ਦੀਵਾ

ਦੀਵੇ ਨੂੰ ਚਾਨਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਦੀਵਾ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ। ਪੰਜਾਬੀ ਸਮਾਜ ਦੀਆਂ ਬਹੁਤ ਸਾਰੀਆਂ ਰਸਮਾ ਵਿੱਚ ਦੀਵੇ ਦਾ ਹੋਣਾ ਲਾਜਮੀ ਹੈ।ਦੀਵਾ, ਜੋਤ, ਚਿਰਾਗ ਇਹ ਸਾਰੇ ਸ਼ਬਦ ਸਮਾਨ-ਅਰਥੀ ਹਨ। ਦੀਵਾ ਪੰਜਾਬੀ ਭਾਸ਼ਾ ਅਤੇ ਜੋਤ ਸੰਸਕ੍ਰਿਤ, ਦੀਪ ਹਿੰਦੀ, ਚਿਰਾਗ ਫ਼ਾਰਸੀ ਭਾਸ਼ਾ ਦੇ ਸ਼ਬਦ ਹਨ। ਜਗਦਾ ਦੀਵਾ ਜੀਵਨ ਰੂਪੀ ਜੋਤ ਹੈ, ਅਤੇ ਬੁੱਝਿਆ ਦੀਵਾ ਅਜੀਵਨ ਦਾ ਪ੍ਰਤੀਕ ਹੈ। ਇਸ ਲਈ ਜਗਦੇ ਦੀਵੇ ਨੂੰ ਸ਼ੁਭ ਅਤੇ ਬੁੱਝੇ ਦੀਵੇ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਦੀਵਾ ਮਿੱਟੀ, ਆਟੇ ਅਤੇ ਧਾਤ ਦਾ ਬਣਿਆ ਹੁੰਦਾ ਹੈ। ਈਸਾਈ ਧਰਮ ਵਿੱਚ ਲੈਂਪ ਜਾ ਮੋਮਬੱਤੀ ਦੀ ਵਰਤੋਂ ਕੀਤੀ ਜਾਂਦੀ ਹੈ। ਲੈਂਪ ਦੀਵੇ ਦਾ ਹੀ ਪਰਿਵਰਤਿਤ ਰੂਪ ਹੈ।
ਹਿੰਦੂ ਧਰਮ ਵਿੱਚ ਇਸ਼ਟ / ਦੇਵਤੇ ਅੱਗੇ ਜੋਤ ਜਗਾਈ ਜਾਂਦੀ ਹੈ। ਇਸ ਜੋਤ ਵਿੱਚ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਘਿਓ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਸਿੱਖ ਧਰਮ ਭਾਰਤੀ ਧਰਮਾਂ ਵਿੱਚ ਵਿਕਸਿਤ ਹੋਇਆ ਧਰਮ ਹੈ, ਇਸ ਲਈ ਸਿੱਖਾਂ ਵਿੱਚ ਵੀ ਘਿਉ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਗੁਰਦੁਆਰਿਆਂ ਵਿੱਚ ਵੀ ਘਿਉ ਦੀ ਜੋਤ ਜਗਾਈ ਜਾਂਦੀ ਹੈ।
ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜ
ਸੋਹੈ।।
ਦੀਵੇ ਦਾ ਜਿਕਰ ਗੁਰਬਾਣੀ ਵਿੱਚ ਕਈ ਵਾਰ ਆਉਦਾ ਹੈ ਜਿਵੇ
ਆਸਾ ਮਹਲਾ ੧ ॥ ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥
