ਕੀ ਕੀ ਤਸੀਹੇ ਦਿੱਤੇ
ਸ਼ਹੀਦੀ ਦਿਹਾੜਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ
ਸ਼ਾਹੀ ਹੁਕਮ ਨਾਲ ਸਤਿਗੁਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਾਹੌਰ ਤੋਂ ਫੌਜ ਆਈ ਮਹਾਰਾਜ ਨੇ ਕਿਹਾ ਅਸੀਂ ਆਪ ਜਾਵਾਂਗੇ। ਛੇਵੇਂ ਪਾਤਸ਼ਾਹ ਨੂੰ ਗੁਰਤਾਗੱਦੀ ਦੇ ਕੇ ਸਤਿਗੁਰੂ ਪੰਜ ਸਿੱਖਾਂ ਬਾਬਾ ਬਿਧੀ ਚੰਦ ,ਭਾਈ ਪੈੜਾ ਜੀ ,ਪਿਰਾਣਾ ਜੀ ਲੰਗਾਹ ਜੀ , ਜੇਠਾ ਜੀ ਨੂੰ ਨਾਲ ਲੈ ਕੇ ਆਪ ਲਾਹੌਰ ਗਏ। ਇਕ ਸਿੱਖ ਦੇ ਘਰ ਰੁਕੇ।
ਫਿਰ ਸਤਿਗੁਰੂ ਸਰਕਾਰੀ ਦਰਬਾਰ ਚ ਪਹੁੰਚੇ। ਕਈ ਸਵਾਲ ਜਵਾਬ ਹੋਏ। ਸਾਰਿਆਂ ਦਾ ਜਵਾਬ ਦਿੱਤਾ । ਬਾਦਸ਼ਾਹ ਨੇ ਕਿਹਾ ਇੱਕ ਤੇ ਤੁਹਾਡੇ ਤੇ ਜੁਰਮਾਨਾ ਹੈ । ਖੁਸਰੋ ਦੀ ਮਦਦ ਕੀਤੀ , ਦੂਸਰਾ ਜੋ ਗ੍ਰੰਥ ਤਿਆਰ ਕੀਤਾ । ਉਸ ਚ ਮੁਹੰਮਦ ਸਾਹਿਬ ਦੀ ਵਡਿਆਈ ਲਿਖੋ ਜਾਂ ਤੁਸੀਂ ਇਸਲਾਮ ਚ ਆ ਜਾਊ । ਤੁਹਾਨੂੰ ਛੱਡ ਦਿੱਤਾ ਜਾਵੇਗਾ । ਸਤਿਗੁਰਾਂ ਨੇ ਇਹ ਮੰਗਾਂ ਤੋਂ ਇਨਕਾਰ ਕਰ ਦਿੱਤਾ । ਮਹਾਰਾਜ ਨੇ ਕਿਹਾ ਪੈਸਾ ਸੰਗਤ ਦਾ ਹੈ । ਗ੍ਰੰਥ ਅਤੇ ਧਰਮ ਅਸੀਂ ਤਬਦੀਲ ਕਰਨਾ ਨਹੀਂ ।
ਸਤਿਗੁਰਾਂ ਨੂੰ ਚੰਦੂ ਦੀ ਹਵੇਲੀ ਵਿੱਚ ਭੇਜ ਦਿੱਤਾ ।
ਉੱਥੇ ਪੰਜਾਂ ਸਿੱਖਾਂ ਨੂੰ ਸਤਿਗੁਰਾਂ ਤੋਂ ਵੱਖ ਕਰਕੇ ਸਿੱਖਾਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ । ਚੰਦੂ ਨੇ ਸਿਪਾਹੀਆਂ ਨੂੰ ਹੁਕਮ ਕੀਤਾ , ਅੱਜ ਤੋਂ ਇਨ੍ਹਾਂ ਦਾ ਖਾਣਾ ਪੀਣਾ ਬੰਦ ਤੇ ਧਿਆਨ ਰੱਖਣਾ, ਇਨ੍ਹਾਂ ਨੂੰ ਸੌਣ ਨਹੀਂ ਦੇਣਾ , ਨਾ ਲੰਮੇ ਪੇੈਣ ਦੇਣਾ , ਨਾ ਉੱਠਣ ਦੇਣਾ , ਨਾ ਕਿਸੇ ਨਾਲ ਬੋਲਣ ਦੇਣਾ , ਸਾਰਾ ਦਿਨ ਸਾਰੀ ਰਾਤ ਭੁੱਖੇ ਪਿਆਸੇ ਤੇ ਬਿਨਾਂ ਨੀਂਦ ਤੋਂ ਬਤੀਤ ਕੀਤੀ ।
ਦੂਸਰੇ ਦਿਨ ਚੰਦੂ ਆਇਆ ਜਹਾਂਗੀਰ ਦੀ ਗੱਲ ਮੰਨਣ ਦੇ ਲਈ ਆਖਿਆ , ਨਾਲ ਆਪਣੀ ਧੀ ਦਾ ਰਿਸ਼ਤਾ ਲੈਣ ਦੇ ਲਈ ਕਿਹਾ । ਸਤਿਗੁਰਾਂ ਨੇ ਇਨਕਾਰ ਕਰ ਦਿੱਤਾ । ਗੁਰੂਦੇਵ ਨੂੰ ਦੇਗ ਚ ਪਾਣੀ ਪਾ ਕੇ ਹੇਠਾਂ ਅੱਗ ਦਾ ਭਾਂਬੜ ਬਾਲ ਕੇ ਉਬਾਲਿਆ ਗਿਆ । ਤਕਰੀਬਨ ਦੋ ਪਹਿਰ ਭਾਵ 5/6 ਘੰਟੇ ਇਸ ਤਰ੍ਹਾਂ ਕਸਟ ਦਿੱਤਾ । ਫਿਰ ਬਾਹਰ ਕੱਢ ਲਿਆ ਉਹ ਰਾਤ ਵੀ ਬਤੀਤ ਹੋਈ ।
ਤੀਸਰੇ ਦਿਨ ਚੰਦੂ ਨੇ ਉਹੀ ਗੱਲ ਦੁਹਰਾਈ । ਸਤਿਗੁਰੂ ਚੁਪ ਰਹੇ ਤਾਂ ਚੰਦੂ ਨੇ ਰੇਤਾ ਗਰਮ ਕਰਵਾਇਆ । ਉਹਦੇ ਉੱਪਰ ਬੈਠਇਆ । ਫਿਰ ਗਰਮ ਰੇਤ ਦੇ ਕੜਛੇ ਭਰ ਭਰ ਕੇ ਸਰੀਰ ਪਰ ਪਾਏ । ਜਿਸ ਕਰਕੇ ਸਾਰਾ ਸਰੀਰ ਸੜ ਗਿਆ । ਸਾਰੇ ਸਰੀਰ ਤੇ ਛਾਲੇ ਨਿਕਲ ਆਏ ਤੀਸਰਾ ਦਿਨ ਇਸ ਤਰ੍ਹਾਂ ਬਤੀਤ ਹੋਇਆ ।
ਚੌਥੇ ਦਿਨ ਲੋਹੇ ਦੀ ਇੱਕ ਵੱਡੀ ਤਵੀ ਨੂੰ ਅੱਗ ਨਾਲ ਤਪਾਇਆ । ਸਤਿਗੁਰਾਂ ਨੂੰ ਉਹਦੇ ਉਪਰ ਖੜ੍ਹਿਆਂ ਕੀਤਾ । ਜਿਸ ਕਰਕੇ ਪੈਰਾਂ ਦਾ ਮਾਸ ਸੜ ਗਿਆ । ਫਿਰ ਉੱਪਰ ਬੈਠਾਇਆ ਗਰਮ ਰੇਤਾ ਸੀਸ ਦੇ ਵਿੱਚ ਪਾਇਆ। 3/4 ਘੰਟੇ ਇਸ ਤਰ੍ਹਾਂ ਤਵੀ ਤੇ ਬਿਠਾਇਆ । ਜਿਸ ਕਰਕੇ ਲੱਤਾਂ ਦੇ ਨਾਲੋਂ ਮਾਸ ਉੱਖੜ ਕੇ ਤਵੀ ਦੇ ਨਾਲ ਹੀ ਜੁੜ ਗਿਆ ।
