8 ਮਹੀਨਿਆ ਦੇ ਘੇਰੇ ਤੋ ਬਾਦ ਗੁਰਦਾਸਪੁਰ ਗੜੀ ਤੋ ਬਾਬਾ ਬੰਦਾ ਸਿੰਘ ਜੀ ਦੇ ਨਾਲ ਫੜ ਕੇ ਲਿਆਂਦੇ 700+ ਸਿੰਘਾਂ ਨੂੰ ਦਿੱਲੀ ਦੇ ਬਾਦਸ਼ਾਹ ਫ਼ਰਖਸ਼ੀਅਰ ਦੇ ਹੁਕਮ ਨਾਲ ਜਦੋਂ ਸ਼ਹੀਦ ਕਰ ਦਿੱਤਾ ਤਾਂ ਬੰਦਾ ਸਿੰਘ ਜੀ ਤੇ ਨਾਲ ਦੇ ਕੁਝ ਮੁਖੀ ਸਿੰਘਾਂ ਨੂੰ ਕਈ ਦਿਨ ਤਸੀਹੇ ਦੇ ਦੇ ਕੇ ਪੁੱਛਿਆ ਗਿਆ ਖ਼ਜ਼ਾਨਾ ਕਿੱਥੇ ਦਬਿਆ ਹੈ ?? ਪਰ ਉਨ੍ਹਾਂ ਕੁਝ ਨਾ ਦੱਸਿਆ ਕਿਉਂਕਿ ਖ਼ਜ਼ਾਨਾ ਤੇ ਕੋਈ ਹੈ ਹੀ ਨਹੀਂ ਸੀ , ਉਨ੍ਹਾਂ ਕਦੇ ਦੱਬਿਆ ਨਹੀਂ, ਸਭ ਕੁਝ ਸਿੰਘਾਂ ਚ ਵੰਡ ਦਿੰਦੇ ਸੀ।
ਫਿਰ ਇੱਕ ਦਿਨ ਬਾਕੀ 26 ਜਰਨੈਲਾਂ ਦੇ ਸਮੇਤ ਬਾਬਾ ਜੀ ਨੂੰ ਕੁਤਬ ਮੀਨਾਰ ਦੇ ਕੋਲ ਲਿਆਂਦਾ ਗਿਆ , ਦੋ ਸ਼ਰਤਾਂ ਰੱਖੀਆਂ ਮੁਸਲਮਾਨ ਹੋ ਜਾਓ ਜਾਂ ਮੌਤ ਕਬੂਲ ਕਰੋ। ਬੰਦਾ ਸਿੰਘ ਜੀ ਨੇ ਮੌਤ ਕਬੂਲ ਕੀਤੀ। ਉਨ੍ਹਾਂ ਦੀ ਗੋਦ ਚ ਚਾਰ ਸਾਲ ਦਾ ਪੁੱਤਰ ਅਜੈਪਾਲ ਸਿੰਘ ਰੱਖਿਆ। ਹੱਥ ਖੰਜਰ ਫੜਾ ਕੇ ਕਿਹਾ ਇਸ ਦਾ ਕਤਲ ਕਰ। ਬਾਬਾ ਜੀ ਨੇ ਨਾਂਹ ਕਰ ਦਿੱਤੀ , ਉਸੇ ਵੇਲੇ ਜਲਾਦ ਨੇ ਖੰਜਰ ਦੇ ਨਾਲ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਦਾ ਸੀਨਾ ਚੀਰ ਕੇ ਦਿਲ ਕੱਢਿਆ ਤੇ ਧੜਕਦਾ ਹੋਇਆ ਦਿਲ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ।
ਬਾਬਾ ਜੀ ਦੇ ਕੇਸਾਂ ਨੂੰ ਉੱਪਰ ਪਿੰਜਰੇ ਦੇ ਨਾਲ ਬੰਨ੍ਹਿਆ ਸੀ ਬਾਹਾਂ ਵੀ ਬੰਨ੍ਹ ਕੇ ਮਾਸ ਨੂੰ ਜਮੂਰਾਂ ਦੇ ਨਾਲ ਨੋਚਿਆ। ਫਿਰ ਸਾਰੇ ਸਰੀਰ ਤੇ ਲੋਹੇ ਦੀਆਂ ਗਰਮ ਸੀਖਾਂ ਲਗਾਈਆਂ ਤੇ ਗਰਮ ਸੀਖਾ ਸਰੀਰ ਵਿੱਚੋਂ ਦੀ ਲੰਘਾਈਆਂ ਗਈਆਂ , ਪਰ ਉਹ ਗੁਰੂ ਦਾ ਲਾਲ ਅਡੋਲ ਚਿੱਤ ਬੈਠਾ ਸੀ ਉਨ੍ਹਾਂ ਦੇ ਮੁੱਖ ਚ ਕੇਵਲ ਵਾਹਿਗੁਰੂ ਸ਼ਬਦ ਸੀ , ਏਨੇ ਦਰਦ ਵਿਚ ਵੀ ਚਿਹਰੇ ਦਾ ਨੂਰ ਦੇਖ ਉਸ ਵੇਲੇ ਦਾ ਪ੍ਰਧਾਨ ਵਜੀਰ ਅਮੀਨ ਖ਼ਾਨ ਬੜਾ ਹੈਰਾਨ ਸੀ ….
