ਮਾਈ ਭਾਗ ਭਰੀ ਸ੍ਰੀ ਨਗਰ ਦੀ ਰਹਿਣ ਵਾਲੀ । ਇਸ ਦਾ ਲੜਕਾ ਭਾਈ ਸੇਵਾ ਦਾਸ ਕਟੜ ਬ੍ਰਾਹਮਣ ਗੁਰੂ ਦਾ ਸਿੱਖ ਬਣ ਗਿਆ । ਮਾਈ ਭਾਗ ਭਰੀ ਬਹੁਤ ਬਿਰਧ ਸੀ ਅੱਖਾਂ ਦੀ ਨਿਗਾਹ ਚਲੀ ਗਈ ਸੀ । ਇਸ ਨੇ ਆਪਣੇ ਪੁੱਤਰ ਪਾਸੋਂ ਸੁਣਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਿਹੜਾ ਸੱਚੇ ਦਿਲੋਂ ਯਾਦ ਕਰੇ ਅਤੇ ਉਨ੍ਹਾਂ ਤੇ ਪ੍ਰੇਮ ਤੇ ਸ਼ਰਧਾ ਰੱਖੇ ਤਾਂ ਉਹ ਆਪ ਕੇ ਘਰ ਦਰਸ਼ਨ ਦੇਂਦੇ ਹਨ । ਮਾਈ ਜੀ ਇਹ ਗੱਲ ਸੁਣ ਇਕ ਗਰਮ ਚੋਲਾ ਤਿਆਰ ਕਰ ਗੁਰੂ ਜੀ ਨੂੰ ਯਾਦ ਕਰਨ ਲੱਗੀ । ਗੁਰੂ ਜੀ ਦੇ ਦਿਲ ਦੇ ਪ੍ਰੇਮ ਦੀਆਂ ਤਾਰਾਂ ਖੜਕੀਆਂ ਮਾਈ ਤੋਂ ਚੋਲਾ ਆਣ ਮੰਗਿਆ ਤੇ ਨਾਲ ਹੀ ਉਸ ਕਈਆਂ ਵਰਿਆਂ ਦੀ ਜਾ ਚੁੱਕੀ ਨਜ਼ਰ ਵਾਪਸ ਪਰਤ ਆਈ । ਮਾਈ ਦੇ ਪ੍ਰੇਮ ਨੇ ਗੁਰੂ ਜੀ ਨੂੰ ਸੱਦ ਲਿਆ ।
ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਤਿਬਤ ਪ੍ਰਚਾਰ ਲਈ ਗਏ ਤਾਂ ਆਪ ਕਸ਼ਮੀਰ ਦੀ ਵਾਦੀ ਪ੍ਰਚਾਰ ਕੀਤਾ । ਹੁਣ ਇਹ ਦੂਜੇ ਗੁਰੂ ਜੀ ਸਨ ਜਿਨ੍ਹਾਂ ਨੇ ਇਸ ਪਾਸੇ ਪਰਚਾਰ ਯਾਤਰਾ ਆਰੰਭ ਕੀਤੀ । ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਵੀ ਕਸ਼ਮੀਰ ਤੱਕ ਮੰਜੀਆਂ ਸਥਾਪਤ ਕਰਕੇ ਪ੍ਰਚਾਰ ਕੀਤਾ ਸੀ । ਗੁਰੂ ਅਰਜਨ ਦੇਵ ਜੀ ਦੇ ਵੇਲੇ ਦੋ ਕਟੜ ਬ੍ਰਾਹਮਣ ਘਰੋਂ ਬਨਾਰਸ ਵਿਦਿਆ ਹਾਸਲ ਕਰਨ ਲਈ ਤੁਰੇ ਤਾਂ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਆ ਦਰਸ਼ਨ ਕੀਤੇ । ਏਥੇ ਇਨ੍ਹਾਂ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਤਾਂ ਇਨ੍ਹਾਂ ਦੀ ਨਿਸ਼ਾ ਹੋ ਗਈ । ਏਨੇ ਪ੍ਰਭਾਵਤ ਹੋਏ ਕਿ ਬਨਾਰਸ ਜਾਣ ਦਾ ਵਿਚਾਰ ਛੱਡ ਸਿੱਖੀ ਧਾਰਨ ਕਰ ਲਈ । ਇਸੇ ਤਰ੍ਹਾਂ ਇਕ ਕਟੂ ਸ਼ਾਹ ਨਾਮੀ ਮੁਸਲਮਾਨ ਤੋਂ ਸਿੱਖ ਬਣਿਆ ਸੀ । ਤਿਨ੍ਹਾਂ ਨੇ ਪ੍ਰਚਾਰ ਦੁਆਰਾ ਕਸ਼ਮੀਰ ਵਿਚ ਸਿੱਖੀ ਨੂੰ ਪ੍ਰਫੁੱਲਤ ਰਖਿਆ ਇਥੇ ਇਕ ਮਾਈ ਭਾਗ ਭਰੀ ਭਾਈ ਸੇਵਾ ਦਾਸ ਦੀ ਮਾਤਾ ਦੇ ਪਿਆਰ ਸਦਕਾ ਗੁਰੂ ਜੀ ਕਸ਼ਮੀਰ ਵਲ ਖਿਚੇ ਗਏ । ਗੁਰੂ ਜੀ ਲਾਹੌਰ ਤੋਂ ਸੰਗਤਾਂ ਨੂੰ ਤਾਰਦੇ ਸਿਆਲਕੋਟ ਪੁੱਜੇ । ਇਹ ਪੁਰਾਣਾ ਵਿਦਵਾਨਾਂ ਦਾ ਸ਼ਹਿਰ ਕਰਕੇ ਪ੍ਰਸਿੱਧ ਸੀ । ਇਥੇ ਵਿਦਵਾਨ , ਔਲੀਏ , ਫ਼ਕੀਰ ਤੇ ਸੰਤ ਉਚੇਚਾ ਮੌਲਵੀ ਅਬਦੁੱਲ ਹਕੀਮ ਆਦਿ ਆਪ ਨੂੰ ਮਿਲੇ । ਬੜੀਆਂ ਵਿਚਾਰ ਗੋਸ਼ਟੀਆਂ ਹੋਈਆਂ । ਚਾਪਰਨਲਾ ’ ਪਿੰਡ ਦੇ ਲਾਗੇ ਗੁਰੂ ਜੀ ਨੂੰ ਇਕ ਬਾਹਮਣ ਅਚਾਨਕ ਮਿਲ ਪਿਆ ਤਾਂ ਗੁਰੂ ਜੀ ਨੇ ਉਸ ਨੂੰ ਪੁਛਿਆਂ ਕਿ “ ਏਥੇ ਕਿਥੇ ਪੀਣ ਤੇ ਇਸ਼ਨਾਨ ਕਰਨ ਲਈ ਪਾਣੀ ਮਿਲੇਗਾ ? ” ਬ੍ਰਾਹਮਣ ਬੜੀ ਬੇਰੁੱਖੀ ਤੇ ਹੈਂਕੜ ਵਿਚ ਕਿਹਾ , “ ਏਥੋਂ ਪੱਥਰਾਂ ਚੋਂ ਕਿਥੋਂ ਪਾਣੀ ਲਭਦੇ ਹੋ ? ਗੁਰੂ ਜੀ ਉਨ੍ਹਾਂ ਪੱਥਰਾਂ ਵਿੱਚ ਨੇਜਾ ਖੋਭਿਆ ਤਾਂ ਪਾਣੀ ਦਾ ਫਵਾਰਾ ਚਲ ਪਿਆ । ਬਾਹਮਣ ਫਵਾਰਾ ਫੁਟਿਆ ਵੇਖ ਸ਼ਰਮਿੰਦਾ ਜਿਹਾ ਹੋ ਗਿਆ ਅਤੇ ਗੁਰੂ ਜੀ ਪਾਸੋਂ ਮਾਫੀ ਮੰਗੀ ਤੇ ਕਿਹਾ ਕਿ “ ਮਹਾਰਾਜ ਤੁਹਾਡੀ ਮਹਾਨਤਾ ਨੂੰ ਮੈਂ ਪਛਾਣ ਨਹੀਂ ਸਕਿਆ । ਮੈਨੂੰ ਖਿਮਾ ਬਖਸ਼ੋ । ” ਇਸ ਫਵਾਰੇ ਤੋਂ ਇਕ ਬੜਾ ਸੁੰਦਰ ਸਰੋਵਰ ਬਣਾਇਆ ਗਿਆ ਹੈ । ਜਿਸ ਨੂੰ ਗੁਰੂ ਸਰ ਕਹਿੰਦੇ ਹਨ ।
ਮਾਈ ਭਾਗ ਭਰੀ ਭਾਈ ਸੇਵਾ ਦਾਸ ਦੀ ਬਿਰਧ ਮਾਤਾ ਅੱਖਾਂ ਤੋਂ ਅੰਨੀ ਹੋ ਚੁੱਕੀ ਸੀ । ਜਦੋਂ ਘਰ ਗੁਰੂ ਜੀ ਦੀਆਂ ਗੱਲਾਂ ਕਰਦਿਆਂ ਨੂੰ ਸੁਣਦੀ ਤਾਂ ਉਸ ਦਾ ਜੀ ਵੀ ਗੁਰੂ ਜੀ ਦਰਸ਼ਨ ਕਰਨ ਨੂੰ ਦਿਲ ਕਰਦਾ ਪਰ ਉਨ੍ਹਾਂ ਦਿਨ੍ਹਾਂ ਵਿਚ ਨਾ ਕੋਈ ਸਿੱਧਾ ਰਾਹ ਨਾ ਕੋਈ ਗੱਡੀ ਮੋਟਰ ਹੁੰਦੀ ਸੀ ਤਗੜੇ ਪੁਰਸ਼ ਗੁਰੂ ਜੀ ਦੇ ਦਰਸ਼ਨ ਮੇਲੇ ਕਰ ਆਇਆ ਕਰਦੇ ਸਨ । ਇਕ ਦਿਨ ਭਾਈ ਮਾਧੋ ਜੀ ਵੀ ਇਨ੍ਹਾਂ ਦੇ ਘਰ ਆਏ ਹੋਏ ਸਨ । ਗੱਲਾਂ ਕਰ ਰਹੇ ਸਨ ਕਿ ਗੁਰੂ ਹਰਿਗੋਬਿੰਦ ਸਾਹਿਬ ਪਿਆਰ ਤੇ ਸ਼ਰਧਾ ਦੀ ਬੜੀ ਕਦਰ ਕਰਦੇ ਜਿਹੜਾ ਸਿੱਖ ਜਾਂ ਕੋਈ ਸੱਚੇ ਹਿਰਦੇ ਨਾਲ ਯਾਦ ਕਰਦੈ ਉਸ ਨੂੰ ਆ ਦਰਸ਼ਨ ਦੇਂਦੇ ਹਨ । ਇਨ੍ਹਾਂ ਦੀਆਂ ਆਪਸੀ ਗੱਲਾਂ ਸੁਣ ਮਾਈ ਭਾਗ ਨੇ ਵੀ ਸੋਚਿਆ ਮੈਂ ਵੀ ਗੁਰੂ ਜੀ ਨੂੰ ਸੱਚੇ ਦਿਲ ਨਾਲ ਯਾਦ ਕਰਾਂ ਤਾਂ ਉਹ ਜਰੂਰ ਆਉਣਗੇ । ਇਹ ਸੋਚ ਉਸ ਨੇ ਚੰਗੀ ਉਨ ਮੰਗਾਈ ਧੋ ਕੇ ਸਾਫ ਕਰ ਬਰੀਕ ਕੱਤੀ । ਫਿਰ ਦੋਹਰੀ ਕੀਤੀ ਤੇ ਕੱਤੀ । ਇਸ ਤਰਾਂ ਕਰਦਿਆਂ ਹਰ ਸਮੇਂ ਸੱਚੇ ਪਾਤਸ਼ਾਹ ਨੂੰ ਯਾਦ ਕਰਦੀ ।
