15 ਕਾਨੜੇ ਕੀ ਵਾਰ ਮਹਲਾ ੪
‘ਕਾਨੜਾ’ ਇਕ ਪੁਰਾਤਨ ਰਾਗ ਹੈ। ਭਾਰਤੀ ਸੰਗੀਤ ਦੇ ਪ੍ਰਚਲਿਤ ਰਾਗਾਂ ਵਿੱਚੋਂ ਇਹ ਇਕ ਅਤਿ ਗੰਭੀਰ ਰਾਗ ਹੈ। ਪੁਰਾਤਨ ਗ੍ਰੰਥਕਾਰਾਂ ਨੇ ਇਸ ਰਾਗ ਦਾ ਉਲੇਖ ‘ਕਰਨਾਟ’ ਨਾਮ ਨਾਲ ਕੀਤਾ ਹੈ। ਅਕਬਰ ਦੇ ਦਰਬਾਰੀ ਗਾਇਕ ਤਾਨਸੈਨ ਨੇ ਕਾਨੜਾ ਰਾਗ ਨੂੰ ਕਾਫੀ ਸੁੰਦਰ ਢੰਗ ਨਾਲ ਗਾਇਆ, ਜਿਸ ਕਾਰਨ ਇਸ ਦਾ ਨਾਂ ਦਰਬਾਰੀ ਕਾਨੜਾ ਪੈ ਗਿਆ ਸੀ। ਗੁਰਮਤਿ ਸੰਗੀਤ ਪੱਧਤੀ ਵਿਚ ਇਸ ਨੂੰ ਰਾਗ ਕਾਨੜਾ ਹੀ ਕਿਹਾ ਜਾਂਦਾ ਹੈ। ਰਾਗ ਕਾਨੜਾ ਆਧੁਨਿਕ ਸੰਗੀਤ ਵਿਚ ਕਈ ਰੂਪਾਂ ਵਿਚ ਪ੍ਰਚਲਿਤ ਹੈ।
ਇਸ ਵਾਰ ਵਿਚ ਪੰਜ-ਪੰਜ ਤੁਕਾਂ ਦੀਆਂ 15 ਪਉੜੀਆਂ ਹਨ। ਹਰ ਇਕ ਪਉੜੀ ਵਿਚ 2-2 ਸਲੋਕ ਦਰਜ ਹਨ। ਇਸ ਵਾਰ ਵਿਚ ਪਉੜੀਆਂ ਵਾਂਗ ਸਾਰੇ ਸਲੋਕ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹ ਸਲੋਕ ਦੋ ਤੁਕਾਂ ਤੋਂ ਲੈ ਕੇ ਸੱਤ ਤੁਕਾਂ ਤਕ ਦੇ ਹਨ। ਪਉੜੀਆਂ ਦੀ ਭਾਸ਼ਾ ਦਾ ਸਰੂਪ ਪੂਰਬੀ ਪੰਜਾਬੀ ਵਾਲਾ ਹੈ ਅਤੇ ਇਸ ’ਤੇ ਸਾਧ-ਭਾਖਾ ਦਾ ਪ੍ਰਭਾਵ ਸਪਸ਼ਟ ਹੁੰਦਾ ਹੈ ਪਰ ਸਲੋਕ ਲਹਿੰਦੀ ਪੰਜਾਬੀ ਦੇ ਪ੍ਰਭਾਵ ਹੇਠ ਹਨ।
ਇਸ ਵਾਰ ਵਿਚ ਗੁਰੂ ਸਾਹਿਬ ਦਰਸਾਉਂਦੇ ਹਨ ਕਿ ਹਰ ਪ੍ਰਕਾਰ ਦੀ ਸ੍ਰਿਸ਼ਟੀ ਦੀ ਰਚਨਾ ਪਰਮਤਾਮਾ ਨੇ ਆਪ ਕੀਤੀ ਹੈ ਅਤੇ ਆਪ ਹੀ ਇਸ ਵਿਚ ਵਿਆਪਕ ਹੈ। ਭਗਤੀ ਤੇ ਨਾਮ ਸਿਮਰਨ ਨਾਲ ਜਨਮ-ਜਨਮਾਂਤਰਾਂ ਦੇ ਪਾਪ ਧੁਲ ਜਾਂਦੇ ਹਨ:
ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ॥
