22 ਵਾਰਾਂ – ਭਾਗ 15

7 ਮਾਰੂ ਵਾਰ ਮਹਲਾ ੩
‘ਰਾਗ ਮਾਰੂ’ ਇਕ ਪੁਰਾਤਨ ਅਤੇ ਕਠਿਨ ਰਾਗ ਹੈ। ਪੁਰਾਤਨ ਸੰਗੀਤ ਗ੍ਰੰਥਾਂ ਵਿਚ ਇਸ ਨੂੰ ਬੀਰ ਰਸੀ ਰਾਗ ਕਿਹਾ ਗਿਆ ਹੈ। ਪ੍ਰਾਚੀਨ ਗ੍ਰੰਥਾਕਾਰ ਇਸ ਨੂੰ ਮਾਰੁਵ, ਮਾਰਵ, ਮਾਰਵਿਕ, ਆਦਿ ਨਾਮਾਂ ਨਾਲ ਜਾਣਿਆ ਅੰਕਿਤ ਕਰਦੇ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ਮਾਰੂ ਰਾਗ ਹੀ ਲਿਖਿਆ ਗਿਆ ਹੈ। ਪੁਰਾਤਨ ਰਾਗ ਹੋਣ ਕਰਕੇ ਇਸ ਦੇ ਕਈ ਰੂਪ ਪ੍ਰਚਲਿਤ ਹਨ ਜਿਨ੍ਹਾਂ ਵਿਚ ਰਿਸ਼ਭ ਕੋਮਲ, ਮਧਿਅਮ ਤੀਬਰ, ਪੰਚਮ ਵਰਜਿਤ ਅਤੇ ਬਾਕੀ ਸਾਰੇ ਸੁਰ ਸ਼ੁੱਧ ਵਰਤੇ ਜਾਂਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਦੀ ਰਚੀ ਇਸ ਵਾਰ ਵਿਚ ਕੁੱਲ 22 ਪਉੜੀਆਂ ਹਨ। ਹਰ ਇਕ ਪਉੜੀ ਵਿਚ ਪੰਜ-ਪੰਜ ਤੁਕਾਂ ਹਨ ਸਿਵਾਏ ਅਖ਼ੀਰਲੀ ਦੇ ਜਿਸ ਪਉੜੀ ਵਿਚ 6 ਤੁਕਾਂ ਹਨ। ਇਸ ਦੇ ਨਾਲ 47 ਸਲੋਕ ਵੀ ਦਰਜ ਹਨ। ਪਉੜੀ ਅੰਕ 2, 13 ਅਤੇ 14 ਨਾਲ ਤਿੰਨ-ਤਿੰਨ ਸਲੋਕ ਹਨ ਅਤੇ ਬਾਕੀਆਂ ਨਾਲ ਦੋ-ਦੋ ਸਲੋਕ ਹਨ। 47 ਸਲੋਕਾਂ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 18 ਸਲੋਕ, ਸ੍ਰੀ ਗੁਰੂ ਅੰਗਦ ਦੇਵ ਜੀ ਦਾ 1 ਸਲੋਕ, ਸ੍ਰੀ ਗੁਰੂ ਅਮਰਦਾਸ ਜੀ ਦੇ 23 ਸਲੋਕ, ਸ੍ਰੀ ਗੁਰੁ ਰਾਮਦਾਸ ਜੀ ਦੇ 2 ਸਲੋਕ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 2 ਸਲੋਕ ਹਨ। ਇਸ ਵਾਰ ਵਿਚ ਅਨੇਕਾਂ ਅਧਿਆਤਮਿਕ ਪੱਖਾਂ ਉੱਪਰ ਚਾਨਣਾ ਪਾਇਆ ਗਿਆ ਹੈ।
8. ਸਿਰੀਰਾਗ ਕੀ ਵਾਰ ਮਹਲਾ ੪
‘ਸਿਰੀਰਾਗ’ ਸ਼ਾਮ ਦਾ ਰਾਗ ਹੈ। ਸਿਰੀਰਾਗ ਦਾ ਰੂਪ ਦੱਸਦਿਆਂ ਕਿਹਾ ਗਿਆ ਹੈ ਕਿ ਗਹਿਣਿਆਂ ਨਾਲ ਲੱਦੀ ਖ਼ੂਬਸੂਰਤ ਇਸਤਰੀ ਦਾ ਹੈ, ‘ਸੁ ਤ੍ਰਯ ਭੂਖਨ ਅੰਗ ਸੁਭ’। ਇਹ ਅਤਿ ਗਰਮੀ ਅਤੇ ਅਤਿ ਸਰਦੀ ਵਿਚ ਗਾਇਆ ਜਾਂਦਾ ਹੈ।
ਪ੍ਰਮਾਣਿਕ ਸ੍ਰੋਤ ਸਾਨੂੰ ਇਹ ਦੱਸਦੇ ਹਨ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਗੁਣਾਂ ਦੀ ਸ਼ਾਮ ਪੈ ਚੁੱਕੀ ਸੀ, ਲੰਮੀ ਰਾਤ ਅੱਗੋਂ ਦਿੱਸ ਰਹੀ ਸੀ। ਹੱਥ ਨੂੰ ਹੱਥ ਵਿਖਾਈ ਨਹੀਂ ਸੀ ਦਿੰਦਾ। ਕੋਈ ਦੀਵਾ ਨਹੀਂ ਸੀ ਅਤੇ ਨਾ ਹੀ ਕੋਈ ਚਾਨਣ ਜੋ ਲੋਕਾਈ ਨੂੰ ਅਗਿਆਨਤਾ ਦੇ ਅੰਧਕਾਰ ਵਿਚੋਂ ਬਾਹਰ ਕੱਢ ਸਕਦਾ।
