ਇਤਿਹਾਸ – ਸ਼ਹੀਦੀ ਦਿਹਾਡ਼ਾ ਧੰਨ ਧੰਨ ਬਾਬਾ ਦੀਪ ਸਿੰਘ

15 ਨਵੰਬਰ ਸ਼ਹੀਦੀ ਦਿਹਾਡ਼ਾ (1757 ਈ) – ਧੰਨ ਧੰਨ ਬਾਬਾ ਦੀਪ ਸਿੰਘ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚਖੰਡ ਗਮਨ ਕਰਨ ਤੋਂ ਬਾਅਦ ਗੁਰੂ ਹੁਕਮ ਅਨੁਸਾਰ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨਿਵਾਸ ਕਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਮਿਲ ਕੇ ਸਰਹਿੰਦ ਫ਼ਤਹਿ ਕੀਤੀ। ਕਈ ਜੰਗਾਂ ਚ ਹਿੱਸਾ ਲਿਆ। ਪਰ ਜ਼ਿਆਦਾ ਸਮਾਂ ਦਮਦਮਾ ਸਾਹਿਬ ਗੁਰਬਾਣੀ ਲਿਖਣ ਤੇ ਪ੍ਰਚਾਰ ਕਰਨ ਚ ਧਿਆਨ ਦਿੰਦੇ।
1757 ਈ: ਨੂੰ ਅੰਮ੍ਰਿਤਸਰ ਸਾਹਿਬ ਤੋ ਇੱਕ ਸਿੰਘ ਨੇ ਜਾ ਕੇ ਖ਼ਬਰ ਦਿੱਤੀ। ਬਾਬਾ ਜੀ ਅਬਦਾਲੀ ਦੀ ਫ਼ੌਜ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਡਈ ਆ। ਸਰੋਵਰ ਚ ਗੰਦ ਮੰਦ ਸੁੱਟ ਕੇ ਪੂਰ ਰਹੇ ਆ। ਸੁਣ ਕੇ ਬਜ਼ੁਰਗ ਜਰਨੈਲ ਦੀਆ ਅੱਖਾਂ ਲਾਲ ਹੋ ਗਈਆਂ। ਡੌਲੇ ਫਰਕੇ ਉੱਠ ਖੜ੍ਹੇ ਹੋਏ। ਗੁਰੂ ਚਰਨਾਂ ਚ ਅਰਦਾਸਾ ਸੋਧਿਅ‍ਾ ਤੇ ਚੱਲ ਪਏ।
ਸੀਸ ਸੁਧਾਸਰ ਹੇਤ ਕਰ ਦੇਵੈੰਗੇ ਹਮ ਜਾਇ ।
ਕਰ ਅਰਦਾਸਾ ਤੁਰ ਪਏ ਸਿੰਘ ਜੇ ਫਤਿਹ ਗੁਜਾਇ।
(ਪੰਥ ਪ੍ਰਕਾਸ਼)
ਜਦੋ ਜਥਾ ਲੈ ਕੇ ਚੱਲੇ ਤਾਂ ਨਾਲ ਗਿਣਤੀ ਦੇ ਹੀ ਸਿੰਘ ਸੀ , ਕੁਝ ਨੇ 8 ਲਿਖੇ ਨੇ ਕੁਝ ਨੇ 11 ਲਿਖੇ ਨੇ। ਗਿਆਨੀ ਗਿਆਨ ਸਿੰਘ ਜੀ ਨੇ 500 ਸਿੰਘ ਲਿਖੇ ਨੇ।
ਵੱਖ ਵੱਖ ਪਿੰਡਾਂ ਚੋ ਹੁੰਦਿਆਂ ਜਦੋਂ ਹਰੀਕੇ ਪੱਤਣ ਪਹੁੰਚੇ ਤਾਂ 4000 ਦੇ ਕਰੀਬ ਸਿੰਘ ਹੋ ਗਏ। ਤਰਨਤਾਰਨ ਸਾਹਿਬ ਦੇ ਨੇੜੇ ਪਹੁੰਚੇ , 5000 ਤੋਂ ਉਪਰ ਸਿੰਘ ਹੋ ਗਏ। ਸੰਗਰਾਣੇ ਨੇੜੇ ਬਾਬਾ ਜੀ ਨੇ ਆਪਣੇ ਖੰਡੇ ਨਾਲ ਲਕੀਰ ਖਿੱਚ ਲਲਕਾਰ ਕੇ ਕਿਹਾ , ਉਹੀ ਸਿੰਘ ਲਕੀਰ ਟੱਪ ਕੇ ਅੱਗੇ ਆਵੇ ਜਿਸ ਨੇ ਸਿਰ ਗੁਰੂ ਲੇਖੇ ਲਾਉਣਾ। ਜਿਸ ਨੂੰ ਘਰ ਪਰਿਵਾਰ ਦਾ ਫ਼ਿਕਰ ਹੈ ਤੇ ਜਿਉਣ ਦੀ ਇੱਛਾ ਹੈ। ਉਹ ਇੱਥੋਂ ਹੀ ਪਿੱਛੇ ਮੁੜ ਜਾਉ। ਸੁਣਦਿਆਂ ਸਾਰ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡਦੇ ਸਿੰਘ ਛਾਲਾਂ ਮਾਰ ਕੇ ਲਕੀਰ ਟੱਪ ਗਏ। ਇਕ ਵੀ ਸਿੰਘ ਪਿੱਛੇ ਨਹੀਂ ਮੁੜਿਆ।
ਇਸ 5000 ਤੋਂ ਵੱਧ ਮਰਜੀਵੜੇ ਜਥੇ ਨੂੰ ਨਾਲ ਲੈ ਕੇ ਬਾਬਾ ਜੀ ਚੱਲ ਪਏ ਉਧਰੋਂ ਅਬਦਾਲੀ ਦੀ ਫ਼ੌਜ ਨੂੰ ਪਤਾ ਲੱਗਾ , ਦੁਰਾਨੀ ਜਰਨੈਲ ਜਹਾਨ ਖਾਨ ਵੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਹੀ ਰਾਹ ਰੋਕ ਕੇ ਖੜ੍ਹੇ ਸੀ। ਪਹਿਲਾਂ ਯਕੂਬ ਖਾਨ ਦੀ ਕਮਾਨ ਹੇਠ ਅਫਗਾਨ ਫੌਜ ਲੜੀ। ਥੋੜ੍ਹੀ ਜਹੀ ਜੰਗ ਤੋਂ ਬਾਅਦ ਯਕੂਬ ਖਾਂ ਦਾ ਸਾਹਮਣਾ ਬਾਬਾ ਦੀਪ ਸਿੰਘ ਜੀ ਨਾਲ ਹੋਇਆ। ਬਾਬਾ ਜੀ ਨੇ ਯਕੂਬ ਖ਼ਾਨ ਦੋਵਾਂ ਦੇ ਘੋੜੇ ਮਰ ਗਏ। ਅਖੀਰ ਬਾਬਾ ਜੀ ਨੇ ਖਾਨ ਦੇ ਸਿਰ ਚ ਗੁਰਜ ਮਾਰਿਆ ਸਿਰ ਐ ਭੰਨ ਕੇ ਖਲਾਰ ਤਾ ਜਿਵੇਂ ਘੜੇ ਤੇ ਪੱਥਰ ਮਾਰੀਦਾ। ਫਿਰ ਜਮਾਲ ਖਾਂ ਬੜਾ ਤਕੜਾ ਜਰਨੈਲ ਸੀ। ਉਹ ਬਾਬਾ ਜੀ ਦੇ ਸਾਹਮਣੇ ਆਇਆ। ਬਾਬਾ ਦੀਪ ਸਿੰਘ ਜੀ ਦੇ ਨਾਲ ਦੋ ਹੱਥ ਹੋਏ। ਕੁਝ ਸਮਾਂ ਜੰਗੀ ਦਾਅ ਤੋ ਬਾਦ ਦੋਵਾਂ ਪਾਸਿਆਂ ਤੋਂ ਸਾਂਝਾ ਵਾਰ ਹੋਇਆ। ਜਮਾਲ ਖਾਂ ਦਾ ਸਿਰ ਕੁੱਦੂ ਵਾਗ ਲਹਿ ਧਰਤੀ ਤੇ ਜਾ ਪਿਆ। ਇਧਰ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ। ਨੇਡ਼ਿਓਂ ਇਕ ਸਿੱਖ ਬਾਬਾ ਨੱਥਾ ਸਿੰਘ ਜੀ ਨੇ ਕਿਹਾ ਬਾਬਾ ਜੀ ਤੁਸੀਂ ਤੇ ਪ੍ਰਣ ਕੀਤਾ ਸੀ। ਅਰਦਾਸ ਕਰਕੇ ਤੁਰੇ ਸੀ ਕੇ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਭੇਟ ਕਰਾਂਗਾ ਅਜੇ ਤੇ ਦਰਬਾਰ ਸਾਹਿਬ ਬਹੁਤ ਦੂਰ ਹੈ।
ਸੁਣਦਿਆਂ ਸਾਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਵਾਪਰੀ ਤੇ ਖੱਬੀ ਤਲੀ ਸੀਸ ਤੇ ਸੱਜੇ ਹੱਥ ਦੇ ਚ 18 ਸੇਰ ਦਾ ਖੰਡਾ ਲੈ ਕੇ ਬਾਬਾ ਦੀਪ ਸਿੰਘ ਵੈਰੀਆਂ ਦੇ ਆਹੂ ਲਾਹੁੰਦੇ ਚੱਲ ਪਏ।
ਸੁਣ ਸਿੰਘ ਜੀ ਨਿੱਜੀ ਪ੍ਰਣ ਸੰਭਾਰਾ ।
ਨਿਜ ਸਿਰ ਬਾਮ ਹਾਥ ਨਿਜ ਧਾਰਾ।
ਦਹਿਨੈ ਹਾਥ ਤੇਗ ਖਰ ਧਾਰਾ।
