22 ਵਾਰਾਂ – ਭਾਗ 13

3 ਮਲਾਰ ਕੀ ਵਾਰ ਮਹਲਾ ੧
‘ਮਲਾਰ’ ਰਾਗ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਫੁਰਮਾਨ ਕੀਤਾ ਹੈ:
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥(ਪੰਨਾ 1283)
ਇਸ ਦੇ ਰੂਪ ਬਾਰੇ ਲਿਖਿਆ ਹੈ ਕਿ , ਮੂੰਹ ਵਿਚ ਪਾਠ ਤੇ ਚਮਕਦਾ ਚਿਹਰਾ ਅਤੇ ਚੜ੍ਹੀ ਜਵਾਨੀ ਜਿਸ ’ਤੇ ਚੰਦਨ ਮਲ-ਮਲ ਖੁਸ਼ਬੂ ਪੈਦਾ ਕੀਤੀ ਹੋਵੇ ਅਤੇ ਰੇਸ਼ਮੀ ਕੱਪੜੇ, ਭਾਵ ਸਾਰੇ ਪਾਸੇ ਉਤਸ਼ਾਹ ਦਾ ਵਾਤਾਵਰਨ। ਸੋ ‘ਰਾਗ ਮਲਾਰ’ ਵਿਚ ਬਾਣੀ ਦਾ ਮੀਂਹ ਪੈਂਦਾ ਹੈ ਅਤੇ ਜਿਸ ਪੀ ਲਿਆ ਉਹ ਸ਼ਾਂਤ-ਚਿਤ ਹੋ ਗਿਆ:
ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ॥
ਜਿਨਿ ਪੀਤੀ ਤਿਸੁ ਮੋਖ ਦੁਆਰ॥ (ਪੰਨਾ 1275)
ਇਹ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੀਆਂ ਕੁਲ 28 ਪਉੜੀਆਂ ਹਨ ਜਿਨ੍ਹਾਂ ਵਿੱਚੋਂ 1 ਪਉੜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ ਅਤੇ ਬਾਕੀ ਦੀਆਂ 27 ਪਉੜੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ। ਇਸ ਵਾਰ ਵਿਚ ਕੁਲ 58 ਸਲੋਕ ਸੰਕਲਿਤ ਕੀਤੇ ਗਏ ਹਨ। ਇਸ ਵਾਰ ਵਿਚਲੀ ਹਰ ਪਉੜੀ ਅੱਠ-ਅੱਠ ਤੁਕਾਂ ਦੀ ਹੈ ਪਰ ਇਨ੍ਹਾਂ ਦੇ ਆਕਾਰ ਵਿਚ ਸਮਾਨਤਾ ਨਹੀਂ ਹੈ। ਇਸ ਵਿਚ ਦਰਜ 58 ਸਲੋਕਾਂ ਵਿੱਚੋਂ 24 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ, 5 ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ, 27 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਅਤੇ 2 ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਨ। ਹਰ ਇਕ ਪਉੜੀ ਨਾਲ 2-2 ਸਲੋਕ ਹਨ, ਸਿਰਫ 21ਵੀਂ ਪਉੜੀ ਦੇ ਨਾਲ 4 ਸਲੋਕ ਹਨ। ਸਲੋਕਾਂ ਦੀਆਂ ਤੁਕਾਂ ਦਾ ਆਕਾਰ ਇਕਸਾਰ ਨਹੀਂ ਹੈ। 2 ਤੋਂ ਲੈ ਕੇ 26 ਤਕ ਸਲੋਕ ਮਿਲਦੇ ਹਨ। ਇਸ ਵਾਰ ਦੀਆਂ ਪਉੜੀਆਂ ਦੀ ਭਾਸ਼ਾ ਦਾ ਸਰੂਪ ਪੂਰਬੀ ਪੰਜਾਬੀ ਵਾਲਾ ਹੈ, ਪਰ ਸਲੋਕ ਲਗਭਗ ਕੇਂਦਰੀ ਪੰਜਾਬੀ ਵਿਚ ਲਿਖੇ ਹੋਏ ਹਨ, ਭਾਵੇਂ ਇਨ੍ਹਾਂ ਉੁੱਪਰ ਕਿਤੇ-ਕਿਤੇ ਲਹਿੰਦੀ ਦਾ ਪ੍ਰਭਾਵ ਹੈ।
ਇਸ ਵਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਰੀਤੀਆਂ ਅਤੇ ਕੂੜ ਪਰੰਪਰਾਵਾਂ ਨੂੰ ਤਿਆਗ ਕੇ ਵਾਸਤਵਿਕ ਧਰਮ-ਕਾਰਜ ਵਿਚ ਲੀਨ ਹੋਣ ਦੀ ਭਾਵਨਾ ਨੂੰ ਪ੍ਰਗਟ ਕੀਤਾ ਹੈ। ਕੁਝ ਵਿਦਵਾਨਾਂ ਨੇ ਇਸ ਦੀ ਭਾਵ-ਸਮੱਗਰੀ ਨੂੰ 4 ਭਾਗਾਂ ਵਿਚ ਵੰਡਿਆ ਹੈ। 1 ਤੋਂ 7 ਤਕ ਪਉੜੀਆਂ ਰੱਬ ਬਾਰੇ, 8 ਤੋਂ 16 ਤਕ ਨਾਮ ਬਾਰੇ, 17 ਤੋਂ 22 ਤਕ ਭਗਤੀ ਬਾਰੇ ਅਤੇ 23 ਤੋਂ 28 ਤਕ ਪਉੜੀਆਂ ਗੁਰੂ-ਸ਼ਬਦ ਬਾਰੇ ਹਨ। ਪਰ ਅਜਿਹੀ ਵੰਡ-ਰੇਖਾ ਅੰਦਰਲੇ ਤੱਥਾਂ ਤੋਂ ਸਪਸ਼ਟ ਨਹੀਂ ਹੁੰਦੀ।
4. ਗੂਜਰੀ ਕੀ ਵਾਰ ਮਹਲਾ ੩
‘ਗੂਜਰੀ’ ਇਕ ਪੁਰਾਤਨ ਰਾਗ ਹੈ। ਇਸ ਦਾ ਸੁਰਾਤਮਕ ਸਰੂਪ ਕਰੁਣਾ ਰਸ ਦਾ ਧਾਰਨੀ ਹੈ ਜਿਸ ਕਰਕੇ ਇਹ ਗੰਭੀਰ ਪ੍ਰਕਿਰਤੀ ਦੀਆਂ ਭਗਤੀ-ਭਾਵ ਵਾਲੀਆਂ ਰਚਨਾਵਾਂ ਦੇ ਗਾਇਨ ਲਈ ਅਤਿ ਢੁਕਵਾਂ ਹੈ। ‘ਰਾਗ ਗੂਜਰੀ’, ਤੋੜੀ ਦੀ ਵੰਨਗੀ ਹੈ, ਇਸੇ ਕਰਕੇ ਕਈ ਸੰਗੀਤ ਪ੍ਰੇਮੀ ਇਸ ਨੂੰ ‘ਗੂਜਰੀ ਤੋੜੀ’ ਵੀ ਆਖਦੇ ਹਨ। ਇਸ ਵਾਰ ਵਿਚ ਕੁੱਲ 22 ਪਉੜੀਆਂ ਹਨ। ਇਹ ਸਾਰੀਆਂ ਪਉੜੀਆਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਹਰ ਇਕ ਪਉੜੀ ਵਿਚ 5-5 ਤੁਕਾਂ ਹਨ। ਹਰ ਇਕ ਪਉੜੀ ਦੇ ਨਾਲ 2-2 ਸਲੋਕ ਹਨ। ਇਨ੍ਹਾਂ ਵਿੱਚੋਂ ਕੇਵਲ ਚੌਥੀ ਪਉੜੀ ਨਾਲ ਆਇਆ ਸਲੋਕ ਭਗਤ ਕਬੀਰ ਜੀ ਦਾ ਹੈ ਅਤੇ ਬਾਕੀ ਸਾਰੇ ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ। ਇਨ੍ਹਾਂ ਸਲੋਕਾਂ ਦੀਆਂ ਤੁਕਾਂ ਵਿਚ ਸਮਾਨਤਾ ਨਹੀਂ ਹੈ। 2 ਤੋਂ 11 ਤਕ ਤੁਕਾਂ ਮਿਲਦੀਆਂ ਹਨ। ਇਸ ਵਾਰ ਦੀ ਭਾਸ਼ਾ ਸਾਧ-ਭਾਖਾ ਤੋਂ ਪ੍ਰਭਾਵਿਤ ਪੂਰਬੀ ਪੰਜਾਬੀ ਹੈ। ਪਉੜੀਆਂ ਅਤੇ ਸਲੋਕਾਂ ਵਿਚ ਭਾਵਗਤ ਸਮਾਨਤਾ ਹੈ।
ਇਸ ਵਾਰ ਵਿਚ ਗੁਰੂ ਜੀ ਨੇ ਫ਼ੁਰਮਾਇਆ ਹੈ ਕਿ ਪਰਮਾਤਮਾ ਜਗਤ ਦਾ ਸਿਰਜਨਹਾਰ ਹੈ। ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ:
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ॥
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ॥
ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ॥
ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ॥
ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ॥ (ਪੰਨਾ 517 )
( ਚਲਦਾ )


Share On Whatsapp

Leave a Reply




top