5 . ਸੂਹੀ ਕੀ ਵਾਰ ਮਹਲਾ ੩
‘ਸੂਹੀ’ ਇਕ ਅਪ੍ਰਚਲਿਤ ਰਾਗ ਹੈ। ਪੁਰਾਤਨ ਮੱਧਕਾਲੀਨ ਜਾਂ ਆਧੁਨਿਕ ਸੰਗੀਤ ਗ੍ਰੰਥਾਂ ਵਿਚ ਇਸ ਰਾਗ ਦਾ ਉਲੇਖ ਨਹੀਂ ਮਿਲਦਾ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਅਧੀਨ ਬਾਣੀ, ਅੰਕਿਤ ਹੈ। ਕਈ ਵਿਦਵਾਨ ‘ਸੂਹਾ’ ਰਾਗ ਨੂੰ ਹੀ ਸੂਹੀ ਰਾਗ ਮੰਨਦੇ ਹਨ। ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਇਸ ਰਾਗ ਦੇ ਸੰਬੰਧ ਵਿਚ ਲਿਖਦੇ ਹਨ :
“ਸੂਹੀ ਇਕ ਰਾਗਣੀ ਹੈ, ਜਿਸ ਨੂੰ ਸੂਹਾ ਭੀ ਆਖਦੇ ਹਨ। ਇਹ ਕਾਫੀ ਠਾਠ ਦੀ ਸ਼ਾਡਵ ਰਾਗਣੀ ਹੈ। ਇਸ ਵਿਚ ਧੈਵਤ ਵਰਜਿਤ ਹੈ। ਸੂਹੀ ਵਿਚ ਗੰਧਾਰ ਅਤੇ ਨਿਸ਼ਾਦ ਕੋਮਲ ਅਤੇ ਬਾਕੀ ਸੁਰ ਸ਼ੁੱਧ ਹਨ। ਵਾਦੀ ਮਧਿਅਮ ਅਤੇ ਸੰਵਾਦੀ ਸ਼ਡਜ ਹੈ। ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ।”
ਇਸ ਵਾਰ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ 15 ਸਲੋਕ ਹਨ। ਬਾਕੀਆਂ ਵਿੱਚੋਂ 21 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਤੇ 11 ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਨ। ਇਸ ਤਰ੍ਹਾਂ ਇਸ ਦੇ ਕੁੱਲ 47 ਸਲੋਕ ਹਨ। ਇਸ ਵਾਰ ਦੀਆਂ ਕੁੱਲ 20 ਪਉੜੀਆਂ ਹਨ। ਹਰ ਇਕ ਪਉੜੀ ਦੀਆਂ ਪੰਜ-ਪੰਜ ਤੁਕਾਂ ਹਨ। ਸਲੋਕਾਂ ਵਿਚ ਤੁਕਾਂ ਦੀ ਸਮਾਨਤਾ ਨਹੀਂ ਹੈ। ਦੋ ਤੋਂ ਲੈ ਕੇ ਅੱਠ ਤਕ ਤੁਕਾਂ ਹਨ। ਆਮ ਤੌਰ ’ਤੇ ਹਰ ਪਉੜੀ ਦੇ ਨਾਲ 2-2 ਸਲੋਕ ਹਨ, ਪਰ ਸਤਵੀਂ ਅਤੇ ਪੰਦਰ੍ਹਵੀਂ ਪਉੜੀ ਨਾਲ ਆਏ ਸਲੋਕਾਂ ਦੀ ਗਿਣਤੀ ਚਾਰ-ਚਾਰ ਹੈ। 6ਵੀਂ, 9ਵੀਂ ਅਤੇ 15ਵੀਂ ਪਉੜੀ ਨਾਲ ਆਏ ਸਲੋਕਾਂ ਦੀ ਗਿਣਤੀ ਤਿੰਨ-ਤਿੰਨ ਹੈ। ਇਸ ਵਾਰ ਵਿਚ ਗੁਰਮਤਿ ਦੇ ਕਈ ਸਿਧਾਂਤਾਂ ’ਤੇ ਚਾਨਣਾ ਪਾਇਆ ਗਿਆ ਹੈ।
6. ਰਾਮਕਲੀ ਕੀ ਵਾਰ ਮਹਲਾ ੩
