
ਵਾਰ ਮਾਝ ਕੀ  ਮਹਲਾ ੧
ਸੰਗੀਤ ਸ਼ਾਸਤਰੀਆਂ ਦੇ ਵਿਚਾਰ ਅਨੁਸਾਰ ਰਾਗ ‘ਮਾਝ’ ਪੰਜਾਬ ਦੇ ਮਾਝੇ ਇਲਾਕੇ ਦੀ ਲੋਕ-ਧੁਨ ਤੋਂ ਵਿਕਸਿਤ ਹੋਇਆ ਹੈ। ਗੁਰੂ ਸਾਹਿਬਾਨ ਦੇ ਸਮਕਾਲੀ ਸੰਗੀਤ ਗ੍ਰੰਥਾਂ ਵਿਚ ਮਾਝ ਰਾਗ ਦਾ ਉਲੇਖ ਬਿਲਕੁਲ ਨਹੀਂ ਮਿਲਦਾ। ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ ਨੇ ਜਿੱਥੇ ਲੋਕ-ਕਾਵਿ-ਰੂਪਾਂ ਨੂੰ ਆਪਣੀ ਬਾਣੀ  ਵਿਚ  ਵਰਤਿਆ  ਉਥੇ  ਉਨ੍ਹਾਂ  ਲੋਕ-ਧੁਨਾਂ  ’ਤੇ  ਆਧਾਰਿਤ  ਰਾਗਾਂ  ਨੂੰ  ਵੀ ਅਪਣਾਇਆ।
ਸ੍ਰੀ  ਗੁਰੂ  ਨਾਨਕ  ਦੇਵ  ਜੀ  ਦੁਆਰਾ  ਲਿਖੀ  ਇਸ  ਵਾਰ  ਵਿਚ  ਕੁੱਲ  27 ਪਉੜੀਆਂ ਅਤੇ 63 ਸਲੋਕ ਹਨ। ਇਨ੍ਹਾਂ ਵਿੱਚੋਂ 46 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ ਅਤੇ 12 ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਨ, 3 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਅਤੇ 2 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦੇ ਹਨ। ਇਸ ਵਾਰ ਦੇ ਰਚਨਾ-ਕਾਲ  ਅਤੇ  ਰਚਨਾ-ਸਥਾਨ  ਸੰਬੰਧੀ  ਕੋਈ  ਪੱਕਾ  ਪ੍ਰਮਾਣ ਨਹੀਂ  ਮਿਲਦਾ। ਉਂਝ ‘ਪੁਰਾਤਨ ਜਨਮਸਾਖੀ’ ਦੀ ਸਾਖੀ 43 ਵਿਚ ਇਸ ਰਚਨਾ ਨੂੰ ਦੱਖਣ ਦੀ ਉਦਾਸੀ ਸਮੇਂ ਰਚਣ ਦਾ ਜ਼ਿਕਰ ਮਿਲਦਾ ਹੈ। ਇਸ ਵਾਰ ਦੀਆਂ ਪਉੜੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਦਾ ਪ੍ਰਗਟਾਵਾ ਹੋਇਆ ਹੈ। ਇਸ ਵਾਰ ਦੀ ਹਰ ਇਕ ਪਉੜੀ ਅੱਠ-ਅੱਠ ਤੁਕਾਂ ਦੀ ਹੈ, ਪਰ ਇਨ੍ਹਾਂ ਵਿਚ ਮਾਤ੍ਰਾਂ ਸੰਬੰਧੀ ਇਕ-ਰੂਪਤਾ ਨਹੀਂ ਹੈ। ਸਲੋਕਾਂ ਦੀ ਪਉੜੀ ਅਨੁਸਾਰ ਵੰਡ ਇਕ-ਸਮਾਨ ਨਹੀਂ  ਹੈ। ਦੋ ਤੋਂ  ਅੱਠ ਤਕ ਸਲੋਕ ਦਰਜ ਮਿਲਦੇ ਹਨ। ਸਲੋਕਾਂ ਦੀਆਂ ਤੁਕਾਂ ਦੀ ਗਿਣਤੀ ਵੀ ਇੱਕੋ ਜਿਹੀ ਨਹੀਂ ਹੈ। 