ਜਲਾਦ ਨੇ ਬਾਬਾ ਦੀ ਸੱਜੀ ਅੱਖ ਕੱਢੀ , ਫਿਰ ਖੱਬੀ ਕੱਢੀ , ਸੱਜਾ ਪੈਰ ਵੱਢਿਆ , ਫਿਰ ਖੱਬਾ ਵੱਢਿਆ। ਵਾਰੀ ਵਾਰੀ ਦੋਨੋਂ ਹੱਥ ਕੱਟੇ। ਬਹੁਤ ਖੂਨ ਵਹਿ ਗਿਆ। ਫਿਰ ਬੰਦਾ ਸਿੰਘ ਬਹਾਦਰ ਜੀ ਦਾ ਸਿਰ ਕਲਮ ਕਰ ਦਿੱਤਾ। ਸਾਰੇ ਸਰੀਰ ਦੀ ਬੋਟੀ ਬੋਟੀ ਕਰਕੇ ਕਾਵਾਂ ਕੁੱਤਿਆਂ ਦੇ ਖਾਣ ਲਈ ਸੁੱਟ ਦਿੱਤੀ। ਬਾਕੀ ਦੇ ਨਾਲ ਫੜੇ ਜਰਨੈਲਾਂ ਨੂੰ ਵੀ ਇਸੇ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਪਰ ਇੰਨੇ ਤਸੀਹਿਆਂ ਦੇ ਵਿਚ ਵੀ ਉਨ੍ਹਾਂ ਦੇ ਮੁਖ ਤੇ ਵਾਹਿਗੁਰੂ ਤੋਂ ਬਗੈਰ ਹੋਰ ਕੁਝ ਨਹੀਂ ਸੀ।
ਦੇਖਣ ਵਾਲੇ ਚਾਹੇ ਮੁਸਲਮਾਨ ,ਹਿੰਦੂ ,ਇਸਾਈ ਜਾਂ ਹੋਰ ਧਰਮਾਂ ਵਾਲੇ ਸੀ ਸਭ ਨੇ ਮੰਨਿਆ ਕਿ ਇਹ ਰੂਹਾਨੀ ਸ਼ਹਾਦਤ ਹੈ ਕੋਈ ਆਮ ਮਨੁੱਖ ਇਸ ਤਰ੍ਹਾਂ ਦੇ ਇੰਨੇ ਦਰਦਨਾਕ ਤਸੀਹਿਆਂ ਨੂੰ ਏਨੇ ਸ਼ਾਂਤਮਈ ਢੰਗ ਨਾਲ ਨਹੀਂ ਸਹਿਣ ਕਰ ਸਕਦਾ।
ਬਾਬਾ ਜੀ ਦੀ ਯਾਦ ਵਿੱਚ ਅਸਥਾਨ ਹੈ ਗੁਰਦੁਆਰਾ ਸ਼ਹੀਦ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ( ਨੇੜੇ ਕੁਤਬ ਮੀਨਾਰ ਦਿੱਲੀ )
ਸਰਹਿੰਦ ਵਿਜੇਤਾ ਪਹਿਲੇ ਸਿੱਖ ਜਰਨੈਲ ਗੁਰੂ ਕਾ ਲਾਲ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਦੇ ਪੁੱਤਰ ਬਾਬਾ ਅਜੈਪਾਲ ਸਿੰਘ ਤੇ ਨਾਲ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
🙏🙏ਸਤਿਨਾਮ ਵਾਹਿਗੁਰੂ ਜੀ🙏🙏