ਹੌਲੀ – ਹੌਲੀ ਸਲਾਈਆਂ ਨਾਲ ਉਣਨਾਂ ਸ਼ੁਰੂ ਕੀਤਾ । ਰੋਜ਼ ਉਣਦਿਆਂ ਵੀ ਗੁਰੂ ਜੀ ਵਲ ਧਿਆਨ ਕਰਕੇ ਸੋਚਾਂ ਵਿੱਚ ਡੁੱਬ ਕਹਿਣਾ । “ ਮੈਂ ਅੰਨੀ ਦੇ ਭਾਗ ਕਿਥੋਂ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਾਂ । ਜੇ ਉਹ ਆ ਵੀ ਗਏ ਮੈਥੋਂ ਬਦ ਕਿਸਮਤ ਪਾਸੋਂ ਕਿਹੜਾ ਉਨ੍ਹਾਂ ਦਾ ਚਿਹਰਾ ਵੇਖਿਆ ਜਾਣਾ ਹੈ । ਇਸ ਤਰ੍ਹਾਂ ਰੋਜ਼ ਕਰਦਿਆਂ ਉਸ ਇੱਕ ਸੁੰਦਰ ਗਰਮ ਚੋਲਾ ਸੀਤਾ – ਧੋਤਾ ਤੇ ਜੋੜ ਦੇ ਸੰਦੂਕ ਵਿਚ ਰੱਖ ਲਿਆ ਕਿ ਪਤਾ ਨਹੀਂ ਉਨ੍ਹਾਂ ਕਦੋਂ ਆਉਣਾ ਹੈ । ਇਕ ਦਿਨ ਭਾਈ ਸੇਵਾ ਦਾਸ ਨੇ ਕਿਹਾ ਕਿ ਗੁਰੂ ਜੀ ਪੰਜਾਬ ਤੋਂ ਕਸ਼ਮੀਰ ਵੱਲ ਚੱਲ ਪਏ ਹਨ । ਮਾਤਾ ਖੁਸ਼ੀ ਵਿਚ ਉਛਲੀ ਚੋਲਾ ਸੰਦੂਕ ਵਿਚ ਕੱਢ ਪੁੱਤਰ ਨੂੰ ਦਿਖਾਉਂਦੀ ਹੈ । ਉਹ ਵੇਖ ਬਹੁਤ ਖੁਸ਼ ਹੋਇਆ ।
ਹੁਣ ਮਾਤਾ ਨੇ ਸਵੇਰੇ ਹੀ ਚੋਲਾ ਸੰਦੂਕ ਵਿੱਚੋਂ ਕੱਢ ਲਾਗੇ ਰੱਖ ਬੈਠ ਜਾਣਾ । ਰਾਤ ਫਿਰ ਸਾਂਭ ਕੇ ਸੰਦੂਕ ਵਿੱਚ ਰਖ ਦੇਣਾ । ਕਈ ਦਿਨ ਇਸ ਤਰ੍ਹਾਂ ਲੰਘ ਗਏ । ਇਕ ਦਿਨ ਚੋਲਾ ਕੱਢ ਕੇ ਹੰਝੂਆਂ ਦੀ ਝੜੀ ਲਾ ਦਿੱਤੀ । ਗੁਰੂ ਜੀ ਦੀ ਉਡੀਕ ਵਿਚ ਭਾਵੁਕ ਹੋ ਕੇ ਬੋਲਣ ਲੱਗੀ , “ ਮੈਂ ਪਤਾ ਨਹੀਂ ਕਿਹੋ ਜਿਹੀ ਪਾਪਣ ਹਾਂ ਜਿਹੜੇ ਗੁਰੂ ਜੀ ਅਜੇ ਨਹੀਂ ਬਹੁੜੇ ਖਬਰੇ ਮੇਰੇ ਸ਼ਰਧਾ ਤੇ ਪ੍ਰੇਮ ਵਿਚ ਕੋਈ ਘਾਟ ਹੈ ਜਿਹੜੇ ਗੁਰੂ ਜੀ ਮੈਨੂੰ ਅੰਨੀ ਨੂੰ ਦੇਖਣਾ ਪਸੰਦ ਨਹੀਂ ਕਰਦੇ ਜੇ ਗੁਰੂ ਜੀ ਆ ਵੀ ਗਏ , ਮੈਂ ਅੰਨੀ ਕਿਵੇਂ ਦਰਸ਼ਨ ਕਰਾਂਗੀ । “ ਇਸ ਤਰ੍ਹਾਂ ਕਰਦੀ ਦੀ ਅੱਖ ਲਗ ਗਈ । ਮਾਤਾ ਦੇ ਘਰ ਸ਼ੋਰ ਮੱਚ ਗਿਆ | ਆਵਾਜ਼ਾਂ ਆ ਰਹੀਆਂ , ਸੱਚੇ ਪਾਤਸ਼ਾਹ ਆ ਗਏ । ਮਾਤਾ ਉਬੜ ਵਾਹੇ ਉਠੀ ਲਾਗੋ ਟਟੋਲ ਕੇ ਚੋਲਾ ਫੜਦੀ ਹੈ।ਉਧਰ ਗੁਰੂ ਜੀ ਦੀ ਸੁੰਦਰ ਦਿਲ ਮੋਹਣੀ ਆਵਾਜ਼ ਆਈ ਹੈ “ ਮਾਤਾ ਤੇਰਾ ਚੋਲਾ ਲੈਣ ਆਇਆ ਹਾਂ ਮਾਤਾ ਦੇ ਕੰਨੀਂ ਪਈ ਕਪਾਟ ਖੁਲ ਗਏ । ਦਿਸਣ ਲਗ ਪਿਆ । ਚੋਲਾ ਭੁੱਲ ਹੀ ਗਿਆ ਗੁਰੂ ਜੀ ਚਰਨ ਪਕੜ ਸਿਰ ਚਰਨ ਤੇ ਸੁੱਟ ਦਿੱਤਾ ਗੁਰੂ ਜੀ ਮਾਈ ਨੂੰ ਗਲ ਨਾਲ ਲਾਇਆ ਤੇ ਮੁਖਾਰਬਿੰਦ ਤੋਂ ਫਿਰ ਕਿਹਾ “ ਮਾਈ ਚੋਲਾ ” ਤਾਂ ਮਾਤਾ ਨੇ ਮੰਜੇ ਤੋਂ ਚੋਲਾ ਲਿਆ ਕੇ ਗੁਰੂ ਜੀ ਨੂੰ ਉਸੇ ਵੇਲੇ ਇਸ ਨੂੰ ਗਲ ਪਾਉਣ ਦੀ ਬੇਨਤੀ ਕੀਤੀ । ਗੁਰੂ ਜੀ ਹੋਰਾਂ ਮਾਈ ਦਾ ਪਿਆਰ ਤੇ ਸ਼ਰਧਾ ਨਾਲ ਭਿਜਿਆ ਚੋਲਾ ਗਲ ਪਾਇਆ ਬੜੀ ਖੁਸ਼ੀ ਨਾਲ ਹੱਸੇ ਗੁਰੂ ਜੀ ਬਚਨ ਕੀਤਾ “ ਧੰਨ ਮਾਤਾ ਭਾਗ ਭਰੀ ਧੰਨ ਤੇਰਾ ਪਿਆਰ । ਗੁਰੂ ਜੀ ਦੇ ਦਰਸ਼ਨ ਕਰਨ ਦੀ ਦੇਰ ਸੀ ਕਿ ਮਾਤਾ ਜੀ ਸੱਚਖੰਡ ਜਾ ਬਰਾਜੀ । ਗੁਰੂ ਜੀ ਨੇ ਮਾਤਾ ਦਾ ਬਿਬਾਨ ਤਿਆਰ ਕਰ । ਆਪ ਚਿਖਾ ਤਿਆਰ ਕਰਵਾਈ ਆਪ ਅੰਤਮ ਅਰਦਾਸ ਕਰ ਕੇ ਦਾਗ ਦਿੱਤਾ । ਇਹੋ ਜਿਹੀ ਭਾਗਾਂ ਭਰੀ ਕੋਈ ਵਿਰਲੀ ਹੀ ਔਰਤ ਹੋਵੇਗੀ ਜਿਸ ਨੂੰ ਅੰਤਮ ਵੇਲੇ ਗੁਰੂ ਜੀ ਆਣ ਦਰਸ਼ਨ ਦੇਣ ਤੇ ਉਸ ਦੀ ਅੰਤਮ ਕਿਰਿਆ ਵੀ ਆਪ ਹੀ ਕੀਤੀ ਹੋਵੇਗੀ । ਜੋ ਇਹ ਭਾਗ ਭਰੀ ਹੀ ਭਾਗਾਂ ਵਾਲੀ ਸੀ ।
