22 ਵਾਰਾਂ – ਭਾਗ 2

ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਦੀ ਧੁਨੀ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਮਾਝ ਕੀ ਵਾਰ ਮਹਲਾ 1’ ਨੂੰ ਇਸ ਧੁਨ ਉੱਪਰ ਗਾਉਣ ਦਾ ਆਦੇਸ਼ ਕੀਤਾ ਹੈ। ‘ਮੁਰੀਦ’ ਤੇ ‘ਚੰਦ੍ਰਹੜਾ’ ਅਕਬਰ ਦੇ ਦੋ ਰਾਜਪੂਤ ਫੌਜੀ ਸਨ। ਮੁਰੀਦ ਨੂੰ ਮਲਕ ਦਾ ਖ਼ਿਤਾਬ ਮਿਲਿਆ ਹੋਇਆ ਸੀ ਜਿਸ ਕਰਕੇ ਉਸ ਨੂੰ ਮਲਕ ਮੁਰੀਦ ਕਿਹਾ ਜਾਂਦਾ ਸੀ। ਚੰਦ੍ਰਹੜਾ ਦੀ ਜੱਦ ਦਾ ਨਾਂ ਸੋਹੀਆ ਸੀ, ਇਸ ਲਈ ਚੰਦ੍ਰਹੜਾ ਸੋਹੀਆ ਦੇ ਨਾਂ ਨਾਲ ਪ੍ਰਸਿੱਧ ਸੀ। ਉੱਪਰੋਂ ਤਾਂ ਇਹ ਦੋਸਤ ਸਨ, ਪਰ ਵਿੱਚੋਂ ਇਕ ਦੂਜੇ ਨਾਲ ਦੁਸ਼ਮਣੀ ਰੱਖਦੇ ਸਨ।
ਇਕ ਵਾਰ ਸਰਹੱਦ ਵਿਚ ਬਗ਼ਾਵਤ ਹੋ ਗਈ। ਅਕਬਰ ਨੇ ਬਾਗ਼ੀਆਂ ਨੂੰ ਸੋਧਣ ਅਤੇ ਉਨ੍ਹਾਂ ਤੋਂ ਜੁਰਮਾਨਾ ਤੇ ਕਰ ਵਸੂਲ ਕਰਨ ਲਈ ਮਲਕ ਮੁਰੀਦ ਨੂੰ ਭੇਜਿਆ। ਮਲਕ ਮੁਰੀਦ ਬੜਾ ਬਹਾਦਰ ਸੂਰਮਾ ਸੀ। ਉਸ ਦਾ ਨਾਂ ਸੁਣਦਿਆਂ ਹੀ ਬਾਗ਼ੀਆਂ ਨੇ ਹਥਿਆਰ ਸੁੱਟ ਦਿੱਤੇ ਤੇ ਜੁਰਮਾਨਾ ਭਰ ਦਿੱਤਾ, ਪਰ ਕਰ ਵਾਸਤੇ ਕੁਝ ਸਮਾਂ ਮੰਗਿਆ। ਜੁਰਮਾਨੇ ਦਾ ਰੁਪਿਆ ਅਕਬਰ ਨੂੰ ਦਿੱਲੀ ਭੇਜ ਦਿੱਤਾ। ਬਾਗ਼ੀਆਂ ਨੂੰ ਸੋਧਣ ਲਈ ਅਤੇ ਕਰ ਇਕੱਠਾ ਕਰਨ ਲਈ ਕੁਝ ਸਮੇਂ ਵਾਸਤੇ ਉੱਥੇ ਹੀ ਠਹਿਰ ਗਿਆ।
ਕੁਝ ਸਮਾਂ ਲੰਘ ਗਿਆ। ਮਲਕ ਮੁਰੀਦ ਆਪਣੀ ਡਿਊਟੀ ਵਿਚ ਐਨਾ ਰੁੱਝ ਗਿਆ ਕਿ ਵੇਲੇ ਸਿਰ ਮਾਮਲਾ (ਕਰ) ਵਸੂਲ ਕਰ ਕੇ ਦਿੱਲੀ ਨਾ ਭੇਜ ਸਕਿਆ। ਚੰਦ੍ਰਹੜਾ ਸੋਹੀਆ ਨੇ ਮੌਕਾ ਤਾੜ ਕੇ ਅਕਬਰ ਦੇ ਦਰਬਾਰ ਵਿਚ ਝੂਠੀ ਖ਼ਬਰ ਉਡਾ ਦਿੱਤੀ ਕਿ ਮਲਕ ਮੁਰੀਦ ਬਾਗ਼ੀਆਂ ਨਾਲ ਰਲ ਗਿਆ ਹੈ। ਅਕਬਰ ਨੇ ਇਕ ਭਾਰੀ ਫੌਜ ਦੇ ਕੇ ਚੰਦ੍ਰਹੜਾ ਸੋਹੀਆ ਨੂੰ ਮਲਕ ਮੁਰੀਦ ਨੂੰ ਸੋਧਣ ਲਈ ਭੇਜ ਦਿੱਤਾ।
