ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ

ਰਵਿਦਾਸ ਜੀ ਨੇ ਕਿਰਤ ਕਰਦਿਆਂ ਹੀ, ਉਸ ਪ੍ਰਭੂ ਨਾਲ ਸੱਚੀ ਪ੍ਰੀਤ ਗੰਢ ਲਈ। ਇਸੇ ਕਾਰਨ ਉਹ ਕਹਿ ਰਹੇ ਹਨ ਕਿ-
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ॥
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ॥ (ਅੰਗ 659)
ਉਹਨਾਂ ਦਾ ਉਪਦੇਸ਼ ਹੈ ਕਿ- ਦੁਨਿਆਵੀ ਆਸਰੇ ਸਾਰੇ ਝੂਠੇ ਹਨ ਜਾਂ ਕਹਿ ਲਵੋ ਕਿ ਥੋੜ੍ਹ ਚਿਰੇ ਹਨ- ਸੋ ਸਾਨੂੰ ਓਸ ਸੱਚੇ ਨਾਲ ਸੱਚੀ ਪ੍ਰੀਤ ਪਾਉਣੀ ਚਾਹੀਦੀ ਹੈ- ਜੋ ਕਦੇ ਟੁੱਟਣੀ ਨਹੀਂ! ਪਰ ਉਹ ਕਿਵੇਂ ਪੈ ਸਕਦੀ ਹੈ? ਜੇ ਅਸੀਂ ਦੁਨਿਆਵੀ ਰਸਾਂ ਕਸਾਂ ਵਲੋਂ ਆਪਣੇ ਮਨ ਨੂੰ ਸੰਕੋਚ ਲਈਏ ਜਾਂ ਕਹਿ ਲਵੋ ਕਿ ਉਹਨਾਂ ਵਿੱਚ ਹੀ ਖੁੱਭੇ ਨਾ ਰਹੀਏ!
ਬਾਬਾ ਬੁਲ੍ਹੇ ਸ਼ਾਹ ਜੀ ਵੀ ਕਹਿ ਰਹੇ ਹਨ-
ਬੁਲ੍ਹਿਆ ਰੱਬ ਦਾ ਕੀ ਪਾਉਣਾ,
ਏਧਰੋਂ ਪੁੱਟਣਾ ਤੇ ਓਧਰ ਲਾਉਣਾ।
ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਸਾ ਜੀ ਦੀ ਵਾਰ ਵਿੱਚ ਸਾਨੂੰ ਸਮਝਾਇਆ ਹੈ-
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥…
ਕੂੜ ਮੀਆ ਕੂੜ ਬੀਬੀ ਖਪਿ ਹੋਏ ਖਾਰ॥
ਕੂੜ ਕੂੜੇ ਨੇਹੁ ਲਗਾ ਵਿਸਰਿਆ ਕਰਤਾਰ॥ (ਅੰਗ 468)
ਪੂਰਾ ਸ਼ਬਦ ਲੰਬਾ ਹੈ। ਵਿੱਚ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਦੁਨਿਆਵੀ ਵਸਤੂਆਂ ਦੀਆਂ ਉਦਾਹਰਣਾ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ- ਇਹ ਜੀਵ ਆਤਮਾ, ਇਹਨਾਂ ਨਾਸ਼ਵਾਨ ਵਸਤੂਆਂ ਤੇ ਸਬੰਧੀਆਂ ਨਾਲ ਪਿਆਰ ਪਾ ਕੇ- ਤੇ ਇਹਨਾਂ ਵਿੱਚ ਗਲਤਾਨ ਹੋ ਕੇ- ਆਪਣੇ ਰਚਣਹਾਰੇ ਨੂੰ ਭੁੱਲ ਚੁੱਕੀ ਹੈ। ਸੋ ਉਸ ਪ੍ਰਮਾਤਮਾ ਨਾਲ ਪਿਆਰ ਪਾਉਣ ਲਈ ਸਾਨੂੰ ਮਾਇਆ ਦੇ ਭਰਮ ਜਾਲ ਤੋਂ ਨਿਰਲੇਪ ਹੋਣਾ ਪਏਗਾ। ਮਾਇਆ ਤੋਂ ਭਾਵ- ਧਨ ਦੌਲਤ ਹੀ ਨਹੀਂ, ਸਗੋਂ ਇਹ ਧੀਆਂ, ਪੁੱਤਰ, ਪਰਿਵਾਰ, ਪਰੌਪਰਟੀ ਆਦਿ ਸਭ ਮਾਇਆ ਦੇ ਹੀ ਰੂਪ ਹਨ।
ਪਰ ਗੁਰੂ ਸਾਹਿਬ ਨੇ ਕਿਤੇ ਵੀ ਸਾਨੂੰ ਮਾਇਆ ਨੂੰ ਤਿਆਗ ਕੇ, ਇਸ ਕੋਲੋਂ ਦੂਰ ਭੱਜਣ ਨੂੰ ਨਹੀਂ ਕਿਹਾ। ਸਗੋਂ ਉਹ ਤਾਂ ਕਹਿ ਰਹੇ ਹਨ-
