9 ਗਉੜੀ ਕੀ ਵਾਰ ਮਹਲਾ ੪
ਭਾਰਤੀ ਸੰਗੀਤ ਗ੍ਰੰਥਾਂ ਵਿਚ ‘ਗਉੜੀ’ ਨੂੰ ਗਉਰੀ, ਗੌਰੀ, ਗਵਰੀ, ਗੌੜੀ ਆਦਿ ਨਾਮਾਂ ਨਾਲ ਲਿਖਿਆ ਗਿਆ ਹੈ। ਪ੍ਰਾਚੀਨ ਰਾਗ ਹੋਣ ਕਰਕੇ ਇਸ ਰਾਗ ਦੇ ਕਈ ਪ੍ਰਕਾਰ ਹਨ ਜਿਵੇਂ ਗਉੜੀ ਪੂਰਬੀ, ਗਉੜੀ ਪੂਰਬੀ ਦੀਪਕੀ, ਗਉੜੀ ਦੀਪਕੀ, ਗਉੜੀ ਮਾਲਾ, ਗਉੜੀ ਗੁਆਰੇਰੀ ਆਦਿ। ਗਉੜੀ ਉੱਤਰੀ ਭਾਰਤੀ ਸੰਗੀਤ ਪੱਧਤੀ ਅਤੇ ਦੱਖਣੀ ਭਾਰਤੀ ਸੰਗੀਤ ਪੱਧਤੀ ਵਿਚ ਬਹੁਤ ਘੱਟ ਗਾਇਆ/ ਵਜਾਇਆ ਜਾਂਦਾ ਹੈ। ਗੁਰੂ ਸਾਹਿਬਾਨ ਨੇ ਇਸ ਰਾਗ ਦੀ ਭਰਪੂਰ ਵਰਤੋਂ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦੇ ਬਹੁ-ਰੂਪ ਅੰਕਿਤ ਹਨ। ਨਿਸਚੇ ਹੀ ਪ੍ਰਾਚੀਨ ਸਮੇਂ ਵਿਚ ਇਹ ਰਾਗ ਕਾਫੀ ਪਰਵਾਰ ਵਿਚ ਰਿਹਾ ਹੋਵੇਗਾ, ਅਜਿਹਾ ਇਸ ਦੇ ਵਿਕਾਸ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ।
ਇਸ ਵਾਰ ਦੀਆਂ 33 ਪਉੜੀਆਂ ਹਨ ਜਿਨ੍ਹਾਂ ਵਿੱਚੋਂ 28 ਪਉੜੀਆਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ, 5 ਪਉੜੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਹਨ। ਆਮ ਤੌਰ ’ਤੇ ਪਉੜੀਆਂ ਦੀਆਂ ਤੁਕਾਂ ਦੀ ਗਿਣਤੀ ਪੰਜ-ਪੰਜ ਹੈ। ਗਿਆਰ੍ਹਵੀਂ ਪਉੜੀ ਵਿਚ ਤੁਕਾਂ ਦੀ ਗਿਣਤੀ 6 ਹੈ ਅਤੇ 12ਵੀਂ ਅਤੇ 31ਵੀਂ ਪਉੜੀ ਵਿਚ ਤੁਕਾਂ ਦੀ ਗਿਣਤੀ 10-10 ਹੈ। ਇਨ੍ਹਾਂ ਪਉੜੀਆਂ ਦੇ ਨਾਲ 2-2 ਸਲੋਕ ਵੀ ਹਨ। 15ਵੀਂ ਅਤੇ 20ਵੀਂ ਪਉੜੀ ਨਾਲ 3-3 ਸਲੋਕ ਦਰਜ ਹਨ। ਇਸ ਤਰ੍ਹਾਂ ਸਲੋਕਾਂ ਦੀ ਕੁੱਲ ਗਿਣਤੀ 68 ਹੈ। ਇਨ੍ਹਾਂ ਵਿੱਚੋਂ 7 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ, 53 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ ਅਤੇ 8 ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਨ। ਸਲੋਕਾਂ ਦੀਆਂ ਤੁਕਾਂ ਦੀ ਗਿਣਤੀ 2 ਤੋਂ 14 ਤਕ ਹੈ।
ਪਉੜੀਆਂ ਅਤੇ ਸਲੋਕਾਂ ਵਿਚ ਭਾਵ ਦੀ ਏਕਤਾ ਹੈ। ਇਸ ਵਿਚ ਗੁਰਮਤਿ ਦੇ ਅਨੇਕਾਂ ਪੱਖਾਂ ’ਤੇ ਚਾਨਣਾ ਪਾਇਆ ਗਿਆ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ (ਪੰਨਾ 305)