ਚੰਦ੍ਰਹੜਾ ਦੀ ਚਾਲ ਦਾ ਮਲਕ ਮੁਰੀਦ ਨੂੰ ਆਪਣੇ ਸੂਹੀਆਂ ਪਾਸੋਂ ਪਤਾ ਲੱਗ ਗਿਆ ਸੀ। ਦੋਹਾਂ ਧਿਰਾਂ ਵਿੱਚ ਲਹੂ-ਵੀਟਵੀਂ ਲੜਾਈ ਹੋਈ। ਅਨੇਕਾਂ ਸਿਪਾਹੀ ਮਾਰੇ ਗਏ। ਮਾਲੀ ਅਤੇ ਜਾਨੀ ਨੁਕਸਾਨ ਕਾਫ਼ੀ ਹੋਣ ਕਰਕੇ ਚੰਦ੍ਰਹੜਾ ਨੇ ਮੁਰੀਦ ਨੂੰ ਚਿੱਠੀ ਲਿਖੀ ਕਿ ਇਸ ਤਰ੍ਹਾਂ ਸਿਪਾਹੀਆਂ ਨੂੰ ਮਰਵਾਉਣ ਦਾ ਕੋਈ ਲਾਭ ਨਹੀਂ, ਦੁਸ਼ਮਣੀ ਆਪਣੀ ਹੈ ਇਸ ਲਈ ਆਪਾਂ ਦੋ-ਦੋ ਹੱਥ ਕਰ ਲਈਏ।
ਅਗਲੇ ਦਿਨ ਮਲਕ ਮੁਰੀਦ ਤੇ ਚੰਦ੍ਰਹੜਾ ਸੋਹੀਆ ਇਕੱਲੇ ਮੈਦਾਨ ਵਿਚ ਆ ਨਿੱਤਰੇ। ਸ਼ਸਤਰ ਵਿੱਦਿਆ ਵਿਚ ਨਿਪੁੰਨ ਹੋਣ ਕਰਕੇ ਦੋਵਾਂ ਨੇ ਚੰਗੇ ਕਰਤਬ ਵਿਖਾਏ। ਕਾਫ਼ੀ ਦੇਰ ਤਕ ਲੜਦੇ ਰਹੇ ਅਤੇ ਅੰਤ ਵਿਚ ਇਤਨੇ ਜ਼ਖ਼ਮੀ ਹੋ ਗਏ ਕਿ ਦੋਹਾਂ ਨੇ ਪ੍ਰਾਣ ਤਿਆਗ ਦਿੱਤੇ। ਜਿੱਤ ਹਾਰ ਕਿਸੇ ਦੀ ਵੀ ਨਹੀਂ ਹੋਈ। ਢਾਡੀਆਂ ਨੇ ਇਨ੍ਹਾਂ ਦੀ ਸੂਰਮਗਤੀ ਦੀ ਉਸਤਤੀ ਵਿਚ ਵਾਰ ਰਚੀ, ਜਿਸ ਦੀ ਇਕ ਪ੍ਰਸਿੱਧ ਪਉੜੀ ਇਸ ਤਰ੍ਹਾਂ ਹੈ:
ਕਾਬੁਲ ਵਿਚ ਮੁਰੀਦ ਖਾਂ ਫੜਿਆ ਬਡ ਜੌਰ।
ਚੰਦ੍ਰਹੜਾ ਲੈ ਫੌਜ ਕੋ ਚੜ੍ਹਿਆ ਬਡ ਤੌਰ।
ਦੋਹਾਂ ਕੰਧਾਰਾਂ ਮੂੰਹ ਜੁੜੇ ਦੰਮਾਮੇ ਦੌਰ।
ਸ਼ਸਤ੍ਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ।
ਹੋਲੀ ਖੇਲੇਂ ਚੰਦ੍ਰਹੜਾ ਰੰਗ ਲਗੇ ਸੌਰ।
ਦੋਵੇਂ ਤਰਫਾਂ ਜੁੱਟੀਆਂ ਸਰ ਵਗਨ ਕੌਰ।
ਮੈਂ ਭੀ ਰਾਇ ਸਦਾਇਸਾਂ ਵੜਿਆ ਲਾਹੌਰ।
ਦੋਨੋਂ ਸੂਰੇ ਸਾਹਮਣੇ ਜੂਝੇ ਉਸ ਠੌਰ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੇਖਿਆ ਕਿ ਇਹ ਅੱਠ-ਤੁਕੀ ਪਉੜੀ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਵਾਰ ਮਾਝ ਦਾ ਹੀ ਵਜ਼ਨ ਹੈ, ਜੋ ਦੇਸ ਵਿਚ ਮਲਕ ਮੁਰੀਦ ਵਾਲੀ ਵਾਰ ਦਾ ਹੈ, ਪਰ ਮਲਕ ਮੁਰੀਦ ਵਾਰ ਨਾਲ ਬਾਣੀ ਦਾ ਕੋਈ ਸੰਬੰਧ ਨਹੀਂ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਧੁਨੀ ਲਿਖ ਕੇ ਹੁਕਮ ਦਿੱਤਾ ਕਿ ਵਾਰ ਮਾਝ ਨੂੰ ਇਸ ਧਾਰਨਾ ’ਤੇ ਗਾਵਣਾ ਹੈ ।
(ਚਲਦਾ )


Share On Whatsapp

Leave a Reply




top