2 ਤੋਂ ਲੈ ਕੇ 24 ਤੁਕਾਂ ਦੇ ਸਲੋਕ ਦਰਜ ਹਨ। ਭਾਸ਼ਾ ਦੀ ਦ੍ਰਿਸ਼ਟੀ ਤੋਂ ਇਹ ਵਾਰ ਪੰਜਾਬੀ ਦੇ ਜ਼ਿਆਦਾ ਨੇੜੇ ਹੈ। ਅਰਬੀ ਅਤੇ ਫ਼ਾਰਸੀ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ।
2. ਆਸਾ ਕੀ ਵਾਰ ਮਹਲਾ ੧
‘ਆਸਾ’ ਪੰਜਾਬ ਦਾ ਪ੍ਰਸਿੱਧ ਅਤੇ ਲੋਕਪ੍ਰਿਯ ਰਾਗ ਹੈ। ਆਸਾ ਰਾਗ ਗੁਰਮਤਿ ਸੰਗੀਤ ਪੱਧਤੀ ਦਾ ਮਹੱਤਵਪੂਰਣ ਰਾਗ ਹੈ। ਸਿੱਖ ਧਰਮ ਵਿਚ ਇਸ ਦੇ ਗਾਇਨ ਦਾ  ਸਮਾਂ  ਅੰਮ੍ਰਿਤ  ਵੇਲੇ  (ਸਵੇਰੇ)  ਅਤੇ  ਸ਼ਾਮ  ਹੈ।  ਸਵੇਰ  ਸਮੇਂ  ਇਸ  ਰਾਗ  ਵਿਚ ‘ਆਸਾ ਕੀ ਵਾਰ’ ਨਾਮਕ ਵਿਸ਼ੇਸ਼ ਬਾਣੀ ਦੇ ਗਾਇਨ ਦੀ ਪ੍ਰਥਾ ਹੈ। ਸ਼ਾਮ ਨੂੰ ‘ਸੋ ਦਰੁ ਦੀ ਚੌਕੀ’ ਵਿਚ ‘ਸੋ ਦਰੁ’ ਦਾ ਸ਼ਬਦ ਇਸੇ ਰਾਗ ਵਿਚ ਗਾਇਆ ਜਾਂਦਾ ਹੈ। ਇਥੇ ਇਹ  ਤੱਥ  ਵਿਸ਼ੇਸ਼  ਤੌਰ  ’ਤੇ  ਵਰਣਨਯੋਗ  ਹੈ  ਕਿ  ਭਾਰਤੀ  ਸੰਗੀਤ  ਦੀਆਂ  ਦੋਵਾਂ ਪੱਧਤੀਆਂ ਵਿਚ ਕੋਈ ਵੀ ਰਾਗ ਸਵੇਰੇ ਅਤੇ ਸ਼ਾਮ ਸਮੇਂ ਨਹੀਂ ਗਾਇਆ ਜਾਂਦਾ (ਮੌਸਮੀ ਰਾਗਾਂ ਨਾਲ ਸੰਬੰਧਿਤ ਮੌਸਮ ਤੋਂ ਬਿਨਾਂ) ਪਰ ਇਸ ਰਾਗ ਦਾ ਗਾਇਨ ਕੇਵਲ ਗੁਰਮਤਿ ਸੰਗੀਤ ਪੱਧਤੀ ਵਿਚ ਹੀ ਦੋਵੇਂ ਸਮੇਂ ਕੀਤਾ ਜਾਂਦਾ ਹੈ।
ਇਸ ਦਾ ਪੰਜਾਬ ਦੀ ਲੋਕ ਧੁਨ ‘ਟੁੰਡੇ ਅਸਰਾਜ ਦੀ ਧੁਨੀ’ ਨਾਲ ਨਿਕਟ ਸੰਬੰਧ ਮੰਨਿਆ ਜਾਂਦਾ ਹੈ। ਗੁਰੂ ਸਾਹਿਬਾਨ ਨੇ ਇਸ ਨੂੰ ਮੁੱਖ ਰਾਗ ਵਜੋਂ ਅੰਕਿਤ ਕੀਤਾ ਹੈ। ‘ਆਸਾ  ਕੀ  ਵਾਰ’  ਵਿਚ  ਸ੍ਰੀ  ਗੁਰੂ  ਨਾਨਕ  ਦੇਵ  ਜੀ  ਨੇ  ਆਪਣੇ  ਸਮੇਂ  ਦੇ ਰਾਜਸੀ, ਧਾਰਮਿਕ ਹਾਲਤਾਂ ਸੰਬੰਧੀ ਆਪਣਾ ਅਨੁਭਵ ਪ੍ਰਗਟ ਕੀਤਾ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੀਆਂ ਲੰਬੀਆਂ ਬਾਣੀਆਂ ਵਿੱਚੋਂ ਇਕ ਹੈ। ਇਸ ਵਾਰ ਦੀਆਂ 24 ਪਉੜੀਆਂ ਹਨ। ਇਨ੍ਹਾਂ ਪਉੜੀਆਂ ਨੂੰ ਸਮਝਣ ਲਈ ਨਾਲ 59 ਸਲੋਕ ਦਰਜ ਕੀਤੇ ਗਏ ਹਨ। ਇਨ੍ਹਾਂ ਸਲੋਕਾਂ ਵਿੱਚੋਂ 44 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ ਅਤੇ 15 ਸਲੋਕ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਹਨ। ਇਸ ਵਾਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਮਨੁੱਖ ਦੇ ਅੰਦਰ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਦੀ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਹੈ। ਇਸ ਵਾਰ ਵਿਚ ਦਿੱਤੇ ਸਲੋਕਾਂ ਰਾਹੀਂ ਗੁਰੂ ਜੀ ਮਨੁੱਖ ਨੂੰ ਚੰਗਾ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੇ ਹਨ। ਇਨ੍ਹਾਂ ਸਲੋਕਾਂ ਵਿਚ ਕੁਦਰਤ ਅਤੇ ਸ੍ਰਿਸ਼ਟੀ ਦਾ ਵਿਵਰਣ ਪੇਸ਼ ਕਰ ਕੇ ਮਨੁੱਖ ਦੀ ਆਤਮਿਕ ਬੁੱਧੀ ਉੁੱਤੇ ਬਲ ਦਿੱਤਾ ਗਿਆ ਹੈ। ਪਾਖੰਡਵਾਦ ਉੁੱਪਰ ਭਾਰੀ ਚੋਟ ਕੀਤੀ ਗਈ ਹੈ। ‘ਆਸਾ ਕੀ ਵਾਰ’ ਅਨੁਸਾਰ ਸਮਾਜ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿਚ ਸਾਰੇ ਲੋਕ ਹਰ ਪ੍ਰਕਾਰ ਦਾ ਕੰਮ-ਕਾਰ ਕਰ ਸਕਦੇ ਹੋਣ। ਕੰਮਾਂ ਦੀ ਵੰਡ ਜਨਮ ’ਤੇ ਆਧਾਰਿਤ ਨਾ ਹੋਵੇ ਤਾਂ ਕਿ ਜਾਤ-ਪਾਤ ਦੀ ਤੰਗਦਿਲੀ ਤੋਂ ਉੁੱਪਰ ਉੁੱਠਿਆ ਜਾ ਸਕੇ। ਜਤ-ਸਤ ਨੂੰ ਧਾਰਨ ਕਰਨ ਵਾਲਾ ਸਮਾਜ ਹੋਵੇ ਜਿਸ ਵਿਚ ਇਸਤਰੀ ਨੂੰ ਪੂਰਾ ਸਨਮਾਨ ਪ੍ਰਾਪਤ ਹੋਵੇ। ‘ਆਸਾ ਕੀ ਵਾਰ’ ਮਨੁੱਖ ਨੂੰ ਸਚਿਆਰਾ ਜੀਵਨ ਜੀਣ ਦੀ ਜਾਚ ਦੱਸਦੀ ਹੈ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕਰ ਕੇ ਮਨੁੱਖ ਨੂੰ ਇਨ੍ਹਾਂ ਤੋਂ ਆਜ਼ਾਦ ਹੋ ਚੱਲਣ ਦਾ ਸਹੀ ਰਾਹ ਦੱਸਦੀ ਹੈ।
(ਚਲਦਾ)