ਵਜਨ ਜਾਹੇ ਥਾ ਸੇਰ ਅਠਾਰਾ। (ਪੰਥ ਪ੍ਰਕਾਸ਼)
ਯਕੂਬ ਖਾਂ ਜਮਾਲ ਖਾਂ ਦੇ ਮਰਨ ਕਰਕੇ ਤੇ ਬਾਬਾ ਜੀ ਨੂੰ ਬਿਨਾਂ ਸੀਸ ਦੇ ਲੜਦਿਆਂ ਵੇਖ ਅਫਗਾਨ ਫੌਜ ਚ ਹਾਹਾਕਾਰ ਮੱਚ ਗਈ। ਬਾਬਾ ਜੀ ਸੀਸ ਤਲੀ ਤੇ ਰੱਖ ਕੇ ਖੰਡਾ ਵਾਹੁਦੇ ਹੋਏ , ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀਆਂ ਪਰਿਕਰਮਾ ਚ ਪਹੁੰਚ ਗੁਰੂ ਚਰਨਾਂ ਚ ਸੀਸ ਭੇਟ ਕੀਤਾ।
ਬਾਬਾ ਦੀਪ ਸਿੰਘ ਜੀ ਨੇ ਗੁਰੂ ਬਚਨ ਨੂੰ ਪ੍ਰਤੱਖ ਕੀਤਾ
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਏਡੇ ਘਮਸਾਨ ਦਾ ਯੁੱਧ ਸੀ ਕਈ ਮੀਲਾਂ ਤਕ ਲਾਸ਼ਾਂ ਹੀ ਲਾਸ਼ਾਂ ਖਿੱਲਰੀਆਂ ਪਈਆਂ ਸੀ। ਅਬਦਾਲੀ ਦੀ ਫੌਜ ਲਾਹੌਰ ਨੂੰ ਭੱਜ ਉਠੀ ਅਟਾਰੀ ਤੱਕ ਖਾਲਸੇ ਨੇ ਪਿੱਛਾ ਕੀਤਾ। ਬਾਬਾ ਨੌਧ ਸਿੰਘ ਜੀ ਵੀ ਇਸੇ ਜੰਗ ਵਿੱਚ ਸ਼ਹੀਦ ਹੋਏ। ਜਿਨ੍ਹਾਂ ਦਾ ਸਥਾਨ ਸੜਕ ਤਰਨ ਤਾਰਨ ਆਲੀ ਕੰਡੇ ਬਣਿਆ ਹੋਇਆ। ਹੋਰ ਵੀ ਕਈ ਸ਼ਹੀਦਾਂ ਦੇ ਨਾਲ ਲਿਖੇ ਮਿਲਦੇ ਆ ਓ ਅਗਲੀ ਪੋਸਟ ਚ ਲਿਖੂ।
ਜਿੱਥੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਉੱਥੇ ਗੁਰਦੁਆਰਾ ਲਕੀਰ ਸਾਹਿਬ ਹੈ।
ਦਰਬਾਰ ਸਾਹਿਬ ਪਰਿਕਰਮਾ ਚ ਜਿਥੇ ਸੀਸ ਭੇਟ ਕੀਤਾ ਅਸਥਾਨ ਬਣਿਆ ਹੋਇਆ ਹੈ।
ਇਸ ਜੰਗ ਦੇ ਸਾਰੇ ਸ਼ਹੀਦ ਸਿੰਘਾਂ ਦਾ ਜਿਥੇ ਸਸਕਾਰ ਕੀਤਾ ਗਿਆ ਉਥੇ ਗੁਰਦੁਆਰਾ ਸ਼ਹੀਦ ਗੰਜ ਹੈ ਜੋ ਰਾਮਸਰ ਸਰੋਵਰ ਦੇ ਨੇੜੇ ਹੈ।
ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਮਿਸਲ ਦੇ ਮੁਖੀ ਤੇ ਦਮਦਮੀ ਟਕਸਾਲ ਦੇ ਪ੍ਰਮੁੱਖ ਸਨ ਬਾਬਾ ਜੀ ਨੇ ਕਲਗੀਧਰ ਪਿਤਾ ਮਹਾਰਾਜ ਦੇ ਹੱਥੋਂ ਅੰਮ੍ਰਿਤ ਛਕਿਆ ਉਹਨਾਂ ਦੀ ਕੁਲ ਉਮਰ 75 ਸਾਲ ਸੀ ਕੁਝ 80 ਸਾਲ ਮੰਨ ਦੇ ਆ।
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਨਾਲ ਦੇ ਸਮੂਹ ਸ਼ਹੀਦ ਸਿੰਘਾਂ ਦੇ ਚਰਨਾਂ ਚ ਕੋਟਾਨਿ ਕੋਟਿ ਪ੍ਰਣਾਮ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top