ਸਿਰੀਰਾਗ ਇਕ ਪ੍ਰਾਚੀਨ ਰਾਗ ਹੈ। ਗੁਰਮਤਿ ਸੰਗੀਤ ਵਿਚ ਇਸ ਦੀ ਵਿਸ਼ੇਸ਼ ਥਾਂ ਹੈ। ਇਸ ਦੀ ਮਹੱਤਤਾ ਇਹ ਹੈ ਕਿ ਲੜੀਵਾਰ ਰਾਗ ਵਿਧਾਨ ਦਾ ਆਰੰਭ ਇਸੇ ਰਾਗ ਤੋਂ ਕੀਤਾ ਗਿਆ ਹੈ। ਇਸ ਰਾਗ ਦੇ ਮਹੱਤਵ ਨੂੰ ਹੋਰ ਉਜਾਗਰ ਕਰਨ ਲਈ ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ :
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ (ਪੰਨਾ 83)
ਰਾਗ ਰਾਗਣੀ ਪਰੰਪਰਾ ਅਨੁਸਾਰ ਇਹ ਰਾਗ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਆਧੁਨਿਕ ਥਾਟ ਦੇ ਅਨੁਸਾਰ ਇਸ ਨੂੰ ਪੂਰਬੀ ਥਾਟ ਦੇ ਅੰਤਰਗਤ ਰੱਖਿਆ ਜਾਂਦਾ ਹੈ। ਇਸ ਸਰੂਪ ਤੋਂ ਵੀ ਵਧੇਰੇ ਪ੍ਰਾਚੀਨ ਅਤੇ ਬਜ਼ੁਰਗ ਸਿੱਖ ਕੀਰਤਨੀਆਂ ਵਿਚ ਪ੍ਰਚਲਿਤ ਰਹੇ ਸਰੂਪ ਵਿਚ ਇਹ ਰਾਗ ਕਾਫੀ ਥਾਟ ਦੇ ਅੰਤਰਗਤ ਆਉਂਦਾ ਹੈ। ਪ੍ਰਾਚੀਨ ਸਿਰੀਰਾਗ ਨਿਸ਼ਚੇ ਹੀ ਕਾਫੀ ਥਾਟ ਅਧੀਨ ਹੋਵੇਗਾ ਅਤੇ ਬਜ਼ੁਰਗ ਸੰਗੀਤ ਵਿਦਵਾਨਾਂ ਕੋਲੋਂ ਪ੍ਰਾਪਤ ਕਾਫੀ ਥਾਟ ਦਾ ਸਿਰੀਰਾਗ ਹੀ ਪੁਰਾਤਨ ਸਰੂਪ ਹੈ। ਪੂਰਬੀ ਥਾਟ ਅਤੇ ਕਾਫੀ ਥਾਟ ਦੇ ਸੁਰਾਂ ਦਾ ਮੂਲ ਰੂਪ ਇੱਕੋ ਹੀ ਹੈ। ਪਰ ਥਾਟ ਅਨੁਸਾਰ ਉਨ੍ਹਾਂ ਦਾ ਸੁਰ ਰੂਪ ਤਬਦੀਲ ਕਰ ਦੇਣ ਨਾਲ ਬਾਕੀ ਨਿਯਮ ਸਮਾਨ ਰਹਿਣ ਉੱਤੇ ਵੀ ਸਿਰੀਰਾਗ ਪੂਰਬੀ ਅਤੇ ਕਾਫੀ ਥਾਟ ਅਧੀਨ ਆ ਜਾਂਦਾ ਹੈ।
ਇਸ ਵਾਰ ਦੀਆਂ ਕੁੱਲ 21 ਪਉੜੀਆਂ ਹਨ ਜੋ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਇਹ ਸਾਰੀਆਂ ਪਉੜੀਆਂ ਪੰਜ-ਪੰਜ ਤੁਕਾਂ ਦੀਆਂ ਹਨ। ਹਰ ਇਕ ਪਉੜੀ ਨਾਲ 2-2 ਸਲੋਕ ਦਰਜ ਹਨ। ਸਿਰਫ 14ਵੀਂ ਪਉੜੀ ਨਾਲ ਤਿੰਨ ਸਲੋਕ ਹਨ। ਇਸ ਤਰ੍ਹਾਂ ਸਲੋਕਾਂ ਦੀ ਕੁੱਲ ਗਿਣਤੀ 43 ਹੈ। ਇਨ੍ਹਾਂ ਵਿੱਚੋਂ 7 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ, 2 ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ, 33 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਅਤੇ 1 ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ ਆਪਣਾ ਕੋਈ ਸਲੋਕ ਇਸ ਵਿਚ ਨਹੀਂ ਹੈ। ਸਲੋਕਾਂ ਵਿਚ ਤੁਕਾਂ ਦੀ ਸਮਾਨਤਾ ਨਹੀਂ ਹੈ। 2 ਤੋਂ ਲੈ ਕੇ 11 ਤੁਕਾਂ ਤਕ ਦੇ ਸਲੋਕ ਦਰਜ ਹਨ। ਪਉੜੀਆਂ ਤੇ ਸਲੋਕਾਂ ਦੇ ਭਾਵ-ਅਰਥਾਂ ਵਿਚ ਬਹੁਤ ਸਮਾਨਤਾ ਹੈ। ਇਸ ਵਾਰ ਵਿਚ ਦੱਸਿਆ ਗਿਆ ਹੈ ਕਿ ਪਰਮਾਤਮਾ ਹਰ ਇਕ ਜੀਵ ਦਾ ਪ੍ਰਤਿਪਾਲਕ ਹੈ।
( ਚਲਦਾ )


Share On Whatsapp

Leave a Reply




top