ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ

ਅਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੈ।ਮੈਨੂੰ ਹਰ ਸਾਲ ਇਸ ਦਿਨ ਨਾਲ ਸੰਬੰਧਤ ਯਾਦ ਆਉਂਦੀ ਹੈ ਆਪਣੀ ਹੱਡ ਬੀਤੀ ।
ਕਈ ਇਨਸਾਨ ਸਾਡੀ ਜਿੰਦਗੀ ਵਿੱਚ ਅਜਿਹੇ ਆਉਂਦੇ ਨੇ ਜੋ ਕਦੀ ਨਹੀਂ ਭੁੱਲਦੇ ।ਉਹਨਾਂ ਦੇ ਕਹੇ ਸ਼ਬਦਾਂ ਦਾ ਅਸਰ ਸਦੀਵੀ ਹੋ ਜਾਂਦਾ ਹੈ ।ਜੋ ਉਹਨਾਂ ਉਸ ਸਮੇਂ ਕਿਹਾ ਹੁੰਦਾ ਜਦੋਂ ਅਸੀਂ ਕਿਸੇ ਮੁਸ਼ਕਿਲ ਵਿਚ ਹੋਈਏ ਤਾਂ ਹੋਰ ਵੀ ਵਧੀਆ ਮਹਿਸੂਸ ਹੁੰਦਾ ਹੈ ਜਿਵੇਂ ਜਖਮੀ ਨੂੰ ਮੱਲਮ ਪੱਟੀ ਕਰ ਦਵਾਈ ਦੇ ਕੇ ਸਵਾਇਆ ਹੋਵੇ।
ਵਾਰਤਾ ਮਾਲਵਾ ਕਾਲਜ ਲੁਧਿਆਣਾ ਦੀ ਹੈ।’ਜਦੋਂ ਬੀ.ਐੱਡ ਕਰ ਰਹੀ ਸੀ ।ਹੋਸਟਲ ਦੀ ਉਪਰਲੀ ਮੰਜ਼ਿਲ ਦਾ ਕਮਰਾ , ਗਰਮੀ ਨਾਲ ਬੁਰਾ ਹਾਲ ਹੋਵੇ। ਕਮਰੇ ਦੇ ਦਰਵਾਜ਼ੇ ਤੇ ਰੱਸੀਆਂ ਬੰਨ ਕੇ ਚਾਦਰ ਗਿੱਲੀ ਕਰਕੇ ਟੰਗ ਰਹੀਆਂ ਸੀ ਅਸੀਂ, ਤਾਂ ਜੋ ਹਵਾ ਠੰਡੀ ਲੱਗੇ।ਕੋਲੋਂ ਦੀ ਇਕ ਦੀਦੀ ਲੰਘੇ ਜੋ ਐਮ.ਐਡ ਕਰ ਰਹੇ ਸੀ।
ਕੇਸਕੀ ਸਜਾਉਂਦੇ ਸੀ।ਪੁੱਛਣ ਲੱਗੇ ਬਈ ਇਹ ਕੀ ਹੋ ਰਿਹਾ ਹੈ ਤਾਂ ਅਸੀਂ ਦੱਸਿਆ ਕਿ ਗਰਮੀ ਦਾ ਇਲਾਜ ਕਰਨ ਲੱਗੇ ਹਾਂ ।ਦੀਦੀ ਨੇ ਸਭ ਨੂੰ ਬਿਠਾ ਲਿਆ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਵੇਲਾ ਅੱਖਾਂ ਅੱਗੇ ਲਿਆ ਦਿੱਤਾ ।ਸਾਡੇ ਨਾਲ ਵਿਚਾਰ ਸਾਂਝੇ ਕੀਤੇ ਤੇ ਸਾਡੇ ਮੂੰਹੋਂ ਸਾਰਾ ਸੁਣਿਆ । ਕਿਵੇਂ ਅੰਤਾਂ ਦੀ ਗਰਮੀ ਤੇ ਜਾਲਮ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਅਸਿਹ ਤਸੀਹੇ ਦਿੱਤੇ ।ਚੰਦੂ ਪਾਪੀ ਨੇ ਭੜਭੁੰਜੇ ਤੋਂ ਕੜਛੇ ਨਾਲ ਗੁਰੂ ਸਾਹਿਬ ਜੀ ਦੇ ਸੀਸ ਵਿੱਚ ਤੱਤੀ ਰੇਤ ਪਵਾਈ ।ਅਖੀਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਗਏ ਤਾਂ ਸੰਗਤ ਨੇ ਰੋਹ ਵਿਚ ਚੰਦੂ ਦੇ ਨਕੇਲ ਪਾ ਕੇ ਘੜੀਸਿਆ ਤੇ ਉਸੇ ਥਾਂ ਤੇ ਲੈ ਗਏ ਤਾਂ ਉਸੇ ਭੜਭੁੰਜੇ ਨੇ ਉਹੀ ਕੜਛਾ ਚੰਦੂ ਦੇ ਸਿਰ ਵਿਚ ਮਾਰਿਆ ।ਹੋਰ ਵੀ ਗੱਲਾਂ ਯਾਦ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਕਿਹਾ ।
ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕੀਤਾ ।ਬੇਸ਼ੱਕ ਉਹਨਾਂ ਦਿਨਾਂ ਵਿੱਚ ਸ਼ਹੀਦੀ ਦਿਨ ਨਹੀਂ ਸੀ ਪਰ ਗਰਮੀ ਅੱਤ ਦੀ ਸੀ ।ਸਾਨੂੰ ਹੌਂਸਲੇ ਨਾਲ ਰਹਿਣ ਤੇ ਸ਼ਾਂਤ ਹੋ ਕੇ ਪੜਨ ਲਈ ਉਸ ਭੈਣ ਨੇ ਸਾਨੂੰ ਸਾਰਾ ਕੁੱਝ ਯਾਦ ਕਰਵਾਇਆ। ਹਮੇਸ਼ਾਂ ਹੀ ਉਹਨਾਂ ਨੂੰ ਯਾਦ ਕਰਦੀ ਹਾਂ ਚਾਹੇ ਕੋਈ ਫੋਨ ਨੰ ਜਾਂ ਫਿਰ ਫੋਟੋ ਆਦਿ ਨਹੀਂ ਪਰ ਉਹਨਾਂ ਦਾ ਅਕਸ ਹਮੇਸ਼ਾਂ ਮੇਰੇ ਅੰਦਰ ਸਮਾਇਆ ਹੋਇਆ ਹੈ ।
ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਸ ਦਿਹਾੜੇ ਤੇ ਸਾਰੀ ਖਲਕਤ ਲਈ ਚੜਦੀ ਕਲਾ ਦੀ ਅਰਦਾਸ ਹੈ ਜੀ ।ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖੇ ।
ਮਨਦੀਪ ਕੌਰ ਰਤਨ
ਅੰਮ੍ਰਿਤਸਰ


Share On Whatsapp

Leave a Reply




top