ਲਲਾਂ ਬਹਲੀਮਾ ਕੀ ਵਾਰ
ਲੋਕ-ਰਵਾਇਤ ਅਨੁਸਾਰ ਲਲਾ ਅਤੇ ਬਹਲੀਮ ਨਾਂ ਦੇ ਦੋ ਜਾਗੀਰਦਾਰ ਕਾਂਗੜੇ ਦੇ ਇਲਾਕੇ ਵਿਚ ਰਹਿੰਦੇ ਸਨ। ਦੋਹਾਂ ਦਾ ਆਪਸ ਵਿਚ ਬਹੁਤ ਪਿਆਰ ਸੀ। ਲਲਾ ਖੁਸ਼ਕ ਖੇਤਰ ਦਾ ਮਾਲਕ ਸੀ ਅਤੇ ਉਸ ਦੀਆਂ ਫ਼ਸਲਾਂ ਬਰਸਾਤ ਉੱਪਰ ਨਿਰਭਰ ਸਨ। ਬਹਲੀਮ ਦੇ ਇਲਾਕੇ ਵਿਚ ਸਾਰਾ ਸਾਲ ਵਗਣ ਵਾਲੀ ਕੂਲ੍ਹ ਦੇ ਹੋਣ ਕਾਰਨ ਧਰਤੀ ਬਹੁਤ ਉਪਜਾਊ ਸੀ। ਇਕ ਸਾਲ ਮੀਂਹ ਨਾ ਪੈਣ ਕਰਕੇ ਲਲਾ ਦੇ ਇਲਾਕੇ ਵਿਚ ਅੰਨ ਪੈਦਾ ਹੋਣ ਦੀ ਕੋਈ ਸੰਭਾਵਨਾ ਨਾ ਰਹੀ। ਉਸ ਨੇ ਸੋਕੇ ਤੋਂ ਬਚਣ ਲਈ ਆਪਣੇ ਮਿੱਤਰ ਬਹਲੀਮ ਤੋਂ ਸਹਾਇਤਾ ਲਈ ਬੇਨਤੀ ਕੀਤੀ ਅਤੇ ਇਸ ਸ਼ਰਤ ਉੱਪਰ ਕੂਲ੍ਹ ਤੋਂ ਪਾਣੀ ਲਿਆ ਕਿ ਜਦੋਂ ਖੇਤੀ ਤਿਆਰ ਹੋ ਜਾਵੇਗੀ ਤਾਂ ਉਸ ਦਾ ਛੇਵਾਂ ਹਿੱਸਾ ਉਹ ਬਹਲੀਮ ਨੂੰ ਦੇਵੇਗਾ। ਪਰ ਜਦੋਂ ਫ਼ਸਲ ਪੱਕ ਗਈ ਤਾਂ ਉਹ ਆਪਣੇ ਵਾਅਦੇ ਤੋਂ ਮੁੱਕਰ ਗਿਆ। ਇਸ ਕਾਰਨ ਦੋਹਾਂ ਵਿਚ ਲੜਾਈ ਹੋਈ ਜਿਸ ਵਿਚ ਲਲਾ ਮਾਰਿਆ ਗਿਆ ਅਤੇ ਬਹਲੀਮ ਨੇ ਆਪਣੀ ਸ਼ਰਤ ਪੂਰੀ ਕਰ ਲਈ। ਇਸ ਸਾਕੇ ਨੂੰ ਕਿਸੇ ਢਾਡੀ ਨੇ ਵਾਰ ਵਿਚ ਬੰਨ੍ਹਿਆ ਹੈ। ਇਹ ਵਾਰ ਵਾਅਦਾ-ਖ਼ਿਲਾਫ਼ੀ ਕਰਨ ਵਾਲੇ ਨੂੰ ਸਜ਼ਾ ਦਿਵਾਉਣ ਸੰਬੰਧੀ ਹੋਣ ਕਾਰਨ ਬਹੁਤ ਪ੍ਰਸਿੱਧ ਹੋਈ। ਇਸ ਦੀ ਵੰਨਗੀ ਇਸ ਪ੍ਰਕਾਰ ਹੈ ।
ਕਾਲ ਲਲਾ ਦੇ ਦੇਸ ਦਾ, ਖੋਇਆ ਬਹਿਲੀਮਾ।
ਹਿੱਸਾ ਛਠਾ ਮਨਾਇਕੈ, ਜਲ ਨਹਿਰੋਂ ਦੀਮਾ।
ਫਿਰਾਹੂਨ ਹੋਏ ਲਲਾ ਨੇ, ਰਣ ਮੰਡਿਆ ਧੀਮਾ।
ਭੇੜ ਦੁਹੂੰ ਦਿਸ ਮੱਚਿਆ, ਸੱਟ ਪਈ ਅਜੀਮਾ।
ਸਿਰ ਧੜ ਡਿੱਗੇ ਖੇਤ ਵਿਚ, ਜਿਉਂ ਵਾਹਣ ਢੀਮਾਂ।
ਮਾਰ ਲਲਾ ਬਹਲੀਮ ਨੇ, ਰਣ ਮੈ ਧਰ ਸੀਮਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚੀ ‘ਵਡਹੰਸ ਕੀ ਵਾਰ’ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਧੁਨ ਉੱਪਰ ਗਾਉਣ ਦਾ ਆਦੇਸ਼ ਕੀਤਾ ਹੈ। ਜਿਸ ਦੀ ਸ਼ੁਰੂਆਤ ਇਸ ਤਰ੍ਹਾਂ ਹੈ:
ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ॥ (ਪੰਨਾ 585)
( ਚਲਦਾ )