ ਵੇਖ ਕੇ ਇਕ ਹੰਜੂ ਕੇਰੇ ਬਿਨਾ ਉਸ ਅਕਾਲ ਪੁਰਖ ਦਾ ਧੰਨਵਾਦ ਕਰਨਾ , ਦੋ ਪੁਤਰ ਸਰਹੰਦ ਦੀਆਂ ਨੀਹਾਂ ਵਿਚ ਚਿਣਵਾ ਦਿਤੇ ਗਏ, ਸੀ ਨਹੀ ਕੀਤੀ , ਸਿਤਮ ਜਫਾ ਕਹਿਰ ਦਾ ਮੁਕ਼ਾਬਲਾ ਪਿਆਰ ਤੇ ਸਿਦਕ ਨਾਲ ਕਰਨਾ ਇਹ ਕੋਈ ਆਮ ਗਲ ਨਹੀ । ਪੁਤਰ ਵੀ ਜਿਹਨਾਂ ਨੇ ਇਤਨੀ ਮਾਸੂਮ ਉਮਰ ਵਿਚ ਸ਼ਹਾਦਤ ਦੇਕੇ ਆਪਣੇ ਜਾਹੋ–ਜਲਾਲ ਨਾਲ ਨਾ ਕੇਵਲ ਸਿਖ ਇਤਿਹਾਸ ਰੋਸ਼ਨ ਕੀਤਾ ਬਲਕਿ ਸ਼ਹੀਦੀ ਦੀ ਇਕ ਐਸੀ ਮਿਸਾਲ ਕਾਇਮ ਕੀਤੀ ਜੋ ਦੁਨਿਆ ਦੇ ਇਤਿਹਾਸ ਨਾਲੋਂ ਵਖਰੀ ਹੈ।
ਜਿਤਨੇ ਖਿਤਾਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਹਨ ਸ਼ਾਇਦ ਹੀ ਕਿਸੇ ਹੋਰ ਮਹਾਪੁਰਸ਼ ਨੂੰ ਮਿਲੇ ਹੋਣ । ਉਹਨਾਂ ਨੂੰ ਸ਼ਹੀਦ ਪਿਤਾ ਦਾ ਪੁਤਰ ਤੇ ਸ਼ਹੀਦ ਪੁਤਰਾਂ ਦਾ ਪਿਤਾ ਬਣਨ ਦਾ ਮਾਣ ਮਿਲਿਆ ਉਹਨਾਂ ਦਾ ਸਾਰਾ ਜੀਵਨ ਦੇਸ਼ ਤੇ ਕੌਮ ਲਈ ਕੁਰਬਾਨੀਆਂ ਕਰਦੇ ਬੀਤਿਆ ਖਾਸ ਕਰਕੇ ਪੋਹ ਦੇ ਓਹ 7 ਦਿਨ ਜਿਨਾਂ ਨੂੰ ਸੁਣਕੇ ਹ਼ਰ ਇਕ ਦੇ ਰੋੰਗਟੇ ਖੜੇ ਹੋ ਜਾਂਦੇ , ਦਿਲ ਕੰਬ ਉਠਦਾ । ਚਾਰ ਪੁਤਰ ਤਿੰਨ ਪਿਆਰੇ ਤੇ 500 ਤੋ ਵਧ ਸੰਤ ਸਿਪਾਹੀ ਜੋ ਉਨਾਂ ਨੂੰ ਪੁਤਰਾਂ ਤੋਂ ਵਧ ਪਿਆਰੇ ਸੀ, ਸ਼ਹੀਦ ਹੋਏ ।
ਪਰ ਕੁਝ ਹਿੰਦੂ ਤੇ ਮੁਸਲਮਾਨਾਂ ਵਿਚੋਂ ਅਜੇਹੇ ਵੀ ਨੇਕ ਦਿਲ ਇਨਸਾਨ ਸੀ ਜਿਹਨਾਂ ਨੇ ਗੁਰੂ ਸਾਹਿਬ ਨੂੰ ਪੀਰ , ਮੁਰਸ਼ਦ ,ਭਗਵਾਨ,ਉਚ ਦੇ ਪੀਰ, ਸੰਤ, ਭਗਤ ਤੇ ਗੁਰੂ ਸਮਝ ਕੇ ਉਹਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਰਹੇ । ਇਸ ਧਰਮ ਯੁਧ ਵਿਚ ਅਨੇਕਾਂ ਹਿੰਦੂਆਂ, ਮੁਸਲਮਾਨਾਂ ਤੇ ਸਿਖਾਂ ਨੇ ਸਾਂਝਾ ਖੂਨ ਡੋਲਿਆ ਜਿਵੇ ਕੀ ਪੀਰ ਬੁਧੂ ਸ਼ਾਹ, ਮਹੰਤ ਕਿਰਪਾਲ ,ਨਬੀ ਖਾਨ ਤੇ ਗਨੀ ਖਾਨ ,ਕਾਜੀ ਪੀਰ ਮੁਹੰਮਦ , ਭਾਈ ਮੋਤੀਲਾਲ ਮੇਹਰਾ ,ਨਵਾਬ ਮਲੇਰਕੋਟਲਾ ਤੇ ਹੋਰ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ । ਇਕ ਪਾਸੇ ਓਹ ਪਠਾਨ ਸਨ ਜੋ ਲਾਲਚ ਦੀ ਖਾਤਰ ਗੁਰੂ ਸਾਹਿਬ ਨੂੰ ਜਿੰਦਾ ਪਕੜਨ ਲਈ ਪਿੱਛਾ ਕਰ ਰਹੇ ਸੀ ਤੇ ਦੂਜੇ ਪਾਸੇ ਗਨੀ ਖਾਨ ਤੇ ਨਬੀ ਖਾਨ ਵਰਗੇ ਪਠਾਨ ਜਿਹਨਾਂ ਨੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਬਣਾਕੇ ਐਸੀ ਜਗਾ ਤੇ ਪਹੁੰਚਾਇਆ ਜਿਥੇ ਉਹਨਾਂ ਦੀ ਜਿੰਦਗੀ ਲਈ ਕੋਈ ਖਤਰਾ ਨਹੀ ਸੀ । ਕਾਜ਼ੀ ਪੀਰ ਮੁਹੰਮਦ ਜੋ ਇਕ ਵਕਤ ਗੁਰੂ ਸਾਹਿਬ ਨੂੰ ਪੜਾਉਂਦਾ ਸੀ ਨੇ ਜਗਾ ਜਗਾ ਲਗੀ ਨਾਕਾਬੰਦੀ ਦੇ ਸ਼ਾਹੀ ਕਮਾਨਡਰਾਂ ਨੂੰ ਇਹ ਕਹਿਕੇ ਤਸਲੀ ਕਰਵਾਈ ,” ਇਹ ਉਚ੍ ਦੇ ਪੀਰਾਂ ਦੇ ਪੀਰ ਹਨ । ਅੱਲਾ ਦੇ ਪਿਆਰਿਆਂ ਨੂੰ ਰੋਕਣਾ ਗੁਨਾਹ ਹੈ ” । ਇਹ ਸੀ ਇਹਨਾਂ ਦਾ ਪਿਆਰ ਤੇ ਸਤਕਾਰ ਗੁਰੂ ਸਾਹਿਬ ਵਾਸਤੇ ।ਇਕ ਪਾਸੇ ਗੁਰੂ ਸਾਹਿਬ ਦੇ ਪੁਤਰਾਂ ਨੂੰ ਸਰਹੰਦ ਦੀਆਂ ਨੀਹਾਂ ਵਿਚ ਸ਼ਹੀਦ ਕਰਾਉਣ ਵਿਚ ਗੰਗੂ ਬ੍ਰਾਹਮਣ ਤੇ ਸੁਚਾ ਨੰਦ ਵਰਗੇ ਹਿੰਦੂ ਵੀ ਸਨ ਤੇ ਦੂਜੇ ਪਾਸੇ ਮੋਤੀ ਲਾਲ ਮੇਹਰਾ ਤੇ ਟੋਡਰ ਮਲ ਵਰਗੇ ਨੇਕ ਦਿਲ ਇਨਸਾਨ ਜਿਹਨਾਂ ਨੇ ਕੈਦਖਾਨੇ ਵਿਚ ਸਾਰਾ ਖਤਰਾ ਝੇਲ ਕੇ ਬਚਿਆਂ ਲਈ ਦੁਧ ਪਹੁੰਚਾਇਆ ਤੇ ਆਪਣਾ ਸਭ ਕੁਝ ਵੇਚ ਕੇ ਸਸਕਾਰ ਦੀ ਜਗਾ ਮੋਹਰਾਂ ਵਿਛਾ ਕੇ ਖਰੀਦੀ । ਦੀਨਾ ਪਿੰਡ ਦੇ ਚੋਧਰੀ ਲਖਮੀਰਾ ਤੇ ਸ਼ਮਸ਼ੀਰਾ ਨੂੰ ਜਦੋਂ ਸਰਹੰਦ ਦੇ ਨਵਾਬ ਨੇ ਗੁਰੂ ਗੋਬਿੰਦ ਸਿੰਘ ਨੂੰ ਉਸ ਦੇ ਹਵਾਲੇ ਕਰਨ ਦਾ ਹੁਕਮ ਦਿਤਾ ਤਾਂ ਉਹਨਾਂ ਦਾ ਜਵਾਬ ਸੀ ” ਗੁਰੂ ਸਾਹਿਬ ਸਾਡੇ ਪੀਰ ਹਨ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਤੇ ਧਰਮ ਹੈ , ਇਹਨਾਂ ਨੂੰ ਅਸੀਂ ਤੁਹਾਡੇ ਹਵਾਲੇ ਹਰਗਿਜ਼ ਨਹੀ ਕਰਾਂਗੇ । ਇਥੇ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇਕ ਲੰਬੀ ਚਿਠੀ ਲਿਖੀ ਜਿਸ ਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ ।
ਜਦ ਸਿੰਘਾ ਨੇ ਭਾਈ ਘਨਈਆ ਦੀ ਸ਼ਕਾਇਤ ਗੁਰੂ ਸਾਹਿਬ ਨੂੰ ਕੀਤੀ ਕਿ ਅਸੀਂ ਜੰਗ ਵਿਚ ਜੂਝ ਕੇ ਦੁਸ਼ਮਨ ਨੂੰ ਮਾਰਦੇ ਹਾਂ ਜਾਂ ਜਖਮੀ ਕਰਦੇ ਹਾਂ ਤੇ ਇਹ ਦੁਸ਼ਮਣਾ ਨੂੰ ਪਾਣੀ ਪਿਲਾ ਕੇ ਜੀਵਾਲਦਾ ਹੈ ਤਾਂ ਭਾਈ ਘਨੱਈਆ ਕੋਲੋ ਪੁਛਿਆ ਗਿਆ ,ਉਸਦਾ ਉਤਰ ਸੀ ,” ਪਾਤਸ਼ਾਹ ਮੈਨੂੰ ਤਾਂ ਕੋਈ ਦੁਸ਼ਮਨ ਨਜ਼ਰ ਨਹੀ ਆਓਂਦਾ ਹਰ ਇਕ ਵਿਚ ਤੁਹਾਡਾ ਹੀ ਰੂਪ ਨਜਰ ਆਓਂਦਾ ਹੈ ਤਾਂ ਗੁਰੂ ਸਾਹਿਬ ਨੇ ਉਸ ਨੂੰ ਮਰਹਮ ਦੀ ਡਬੀ ਦਿਤੀ ਤੇ ਪਾਣੀ ਪਿਲਾਣ ਦੇ ਨਾਲ ਨਾਲ ਮਰਮ–ਪਟੀ ਕਰਨ ਦੀ ਵੀ ਹਿਦਾਅਤ ਦਿਤੀ । ਉਹਨਾਂ ਨੂੰ ਵੀ ਕਿਥੇ ਕੋਈ ਦੁਸ਼ਮਨ ਨਜਰ ਆਉਂਦਾ ਸੀ । ਉਹ ਤਾ ਸਭ ਦਾ ਭਲਾ ਮੰਗਦੇ ਰਹੇ । ਉਹਨਾ ਦੀ ਟਕਰ ਜ਼ੁਲਮ ਨਾਲ ਸੀ ਕਿਸੇ ਇਨਸਾਨ ਨਾਲ ਨਹੀਂ ।
