ਜੋਧੈ ਵੀਰੈ ਪੂਰਬਾਣੀ ਕੀ ਵਾਰ
ਲੋਕ-ਰਵਾਇਤ ਅਨੁਸਾਰ ਪੂਰਬਾਣ ਨਾਂ ਦਾ ਇਕ ਰਾਜਪੂਤ ਰਾਜਾ ਸੀ ਜਿਸ ਦੇ ਦੋ ਬਹਾਦਰ ਪੁੱਤਰ ਸਨ ਜਿਨ੍ਹਾਂ ’ਚੋਂ ਇਕ ਦਾ ਨਾਂ ਜੋਧਾ ਅਤੇ ਦੂਜੇ ਦਾ ਨਾਂ ਵੀਰਾ ਸੀ। ਇਹ ਜੰਗਲ ਵਿਚ ਲੁਕ-ਛਿਪ ਕੇ ਡਾਕੇ ਮਾਰਦੇ ਹੁੰਦੇ ਸਨ। ਬਾਦਸ਼ਾਹ ਅਕਬਰ ਨੇ ਇਨ੍ਹਾਂ ਦੀ ਬਹਾਦਰੀ ਦੇ ਕਈ ਕਿੱਸੇ ਸੁਣ ਰੱਖੇ ਸਨ। ਇਕ ਦਿਨ ਬਾਦਸ਼ਾਹ ਨੇ ਇਨ੍ਹਾਂ ਨੂੰ ਆਪਣੀ ਫੌਜ ਵਿਚ ਨੌਕਰੀ ਕਰਨ ਲਈ ਸੁਝਾਅ ਦਿੱਤਾ। ਪਰ ਇਨ੍ਹਾਂ ਅਣਖੀ ਯੋਧਿਆਂ ਨੇ ਇਸ ਸੁਝਾਅ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਬਾਦਸ਼ਾਹ ਦੀ ਨੌਕਰੀ ਕਰਨ ਵਾਲੇ ਰਾਜਪੂਤਾਂ ਤੋਂ ਵਖਰੀ ਕਿਸਮ ਦੇ ਹਨ। ਇਹ ਗੱਲ ਅਕਬਰ ਨੂੰ ਚੰਗੀ ਨਾ ਲੱਗੀ ਅਤੇ ਉਸ ਨੇ ਗੁੱਸੇ ਵਿਚ ਆ ਕੇ ਉਨ੍ਹਾਂ ਉੱਪਰ ਫੌਜ ਨੂੰ ਚੜ੍ਹਾਈ ਕਰਨ ਦਾ ਹੁਕਮ ਕਰ ਦਿੱਤਾ। ਦੋਨੋਂ ਭਰਾ ਅਦੁੱਤੀ ਵੀਰਤਾ ਦਾ ਪ੍ਰਗਟਾਵਾ ਕਰਦੇ ਹੋਏ ਵੀਰ-ਗਤੀ ਨੂੰ ਪ੍ਰਾਪਤ ਹੋ ਗਏ। ਉਨ੍ਹਾਂ ਦੇ ਇਸ ਸਾਕੇ ਨੂੰ ਕਿਸੇ ਢਾਡੀ ਨੇ ਬੜੀ ਰੁਚੀ ਨਾਲ ਵਾਰ ਰਚਨਾ ਰਾਹੀਂ ਗਾਇਆ ਜੋ ਕਿ ਲੋਕਾਂ ਵਿਚ ਬਹੁਤ ਹਰਮਨ ਪਿਆਰੀ ਹੋ ਗਈ। ਇਸ ਵਾਰ ਦੀ ਵੰਨਗੀ ਇਸ ਪ੍ਰਕਾਰ ਹੈ।
ਜੋਧ ਵੀਰ ਪੂਰਬਾਣੀਏ, ਦੋ ਗੱਲਾਂ ਕਰੀ ਕਰਾਰੀਆਂ।
ਫੌਜ ਚੜ੍ਹਾਈ ਬਾਦਸ਼ਾਹ, ਅਕਬਰ ਰਣ ਭਾਰੀਆਂ।
ਸਨਮੁੱਖ ਹੋਏ ਰਾਜਪੂਤ, ਸ਼ੁਤਰੀ ਰਣਕਾਰੀਆਂ।
ਧੂਹ ਮਿਆਨੋਂ ਕਂੱਢੀਆਂ, ਬਿਜੁੱਲ ਚਮਕਾਰੀਆਂ।…
ਏਹੀ ਕੀਤੀ ਜੋਧ ਵੀਰ, ਪਤਸ਼ਾਹੀ ਗੱਲਾਂ ਸਾਰੀਆਂ।
ਇਸ ਵਾਰ ਦੀ ਧੁਨੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਮਕਲੀ ਕੀ ਵਾਰ ਮਹਲਾ ੩ ਨੂੰ ਗਾਉਣ ਦਾ ਆਦੇਸ਼ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ ।
( ਚਲਦਾ )