‘ਰਾਮਕਲੀ’ ਬੜਾ ਪ੍ਰਸਿੱਧ ਅਤੇ ਹਰਮਨ ਪਿਆਰਾ ਰਾਗ ਹੈ। ਪ੍ਰਭਾਤ ਦੇ ਰਾਗਾਂ ਵਿੱਚੋਂ ਇਸ ਦੀ ਬੜੀ ਮਹਾਨਤਾ ਹੈ। ਰਾਮਕਲੀ ਰਾਗ ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ‘ਅਨੰਦ ਸਾਹਿਬ’ ਬਾਣੀ ਦੀ ਰਚਨਾ ਕੀਤੀ ਹੈ।
ਰਾਮਕਲੀ ਰਾਗ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚੀ ਇਸ ਵਾਰ ਦੀਆਂ ਕੁਲ 21 ਪਉੜੀਆਂ ਹਨ। ਹਰ ਇਕ ਪਉੜੀ ਵਿਚ ਸਮਾਨ ਆਕਾਰ ਵਾਲੀਆਂ ਪੰਜ-ਪੰਜ ਤੁਕਾਂ ਹਨ। ਪਹਿਲੀ ਪਉੜੀ ਤੋਂ ਬਾਅਦ ਇਕ ਤੁਕ ਵਾਲਾ ‘ਰਹਾਉ’ ਵੀ ਹੈ। ‘ਰਹਾਉ’ ਦੀ ਵਿਵਸਥਾ ਕਿਸੇ ਹੋਰ ਵਾਰ ਵਿਚ ਹੋਈ ਹੈ। ਇਨ੍ਹਾਂ ਪਉੜੀਆਂ ਨਾਲ 52 ਸਲੋਕ ਵੀ ਦਰਜ ਹਨ। ਇਨ੍ਹਾਂ ਸਲੋਕਾਂ ਵਿੱਚੋਂ 19 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ, 7 ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅਤੇ 24 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। 2 ਸਲੋਕ ਭਗਤ ਕਬੀਰ ਜੀ ਦੇ ਹਨ। 8ਵੀਂ ਪਉੜੀ ਨਾਲ ਦਰਜ ਮਹਲਾ 3 ਦਾ ਸਲੋਕ ਭਗਤ ਫਰੀਦ ਜੀ ਦੇ ਸਲੋਕਾਂ ਵਿਚ ਕ੍ਰਮਾਂਕ 52 ਉੁੱਤੇ ਵੀ ਆਇਆ ਹੈ ਅਤੇ ਪਉੜੀ 2 ਨਾਲ ਪਹਿਲਾ ਸਲੋਕ ਭਗਤ ਕਬੀਰ ਜੀ ਦੇ ਸਲੋਕਾਂ ਵਿਚ ਕ੍ਰਮਾਂਕ 65 ਉੁੱਤੇ ਵੀ ਦਰਜ ਹੈ। ਸਲੋਕਾਂ ਦੀ ਵੰਡ ਹਰ ਇਕ ਪਉੜੀ ਨਾਲ ਸਮਾਨ ਰੂਪ ਵਿਚ ਨਹੀਂ ਹੋਈ।
ਇਸ ਵਾਰ ਵਿਚ ਗੁਰੂ ਜੀ ਨੇ ਫ਼ਰਮਾਇਆ ਹੈ ਕਿ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੈ ਅਤੇ ਉਹ ਖ਼ੁਦ ਇਸ ਵਿਚ ਵਿਆਪਕ ਹੈ। ਮਾਇਆ ਦੀ ਰਚਨਾ ਕਰ ਕੇ ਫਿਰ ਮਨੁੱਖ ਨੂੰ ਉਸ ਦੇ ਜਾਲ ਵਿਚ ਫਸਣੋਂ ਬਚਾਉਂਦਾ ਵੀ ਉਹ ਆਪ ਹੀ ਹੈ। ਸਦਾ ਪਰਮਾਤਮਾ ਦੀ ਭਗਤੀ ਕਰ ਕੇ ਜੂਨਾਂ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਹੈ।
( ਚਲਦਾ )