ਗੁਰੂ ਸਾਹਿਬ ਦੀ ਕਮਾਨ ਦੀ ਡੋਰੀ ਖਿੱਚਣ ਦੀ ਤਾਕਤ 496 ਪੋਂਡ ਮਤਲਬ ੨੩੫ ਕਿਲੋ ਦੀ ਹੁੰਦੀ ਸੀ । ਹਰ ਤੀਰ ਨਾਲ ।/2 ਤੋਲਾ ਸੋਨਾ ਲਗਾ ਹੁੰਦਾ ਸੀ ,ਸਿਰਫ ਇਸ ਕਰਕੇ ਕੀ ਅਗਰ ਕੋਈ ਵੈਰੀ ਜਖਮੀ ਹੋ ਜਾਏ , ਉਸ ਕੋਲ ਪੈਸੇ ਨਾ ਹੋਣ ਤਾ ਸੋਨਾ ਵੇਚ ਕੇ ਇਲਾਜ ਕਰਵਾ ਸਕੇ .ਔਰ ਅਗਰ ਉਸਦੀ ਮੋਤ ਹੋ ਜਾਏ ਤਾ ਉਸ ਲਈ ਕਫਨ–ਦਫਨ ਦਾ ਇੰਤਜ਼ਾਮ ਹੋ ਸਕੇ । ਵੈਰੀਆਂ ਜਾਂ ਵੈਰੀਆਂ ਦੇ ਪਰਿਵਾਰ ਬਾਰੇ , ਓਹਨਾ ਦੀ ਜਖਮੀ ਜਾਂ ਮੌਤ ਦੇ ਹਾਲਤ ਬਾਰੇ ਸੋਚਣਾ ਤੇ ਉਹਨਾਂ ਦੇ ਕਫਨ ਦਫਨ ਦਾ ਇੰਤਜ਼ਾਮ ਕਰਨਾ , ਇਤਨੀ ਡੂੰਘੀ ਤੇ ਉਚੀ ਸੋਚ ਕਿਸੇ ਆਮ ਇਨਸਾਨ ਦੀ ਜਾਂ ਕਿਸੇ ਫੌਜੀ ਜਰਨੈਲ ਦੀ ਨਹੀਂ ਹੋ ਸਕਦੀ , ਕਿਸੇ ਦਰਵੇਸ਼ , ਫਕੀਰ ਜਾਂ ਰਹਿਬਰ ਦੀ ਹੀ ਹੋ ਸਕਦੀ ਹੈ ।
ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ,ਤੇ ਜਿਤੀਆਂ ਵੀ ਪਰ ਕਦੀ ਕਿਸੇ ਤੇ ਆਪ ਹਮਲਾ ਨਹੀ ਕੀਤਾ । ਉਹਨਾਂ ਦੇ ਜੰਗੀ ਅਸੂਲ ਵੀ ਦੁਨੀਆ ਤੋ ਵਖ ਸਨ । ਕਿਸੇ ਤੇ ਪਹਿਲੇ ਹਲਾ ਨਹੀ ਬੋਲਣਾ ,ਪਹਿਲਾਂ ਵਾਰ ਨਹੀ ਕਰਨਾ , ਭਗੋੜੇ ਦਾ ਪਿਛਾ ਨਹੀਂ ਕਰਨਾ । ਉਹਨਾਂ ਦੀ ਕਿਸੇ ਨਾਲ ਦੁਸ਼ਮਨੀ ਜਾਂ ਵੈਰ ਵਿਰੋਧ ਨਹੀ ਸੀ । ਰਾਜਿਆਂ ਮਹਾਰਾਜਿਆਂ ਨੇ ਹਮਲੇ ਵੀ ਕੀਤੇ ਤੇ ਲੋੜ ਵੇਲੇ ਮਾਫੀਆਂ ਵੀ ਦਿੱਤੀਆਂ । ਔਰੰਗਜ਼ੇਬ ਨੇ ਅੰਤਾਂ ਦੇ ਜੁਲਮ ਕੀਤੇ ਤੇ ਕਰਵਾਏ ਪਰ ਜਦ ਉਸਨੂੰ ਅਹਿਸਾਸ ਹੋਇਆ ਤੇ ਆਪਣੀ ਭੁਲ ਬਖਸ਼ਾਣ ਲਈ ਗੁਰੂ ਸਾਹਿਬ ਨੂੰ ਮਿਨਤਾਂ ਤਰਲਿਆਂ ਨਾਲ ਸਦਿਆ ਤਾਂ ਗੁਰੂ ਸਾਹਿਬ ਸਭ ਕੁਝ ਭੁਲਾ ਕੇ ਜਾਣ ਲਈ ਤਿਆਰ ਹੋ ਗਏ ।
