ਪੰਛੀਆਂ ਵਾਸਤੇ ਪਾਣੀ ਦਾ ਪ੍ਰਬੰਧ ਜਰੂਰ ਕਰੋ – ਜਾਣੋ ਕਿਉਂ ?

ਜਰੂਰ ਸਾਰੇ ਧਿਆਨ ਦਿਉ ਜੀ ਪੰਛੀਆਂ ਵਾਸਤੇ ਜਰੂਰ ਪਾਣੀ ਦਾ ਪ੍ਰਬੰਧ ਕਰਿਆ ਕਰੋ ਜੀ , ਬੇਨਤੀ ਕਰਤਾ ਜੋਰਾਵਰ ਸਿੰਘ ਤਰਸਿੱਕਾ । ਮੇਰੇ ਪਿੰਡ ਤੋ ਥੋੜੀ ਦੂਰ ਤੇ ਪਿੰਡ ਕਾਲੇਕੇ ਹੈ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ, ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਿੰਡ ਕਾਲੇਕੇ, ਤਹਿਸੀਲ ਬਾਬਾ ਬਕਾਲਾ ਸਾਹਿਬ ਇਕ ਅਹਿਮ ਅਸਥਾਨ ਹੈ, ਜਿਸ ਦਾ ਪ੍ਰਬੰਧ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ (ਸ਼੍ਰੋਮਣੀ ਕਮੇਟੀ) ਦੇ ਪ੍ਰਬੰਧਾਂ ਅਧੀਨ ਹੈ | ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਾਲੇਕੇ, ਬਾਬਾ ਬਕਾਲਾ ਸਾਹਿਬ ਤੋਂ ਕੇਵਲ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ | ਇਤਿਹਾਸ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮਿ੍ਤਸਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਪਿੰਡ ਵੱਲ੍ਹਾ ਤੋਂ ਬਾਬਾ ਬਕਾਲਾ ਸਾਹਿਬ ਨੂੰ ਜਾਂਦਿਆਂ ਹੋਇਆ ਪਿੰਡ ਕਾਲੇਕੇ ਵਿਖੇ ਪੁੱਜੇ | ਸਿੱਖਾਂ ਦੀ ਨਜ਼ਰ ਕਣਕ ਦੇ ਖੇਤ ਵੱਲ ਪਈ ਤਾਂ ਉਨ੍ਹਾਂ ਨੂੰ ਅਸ਼ਚਰੱਜ ਕੌਤਕ ਦਿਸਿਆ ਅਤੇ ਗੁਰੂ ਜੀ ਸਿੱਖਾਂ ਸਮੇਤ ਕਣਕ ਦੇ ਖੇਤ ਵੱਲ ਆਏ | ਕਣਕ ਦੀ ਰਾਖੀ ਕਰਦੇ ਇਕ ਬੱਚੇ ਨੂੰ ਤੱਕਿਆ ਉਹ ਚਿੜੀਆਂ ਉਡਾਣ ਦੀ ਥਾਂ ਬੱਬਰੀਆਂ ‘ਚ ਪਾਣੀ ਪਾ ਕੇ ਰੱਖ ਰਿਹਾ ਸੀ | ਸਿੱਖਾਂ ਨੇ ਪੁੱਛਿਆ ਕਾਕਾ ਤੂੰ ਚਿੜੀਆਂ ਉਡਾਂਵਦਾ ਨਹੀਂ ਤਾਂ ਬੱਚੇ ਨੇ ਕਿਹਾ ਕਿ ਜਿਵੇਂ ਸਾਨੂੰ ਤ੍ਰੇਹ ਲੱਗਦੀ ਹੈ, ਇਨ੍ਹਾਂ ਨੂੰ ਵੀ ਲੱਗਦੀ ਹੈ | ਗੁਰੂ ਜੀ ਨੇ ਪੁੱਛਿਆ ਕਿ ਕਾਕਾ ਤੂੰ ਇਹ ਗੱਲ ਕਿੱਥੋਂ ਸਿੱਖੀ ਤਾਂ ਬੱਚੇ ਨੇ ਦੱਸਿਆ ਕਿ ਇਕ ਸਾਧੂ ਸੰਤ ਪੜ੍ਹਦਾ ਹੁੰਦਾ ਸੀ :
‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ¨’
ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਪੁੱਛਿਆ ਕਿ ਬੱਚੇ ਤੇਰਾ ਨਾਮ ਕੀ ਹੈ | ਉਸਨੇ ਦੱਸਿਆ ਕਿ ਮੇਰਾ ਨਾਮ ਨਾਰੂ ਹੈ…
ਗੁਰੂ ਜੀ ਨਾਰੂ ਨੂੰ ਨਾਲ ਲੈ ਗਏ | ਬਾਬਾ ਬਕਾਲਾ ਸਾਹਿਬ ਪੁੱਜੇ ਤਾਂ ਨਾਰੂ ਜੀ ਨਾਲ ਸਨ, ਜਿਥੇ ਵੀ ਤੀਰਥਾਂ ਨੂੰ ਗਏ ਤਾਂ ਨਾਰੂ ਟਹਿਲ ਹਾਜ਼ਰ ਰਿਹਾ, ਦਿੱਲੀ ਸੀਸ ਦੇਣ ਗਏ ਤਾਂ ਵੀ ਨਾਰੂ ਨਾਲ ਸੀ | ਦਿੱਲੀ ਪੁੱਜਕੇ ਗੁਰੂ ਸਾਹਿਬ ਨੇ ਨਾਰੂ ਨੂੰ ਹੁਕਮ ਕੀਤਾ ਕਿ ਤੂੰ ਜਾ ਕੇ ਗੋਬਿੰਦ ਜੀ ਦੀ ਟਹਿਲ ‘ਚ ਹਾਜ਼ਰ ਹੋ | ਹੁਕਮ ਪਾ ਕੇ ਨਾਰੂ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਪੁੱਜਕੇ ਦਸਮ ਪਿਤਾ ਦੀ ਸੇਵਾ ‘ਚ ਹਾਜ਼ਰ ਹੋਇਆ | ਦਸ਼ਮੇਸ਼ ਪਿਤਾ ਜੀ ਨੇ ਨਾਰੂ ਨੂੰ ਅੰਮਿ੍ਤ ਛਕਾਕੇ ਨਰ ਸਿੰਘ ਦਾ ਨਾਂ ਦਿੱਤਾ | ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਨਰ ਸਿੰਘ ਜ਼ਖਮੀਂ ਹਾਲਤ ਵਿਚ ਗੁਰੂ ਜੀ ਦੇ ਨਾਲ ਸੀ | ਘਨੌਲੀ ਦੇ ਇਕ ਖੱਤਰੀ ਸਿੱਖ ਨੇ ਨਰ ਸਿੰਘ ਦੇ ਰਾਜੀ ਹੋਣ ਤੱਕ ਸੇਵਾ ਕੀਤੀ | ਨਰ ਸਿੰਘ ਨੇ ਦਮਦਮਾ ਸਾਹਿਬ ਆਣ ਕੇ ਗੁਰੂ ਜੀ ਦੇ ਚਰਨਾਂ ਵਿਚ ਸੀਸ ਰੱਖਿਆ | ਉਸ ਵੇਲੇ ਗੁਰੂ ਜੀ ਅੰਮਿ੍ਤ ਵੇਲੇ ਇਸ਼ਨਾਨ ਕਰਕੇ ਦਸਤਾਰ ਸਜਾ ਰਹੇ ਸਨ | ਗੁਰੂ ਜੀ ਨੇ ਪ੍ਰਸੰਨ ਹੋਕੇ ਕੁਝ ਬਖਸ਼ਿਸ਼ਾਂ ਕੀਤੀਆਂ, ਜਿਸ ਵਿਚ ਗੁਰੂ ਜੀ ਦੇ ਤਨ ਦਾ ਚੋਲਾ ਸਾਹਿਬ, ਤੀਰ ਦੀ ਮੁਖੀ ਨਾਲ ਦਸਤਖਤ ਅਤੇ ਹੁਕਮਨਾਮਾ, ਨਰ ਸਿੰਘ ਦੀ ਗੁਰੂ ਜੀ ਨਾਲ ਹੱਥ ਨਾਲ ਬਣੀ ਫੋਟੋ | ਇਨ੍ਹਾਂ ਵਸਤਾਂ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੁੰਦੀਆਂ ਹਨ | ਇਸ ਅਸਥਾਨ ‘ਤੇ ਹਰ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਜੋੜ ਮੇਲਾ 28-29 ਮਾਰਚ (ਮੁਤਾਬਕ 15-16 ਚੇਤਰ) ਨੂੰ ਮਨਾਇਆ ਜਾਦਾ ਹੈ |


Share On Whatsapp

Leave a Reply




top