ਜਨਮ ਜਨਮ ਕੀ ਮਲੁ ਉਤਰੈ ਮਨ ਚਿੰਦਿਆ ਪਾਵੈ॥ (ਪੰਨਾ 1318)
16. ਗਉੜੀ ਕੀ ਵਾਰ ਮਹਲਾ ੫
ਇਸ ਵਾਰ ਵਿਚ ਪੰਜ-ਪੰਜ ਤੁਕਾਂ ਦੀਆਂ ਕੁੱਲ 21 ਪਉੜੀਆਂ ਹਨ ਅਤੇ ਹਰ ਇਕ ਪਉੜੀ ਨਾਲ 2-2 ਸਲੋਕ ਹਨ। ਇਹ ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਲਿਖੇ ਹੋਏ ਹਨ। ਇਸ ਤਰ੍ਹਾਂ ਕੁੱਲ 42 ਸਲੋਕ ਇਸ ਵਾਰ ਵਿਚ ਹਨ। ਇਸ ਵਾਰ ਵਿਚ 36 ਸਲੋਕ ਦੋ-ਤੁਕੇ ਹਨ, ਤਿੰਨ ਚਾਰ-ਤੁਕੇ, ਦੋ ਪੰਜ-ਤੁਕੇ ਅਤੇ ਇਕ ਸਲੋਕ ਅੱਠ ਤੁਕਾਂ ਦਾ ਹੈ। 19ਵੀਂ ਪਉੜੀ ਦੇ ਨਾਲ ਦਰਜ ਪਹਿਲੇ ਸਲੋਕ ਨਾਲ ‘ਡਖਨਾ’ ਸ਼ਬਦ ਲਿਖਿਆ ਹੋਇਆ ਹੈ। ਇਸ ਪਉੜੀ ਦੇ ਦੋਵੇਂ ਸਲੋਕ ਅਤੇ 20ਵੀਂ ਪਉੜੀ ਦਾ ਪਹਿਲਾ ਸਲੋਕ ਦੋਵੇਂ ਲਹਿੰਦੀ ਭਾਸ਼ਾ ਵਿਚ ਹਨ। ਬਾਕੀ ਦੇ ਸਲੋਕ ਅਤੇ ਪਉੜੀਆਂ ਸਾਧ-ਭਾਖਾ ਪ੍ਰਭਾਵਿਤ ਪੂਰਬੀ ਪੰਜਾਬੀ ਵਿਚ ਲਿਖੀਆਂ ਗਈਆਂ ਹਨ। ਇਸ ਵਾਰ ਵਿਚ ਗੁਰੂ ਜੀ ਨੇ ਗੁਰਮਤਿ ਦੇ ਪ੍ਰਮੁੱਖ ਸਿਧਾਂਤਾਂ ’ਤੇ ਪ੍ਰਕਾਸ਼ ਪਾਉਂਦੇ ਹੋਏ ਫ਼ਰਮਾਇਆ ਹੈ ਕਿ ਪਰਮਾਤਮਾ ਸਰਵ-ਸ਼ਕਤੀਮਾਨ ਹੈ। ਮਨੁੱਖ ਵਾਸਤੇ ਸ੍ਰੇਸ਼ਠ ਬਣਨ ਲਈ ਸਾਧ-ਸੰਗਤ ਵਿਚ ਜਾਣਾ ਬਹੁਤ ਜ਼ਰੂਰੀ ਹੈ। ਨਾਮ-ਸਿਮਰਨ ਨਾਲ ਸਾਧਕ ਦੀ ਸ਼ਖਸੀਅਤ ਇਕਦਮ ਬਦਲ ਜਾਂਦੀ ਹੈ:
ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ॥
ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ॥ (ਪੰਨਾ 323)
( ਚਲਦਾ )