ਇਕ ਵਾਰੀ ਜਦ ਗੁਰੂ ਸਾਹਿਬ ਪੀਰ ਬੁਧੂ ਸ਼ਾਹ ਕੋਲ ਸਮਾਣੇ ਆਏ ਤਾ ਉਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਜੀ ਨੂੰ ਗੁਰੂ ਸਾਹਿਬ ਉਸਦੇ ਹਵਾਲੇ ਕਰਨ ਨੂੰ ਕਿਹਾ । ਪੀਰ ਬੁਧੂ ਸ਼ਾਹ ਨੇ ਇਨਕਾਰ ਕਰ ਦਿਤਾ ਪਰ ਇਤਨਾ ਮੰਨਵਾ ਲਿਆ ਕੀ ਜੇ ਮੈਂ ਉਹਨਾਂ ਦਾ ਖੂਨ ਤੇਨੂੰ ਦੇ ਦਿਆਂ ਤਾਂ ਤੂੰ ਔਰੰਗਜ਼ੇਬ ਦੀ ਤੱਸਲੀ ਕਰਵਾ ਸਕਦਾ ਹੈਂ । ਪੀਰ ਬੁਧੂ ਸ਼ਾਹ ਦੇ ਤੀਸਰੇ ਪੁਤਰ ਨੇ ਸਲਾਹ ਦਿਤੀ ਕੀ ਉਸਦਾ ਸਿਰ ਕਲਮ ਕਰ ਕੇ ਉਸਦਾ ਖੂੰਨ ਉਸਮਾਨ ਖਾਨ ਨੂੰ ਭੇਜ ਦਿਤਾ ਜਾਏ । ਪੀਰ ਬੁਧੂ ਸ਼ਾਹ ਨੇ ਇਵੇਂ ਹੀ ਕੀਤਾ । ਪਰ ਔਰੰਗਜ਼ੇਬ ਦੇ ਸ਼ਾਹੀ ਹਕੀਮ ਨੇ ਖੂਨ ਦੇਖਿਆ ਤੇ ਕਿਹਾ ਇਹ ਕਿਸੇ ਰਬੀ ਨੂਰ ਦਾ ਖੂਨ ਨਹੀਂ ਹੈ । ਉਸਮਾਨ ਖਾਨ ਨੂੰ ਬਹੁਤ ਗੁਸਾ ਆਇਆ । ਉਸਨੇ ਪੀਰ ਬੁਧੂ ਸਾਹ ਦੀ ਹਵੇਲੀ ਨੂੰ ਅੱਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ ਜਮੀਨ ਵਿਚ ਜਿੰਦਾ ਦਬ ਦਿਤਾ । ਸਿਰ ਤੇ ਦਹੀਂ ਪਾਕੇ ਜੰਗਲੀ ਕੁਤਿਆਂ ਨੂੰ ਛਡ ਦਿਤਾ ਜੋ ਉਹਨਾ ਨੂੰ ਨੋਚ ਨੋਚ ਕੇ ਖਾ ਗਏ ।
ਬੀਬੀ ਨਾਸੀਰਾਂ ਪੀਰ ਬੁਧੂ ਸ਼ਾਹ ਦੀ ਬੀਵੀ ਦੀ ਵੀ ਗੁਰੂ ਸਾਹਿਬ ਲਈ ਸ਼ਰਧਾ ਅੱਤ ਦੀ ਸੀ । ਜਦੋ ਪੀਰ ਬੁਧੂ ਸ਼ਾਹ ਭੰਗਾਣੀ ਦੀ ਜੰਗ ਤੋ ਵਾਪਿਸ ਆਏ ਤਾ ਬੀਬੀ ਨਸੀਰਾਂ ਨੂੰ ਕਿਹਾ ਤੇਰੇ ਦੋ ਪੁਤਰ ਸ਼ਹੀਦ ਕਰਵਾਕੇ ਆਇਆਂ ਹਾਂ ਤਾ ਬੀਬੀ ਨਸੀਰਾਂ ਰੋਣ ਲਗ ਪਈ , ਪੀਰ ਜੀ ਨੇ ਹੌਸਲਾ ਦਿਤਾ, ਚੁਪ ਕਰਾਇਆ ਤਾਂ ਬੀਬੀ ਨਸੀਰਾਂ ਨੇ ਦਸਿਆ ਕਿ ” ਮੈਂ ਇਸ ਕਰਕੇ ਨਹੀ ਰੋ ਰਹੀ ਕੀ ਮੇਰੇ ਦੋ ਪੁਤਰ ਸ਼ਹੀਦ ਹੋਏ ਹਨ ਮੈਂ ਇਸ ਕਰਕੇ ਰੋ ਰਹੀ ਹਾਂ ਕੀ ਜੋ ਦੋ ਵਾਪਿਸ ਆਏ ਹਨ ਉਹਨਾਂ ਨੂੰ ਜਮਣ ਵਿਚ ਮੇਰੇ ਕੋਲੋਂ ਕੀ ਭੁਲ ਹੋ ਗਈ ਹੈ ਜੋ ਗੁਰੂ ਸਾਹਿਬ ਨੇ ਕਬੂਲ ਨਹੀ ਕੀਤੇ , ਨਹੀ ਤਾਂ ਮੈ ਵੀ ਅਜ ਚਾਰ ਸ਼ਹੀਦ ਸਾਹਿਬਜਾਦਿਆਂ ਦੀ ਮਾਂ ਕਹਿਲਾਂਦੀ “। ਜਦੋਂ ਗੁਰੂ ਸਾਹਿਬ ਚਮਕੌਰ ਖੁਲੀ ਥਾਂ ਤੇ ਕੁਝ ਸਿੰਘਾ ਨਾਲ ਟਿਕੇ ਹੋਏ ਸੀ ਤਾਂ ਅਜਮੇਰ ਚੰਦ ਇਸ ਤਾਕ ਵਿਚ ਸੀ । ਉਸਨੇ ਮੌਕਾ ਦੇਖ ਕੇ ਲਾਹੌਰ ਦੇ ਦੋ ਓਮਰਾਓ ਜੋ 5000- 5000 ਦੀਆਂ ਫੌਜਾਂ ਲੇਕੇ ਦਿੱਲੀ ਵਲ ਨੂੰ ਜਾ ਰਹੇ ਸਨ , ਆਪਣੇ ਏਲਚੀ ਨੂੰ ਇਸ ਸਨੇਹੇ ਨਾਲ ,ਲੁਧਿਆਣੇ ਇਹਨਾਂ ਦੇ ਮਨਸਬਦਾਰਾਂ ਕੋਲ ਭੇਜ ਦਿਤਾ ” ਗੁਰੂ ਸਾਹਿਬ ਇਸ ਵੇਲੇ ਖੁਲੇ ਮੈਦਾਨ ਵਿਚ ਬੈਠੇ ਹੋਏ ਹਨ , ਤੁਸੀ ਸੋਖੇ ਹੀ ਉਹਨਾਂ ਤੇ ਕਾਬੂ ਪਾ ਸਕਦੇ ਹੋ ‘। ਇਸ ਸੁਨੇਹੇ ਤੇ ਦੋਨੋ ਹੀ ਉਮਰਾਓ ਬੜੇ ਖੁਸ਼ ਹੋਏ ਤੇ ਮੌਕੇ ਨੂੰ ਗਨੀਮਤ ਸਮਝ ਕੇ ਚਮਕੌਰ ਵਲ ਨੂੰ ਤੁਰ ਪਏ । ਗੁਰੂ ਸਾਹਿਬ ਨੂੰ ਲੁਧਿਆਣੇ ਤੋ ਖਬਰ ਮਿਲ ਗਈ । ਰਣਜੀਤ ਨਗਰਾ ਵਜਾਕੇ ਲੜਾਈ ਵਾਸਤੇ ਤਿਆਰ ਹੋ ਗਏ । ਜਦੋਂ ਦੋਨੋ ਪਾਸਿਓ ਟਾਕਰਾ ਹੋਇਆ ਤਾਂ ਉਮਰਾਓ ਨੂੰ ਬੜਾ ਅਚਰਜ ਹੋਇਆ ਕੀ ਇਤਨੀ ਥੋੜੀ ਫੌਜ਼ ਨਾਲ ਕਿਸ ਹਿੰਮਤ ਤੇ ਦਲੇਰੀ ਨਾਲ ਸਿਖ ਲੜ ਰਹੇ ਹਨ । ਓਹ ਅਗੇ ਹੋਕੇ ਆਪ ਗੁਰੂ ਸਾਹਿਬ ਨਾਲ ਜੰਗ ਕਰਨ ਲਈ ਵਧਿਆ । ਗੁਰੂ ਸਾਹਿਬ ਦਾ ਤੇਜ ਪ੍ਰਤਾਪ ਉਸਤੋਂ ਝ੍ਲਿਆ ਨਹੀਂ ਗਿਆ । ਓਹ ਘੋੜੇ ਤੋਂ ਉਤਰਿਆ , ਚਰਨਾ ਤੇ ਮਥਾ ਟੇਕਿਆ ਤੇ ਆਪਣੇ ਗੁਨਾਹ ਦੀ ਮਾਫ਼ੀ ਮੰਗਣ ਲਗਾ ਤੁਸੀਂ ਤਾਂ ਪੀਰਾਂ ਦੇ ਪੀਰ ,ਅਲਾਹ ਦਾ ਨੂਰ ਲਗਦੇ ਹੋ । ਗੁਰੂ ਸਾਹਿਬ ਨੇ ਉਸ ਨੂੰ ਥਾਪੜਾ ਦਿਤਾ , ਜ਼ੁਲਮ ਨਾ ਕਰਨ ਤੇ ਅਲਾਹ ਨੂੰ ਚੇਤੇ ਰਖਣ ਦੀ ਹਿਦਾਇਤ ਦਿਤੀ ।
ਪੰਡਤ ਸ਼ਿਵ ਦਾਸ ਨੂੰ ਗੁਰੂ ਸਾਹਿਬ ਵਿੱਚੋਂ ਕ੍ਰਿਸ਼ਨ ਜੀ ਦਿਸਦੇ ਸਨ । ਭੀਖਣ ਸ਼ਾਹ, ਵਰਗੇ ਨਾਮੀ ਫਕੀਰ ਜਿਹਨਾ ਦੇ ਦਰਸ਼ਨ ਕਰਨ ਲਈ ਹਕੂਮਤ ਦੇ ਬਾਦਸ਼ਾਹ ਪੈਦਲ ਚਲ ਕੇ ਆਇਆ ਕਰਦੇ ਸੀ ਤੇ ਕਈ ਕਈ ਘੰਟੇ ਦਰਸ਼ਨਾ ਲਈ ਇੰਤਜ਼ਾਰ ਕਰਦੇ ਸੀ ,ਓਹ ਫਕੀਰ ਕਈ ਕਈ ਘੰਟੇ ਪੈਦਲ ਚਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ,ਸਜਦਾ ਤੇ ਸੇਵਾ ਕਰਦੇ ਨਜਰ ਆਉਂਦੇ ਸਨ ।
ਉਹਨਾਂ ਨੇ ਸਿਖਾਂ ਨੂੰ ਖਾਲੀ ਜ਼ੁਲਮ ਦਾ ਟਾਕਰਾ ਕਰਨਾ ਹੀ ਨਹੀਂ ਸਿਖਾਇਆ ਜਿਥੇ ਉਹਨਾਂ ਨੇ ਸਿਖਾਂ ਲਈ ਸ਼ਸ਼ਤਰ ਪਹਿਨਣੇ ਜਰੂਰੀ ਅੰਗ ਬਣਾਇਆ ਉਥੇ ਨਿਤ ਨੇਮ ਦਾ ਪਾਠ ਕਰਨਾ ਵੀ ਅਵਸ਼ਕ ਕਰ ਦਿਤਾ । ਉਹਨਾਂ ਦਾ ਆਪਣਾ ਕਿਰਦਾਰ ਵੀ ਇਸ ਗਲ ਦੀ ਗਵਾਹੀ ਦਿੰਦਾ ਹੈ ,ਸਰਸਾ ਨਦੀ ਦੇ ਕਿਨਾਰੇ ਵਰਦੀਆਂ ਗੋਲੀਆਂ ਹੇਠ ਉਹਨਾਂ ਆਪਣਾ ਨਿਤਨੇਮ ਨਹੀਂ ਛਡਿਆ। ਉਹਨਾ ਦੀ ਬਾਣੀ ਅਕਾਲ ਉਸਤਤਿ ਤੇ ਜਾਪੁ ਸਾਹਿਬ ਹੁਣ ਤਕ ਸਿਖੀ ਨੂੰ ਰੂਹਾਨੀਅਤ ਦੇ ਦਰਸ਼ਨ ਕਰਾਉਂਦੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਤੇਰਾ ਤੇਰਾ ਸਾਖੀ ਨਾਲ ਜੋੜਦੀ ਹੈ ।