ਇਸ ਤਰਾਂ ਚਾਰ ਦਿਨ ਸਤਿਗੁਰਾਂ ਨੂੰ ਅਕਹਿ ਤੇ ਅਸਹਿ ਤਸੀਹੇ ਦਿੱਤੇ (ਬੰਸਾਵਲੀ ਨਾਮੇ ਅਨੁਸਾਰ ਸਤਿਗੁਰਾਂ ਦੇ ਸਿਰ ਚ ਇੱਟ ਵੀ ਮਾਰੀ)
ਪੰਜਵੇਂ ਦਿਨ ਫਿਰ ਪੁੱਛਿਆ ਗਿਆ ਜਹਾਂਗੀਰ ਦੀ ਗੱਲ ਮੰਨ ਲਉ । ਸਤਿਗੁਰਾਂ ਕਿਹਾ ਅਸੀਂ ਰਾਵੀ ਤੇ ਇਸ਼ਨਾਨ ਕਰਨਾ ਚਾਹੁੰਦੇ ਹਾਂ । ਚੰਦੂ ਨੇ ਸੋਚਿਆ ਸ਼ਾਇਦ ਮਨ ਬਦਲ ਗਿਆ ਹੋਵੇ । ਆਗਿਆ ਮਿਲ ਨਾਲ ਸਿਪਾਹੀ ਗਏ । ਭਾਈ ਪੈੜਾ ਜੀ ਦਾ ਸਹਾਰਾ ਲੈ ਕੇ ਸਤਿਗੁਰੂ ਹੌਲੀ ਹੌਲੀ ਚੱਲਦੇ ਨੇ ਕਿਉਂਕਿ ਸਾਰਾ ਸਰੀਰ ਛਾਲਿਆਂ ਦੇ ਨਾਲ ਭਰਿਆ ਪਿਆ ਤੇ ਪੈਰਾਂ ਤੋਂ ਮਾਸ ਸੜ ਚੁੱਕਿਆ ਸੀ । ਰਾਵੀ ਜੋ ਬਿਲਕੁਲ ਨੇੜੇ ਸੀ , ਉੱਥੇ ਸਤਿਗੁਰਾਂ ਇਸ਼ਨਾਨ ਕੀਤਾ । ਜਪੁਜੀ ਸਾਹਿਬ ਦਾ ਪਾਠ ਕੀਤਾ । ਸਿੱਖਾਂ ਨੂੰ ਕਿਹਾ ਅਸੀਂ ਹੁਣ ਸਰੀਰ ਤਿਆਗ ਦੇਣਾ ਹੈ । ਤੁਸੀਂ ਵਾਪਸ ਚਲੇ ਜਾਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਦੇ ਵਿੱਚ ਰਹਿਣਾ ਆਪ ਲੇਟ ਗਏ ਸਰੀਰ ਤਿਆਗ ਦਿੱਤਾ ।
ਪਾਤਸ਼ਾਹ ਦੀ ਸਰੀਰਕ ਅੰਤਿਮ ਕਿਰਿਆ ਬਾਰੇ ਲਿਖਤਾਂ ਇਕਸਾਰ ਨਹੀ । ਮਹਿਮਾ ਪ੍ਰਕਾਸ਼ ਅਨੁਸਾਰ ਰਾਵੀ ਦੇ ਕੰਢੇ ਸਤਿਗੁਰਾਂ ਦਾ ਸਸਕਾਰ ਕੀਤਾ ।
ਕੁਝ ਲੇਖਕ ਕਹਿੰਦੇ ਨੇ ਸਤਿਗੁਰਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਰਾਵੀ ਦੇ ਵਿਚ ਰੋੜ੍ਹ ਦਿੱਤਾ ਗਿਆ । ਕੁਝ ਲਿਖਤਾਂ ਚ ਜਿਕਰ ਆ ਜਦੋ ਗੁਰਦੇਵ ਰਾਵੀ ਚ ਵੜੇ ਤਾਂ ਬਾਹਰ ਨਹੀ ਨਿਕਲੇ । ਦਰਿਆ ਚ ਲੀਣ ਹੋ ਗਏ ਏ ਮਤਿ ਭੇਦ ਹੈ ਜੋ ਏਡੀ ਵੱਡੀ ਸ਼ਹਾਦਤ ਉੱਤੇ ਹੋਣਾ ਹੀ ਸੀ ।