ਅਰਥ: ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ। ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ ।
ਧੂਪ ਦੀਪ ਘ੍ਰਿਤ ਸਾਜਿ ਆਰਤੀ ॥ ਵਾਰਨੇ ਜਾਉ ਕਮਲਾ ਪਤੀ ॥੧॥
ਦੀਵੇ ਦਾ ਇਤਿਹਾਸ ਸਤਿਜੁਗ ਵੇਲੇ ਦਾ ਹੀ ਮੰਨਿਆ ਜਾਦਾ ਹੈ ਲੋਕ ਆਟੇ ਦੇ ਦੀਵੇ ਬਣਾ ਕੇ ੳਸ ਵਿੱਚ ਘਿਓ ਪਾ ਕੇ ਦੀਵੇ ਬਾਲਦੇ ਸਨ । ਫੇਰ ਰਾਮ ਚੰਦਰ ਜੀ ਵੇਲੇ ਵੀ ਦੀਵੇ ਜਗਾ ਕੇ ਬਨਵਾਸ ਤੋ ਆਇਆ ਦਾ ਸਵਾਗਤ ਕੀਤਾ ਗਿਆ ਸੀ । ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋ ਗਵਾਲੀਅਰ ਦੇ ਕਿਲੇ ਵਿਚੋ ਰਿਹਾ ਹੋ ਕੇ ਦਰਬਾਰ ਸਾਹਿਬ ਪਹੁੰਚੇ ਸਨ ਉਸ ਵੇਲੇ ਵੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ । ਗੁਰੂ ਜੀ ਬਾਹਰ ਦੇ ਦੀਵੇ ਜਗਾਉਣ ਦੇ ਨਾਲ-ਨਾਲ ਅੰਦਰ ਦਾ ਦੀਵਾ ਜਗਾਉਣ ਤੇ ਬਹੁਤ ਜੋਰ ਦਿੰਦੇ ਹਨ , ਦੀਵਾ ਰੋਸਨੀ , ਖੁਸ਼ੀ ਤੇ ਅਣਖ ਦੀ ਪ੍ਰਤੀਕ ਮੰਨਿਆ ਜਾਦਾ ਹੈ ।
ਜਦੋ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਨੂੰ ਛੱਡਣ ਲੱਗੇ ਉਸ ਸਮੇ ਗੁਰਬਖਸ਼ ਉਦਾਸੀ ਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗੇ ਤੁਸੀ ਇਥੇ ਹੀ ਰੁਕਣਾ ਹੈ ਜਿਸ ਅਸਥਾਨ ਤੇ ਗੁਰੂ ਪਿਤਾ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਹੋਇਆ ਹੈ ਤੁਸੀ ਹਰ ਰੋਜ ਇਸ ਅਸਥਾਨ ਤੇ ਦੀਵਾ ਜਗਾਇਆ ਕਰਨਾ ਹੈ । ਕਿਉਕਿ ਦੀਵਾ ਉਸ ਦਾ ਹੀ ਜਗਦਾ ਹੈ ਜਿਸ ਦਾ ਪਰਿਵਾਰ ਹੁੰਦਾ ਹੈ । ਗੁਰੂ ਸਾਹਿਬ ਦੇ ਇਹ ਸਾਰੇ ਹੀ ਸਿੰਘ ਗੁਰੂ ਜੀ ਦਾ ਪਰਿਵਾਰ ਹਨ ਇਸ ਲਈ ਪਿਤਾ ਜੀ ਦਾ ਦੀਵਾ ਹਰ ਰੋਜ ਜਗਾਇਆ ਕਰਨਾ ਹੈ ।ਇਸੇ ਹੀ ਤਰਾ ਸ਼ਹੀਦ ਭਾਈ ਮਨਸਾ ਸਿੰਘ ਜੀ ਦੀ ਇਕ ਘਟਨਾ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ ਭਾਈ ਵੀਰ ਸਿੰਘ ਲਿਖਦੇ ਹਨ ।