ਅਬਦੁਲ ਮਜੀਦ ਲਿਖਦੇ ਹਨ ,’ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੈਰੀ ਨਹੀਂ ਸੀ ” । ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ , ਨਿਮਾਜ਼ ਅਤੇ ਪੂਜਾ , ਮੰਦਰ ਅਤੇ ਮਸਜਿਦ ਵਿਚ ਕੋਈ ਫਰਕ ਨਾ ਕਰਦਾ ਹੋਵੇ , ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ ਨਾਲ ਟਾਕਰਾ ਕਰਨ ਲਈ ਖੜੇ ਹੋਣ , ਜਿਸਦੇ ਪੈਰੋਕਾਰ ਲੜਾਈ ਦੇ ਮੈਦਾਨ ਵਿਚ ਆਪਣੇ ਅਤੇ ਦੁਸ਼ਮਨ ਨੂੰ ਪਾਣੀ ਪਿਲਾਣ ਤੇ ਮਰਹਮ ਪਟੀ ਦੀ ਸੇਵਾ ਕਰਣ , ਜਿਸਦੇ ਲੰਗਰ ਵਿਚ ਹਰ ਮੁਸਲਮਾਨ , ਹਿੰਦੂ , ਸਿਖ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨ ਓਹ ਭਲਾ ਕਿਸੇ ਮਜਹਬ ਦਾ ਵੇਰੀ ਕਿਵੈ ਹੋ ਸਕਦਾ ਹੈ । ਓਹ ਵਖਰੀ ਗਲ ਹੈ ਕੀ ਉਸ ਵਕਤ ਜੋ ਜੁਲਮ ਕਰ ਰਹੇ ਸੀ ਇਤਫਾਕਨ ਮੁਸਲਮਾਨ ਸਨ । ਜੰਗਾਂ ਦੀ ਸ਼ੁਰੂਵਾਤ ਤਾਂ ਪਹਾੜੀ ਰਾਜੇ , ਜੋ ਕੀ ਹਿੰਦੂ ਸਨ , ਉਹਨਾਂ ਤੋ ਹੋਈ , ਜਿਸ ਵਿਚ ਪੀਰ ਬੁਧੂ ਸ਼ਾਹ , ਜੋ ਕੀ ਇਕ ਨਾਮੀ ਮੁਸਲਮਾਨ ਫਕੀਰ ਸਨ ਆਪਣੇ 700 ਮੁਰੀਦ , ਚਾਰ ਪੁਤਰ, ਭਰਾ ਤੇ ਭਤੀਜਿਆਂ ਸਮੇਤ ਗੁਰੂ ਸਾਹਿਬ ਨਾਲ ਆ ਖੜੇ ਹੋਏ । ਗੁਰੂ ਸਾਹਿਬਾਨਾ ਨੇ ਲੋੜ ਪਈ ਤਾਂ ਮੁਸਲਮਾਨਾ ਲਈ ਮਸੀਤਾ ਵੀ ਬਣਵਾਈਆਂ । ਬੰਦਾ ਬਹਾਦਰ , ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਵਕਤ ਵੀ ਮਸੀਤਾਂ ਬਣੀਆ ਪਰ ਅਜ ਤਕ ਕਿਸੇ ਸਿਖ ਨੇ ਢਾਹੀਆਂ ਨਹੀਂ ।
( ਚਲਦਾ )