ਜਿਸ ਗੁਰਦੁਆਰੇ ਵਿਚ ਇਹ ਬੈਨ ਹੈ ਕਿ ਮੁਸਾਫ਼ਰ ਇਥੇ ਰਹਿ ਹੀ ਨਹੀਂ ਸਕਦਾ, ਗ਼ਰੀਬ ਵਾਸਤੇ ਇਥੇ ਥਾਂ ਹੀ ਕੋਈ ਨਹੀਂ, ਕਿਸੇ ਨਿਮਾਣੇ ਦਾ ਸਹਾਰਾ ਹੀ ਕੋਈ ਨਹੀਂ, ਸਿਰਫ਼ ਕੀਰਤਨ ਹੋ ਸਕਦਾ ਹੈ,ਕਥਾ ਹੋ ਸਕਦੀ ਹੈ।
ਮੈਂ ਅਰਜ਼ ਕਰਾਂ ਉਹ ਗੁਰਦੁਆਰਾ ਚਾਹੇ ਸੰਗਮਰਮਰ ਦਾ ਬਣਿਆ ਹੋਵੇ, ਚਾਹੇ ਕਰੋੜਾਂ ਰੁਪਏ ਖ਼ਰਚ ਕਰਕੇ ਬਣਿਆ ਹੋਵੇ, ਉਹ ਕਿਸੇ ਦਾ ਘਰ ਹੋ ਸਕਦਾ ਹੈ, ਗੁਰੂ ਨਾਨਕ ਦਾ ਘਰ ਨਹੀਂ ਕਿਸੇ ਮਨੁੱਖ ਦਾ ਘਰ ਹੋ ਸਕਦਾ ਹੈ।
ਗੁਰੂ ਨਾਨਕ ਦਾ ਘਰ ਹੈ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਬੇਆਸਰਿਆਂ ਦਾ ਆਸਰਾ। ਗੁਰੂ ਨਾਨਕ ਦਾ ਘਰ ਹੈ ਗ਼ਰੀਬ ਨਿਵਾਜ਼, ਤੇ ਖ਼ਿਮਾ ਕਰਨੀ, ਐਸੀ ਗੱਲ ਜਿਸ ਗੁਰਦੁਆਰੇ ਵਿੱਚ ਨਾ ਹੋਵੇ, ਚਾਹੇ ਉਹ ਕੀਮਤੀ ਹੀਰੇ ਮੋਤੀਆਂ ਦਾ ਬਣਿਆ ਹੋਵੇ, ਉਹ ਕਿਸੇ ਦਾ ਘਰ ਹੈ, ਗੁਰਦੁਆਰਾ ਨਹੀਂ। ਜਿਵੇਂ ਕੋਈ ਮਹਾਰਾਜ ਦਾ ਆਪਣੇ ਘਰ ਵਿਚ ਪ੍ਰਕਾਸ਼ ਕਰ ਲੈਂਦਾ ਹੈ ਉਵੇਂ ਹੀ।
ਨਿਸ਼ਾਨ ਸਾਹਿਬ ਲਹਿਰਾਉਣ ਦਾ ਮਤਲਬ ਪਤਾ ਹੈ, ਕੀ ਹੈ?
ਇਕ ਪਿਆਸਾ ਤੇ ਭੁੱਖਾ ਪੰਛੀ ਉੱਡਦਾ ਪਿਆ ਹੈ,ਅਸਮਾਨ ਵਿਚ ਲੱਭਦਾ ਪਿਆ ਹੈ ਕੋਈ ਐਸਾ ਦਰੱਖ਼ਤ, ਜਿਥੇ ਛਾਇਆ ਵੀ ਮਿਲ ਸਕੇ ਤੇ ਫਲ ਵੀ ਮਿਲ ਸਕੇ, ਤੇ ਬੈਠਦਾ ਹੈ ਉਸ ਦਰੱਖ਼ਤ ਉੱਤੇ, ਜਿਥੇ ਛਾਂ ਹੋਵੇ, ਪਾਣੀ ਹੋਵੇ, ਫਲ ਹੋਵੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਸੰਦੇਸ਼ ਸੀ ਕਿ ਐ ਬੰਦੇ! ਜੇ ਤੂੰ ਬਹੁਤ ਸਾਰੇ ਘਰਾਂ ਤੋਂ ਨਿਰਾਸ਼ ਹੋ ਜਾਵੇਂ ਤਾਂ ਜਿਸ ਘਰ ਵਿਚ ਪੀਲਾ ਕੇਸ਼ਰੀ ਨਿਸ਼ਾਨ ਸਾਹਿਬ ਲਹਿਰਾ ਰਿਹਾ ਹੋਵੇ, ਤੂੰ ਮਾਣ ਨਾਲ ਆਖੀਂ, ਇਹ ਮੇਰਾ ਆਪਣਾ ਹੀ ਘਰ ਹੈ, ਨਿਆਸਰਿਆਂ ਦਾ ਆਸਰਾ ਹੈ।
ਮਹਾਰਾਜ ਦਾ ਹੁਕਮ ਹੈ ਕਿ ਤੁਸੀਂ ਆਪਣੇ ਘਰਾਂ ਨੂੰ ਹੀ ਗੁਰਦੁਆਰਾ ਬਣਾਓ, ਪਰ ਅਸੀਂ ਉਲਟੀ ਗੱਲ ਚਲਾ ਰੱਖੀ ਹੈ, ਗੁਰਦੁਆਰੇ ਨੂੰ ਹੀ ਘਰ ਬਣਾ ਛੱਡਦੇ ਹਾਂ। ਤੋ ਇਹ ਬੋਲ ਹੈ, ਜਿਸ ਗੁਰਦੁਆਰੇ ਵਿਚ ਮੁਸਾਫ਼ਰ ਵਾਸਤੇ ਕੋਈ ਥਾਂ ਨਹੀਂ, ਫਿਰ ਉਹ ਗੁਰਦੁਆਰਾ ਬਣਾਇਆ ਕਿਸ ਵਾਸਤੇ ਹੈ?
ਸਤਿਗੁ੍ਰੂ ਮਹਾਰਾਜ ਸਾਹਿਬ ਬਖ਼ਸ਼ਿਸ਼ ਕਰਨ ਕਿ ਗੁਰਦੁਆਰਿਆਂ ਨੂੰ ਅਸੀਂ ਇਸ ਤਰ੍ਹਾਂ ਸਵਾਰੀਏ ਕਿ ਗੁਰੂ ਨਾਨਕ ਦੀ ਪ੍ਰਸੰਨਤਾ ਡੁੱਲੵ-ਡੁੱਲ਼ ਪਏ।
✒✒ ਗਿਆਨੀ ਸੰਤ ਸਿੰਘ ਜੀ ਮਸਕੀਨ।