ਕੁਝ ਵਿਦਵਾਨ ਆਪ ਸਰੀਰ ਤਿਆਗਣ ਨੂੰ ਆਤਮਹੱਤਿਆ ਕਹਿੰਦੇ ਨੇ । ਪਰ ਏ ਸਹੀ ਨਹੀਂ ਕਿਉਂਕਿ ਭਾਈ ਤਾਰੂ ਸਿੰਘ ਖੋਪਰ ਲੱਥਣ ਤੋਂ ਬਾਈ ਦਿਨ ਬਾਅਦ ਸਰੀਰ ਤਿਆਗਦੇ ਨੇ ਕੀ ਉਹ ਸ਼ਹੀਦ ਨਹੀਂ ?? ਖੈਰ ਗੁਰੂ ਸੁਮਤਿ ਬਖਸ਼ੇ
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਜੇਠ ਸੁਦੀ 4 ਸੰਮਤ ੧੬੬੩ ਸੰਨ 1606 ਨੂੰ ਹੋਈ ਪੰਜਵੇ ਗੁਰਦੇਵ 24 ਸਾਲ 9 ਮਹੀਨੇ ਗੁਰ ਤਖਤ ਤੇ ਬਿਰਜਾਮਾਨ ਰਹੇ ਕੁਲ ਸਰੀਰ ਉਮਰ 43 ਕ ਸਾਲ ਸੀ ।
ਭਾਈ ਗੁਰਦਾਸ ਜੀ ਕਹਿੰਦੇ ਚਾਹੇ ਕਿਤਨ ਭੀੜ ਪਈ ਕਿਤਨੇ ਕਸ਼ਟ ਝੱਲੇ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਨ ਚ ਇਕ ਤੋਂ ਬਗ਼ੈਰ ਕਿਸੇ ਹੋਰ ਦਾ ਖਿਆਲ ਨਹੀਂ ਆਇਆ । ਉਬਲਦੀ ਦੇਗ ਵਿੱਚ ਉਹ ਇਸ ਤਰਾਂ ਰਹੇ ਜਿਵੇਂ ਮੱਛੀ ਪਾਣੀ ਦੇ ਵਿੱਚ ਅਨੰਦਿਤ ਰਹਿੰਦੀ ਹੈ । ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ :
ਗੁਰ ਅਰਜਨ ਵਿਟਹੁ ਕੁਰਬਾਣੀ ॥੨੩॥
ਜਿੱਥੇ ਸਤਿਗੁਰਾਂ ਦੀ ਸ਼ਹਾਦਤ ਹੋਈ ਉੱਥੇ ਲਾਹੌਰ ਚ ਅਸਥਾਨ ਹੈ ਗੁਰਦੁਆਰਾ ਦੇਹੁਰਾ ਸਾਹਿਬ
ਸ਼ਹੀਦਾਂ ਦੇ ਸਰਤਾਜ ਸ਼ਾਤੀ ਦੀ ਪੁੰਜ ਦਇਆ ਦੇ ਦਰਿਆ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ 🙏🙏🙏🙏🙏
ਮੇਜਰ ਸਿੰਘ
ਗੁਰੂ ਕਿਰਪਾ ਕਰੇ
🙏🙏Satnam Sri Waheguru Ji🙏🙏