ਖਾਲਸੇ ਲਈ ਜਦੋਂ ਤੁਰਕਾਨੀ ਕਹਿਰ ਦੁਪਹਿਰ ਵਾਂਗ ਚਮਕ ਰਿਹਾ ਸੀ, ਤਦ ਸੰਘਣੇ ਬਣਾਂ ਵਿਚ ਹੀ ਸਿਰ ਲੁਕਾਉਣ ਦੇ ਆਸਰੇ ਮਿਲਦੇ ਸੇ। ਸਹਿਰਾ ਜੰਗਲਾਂ ਵਿਚ ਸਿੱਖ ਦਾ ਕਿਤੇ ਪਤਾ ਨਹੀਂ ਸੀ ਲਗਦਾ। ਇਸੇ ਤਰ੍ਹਾਂ ਜਦੋਂ ਅੱਸੀ ਅੱਸੀ ਰੁਪਏ ਨੂੰ ਸਿੱਖ ਦਾ ਸਿਰ ਵਿਕਦਾ ਸੀ ਓਦੋਂ ਭਲਾ ਇਨ੍ਹਾਂ ਦੇ ਮੁੱਕਣ ਵਿਚ ਕੀ ਸੰਸਾ ਹੋ ਸਕਦਾ ਸੀ। ਸ਼ਹਿਰ ਸਿੱਖਾਂ ਲਈ ਉਜਾੜ ਹੋ ਗਏ ਅਰ ਜੰਗਲਾਂ ਵਿਚ ਵਸਤੀ ਹੋ ਗਈ। ਰਾਮਦਾਸ ਪੁਰੇ ਦਾ ਗਿਰਾਉਂ, ਜੋ ਅੱਜ ਵੀ ਸ੍ਰੀ ਅੰਮ੍ਰਿਤਸਰ ਦੀ ਘੁੱਘ ਵਸਦੀ ਨਗਰੀ, ਸਾਰੇ ਪੰਜਾਬ ਦੀਆਂ ਵਸਤੀਆਂ ਦੀ ਰਾਣੀ ਵਸਤੀ ਹੋ ਰਹੀ ਹੈ, ਜਿਸਦੇ ਰਚਣਹਾਰ ਸਿੱਖ ਹੀ ਸਨ , ਸਿੱਖਾਂ ਤੋਂ ਖਾਲੀ ਰਹਿ ਗਈ। ਗੁਰੂ ਕੇ ਬਜ਼ਾਰ ਚੌਂਕ ਪਾਸ਼ੀਆਂ ਵਾਲੇ ਇਲਾਕੇ ਵਿਚ ਕੁਝ ਗਰੀਬ ਖਤਰੀ ਦੁਕਾਨਦਾਰ ਅਤੇ ਹੋਰ ਮਿਹਨਤੀ ਲੋਕ ਸ਼ਹਿਰ ਦੀ ਸਾਰੀ ਵੱਲੋਂ ਰਹਿ ਗਏ ਸਨ। ਓਹ ਬੀਰ ਬਾਂਕਰੇ ਬਹਾਦਰ, ਜਿਨ੍ਹਾਂ ਦੀ ਛਬਿ ਨਾਲ ਛਬਿ ਦੀ ਛਬਿ ਹੈਸੀ ਟੋਲਿਆਂ ਨਾ ਮਿਲੇ। ਸ੍ਰੀ ਦਰਬਾਰ ਸਾਹਿਬ ਜੀ ਦਾ ਕੀ ਹਾਲ ਹੋ ਗਿਆ ? ਦਰਸ਼ਨੀ ਦਰਵਾਜ਼ੇ ਦਾ ਬੂਹਾ ਬੰਦ, ਦੋ ਪਹਿਰੇਦਾਰ ਬਰਕਨਦਾਜ਼ ਹਰ ਵੇਲੇ ਮੌਜੂਦ, ਵੱਡੀ ਪਰਕਰਮਾਂ ਵਿਚ ਚਾਰ ਬੰਦੂਕਚੀ ਰੌਂਦ ਵਾਸਤੇ। ਇਸ ਭੈ ਦੇ ਸਮੇਂ ਕੌਣ ਹੀਆ ਕਰੇ ਕਿ ਅੰਮ੍ਰਿਤ ਸਰੋਵਰ ਦੀ ਯਾਤਰਾ ਕਰੇ ਕਿ ਇਸ਼ਨਾਨ ਕਰ ਆਵੇ। ਜੋ ਸਿੰਘ ਬਹਾਦਰ ਪਹੁੰਚੇ ਬੀ ਸੋ ਦਰਸ਼ਨ ਤੇ ਇਸ਼ਨਾਨ ਕਰਕੇ ਸੀਸ ਨਜ਼ਰ ਕਰੇ। ਓਹ ਪਵਿਤ੍ਰ ਪੌੜ ਜੋ ਸੰਗਮਰਮਰ ਨਾਲ ਹੁਣ ਫਬ ਰਹੇ ਹਨ, ਅਰ ਜਿੱਥੇ ਅਸੀਂ ਗੱਪਾਂ ਮਾਰਦੇ ਟਹਿਲਦੇ ਹਾਂ, ਸੋ ਸੈਂਕੜੇ ਵੇਰ ਸਿੱਖਾਂ ਦੇ ਪਵਿਤ੍ਰ ਲਹੂਆਂ ਨਾਲ ਰੰਗੇ ਗਏ। ਜਿਤਨੇ ਸਿੱਖਾਂ ਦੇ ਸੀਸ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਪਰ ਲਗੇ ਹਨ ਜੇ ਸਾਰੇ ਕੱਠੇ ਕਰਕੇ ਪਰਕਰਮਾਂ ਵਿਚ ਬੀੜਕੇ ਰੱਖੀਏ ਤਾਂ ਫੇਰ ਬੀ ਪਤਾ ਨਹੀਂ ਸਮਾ ਸਕਣ ਕਿ ਨਹੀਂ। ਬਾਬਾ ਦੀਪ ਸਿੰਘ ਜੀ ਅਰ ਬਾਬਾ ਗੁਰਬਖਸ਼ ਸਿੰਘ ਜੀ ਨਾਲ ਕਈ-ਕਈ ਹਜ਼ਾਰ ਸਿੱਖ ਇਕ-ਇਕ ਦਿਨ ਵਿਚ ਹਰਿਮੰਦਰ ਦੀ ਖਾਤਰ ਜਾਨਾਂ ਪਰ ਖੇਡ ਗਿਆ ਸੀ, ਅਰ ਇਹ ਦੋਵੇਂ ਸੂਰਮੇ, ਜੋ ਲੱਖਾਂ ਤੇ ਭਾਰੂ ਸੇ, ਨਾਲ ਹੀ ਸ਼ਹੀਦ ਹੋਏ ਸੇ, ਜਿਨ੍ਹਾਂ ਦੇ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ ਵਿਚ ਮੌਜੂਦ ਹਨ।
ਭਲਾ ਇਸ ਭਿਆਨਕ ਸਮੇਂ, ਕਿ ਜਦ ਪਹਿਰੇ ਖੜੇ ਹਨ ਅਰ ਓਥੇ ਜਾਣਾ ਜਾਨ ਪਰ ਖੇਡਣਾ ਹੈ, ਸਿਦਕੀਆਂ ਤੋਂ ਬਾਝ ਕੌਣ ਸਿਰ ਸਿਰ ਬਾਜ਼ੀ ਲਾਕੇ ਖੇਡ ਸਕਦਾ ਸੀ ? ਪਰ ਬੀਰ ਸਿਖ ਕੌਮ ਪਾਸੋਂ ਇਹ ਕਦ ਹੋ ਸਕਦਾ ਸੀ ਕਿ ਮੰਦਰ ਦੇ ਦਰਵਾਜ਼ੇ ਬੰਦ ਰਹਿਣ ਤੇ ਝਾੜੂ ਤਕ ਬੀ ਨਾ ਹੋਵੇ? ਸਾਂਦਲ ਬਾਰ ਵਿਚ ਸ੍ਰੀ ਦਰਬਾਰ ਸਾਹਿਬ ਜੀ ਦਾ ਹਾਲ ਜੋ ਪਹੁੰਚਾ ਤਦ ਭਾਈ ਮਨਸਾ ਸਿੰਘ ਜੀ ਉਠ ਖੜੇ ਹੋਏ ਤੇ ਬੋਲੇ, ‘ਵਰ ਦਿਓ ਖਾਲਸਾ ਜੀ, ਸਾਡੇ ਇਸ਼ਟ ਮੰਦਰ ਦੀ ਸਾਡੇ ਬੈਠਿਆਂ ਸੇਵਾ ਵਿਸਰ ਰਹੀ ਹੈ, ਉਹ ਸੇਵਾ ਸਿਰ ਚਾਈਏ’ । ਜਥੇ ਨੇ ਅਰਦਾਸਾ ਸੋਧਕੇ ਪਿਆਰੇ ਬੀਰ ਨੂੰ ਤੋਰ ਦਿੱਤਾ। ਸੇਵਾ ਦੀ ਮਨਸ਼ਾ ਧਾਰਕੇ ਮਨਸਾ ਸਿੰਘ ਹੋਰੀ ਭੇਸ ਵਟਾ ਕੇ ਅੰਮ੍ਰਿਤਸਰ ਪਹੁੰਚੇ। ਸ਼ਹਿਰ ਤੋਂ ਬਾਹਰ ਇਕ ਡੂੰਘੀ ਖਾਈ ਦੇ ਕਿਨਾਰੇ ਇਕ ਘੁਰਾ ਪੁੱਟਿਆ, ਜਿਸ ਵਿਚ ਬੈਠਕੇ ਦਿਨ ਬਿਤਾਉਣਾ। ਭੇਸ ਵਟਾ ਕੇ ਖਾਣ ਪੀਣ ਲਈ ਲਾਗੇ ਦੇ ਪਿੰਡਾਂ ਵਿਚੋਂ ਲੈ ਆਉਣਾ। ਉਧਰ ਰਾਤ ਨੇ ਹਨੇਰਾ ਕੀਤਾ ਇਧਰ ਇਹ ਸ਼ੇਰ ਦੀ ਤਰ੍ਹਾਂ ਦਬਵੇਂ ਪੈਰ ਰੱਖਕੇ ਅਠਸਠ ਤੀਰਥ ਪਹੁੰਚੇ, ਸਿਰ ਪਰ ਝਾੜੂ, ਘਿਉ, ਦੀਵਾ, ਵੱਟੀ ਤੇ ਸੁਆਹ ਵਿਚ ਲੁਕਾਕੇ ਕੁੱਜੇ ਵਿਚ ਪਾਕੇ ਅਗਨੀ, ਕੁਝ ਲੀਰਾਂ, ਗੰਧਕ ਤੇ ਕੱਖ ਲੈਕੇ ਪਹੁੰਚੇ। ਚਾਰ ਚੁਫੇਰੇ ਤਸੱਲੀ ਕਰਕੇ ਕਿ ਪਹਿਰੇਦਾਰ ਅਵੇਸਲੇ ਹਨ, ਸਰੋਵਰ ਵਿਚ ਵਿਚ ਠਿੱਲ੍ਹ ਪਏ ਮੂਧਾ ਘੜਾ ਇਕ ਛਾਤੀ ਹੇਠ ਦੇ ਲਿਆ ਅਰ ਬੇ – ਮਲੂਮ ਪਹੁੰਚ ਪਏ। ਹਰਿ ਕੀ ਪੌੜੀ ਜਾ ਕੇ ਲੱਖ ਲੱਖ ਸ਼ੁਕਰ ਕੀਤਾ। ਅਪਣੇ ਇਸ਼ਟ ਮੰਦਰ ਦੇ ਦਰਸ਼ਨ ਕੀਤੇ। ਫੇਰ ਅੱਗੇ ਵਧੇ, ਬੜੀ ਹਿਕਮਤ ਨਾਲ ਬੂਹਾ ਖੋਲ੍ਹਕੇ ਅੰਦਰ ਵੜੇ। ਗਰਦੇ ਦੇ ਢੇਰ ਲੱਗੇ ਪਏ ਤੇ ਕਹਿਣਿਆਂ ਦੇ ਜਾਲੇ ਤਣੇ ਪਏ। ਪਹਿਰ ਰਾਤ ਲੰਘ ਚੁਕੀ ਸੀ, ਪਹਿਰੇ ਸੌਂ ਚੁਕੇ ਸਨ। ਸਿੰਘ ਹੋਰਾਂ ਨੇ ਬੜੇ ਪ੍ਰੇਮ ਨਾਲ ਝਾੜੂ ਦਿੱਤਾ, ਜਾਲੇ ਲਾਹੇ। ਇਕੁਰ ਕਰਦਿਆਂ ਤ੍ਰਿਪਹਿਰੇ ਦਾ ਸਮਾਂ ਢੁੱਕ ਪਿਆ। ਫੇਰ ਆਪ ਨੇ ਘੜੇ ਭਰ ਭਰ ਕੇ ਸਾਰੇ ਮੰਦਰ ਦਾ ਇਸ਼ਨਾਨ ਕਰਵਾਇਆ। ਦੀਵਾ ਤਾਂ ਪਹਿਲੇ ਹੀ ਜਗਾਕੇ ਰਖ ਦਿਤਾ ਸੀ। ਹੁਣ ਆਪ ਨੇ ਇਸ਼ਨਾਨ ਕੀਤਾ। ਅਰ ਇਕਲ – ਵੰਜੇ ਬੈਠਕੇ ਆਸਾ ਦੀ ਵਾਰ ਦਾ ਪਾਠ ਕੀਤਾ। ਘੁਸਮੁਸਾ ਵੇਲਾ ਅਜੇ ਨਹੀਂ ਸੀ ਹੋਇਆ ਜੋ ਸਿੰਘ ਹੋਰਾਂ ਨੇ ਗੰਧਕ ਘਿਓ ਰੂੰ ਝਾੜੂ ਘੜਾ ਸਾਫੇ ਆਦਿ ਲਟਾ ਪਟਾ ਸੰਭਾਲਕੇ ਰਖ ਦਿੱਤਾ ਤੇ ਦਰਵਾਜਾ ਭੀੜਕੇ ਜਿਸ ਰਸਤੇ ਆਏ ਸੇ ਉਸੇ ਰਸਤੇ ਚਲੇ ਗਏ।
ਦੂਜੇ ਦਿਨ ਕੇਵਲ ਥੋੜੀ ਜੇਹੀ ਅੱਗ ਸੁਆਹ ਵਿਚ ਲੁਕਾਕੇ ਲੈ ਕੇ ਉਸ ਵੇਲੇ ਉਸੇ ਤਰ੍ਹਾਂ ਤਰਕੇ ਜਾ ਪਹੁੰਚੇ ਅਰ ਅੱਗ ਪੁਰ ਗੰਧਕ ਪਾ ਕੇ ਝੱਟ ਦੀਵਾ ਜਗਾ ਲਿਆ ਤੇ ਉਸੇ ਤਰ੍ਹਾਂ ਸੇਵਾ ਤੇ ਪਾਠ ਕਰਕੇ ਤੁਰ ਆਏ। ਇਹ ਅਤੁੱਟ ਜਾਨ ਹੂਲਵੀਂ ਸੇਵਾ, ਇਹ ਕੌਮੀ ਧਰਮ ਕੇਂਦਰ ਦਾ ਪਿਆਰ, ਇਹ ਸਿਦਕ, ਇਹ ਇਸ਼ਟ ਨ ਇਸ਼ਕ ਦਾ ਮੇਲ ਕਈ ਮਹੀਨੇ ਨਿਭਦਾ ਰਿਹਾ। ਇਕ ਦਿਨ ਕੋਈ ਹਾਕਮ ਮੰਦਰ ਨੂੰ ਦੇਖਣ ਵਾਸਤੇ ਆਇਆ। ਜਦ ਅੰਦਰ ਆਏ ਤਦ ਮੰਦਰ ਚਾਨਣਾ ਚਰਾਗ ਪਿਆ ਹੈ। ਕਿਤੇ ਘੱਟੇ ਦਾ ਨਾਂ ਨਹੀਂ, ਦੀਵਾ ਵੀ ਬਲ ਰਿਹਾ ਹੈ। ਕੁਟੀਆ ਵਿਚ ਸਫਾਈ ਦਾ ਸਾਮਾਨ ਬੀ ਧਰਿਆ ਹੈ। ਇਹ ਦੇਖਕੇ ਸਮਝ ਪੈ ਗਈ ਕਿ ਕਦੀ ਨਾ ਹਾਰਨ ਵਾਲੇ, ਕਦੀ ਨਾ ਡਾਂਟੇ ਜਾਣ ਵਾਲੇ, ਕਦੀ ਨਾ ਭੈ ਮੰਨਣ ਵਾਲੇ, ਪਰ ਕਦੀ ਨਾ ਘੱਟ ਨਿਕਲਣ ਵਾਲੇ, ਸਹਿਨਸ਼ੀਲ, ਅਜਰ ਨੂੰ ਜਰਨ ਵਾਲੇ ਖਾਲਸਾ ਬਹਾਦਰ ਸਾਡੀ ਅੱਖੀਂ ਘੱਟਾ ਪਾ ਕੇ ਆਪਣੇ ਧਰਮ ਅਸਥਾਨ ਨੂੰ ਭੁੱਲ ਵਿਚ ਨਹੀਂ ਪੈਣ ਦੇਂਦੇ। ਕੋਈ ਸਿੰਘਣੀ ਮਾਂ ਦਾ ਦੁਲਾਰਾ, ਕੋਈ ਸਿੰਘ ਪਿਤਾ ਦੇ ਜਿਗਰ ਦਾ ਟੁਕੜਾ, ਕੋਈ ਪੰਥ ਦਾ ਹੀਰਾ, ਕੋਈ ਅੰਮ੍ਰਿਤ ਦਾ ਅਮਰ ਹੋਇਆ ਸੂਰਾ ਰਾਤੀਂ ਕਿਸੇ ਵੇਲੇ ਰੋਜ਼ ਆ ਕੇ ਸੇਵਾ ਕਰ ਜਾਂਦਾ ਹੈ।
ਹੁਣ ਕਹਿਰਾਂ ਦੀ ਰਾਤ ਆਈ। ਛੈਹਾਂ ਮਾਰ ਕੇ ਪਹਿਰੇ ਬਿਠਾਏ ਗਏ। ਬੇ ਖ਼ਬਰ ਭਾਈ ਮਨਸਾ ਸਿੰਘ ਜੀ ਆਏ, ਤਾਰਿਆਂ ਦੇ ਚਾਨਣੇ ਵਿਚ ਦੀਹਦਾ ਤਾਂ ਕੁਝ ਨਹੀਂ, ਪਰ ਜੋ ਆਤਮਾ ਵਾਹਿਗੁਰੂ ਦੀ ਯਾਦ ਨਾਲ ਹੌਲੇ ਫੁਲ ਹੋਏ ਹੁੰਦੇ ਹਨ ਉਨ੍ਹਾਂ ਪਰ ਸੰਕਲਪਾਂ ਦਾ ਅਸਰ ਪੈ ਜਾਇਆ ਕਰਦਾ ਹੈ, ਹਰਿਮੰਦਰ ਦਾ ਵਾਯੂ ਮੰਡਲ, ਜੋ ਐਸ ਵੇਲੇ ਨਿਰੋਲ ਹੁੰਦਾ ਸੀ, ਅੱਜ ਭਾਈ ਜੀ ਪਰ ਦਬਾਵਾਂ ਅਸਰ ਕਰ ਰਿਹਾ ਹੈ, ਵਿਚਾਰਦੇ ਹਨ ਕਿ ਇਥੇ ਅਜ ਕੁਝ ਹੈ, ਪਰ ਮਨ ਦੇ ਖੋਜੀ ਜੀ ਇਹ ਵਿਚਾਰਦੇ ਹਨ ਕਿ ਮਤਾਂ ਮਨ ਸੇਵਾ ਤੋਂ ਅਲਸਾਉਂਦਾ ਹੋਵੇ ਅਰ ਸਾਨੂੰ ਬੇਮੁਖ ਕਰਦਾ ਹੋਵੇ। ਇਹ ਭਾਰ ਮਨ ਦੇ ਆਲਸ ਦਾ ਨਾ ਹੋਵੇ, ਇਹ ਵਿਚਾਰਕੇ ਅਰਦਾਸਾ ਸੋਧਿਆ, ਭੁੱਲ ਬਖਸ਼ਾਈ। ਫੇਰ ਅਠਸਠ ਤੀਰਥ ਪਰ ਇਕ ਪੌੜੀ ਉਤਰੇ। ਪੈਰ ਨਹੀਂ ਉਤਰਦੇ। ਭਾਈ ਜੀ ! ਤੁਹਾਡਾ ਨਿਰਮਲ ਮਨ ਧੋਖਾ ਨਹੀਂ ਕਰ ਰਿਹਾ, ਇਸਦੇ ਕਹੇ ਲਗ ਜਾਓ ! ਪਰ ਹਾਇ ਮਨਮਤਿ ਤੋਂ ਡਰਦੇ ਮਨਸਾ ਸਿੰਘ ਜੀ ਆਪਣੇ ਸ਼ੀਸ਼ੇ ਹਿਰਦੇ ਦੀ ਪਰਵਾਹ ਨਾ ਕਰਦੇ ਠਿੱਲ੍ਹ ਪਏ। ਹਰਿ ਕੀ ਪੌੜੀ ਪਹੁੰਚੇ। ਬੂਹਾ ਖੋਲਿਆ, ਦੀਵਾ ਜਗਾਇਆ। ਸੇਵਾ ਕੀਤੀ, ਫੇਰ ਬੈਠਕੇ ਆਸਾ ਦੀ ਵਾਰ ਉਚਾਰੀ, ਭੋਗ ਪਾਇਆ, ਅਰਦਾਸਾ ਸੋਧਿਆ, ਡੰਡੌਤ ਕੀਤੀ, ਸਮਾਨ ਸਾਂਭਿਆ, ਬੂਹਾ ਢੋਇਆ, ਅਰ ਹਰਿ ਕੀ ਪੌੜੀ ਅੱਪੜੇ, ਪਉੜੀ ਉਤਰੇ: ਔਹ ਕੀ ਹੋਇਆ ? ਅੱਗ ਜਿਹੀ ਚਮਕੀ, ਤੋੜਾ ਦਾਗ਼ਿਆ ਗਿਆ, ਗੋਲੀ ਚਲੀ। ਭਾਈ ਜੀ ਤਹ੍ਰਿਕੇ ਤ੍ਰਬਕੇ ਨਹੀਂ। ਸ਼ੇਰ ਦੇ ਭਾਣੇ ਕਿਸੇ ਦਾਣੇ ਦੇ ਭੁੱਜਣ ਦਾ ਤੜਾਕਾ ਹੈ। ਪਲਕੁ ਖੜੋਕੇ ਚਾਰ ਚੁਫੇਰੇ ਤੱਕਿਆ, ਹਨੇਰੇ ਵਿਚ ਕੀ ਨਜ਼ਰ ਪਵੇ, ਸਲਾਹ ਕੀਤੀ ਕਿ ਅੱਜ ਦੱਖਣ ਦੀ ਨੁਕਰੇ ਚੱਲ ਲਗੀਏ, ਅਰ ਮੁਰਦਾ ਤਾਰੀ ਤਰੀਏ, ਪਰ ਕਿਥੇ, ਇਕ ਪੌੜੀ ਉਤਰੇ ਹੀ ਸੀ ਕਿ ਫੇਰ ਬੰਦੂਕ ਚੱਲੀ, ਚੱਲੀ ਤਾਂ ਸਹੀ, ਪਰ ਨਿਸ਼ਾਨਾ ਭਾਈ ਹੁਰੀਂ ਨਹੀਂ ਹਨ। ਅਜੇ ਤੀਜਾ ਪੌੜ ਉਤਰੇ ਨਹੀਂ ਸਨ ਕਿ ਚਾਰ ਬਲੀ ਪਠਾਣਾਂ ਨੇ ਝੱਟ ਬਾਹੋਂ ਫੜ ਲਿਆ। ‘ਮਰਦੂਦ ਕਹਾਂ ਜਾਤਾ ਹੈ ? ‘ ਭਾਈ ਜੀ ਡਰੇ ਨਹੀਂ, ਜਾਣੋ ਇਸ ਦਿਹਾੜੇ ਨੂੰ ਹਰ ਵੇਲੇ ਸਿਰ ਤੇ ਪਹੁਤਾ ਜਾਣਦੇ ਸੀ। ਪਰਤ ਕੇ ਕੀ ਦੇਖਦੇ ਹਨ ਕਿ ਇਕ ਗਾਰਦ ਦੀ ਗਾਰਦ ਹੀ ਖੜੀ ਹੈ ਝਟ ਪਟ ਮੁਸ਼ਕਾਂ ਕੱਸੀਆਂ ਗਈਆਂ ਤੇ ਬੰਦੀਖਾਨੇ ਵਿਚ ਪਹੁੰਚਾਏ ਗਏ। ਦਿਨ ਹੋਇਆ ਹਰਿਕੀ ਪੌੜੀ ਦੇ ਕਿਨਾਰੇ ਤੁਰਕ ਹਾਕਮ ਇਕੱਠੇ ਆ ਬੈਠੇ। ਭਾਈ ਜੀ ਬੱਝੇ ਬਝਾਏ ਇਕ ਰੱਸੇ ਨਾਲ ਬੰਨ੍ਹਕੇ ਅੰਮ੍ਰਿਤ ਵਿਚ ਸਿੱਟੇ ਗਏ। ਜਿਸ ਵੇਲੇ ਦੋ ਚਾਰ ਗੋਤੇ ਆ ਗਏ, ਫੇਰ ਕੱਢਕੇ ਬਾਹਰ ਰੱਖ ਦਿਤਾ ਤੇ ਤਮਾਸ਼ਬੀਨਾਂ ਨੇ ਕਿਹਾ ‘ਕਿਉਂ ਬੇ ! ਫਿਰ ਸਰਕਾਰੀ ਹੁਕਮ ਦੇ ਉਲਟ ਕਰੇਗਾ ? ‘ ਪਰ ਸਿੰਘ ਹੋਰੀਂ ਤਾਂ ਸੁਖਮਨੀ ਸਾਹਿਬ ਦੇ ਪਾਠ ਵਿਚ ਲੱਗੇ ਹੋਏ ਹਨ, ਜਵਾਬ ਕੌਣ ਦੇਵੇ। ਫਿਰ ਗੋਤੇ ਦੇ ਕੇ ਕਿਹਾ ‘ਕਿਆ ਮੁਸਲਮਾਨ ਹੋਗਾ ?’ ਬੋਲੇ ਕੌਣ ? ਫਿਰ ਗੋਤੇ ਦਿੱਤੇ। ਇਕੁਰ ਘੰਟਾ ਕੁ ਖਪਾ ਖਪਾ ਤੇ ਹੈਰਾਨ ਕਰ ਕਰ ਕੇ ਫਿਰ ਅੰਮ੍ਰਿਤ ਵਿਚ ਸਿੱਟਿਆ। ਅਰ ਇਕ ਬਰਕਨਦਾਜ਼ ਨੇ ਡੁਬਦੇ ਸਿੰਘ ਹੋਰਾਂ ਨੂੰ ਗੋਲੀ ਦਾ ਨਿਸ਼ਾਨਾ ਕਰ ਦਿੱਤਾ। ਪਵਿਤ੍ਰ ਦੇਹ ਪਵਿਤ੍ਰ ਅੰਮ੍ਰਿਤ ਵਿਚ ਲੀਨ ਹੋ ਗਈ। ਆਤਮਾ ਪਿਆਰੇ ਪਿਤਾ ਦੇ ਚਰਨਾਂ ਵਿਚ ਪਹੁੰਚੀ। ਧੰਨ ਸਿੱਖੀ ! ਧੰਨ ਸਿੱਖੀ ! ਪੰਥ ਨੂੰ ਕੀ ਪਤਾ ਲਗਣਾ ਸੀ ਕਿ ਪਿਆਰਾ ਕੀ ਕਰ ਗਿਆ ਹੈ, ਪਰ ਤੁਰਕ ਹਾਕਮਾਂ ਨੇ ਡਰ ਬਿਠਾਉਣ ਪਿੱਛੇ ਇਸ ਨੂੰ ਉੱਘਾ ਕੀਤਾ, ਪਰ ਭੈ ਨਾ ਦੇਣ ਵਾਲੇ ਕਦ ਡਰ ਮੰਨਦੇ ਹਨ। ੳਹ ਗੁਰੂ ਜੀ ਦੇ ਦਰ ਤੇ ਦੀਵਾ ਬਾਲਦੇ ਬਾਲਦੇ ਗੁਰੂ ਜੀ ਦੀ ਪਵਿੱਤਰ ਗੋਦ ਵਿੱਚ ਜਾ ਬਿਰਾਜੇ ਸਨ ।
ਦੀਵੇ ਨਾਲ ਕਈ ਲੋਕ ਵਿਸ਼ਵਾਸ ਜੁੜੇ ਹੋਏ ਹਨ।ਦੀਵਾ ਫੂਕ ਮਾਰ ਕੇ ਨਹੀਂ ਬੁਝਾਇਆ ਜਾਂਦਾ, ਅਜਿਹਾ ਕਰਨ ਨਾਲ ਦੀਵੇ ਉਤੇ ਮੂਹ ਦਾ ਥੁੱਕ ਪੈਦਾਂ ਹੈ ਕਿਉਕਿ ਦੀਵੇ ਨੂੰ ਪਵਿੱਤਰ ਮੰਨਿਆ ਗਿਆ ਹੈ । ਜਿਸ ਥਾਂ ਤੇ ਦੀਵਾ ਰੱਖਿਆ ਜਾਂਦਾ ਹੈ, ਉਸ ਨੂੰ ‘ ਦੀਵਟ’ ਕਹਿੰਦੇ ਹਨ।ਜਦੋਂ ਸ਼ਾਮ ਨੂੰ ਘਰਾਂ ਵਿੱਚ ਦੀਵਾ ਜਗਾਇਆ ਜਾਂਦਾ ਹੈ ਤਾਂ ਵਡੇਰੀਆਂ ਔਰਤਾਂ ਉਸਨੂੰ ਮੱਥਾਂ ਟੇਕਦੀਆਂ ਹਨ ਤੇ ਇਹ ਤੁਕਾਂ ਉਚਾਰਦੀਆਂ ਹਨ-:
ਆਈ ਸੰਝਕਾਰਨੀ
ਸੱਭੇ ਦੁਖ ਨਿਵਾਰਨੀ
ਦੀਵਟ ਦੀਵਾ ਬਲੇ
ਸੱਤਰ ਸੌ ਬਲਾ ਟਲੇ
ਦੀਵਟ ਘਿਉ ਦੀ ਬੱਤੀ
ਘਰ ਆਵੇ ਬਹੁਤੀ ਖੱਟੀ
ਦੀਵਟ ਦੀਵਾ ਬਾਲਿਆਂ
ਬੱਤੀ ਦੋਸ਼ ਟਾਲਿਆ।
ਦੀਵੇ ਨੂੰ ਬੁਝਾਉਣ ਲੱਗਿਆ ਵੀ ਆਦਰ ਨਾਲ ਵਿਦਾ ਕੀਤਾ ਜਾਂਦਾ ਹੈ,ਜਿਵੇਂ-:
ਜਾ ਦੀਵਿਆਂ ਘਰ ਆਪਣੇ
ਤੇਰੀ ਮਾਂ ਉਡੀਕੇ ਵਾਰ।
ਭੁੱਲ ਚੁੱਕ ਦੀ ਮੁਆਫੀ ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




top