19. ਰਾਮਕਲੀ ਕੀ ਵਾਰ ਮਹਲਾ ੫
‘ਰਾਮਕਲੀ ਕੀ ਵਾਰ’ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੀਆਂ ਅੱਠ-ਅੱਠ ਤੁਕਾਂ ਦੀਆਂ 22 ਪਉੜੀਆਂ ਹਨ। ਹਰ ਇਕ ਪਉੜੀ ਨਾਲ ਦੋ-ਦੋ ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਨ। ਇਸ ਤਰ੍ਹਾਂ ਸਲੋਕਾਂ ਦੀ ਕੁਲ ਗਿਣਤੀ 44 ਹੈ। ਸਲੋਕਾਂ ਦੀਆਂ ਤੁਕਾਂ ਵਿਚ ਸਮਾਨਤਾ ਨਹੀਂ ਹੈ। ਪਹਿਲੀਆਂ ਤਿੰਨ ਪਉੜੀਆਂ ਨਾਲ ਦਰਜ ਸਲੋਕਾਂ ਦੀਆਂ ਚਾਰ-ਚਾਰ ਤੁਕਾਂ ਹਨ। ਬਾਕੀ ਪਉੜੀਆਂ ਨਾਲ ਦਰਜ ਸਲੋਕਾਂ ਦੀ ਗਿਣਤੀ 2 ਤੋਂ 16 ਤੁਕਾਂ ਤਕ ਹੈ। ਇਨ੍ਹਾਂ ਵਿੱਚੋਂ 19ਵੀਂ ਪਉੜੀ ਨਾਲ ਦਰਜ ਦੂਜਾ ਸਲੋਕ ਅਤੇ 20ਵੀਂ ਪਉੜੀ ਨਾਲ ਦਰਜ ਸਲੋਕ ਦੋਵੇਂ ਭਗਤ ਕਬੀਰ ਜੀ ਪ੍ਰਤੀ ਅਤੇ 21ਵੀਂ ਪਉੜੀ ਨਾਲ ਦਰਜ ਸਲੋਕ ਭਗਤ ਫਰੀਦ ਜੀ ਪ੍ਰਤੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਹਨ। ਇਸ ਵਾਰ ਦੀ ਭਾਸ਼ਾ ਪੂਰਬੀ ਪੰਜਾਬੀ ਹੈ ਅਤੇ ਸਾਧ-ਭਾਖਾ ਦਾ ਪ੍ਰਭਾਵ ਵੀ ਹੈ। ਕਿਤੇ- ਕਿਤੇ ਲਹਿੰਦੀ ਸ਼ਬਦਾਵਲੀ ਦਾ ਪ੍ਰਭਾਵ ਵੀ ਮਿਲਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਵਾਰ ਵਿਚ ਗੁਰਮਤਿ ਦੇ ਅਨੇਕਾਂ ਪੱਖਾਂ ਉੱਪਰ ਚਾਨਣਾ ਪਾਇਆ ਹੈ। ਇਸ ਵਿਚ ਵਿਸ਼ੇਸ਼ ਤੌਰ ’ਤੇ ‘ਚਿਤ’ ਦੀ ਸਥਿਰਤਾ ਉੱਤੇ ਬਹੁਤ ਬਲ ਦਿੱਤਾ ਗਿਆ ਹੈ।
20. ਮਾਰੂ ਵਾਰ ਮਹਲਾ ੫
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਿਖੀ ‘ਮਾਰੂ ਵਾਰ’ ਵਿਚ ਅੱਠ-ਅੱਠ ਤੁਕਾਂ ਦੀਆਂ ਕੁੱਲ 23 ਪਉੜੀਆਂ ਹਨ। ਹਰ ਇਕ ਪਉੜੀ ਨਾਲ ਤਿੰਨ-ਤਿੰਨ ਸਲੋਕ ਦਰਜ ਹਨ। ਇਹ ਸਾਰੇ ਸਲੋਕ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹਨ ਅਤੇ ਇਨ੍ਹਾਂ ਵਿਚ ਦੋ-ਦੋ ਤੁਕਾਂ ਹਨ। ਸਿਰਫ਼ 21ਵੀਂ ਅਤੇ 22ਵੀਂ ਪਉੜੀ ਨਾਲ ਦਰਜ ਤੀਜਾ ਸਲੋਕ ਤਿੰਨ-ਤਿੰਨ ਤੁਕਾਂ ਦਾ ਹੈ। ਸਲੋਕਾਂ ਦੀ ਭਾਸ਼ਾ ਲਹਿੰਦੀ ਪ੍ਰਧਾਨ ਹੈ। ਸਲੋਕਾਂ ਦੇ ਸ਼ੁਰੂ ਵਿਚ ‘ਡਖਣੇ’ ਪਦ ਵੀ ਲਿਖਿਆ ਹੈ। ਪਉੜੀਆਂ ਦੀ ਭਾਸ਼ਾ ਸਾਧ-ਭਾਖਾ ਪ੍ਰਭਾਵਿਤ ਪੂਰਬੀ ਪੰਜਾਬੀ ਹੈ। ਗੁਰੂ ਜੀ ਨੇ ਇਸ ਵਾਰ ਵਿਚ ਗੁਰਮਤਿ ਦੇ ਕਈ ਨੁਕਤਿਆਂ ਦੀ ਵਿਆਖਿਆ ਕੀਤੀ ਹੈ।
( ਚਲਦਾ )