ਵਾਰ ਰਾਣੇ ਕੈਲਾਸ ਤਥਾ ਮਾਲਦੇ ਕੀ
ਲੋਕ-ਕਹਾਣੀ ਅਨੁਸਾਰ ਕੈਲਾਸ਼ ਦੇਵ ਅਤੇ ਮਾਲਦੇਵ ਦੋਵੇਂ ਰਾਜਪੂਤ ਭਰਾ ਸਨ ਅਤੇ ਦੋਵੇਂ ਜਹਾਂਗੀਰ ਬਾਦਸ਼ਾਹ ਦੇ ਸਮੇਂ ਕਾਂਗੜੇ ਦੇ ਇਲਾਕੇ ਵਿਚ ਆਪਣੀ ਰਿਆਸਤ ਦੇ ਮਾਲਿਕ ਸਨ। ਇਹ ਦੋਵੇਂ ਮੁਗਲ ਬਾਦਸ਼ਾਹ ਨੂੰ ਕਰ ਦਿੰਦੇ ਸਨ। ਬਾਦਸ਼ਾਹ ਇਨ੍ਹਾਂ ਪ੍ਰਤੀ ਅੰਦਰੋ-ਅੰਦਰ ਵੈਰ ਰੱਖਦਾ ਸੀ। ਇਕ ਦਿਨ ਬਾਦਸ਼ਾਹ ਨੇ ਆਪਣੀ ਕਿੜ ਕੱਢਣ ਲਈ ਦੋਹਾਂ ਭਰਾਵਾਂ ਵਿਚਕਾਰ ਵੈਰ ਦੀ ਭਾਵਨਾ ਪੈਦਾ ਕਰ ਦਿੱਤੀ। ਵੈਰ ਦਾ ਨਿਪਟਾਰਾ ਕਰਨ ਲਈ ਦੋਵਾਂ ਵਿਚ ਜੰਗ ਛਿੜ ਗਈ। ਇਸ ਭਿਆਨਕ ਜੰਗ ਵਿਚ ਕੈਲਾਸ਼ ਦੇਵ ਹਾਰ ਗਿਆ। ਮਾਲਦੇਵ ਨੇ ਭਰਾ ਵੱਲੋਂ ਮੁਆਫ਼ੀ ਮੰਗਣ ’ਤੇ ਉਸ ਨੂੰ ਅੱਧਾ ਰਾਜ ਦੇ ਦਿੱਤਾ। ਉਸ ਸਾਕੇ ਨੂੰ ਲੈ ਕੇ ਕਿਸੇ ਢਾਡੀ ਵੱਲੋਂ ਜੋ ਵਾਰ ਰਚੀ ਗਈ ਉਹ ਲੋਕਾਂ ਵਿਚ ਬਹੁਤ ਹਰਮਨ ਪਿਆਰੀ ਹੋ ਕੇ ਪ੍ਰਸਿੱਧ ਹੋਈ। ਇਸ ਵਾਰ ਦੀ ਵੰਨਗੀ ਇਸ ਪ੍ਰਕਾਰ ਹੈ ।
ਧਰਤ ਘੋੜਾ ਪਰਬਤ ਪਲਾਣ, ਸਿਰ ਟੱਟਰ ਅੰਬਰ।
ਨਉ ਸੈ ਨਦੀ ਨੜਿੰਨਵੇਂ, ਰਾਣਾ ਜਲ ਕੰਧਰ।
ਢੁੱਕਾ ਰਾਇ ਅਮੀਰ ਦੇ, ਕਰ ਮੇਘ ਅਡੰਬਰ।
ਆਨਤ ਖੰਡਾ ਰਾਣਿਆ ਕੈਲਾਸੇ ਅੰਦਰ।
ਬਿੱਜੁਲ ਜਯੋਂ ਚਮਕਾਣੀਆਂ, ਤੇਗਾਂ ਵਿਚ ਅੰਬਰ।
ਮਾਲਦੇਵ ਕੈਲਾਸ ਨੂੰ, ਬੰਨ੍ਹਿਆ ਕਰ ਸੰਘਰ।
ਫਿਰ ਅੱਧਾ ਧਨ ਮਾਲ ਦੇ, ਛੱਡਿਆ ਗੜ੍ਹ ਅੰਦਰ।
ਮਾਲਦੇਉ ਜੱਸ ਖੱਟਿਆ, ਜਿਉਂ ਸ਼ਾਹ ਸਿਕੰਦਰ।
ਸ੍ਰੀ ਗੁਰੂ ਨਾਨਕ ਦੇਵ ਜੀ ਮਲਾਰ ਰਾਗ ਵਿਚ ਰਚੀ ਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਵਾਰ ਦੀ ਧੁਨੀ ’ਤੇ ਗਾਉਣ ਦਾ ਆਦੇਸ਼ ਕੀਤਾ ਹੈ।
( ਚਲਦਾ)