17. ਗੂਜਰੀ ਕੀ ਵਾਰ ਮਹਲਾ ੫
‘ਗੂਜਰੀ’ ਇਕ ਪੁਰਾਤਨ ਰਾਗ ਹੈ। ਇਸ ਦਾ ਸੁਰਾਤਮਕ ਸਰੂਪ ਕਰੁਣਾ ਰਸ ਦਾ ਧਾਰਨੀ ਹੈ ਜਿਸ ਕਰਕੇ ਇਹ ਗੰਭੀਰ ਪ੍ਰਕਿਰਤੀ ਦੀਆਂ ਭਗਤੀ-ਭਾਵ ਵਾਲੀਆਂ ਰਚਨਾਵਾਂ ਦੇ ਗਾਇਨ ਲਈ ਅਤਿ ਢੁਕਵਾਂ ਹੈ। ਰਾਗ ਗੂਜਰੀ, ਤੋੜੀ ਦੀ ਵੰਨਗੀ ਹੈ, ਇਸੇ ਕਰਕੇ ਕਈ ਸੰਗੀਤ ਪ੍ਰੇਮੀ ਇਸ ਨੂੰ ‘ਗੂਜਰੀ ਤੋੜੀ’ ਵੀ ਆਖਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਇਸ ਵਾਰ ਵਿਚ ਕੁੱਲ 21 ਪਉੜੀਆਂ ਹਨ। ਹਰ ਇਕ ਪਉੜੀ ਵਿਚ ਅੱਠ-ਅੱਠ ਤੁਕਾਂ ਹਨ। ਪਰ 20ਵੀਂ ਪਉੜੀ ਦੀਆਂ ਕੁੱਲ ਪੰਜ ਤੁਕਾਂ ਹਨ। ਹਰ ਇਕ ਪਉੜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਲਿਖੇ 2-2 ਸਲੋਕ ਹਨ। ਇਨ੍ਹਾਂ ਸਲੋਕਾਂ ਵਿੱਚੋਂ 37 ਸਲੋਕ ਦੋ-ਤੁਕੇ ਹਨ ਅਤੇ ਦੋਹਰੇ ਦੇ ਆਕਾਰ ਦੇ ਹਨ। ਪੰਜ ਸਲੋਕਾਂ ਦੀਆਂ ਤੁਕਾਂ ਦੋ ਤੋਂ ਵੱਧ ਸੱਤ ਤਕ ਹਨ। ਸਲੋਕਾਂ ਦੀ ਭਾਸ਼ਾ ਲਹਿੰਦੀ ਪੰਜਾਬੀ ਹੈ ਪਰ ਪਉੜੀਆਂ ’ਤੇ ਸਾਧ-ਭਾਖਾ ਦੇ ਪ੍ਰਭਾਵ ਵਾਲੀ ਪੂਰਬੀ ਪੰਜਾਬੀ ਦਾ ਪ੍ਰਭਾਵ ਹੈ। ਇਸ ਵਾਰ ਦੀਆਂ ਅਨੇਕਾਂ ਤੁਕਾਂ ‘ਸਤਿ’ ਕਥਨ ਦਾ ਰੂਪ ਧਾਰਨ ਕਰ ਗਈਆਂ ਹਨ।
ਗੁਰੂ ਜੀ ਨੇ ਇਸ ਵਾਰ ਵਿਚ ਮੁੱਖ ਤੌਰ ’ਤੇ ਪਰਮਾਤਮਾ ਅਤੇ ਗੁਰੂ ਦੀ ਮਹਿਮਾ ਦਾ ਵਿਖਿਆਨ ਕੀਤਾ ਹੈ। ਜੀਵ ਆਪਣੀ ਸਾਧਨਾ ਰਾਹੀਂ ਉੱਚਾ ਉੱਠ ਕੇ ਸੱਚੀ ਦਰਗਾਹ ਵਿਚ ਪ੍ਰਵਾਨ ਚੜ੍ਹਦਾ ਹੈ। ਇਨ੍ਹਾਂ ਤੋਂ ਇਲਾਵਾ ਗੁਰਮਤਿ ਦੇ ਹੋਰ ਕਈ ਸਿਧਾਂਤਾਂ ਉੱਤੇ ਵੀ ਰੋਸ਼ਨੀ ਪਾਈ ਗਈ ਹੈ:
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਪੰਨਾ 522)
18. ਜੈਤਸਰੀ ਕੀ ਵਾਰ ਮਹਲਾ ੫
‘ਰਾਗ ਜੈਤਸਰੀ’ ਬਹੁਤ ਪੁਰਾਤਨ ਰਾਗ ਹੈ। ਪੂਰਬੀ ਅੰਗ ਦੇ ਰਾਗਾਂ ਵਿਚ ਇਸ ਦਾ ਨਿਵੇਕਲਾ ਅਤੇ ਅਸਾਧਾਰਨ ਸਰੂਪ ਹੈ। ਇਸ ਰਾਗ ਦੀ ਰਚਨਾ ਜੋਤ ਅਤੇ ਸਿਰੀ ਰਾਗ ਦੇ ਮਧੁਰ ਸੰਜੋਗ ਤੋਂ ਹੋਈ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀ ਇਸ ਵਾਰ ਦੀਆਂ ਕੁੱਲ 20 ਪਉੜੀਆਂ ਹਨ। ਹਰ ਇਕ ਪਉੜੀ ਦੀਆਂ ਪੰਜ-ਪੰਜ ਤੁਕਾਂ ਹਨ। ਹਰ ਇਕ ਪਉੜੀ ਨਾਲ 2-2 ਸਲੋਕ ਹਨ। ਸਾਰੇ ਸਲੋਕ 2-2 ਤੁਕਾਂ ਦੇ ਦੋਹਿਰਾ ਸੋਰਠਾ ਤੋਲ ’ਤੇ ਲਿਖੇ ਗਏ ਹਨ। ਸਿਵਾਏ 12ਵੀਂ ਪਉੜੀ ਦੇ ਪਹਿਲੇ ਸਲੋਕ ਦੇ ਜੋ ਕਿ 3 ਤੁਕਾਂ ਦਾ ਹੈ। ਇਸ ਵਾਰ ਵਿਚ ਭਾਵੇਂ ਗੁਰਮਤਿ ਦੇ ਅਨੇਕਾਂ ਵਿਸ਼ਿਆਂ ’ਤੇ ਪ੍ਰਕਾਸ਼ ਪਾਇਆ ਗਿਆ ਹੈ ਪਰ ਵਿਸ਼ੇਸ਼ ਤੌਰ ’ਤੇ ਪਰਮਾਤਮਾ ਦੇ ਨਾਮ-ਸਿਮਰਨ, ਮਾਇਆ ਦੇ ਪ੍ਰਪੰਚ ਤੋਂ ਮੁਕਤ ਹੋਣ ਅਤੇ ਚੰਗੇ ਗੁਣ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ ਹੈ।
( ਚਲਦਾ )