ਅੱਜ ਤੋ ਆਪਾ ਗੁਰੂ ਸਾਹਿਬ ਜੀ ਦੀ ਮਿਹਰ ਨਾਲ 22 ਕੁ ਦਿਨ ਦਾ ਲੜੀਵਾਰ ਇਤਿਹਾਸ ਸਾਂਝਾ ਕਰਨ ਦਾ ਜਤਨ ਕਰਾਂਗੇ ਬੜੇ ਪਿਆਰ ਨਾਲ ਪੜਨਾ ਜੀ । ਇਹ ਇਤਿਹਾਸ 22 ਵਾਰਾਂ ਦੇ ਸਬੰਧ ਵਿੱਚ ਹੈ । 22 ਵਾਰਾਂ ਵਿੱਚੋ 9 ਵਾਰਾਂ ਤੇ ਗੁਰੂ ਸਾਹਿਬ ਜੀ ਨੇ ਯੋਧਿਆ ਦੀਆਂ ਵਾਰਾਂ ਦੀਆਂ ਧੁਨੀਆਂ ਚੜਾਈਆਂ ਹਨ । ਕੁੱਝ ਇਤਿਹਾਸਕਾਰ ਮੰਨਦੇ ਹਨ ਇਹ ਧੁਨੀਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚੜਾਈਆਂ ਹਨ ਪਰ ਬਹੁਤੇ ਇਤਿਹਾਸਕਾਰ ਗੁਰੂ ਅਰਜਨ ਸਾਹਿਬ ਜੀ ਦੁਵਾਰਾ ਧੁਨੀਆਂ ਨੂੰ ਚੜਾਇਆਂ ਮੰਨਦੇ ਹਨ । ਕਰਤਾਰਪੁਰ ਸਾਹਿਬ ਵਾਲੇ ਪੁਰਾਤਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਧੁਨੀਆਂ ਮੌਜੂਦ ਹਨ ਜੋ ਗੁਰੂ ਅਰਜਨ ਸਾਹਿਬ ਜੀ ਵਲੋ ਭਾਈ ਗੁਰਦਾਸ ਜੀ ਪਾਸੋ ਲਿਖਵਾਇਆ ਗਿਆ ਸੀ ।
ਭਾਗ 1
ਧੁਨੀਆਂ
ਧੁਨੀ ਸ਼ਬਦ ਦਾ ਪਿਛੋਕੜ ‘ਧਵਨੀ’ ਸ਼ਬਦ ਨਾਲ ਜੁੜਿਆ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ ਨਾਦ ਜਾਂ ਆਵਾਜ਼। ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਰਤੋਂ ਵਿਸ਼ੇਸ਼ ਸੰਕੇਤ ਲਈ ਕੀਤੀ ਗਈ ਹੈ ਜਿਸ ਤੋਂ ਭਾਵ ਹੈ ਗਾਉਣ ਦੀ ਧਾਰਨਾ ਜਾਂ ਵਿਧੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਜਿੱਥੇ ਬਾਣੀ ਨੂੰ ਰਾਗਾਂ ਵਿਚ ਸਮੋਇਆ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੌਂ ਵਾਰਾਂ ਨੂੰ ਗਾਉਣ ਲਈ ਲੋਕ-ਕਾਵਿ ਦੇ ਗਾਉਣ ਦੀ ਪਰੰਪਰਾ ਵਿਚ ਪੁਰਾਤਨ ਲੋਕ-ਵਾਰਾਂ ਦੀਆਂ ਧੁਨੀਆਂ ਵੱਲ ਸੰਕੇਤ ਵੀ ਕੀਤਾ ਹੈ। ਅਜਿਹੇ ਸੰਕੇਤ ਕੇਵਲ ਨੌਂ ਵਾਰਾਂ ਨਾਲ ਦਿੱਤੇ ਮਿਲਦੇ ਹਨ।
ਜੋ ਕਹਾਣੀਆਂ ਇਨ੍ਹਾਂ ਵਾਰਾਂ ਨਾਲ ਜੁੜੀਆਂ ਹੋਈਆਂ ਹਨ ਉਨ੍ਹਾਂ ਦਾ ਗੁਰਬਾਣੀ ਨਾਲ ਕੋਈ ਸੰਬੰਧ ਨਹੀਂ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਧੁਨੀਆਂ ਨੂੰ ਉਸ ਸਮੇਂ ਲੋਕਾਂ ਵਿਚ ਪ੍ਰਚਲਿਤ ਹੋਣ ਕਾਰਨ ਅਤੇ ਲੋਕਾਂ ਦੀਆਂ ਮਨਭਾਉਂਦੀਆਂ ਹੋਣ ਕਰਕੇ ਲੋਕਾਂ ਦੇ ਮਨਾਂ ’ਤੇ ਸਿੱਧਾ ਅਸਰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਇਨ੍ਹਾਂ ਵਾਰਾਂ ਨੂੰ ਇਨ੍ਹਾਂ ਧੁਨੀਆਂ ’ਤੇ ਗਾਉਣ ਦਾ ਆਦੇਸ਼ ਦਿੱਤਾ ਹੈ।
ਇਨ੍ਹਾਂ ਨੌਂ ਵਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ:
1. ਵਾਰ ਮਾਝ ਕੀ ਸਲੋਕ ਮਹਲਾ ੧ – ਮਲਕ ਮੁਰੀਦ ਤਥਾ ਚੰਦ੍ਰਹੜਾ ਕੀ ਧੁਨੀ ਗਾਵਣੀ
2. ਗਉੜੀ ਕੀ ਵਾਰ ਮਹਲਾ ੫ – ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ
3. ਆਸਾ ਮਹਲਾ ੧ – ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ-ਟੁੰਡੇ ਅਸ ਰਾਜੈ ਕੀ ਧੁਨੀ
4. ਗੂਜਰੀ ਕੀ ਵਾਰ ਮਹਲਾ ੩ – ਸਿਕੰਦਰ ਬਿਰਾਹਿਮ ਕੀ ਧੁਨਿ ਗਾਉਣੀ
5. ਵਡਹੰਸ ਕੀ ਵਾਰ ਮਹਲਾ ੪ – ਲਲਾਂ ਬਹਲੀਮਾ ਕੀ ਧੁਨਿ ਗਾਵਣੀ
6.ਰਾਮਕਲੀ ਕੀ ਵਾਰ ਮਹਲਾ ੩ – ਜੋਧੈ ਵੀਰੈ ਪੂਰਬਾਣੀ ਕੀ ਧੁਨੀ
7. ਸਾਰੰਗ ਕੀ ਵਾਰ ਮਹਲਾ ੪ – ਰਾਇ ਮਹਮੇ ਹਸਨੇ ਕੀ ਧੁਨਿ
8. ਵਾਰ ਮਲਾਰ ਕੀ ਮਹਲਾ ੧ – ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ
9. ਕਾਨੜੇ ਕੀ ਵਾਰ ਮਹਲਾ ੪ – ਮੂਸੇ ਕੀ ਵਾਰ ਕੀ ਧੁਨੀ ।
( ਚਲਦਾ )