ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਆਹ ਮਉ ਪਿੰਡ ਦੇ ਵਾਸੀ ਬਾਬਾ ਕ੍ਰਿਸ਼ਨ ਚੰਦ ਦੀ ਸਪੁੱਤਰੀ ਸ੍ਰੀ ਗੰਗਾ ਜੀ ਨਾਲ ਹੋਇਆ, ਜਦੋਂ ਬਰਾਤ ਮਉ ਪਿੰਡ ਪਹੁੰਚੀ ਆਨੰਦ ਕਾਰਜ ਹੋਇਆ ਬਰਾਤ ਤੁਰਨ ਤੋ ਪਹਿਲਾਂ ਕੁਝ ਪਿੰਡ ਵਾਸੀਆਂ ਨੇ ਮਜਾਕ ਤੇ ਪਰਖ ਕਰਦਿਆ ਬੇਨਤੀ ਕੀਤੀ ਜੀ ਸਾਡੇ ਰਵਾਇਤ ਹੈ , ਅਸੀ ਡੋਲਾ ਤਾਂ ਤੋਰੀਦਾ ਹੈ ਜਦੋ ਲਾੜਾ ਘੋੜੇ ਤੇ ਅਸਵਾਰ ਹੋ ਕੇ ਨੇਜ਼ੇ ਦੇ ਨਾਲ ਕਿੱਲਾ ਪੁੱਟੇ। ਸਤਿਗੁਰਾਂ ਨੇ ਕਿਹਾ ਠੀਕ ਐ। ਅਗਲੇ ਦਿਨ ਕਿੱਲਾ ਪੁੱਟਣਾ ਸੀ। ਰਾਤ ਨੂੰ ਪਿੰਡ ਦੇ ਕੁਝ ਬੰਦਿਆ ਨੇ ਮਿਲਕੇ ਇਕ ਜੰਡ ਦੇ ਰੁੱਖ ਨੂੰ ਜਮੀਨ ਤੋ ਥੋੜਾ ਉੱਚਾ ਵੱਢ ਕੇ ਉਹਨੂੰ ਘੜ ਘੜ ਕੇ ਕਿਲ੍ਹੇ ਦਾ ਰੂਪ ਦੇ ਦਿੱਤਾ। ਸਵੇਰ ਹੋਈ ਤੇ ਕਿਹਾ ਮਹਾਰਾਜ ਆਹ ਕਿੱਲਾ ਹੈ ਇਸਨੂੰ ਪੁੱਟਣਾ ਹੈ।
ਅੰਦਰ ਦੀਆਂ ਜਾਣਨਹਾਰ ਗੁਰ ਦੇਵ ਜੀ ਹੱਸ ਪਏ। ਘੋੜੇ ਤੇ ਅਸਵਾਰ ਹੋ ਨੇਜ਼ਾ ਹੱਥ ਚ ਫੜ ਘੋੜਾ ਭਜਾ ਕੇ ਐਸੇ ਬਲ ਨਾਲ ਨੇਜ਼ਾ ਕਿਲ੍ਹੇ ਚ ਮਾਰਕੇ ਉਪਰ ਨੂੰ ਖਿਚਿਆ ਕੇ ਜੰਡ ਦਾ ਬਣਿਆ ਕਿੱਲਾ , ਸਮੇਤ ਜੜਾਂ ਪੱਟ ਸੁੱਟਿਆ। ਦੇਖਣ ਵਾਲੇ ਬੜੇ ਹੈਰਾਨ। ਏ ਤੇ ਰੁੱਖ ਸੀ ਜਿਨ੍ਹਾਂ ਨੇ ਮਜ਼ਾਕ ਕੀਤਾ ਸੀ ਉਨ੍ਹਾਂ ਨੇ ਗਲਤੀ ਮੰਨਦਿਆ ਮੁਆਫੀ ਮੰਗੀ। ਗੁਰਦੇਵ ਨੇ ਬਖ਼ਸ਼ਿਆ।
ਮਉ ਪਿੰਡ ਚ ਪੰਜਵੇਂ ਪਾਤਸ਼ਾਹ ਦਾ ਯਾਦਗਾਰੀ ਅਸਥਾਨ ਬਣਿਆ ਹੋਇਆ ਹੈ ਇਕ ਇਤਿਹਾਸ ਖੂਹ ਵੀ ਹੈ।
ਸਮੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਅਸੀਸ ਨਾਲ ਮਾਤਾ ਗੰਗਾ ਜੀ ਦੀ ਪਾਵਨ ਕੁਖੋੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਨਾਨਕਾ ਪਿੰਡ ਹੋਣ ਕਰਕੇ ਛੇਵੇਂ ਪਾਤਸ਼ਾਹ ਜੀ ਨੇ ਮਉ ਪਿੰਡ ਚਰਨ ਪਾਏ।
ਚਾਹੇ ਪੰਜਵੇਂ ਪਾਤਸ਼ਾਹ ਨੇ ਕੋਈ ਜੰਗ ਯੁੱਧ ਨਹੀਂ ਕੀਤੇ ਸ਼ਾਂਤੀ ਚਿੱਤ ਰਹਿ ਤਸੀਹੇ ਝੱਲਦਿਆ ਸ਼ਹੀਦੀ ਦਿੱਤੀ। ਪਰ ਇਸ ਘਟਨਾ ਤੋ ਸਪਸ਼ਟ ਹੈ ਕਿ ਸਤਿਗੁਰੂ ਮਹਾਰਾਜ ਘੋੜ ਸਵਾਰੀ , ਸ਼ਸਤਰ ਵਿੱਦਿਆ ਤੇ ਖਾਸ ਕਰਕੇ ਨੇਜ਼ਾਬਾਜ਼ੀ ਦੇ ਮਹਾ ਧਨੀ ਸਨ।
ਸਰੋਤ ਕਿਤਾਬ “ਪਰਤਖ ਹਰਿ”
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਤਿਗੁਰੂ ਆਪ ਪਰਮੈਸਰ ਸਨ
ਵਾਹਿਗੁਰੂ ਜੀ🙏