ਜਿਸ ਦੇ ਸੱਚ ਸਿਦਕ ਪਿਆਰ ਤੇ ਸ਼ਰਧਾ ਦੇ ਕੀਲੇ ਗੁਰੂ ਜੀ ਸਿਧੇ ਵਾਟਾਂ ਮਾਰਦੇ ਪੁੱਜੇ । ਗੁਰੂ ਜੀ ਨੇ ਸਤਾਰਵੀ ਤੇ ਆਪ ਭਾਈ ਸੇਵਾ ਦਾਸ ਜੀ ਦੇ ਸੀਸ ਤੇ ਦਸਤਾਰ ਬੰਨੀ । ਸੰਗਤਾਂ ਨੇ ਗੁਰੂ ਜੀ ਦੇ ਦਰਸ਼ਨਾਂ ਲਈ ਵਹੀਰਾਂ ਘੱਤੀਆਂ ਜਿੰਨੀ ਭੇਟਾ ਤੇ ਸੇਵਾ ਹਾਜ਼ਰ ਹੋਈ , ਉਸ ਦਾ ਇਥੇ ਮਾਈ ਦੀ ਯਾਦ ਵਿਚ ਇਕ ਗੁਰਦੁਆਰਾ ਤੇ ਲੰਗਰ ਚਾਲੂ ਕਰਨ ਲਈ ਕਿਹਾ । ਇਹ ਲੰਗਰ ਹੁਣ ਤੱਕ ਉਵੇਂ ਕਾਇਮ ਹੈ ਕਸ਼ਮੀਰੀ ਸਿੱਖਾਂ ਇਥੇ ਮਾਈ ਭਾਗ ਭਰੀ ਤੇ ਗੁਰੂ ਜੀ ਦੇ ਏਥੇ ਪਧਾਰਨ ਦੀ ਯਾਦ ਵਿਚ ਬਹੁਤ ਸੁੰਦਰ ਗੁਰਦੁਆਰਾ ਬਣਾ ਦਿੱਤਾ ਹੋਇਆ ਹੈ । ਮਹਿਮਾ ਪ੍ਰਕਾਸ਼ ਵਿਚ ਵੀ ਲਿਖਿਆ ਹੈ : ਪੁਨ ਸਭ ਬਸਤਰ ਸਤਿਗੁਰ ਪਹਿਰਾਇ ॥ ਜੋ ਪ੍ਰੀਤ ਨਾਲ ਨਿਜ ਹਾਥ ਬਣਾਏ ॥ ਸੂਰਜ ਪ੍ਰਕਾਸ਼ ਦੇ ਪੰਨਾ ੧੭੨੦ ਤੇ ਇਉਂ ਲਿਖਿਆ ਹੈ । ਧੰਨ ਜਨਮ ਬਿਰਧ ਕੋ ਕਹੈ ॥ ਜਿਸ ਕੀ ਮਮਤਾ ਜੋਗੀ ਹੈ ॥ ਸਤਿਗੁਰ ਕੀਆ ਇਸ ਕੋ ਪਾਇ ਸਸਕਾਰਨਿ ਕੋ ਕੀਨਿ ਉਪਾਇ ॥੩੦ ॥ ਸੂਰਜ ਪ੍ਰਕਾਸ਼ ਵਿਚ ਫਿਰ ਲਿਖਿਆ ਹੈ ਇਸ ਘਰ ਵਿਚ ਧਰਮ ਸਾਲ ਬਣ ਲੰਗਰ ਲਗ ਗਏ । ਦੇਗ ਚਲਾਵਿਨ ਲਾਗਿਓ ਤਹਾਂ । ਧਰਮਸਾਲ ਰਚਿ ਸੰਗਤ ਮਹਾਂ । ਇਹ ਅਸਥਾਨ ਕਾਠੀ ਦਰਵਾਜੇ ਅਸਥਿਤ ਹੈ । ਅਪਰ ਜਿਤਿਕ ਧੰਨ ਸੰਚੈ ਹੋਹਿ || ਸਤਿਗੁਰੂ ਢਿਗ ਪਹੁੰਚਾਵੈ ਸੋਹਿ ॥
ਦਾਸ ਜੋਰਾਵਰ ਸਿੰਘ ਤਰਸਿੱਕਾ।