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਅੰਗ 522)
ਛੇਵੇਂ ਪਾਤਸ਼ਾਹ ਨੂੰ ਵੀ ਜਦੋਂ ਗੁਜਰਾਤ ਦੇ ਫਕੀਰ ਨੇ ਉਹਨਾਂ ਦਾ ਸ਼ਾਹੀ ਠਾਠ ਬਾਠ ਦੇਖ ਕੇ, 4 ਸੁਆਲ ਪੁੱਛੇ ਸਨ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਸੀ-
ਔਰਤ- ਈਮਾਨ!
ਪੁੱਤਰ- ਨੀਸ਼ਾਨ!
ਦੌਲਤ- ਗੁਜ਼ਰਾਨ!
ਫਕੀਰ- ਹਿੰਦੂ ਨਾ ਮੁਸਲਮਾਨ!
ਆਓ ਗੁਰੂ ਸਾਹਿਬ ਨੂੰ ਹੀ ਪੁੱਛੀਏ ਕਿ-
ਵਿਚੇ ਗ੍ਰਿਸਤ ਉਦਾਸ ਰਹਾਈ॥ (ਅੰਗ 494) ਕਿਵੇਂ ਰਹਿਣਾ ਹੈ?
ਇਸ ਦਾ ੳਤਰ ‘ਸਿਧ ਗੋਸਟਿ’ ਵਿੱਚੋਂ ਹੀ ਮਿਲ ਜਾਂਦਾ ਹੈ-
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮ ਵਖਾਣੇ॥(ਅੰਗ 938)
ਇੱਥੇ ਉਹ ਕੰਵਲ ਦੇ ਫੁੱਲ ਤੇ ਮੁਰਗਾਬੀ ਦੀ ਉਦਾਹਰਣ ਦਿੰਦੇ ਹੋਏ ਸਮਝਾਉਂਦੇ ਹਨ ਕਿ- ਜਿਵੇਂ ਕੰਵਲ ਦਾ ਫੁੱਲ ਚਿੱਕੜ ਵਿੱਚ ਉੱਗਦਾ ਹੈ- ਪਾਣੀ ਵਿੱਚ ਰਹਿੰਦਾ ਹੈ- ਪਰ ਪਾਣੀ ਦੇ ਉੱਪਰ ਖਿੜਦਾ ਹੈ। ਜਿਵੇਂ ਇੱਕ ਮੁਰਗਾਬੀ ਪਾਣੀ ਦੇ ਵਿੱਚ ਤਰਦੀ ਹੋਈ ਵੀ ਆਪਣੇ ਖੰਭ ਪਾਣੀ ਵਿੱਚ ਭਿੱਜਣ ਨਹੀਂ ਦਿੰਦੀ ਤੇ ਜਦ ਜੀਅ ਚਾਹੇ ਉਡ ਜਾਂਦੀ ਹੈ- ਉਸੇ ਤਰ੍ਹਾਂ ਮਾਇਆ ਵਿੱਚ ਰਹਿੰਦੇ ਹੋਏ ਇਸ ਨੂੰ ਦਾਸੀ ਬਣਾ ਕੇ ਰੱਖਣਾ ਹੈ – ਕਦੇ ਵੀ ਆਪਣੇ ਉੱਪਰ ਸਵਾਰ ਨਹੀਂ ਹੋਣ ਦੇਣਾ। ਮਸਕੀਨ ਸਾਹਿਬ ਵੀ ਆਪਣੀ ਇੱਕ ਕਥਾ ਵਿੱਚ ਕਹਿ ਰਹੇ ਹਨ ਕਿ- ਬੇੜੀ ਨੂੰ ਤਰਨ ਲਈ ਵੀ ਪਾਣੀ ਚਾਹੀਦਾ ਹੈ ਤੇ ਡੁੱਬਣ ਲਈ ਵੀ। ਜੇ ਪਾਣੀ ਬੇੜੀ ਦੇ ਹੇਠਾਂ ਰਹੇ ਤਾਂ ਉਹ ਤਰਦੀ ਹੈ- ਪਰ ਜੇ ਉੱਪਰ ਆ ਜਾਵੇ ਤਾਂ ਉਹ ਡੱੁਬ ਜਾਂਦੀ ਹੈ।
ਸੋ ਓਸ ਸੱਚੇ ਨਾਲ ਸੱਚੀ ਪ੍ਰੀਤ ਗੰਢਣ ਲਈ ਸਾਨੂੰ ਭਗਤ ਕਬੀਰ ਜੀ ਦਾ ਬਚਨ ਵੀ ਯਾਦ ਰੱਖਣ ਦੀ ਲੋੜ ਹੈ-
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਅੰਗ 1375)
ਆਓ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ- ਸਾਡੀ ਵੀ ਲਿਵ ਉਸ ਦੀ ਮਿਹਰ ਸਦਕਾ, ਵਾਹਿਗੁਰੂ ਨਾਲ ਜੁੜ ਜਾਵੇ ਤੇ ਅਸੀਂ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਈਏ!
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ
ਵਟਸਐਪ: +91 98728 60488


Share On Whatsapp

Leave a Reply




top