10. ਬਿਹਾਗੜੇ ਕੀ ਵਾਰ ਮਹਲਾ ੪
‘ਬਿਹਾਗੜਾ ਰਾਗ’ ਉੱਤਰੀ ਭਾਰਤੀ ਸੰਗੀਤ ਦਾ ਮਧੁਰ ਰਾਗ ਹੈ। ਇਸ ਰਾਗ ਨੂੰ ‘ਬਿਹਾਗ’ ਦਾ ਉੱਪ ਅੰਗ ਮੰਨਿਆ ਜਾਂਦਾ ਹੈ ਜਿਸ ਦੀ ਰਚਨਾ ਬਿਹਾਗ ਅਤੇ ਖਮਾਜ ਦੇ ਮਿਸ਼ਰਣ ਤੋਂ ਹੋਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਇਸ ਵਾਰ ਵਿਚ ਕੁੱਲ 21 ਪਉੜੀਆਂ ਹਨ ਅਤੇ ਹਰ ਇਕ ਪਉੜੀ ਪੰਜ-ਤੁਕੀ ਹੈ। ਪਰ ਤੁਕਾਂ ਦਾ ਆਕਾਰ ਇਕਸਾਰ ਨਹੀਂ ਹੈ। ਹਰ ਇਕ ਪਉੜੀ ਨਾਲ 2-2 ਸਲੋਕ ਹਨ। ਸਿਰਫ 12ਵੀਂ ਪਉੜੀ ਨਾਲ 3 ਸਲੋਕ ਹਨ। ਇਸ ਤਰ੍ਹਾਂ ਸਲੋਕਾਂ ਦੀ ਗਿਣਤੀ 43 ਹੈ। 12ਵੀਂ ਪਉੜੀ ਵਾਲੇ ਤਿੰਨ ਸਲੋਕਾਂ ਤੋਂ ਪਹਿਲਾਂ “ਸਲੋਕੁ ਮਰਦਾਨਾ 1” ਲਿਖਿਆ ਹੋਇਆ ਹੈ। ਇਨ੍ਹਾਂ ਤਿੰਨਾਂ ਤੋਂ ਇਲਾਵਾ ਬਾਕੀ ਦੇ 40 ਸਲੋਕਾਂ ਵਿੱਚੋਂ 2 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ, ਇਕ ਸਲੋਕ ਭਗਤ ਕਬੀਰ ਜੀ ਦਾ ਹੈ। 2 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ, 2 ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਤੇ ਬਾਕੀ 33 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਲਿਖੇ ਹੋਏ ਹਨ। ਸਲੋਕਾਂ ਦੀਆਂ ਤੁਕਾਂ ਦੀ ਗਿਣਤੀ ਇਕਸਾਰ ਨਹੀਂ ਹੈ। 2 ਤੋਂ ਲੈ ਕੇ 11 ਤੁਕਾਂ ਤਕ ਦੇ ਸਲੋਕ ਦਰਜ ਹਨ। ਇਨ੍ਹਾਂ ਦੀ ਭਾਸ਼ਾ ਸਾਧ-ਭਾਖਾ ਤੋਂ ਪ੍ਰਭਾਵਿਤ ਪੂਰਬੀ ਪੰਜਾਬੀ ਹੈ। ਇਸ ਵਾਰ ਵਿਚ ਦੱਸਿਆ ਗਿਆ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਜਿਗਿਆਸੂ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ। ਮਾਇਆ ਦਾ ਪ੍ਰਭਾਵ ਨਸ਼ਟ ਹੋ ਜਾਂਦਾ ਹੈ ਅਤੇ ਉਹ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। ਪਰਮਾਤਮਾ ਦੀ ਸੱਚੀ ਭਗਤੀ ਦੇ ਤੁਲ ਕੋਈ ਵਸਤੂ ਜਾਂ ਸਹਾਇਕ ਤੱਤ ਨਹੀਂ ਹੈ:
ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ॥ (ਪੰਨਾ 555)
( ਚਲਦਾ )