ਇਹ ਪਵਿੱਤਰ ਅਸਥਾਨ ਪਿੰਡ ਫੱਗੂਵਾਲਾ ਦੀ ਪਟਿਆਲਾ-ਸੁਨਾਮ ਰੋਡ ‘ਤੇ ਸਥਿਤ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਜਦੋਂ ਗੁਰੂ ਜੀ ਆਸਾਮ ਦੇ ਰਾਜੇ ਦੀ ਬੇਨਤੀ ‘ਤੇ ਸ੍ਰੀ ਆਨੰਦਪੁਰ ਸਾਹਿਬ ਤੋਂ 300 ਸੰਗਤਾਂ ਦੀ ਗਿਣਤੀ ‘ਚ 3 ਸਾਲ ਦੀ ਯਾਤਰਾ ਦੌਰਾਨ ਗੱਡਿਆਂ ‘ਚ ਭਾਂਡੇ, ਬਿਸਤਰੇ, ਫ਼ਰਸ਼, ਕਨਾਤਾਂ ਆਦਿ ਸੰਗਤਾਂ ਨਾਲ ਯਾਤਰਾ ਪ੍ਰੋਗਰਾਮ ਬਣਾ ਕੇ ਸਮਾਨ ਗੱਡਿਆਂ ‘ਤੇ ਲੱਦ ਕੇ ਰਥਾਂ, ਘੋੜਿਆਂ ‘ਤੇ ਸਵਾਰ ਹੋ ਕੇ ਮਾਲਵੇ ‘ਚੋਂ ਪਿੰਡ ਥੂਹੀ, ਰਾਮਗੜ੍ਹ, ਬੌੜਾਂ, ਗੁਣੀਕੇ, ਆਲੋਅਰਖ਼, ਭਵਾਨੀਗੜ੍ਹ ਹੁੰਦੇ ਹੋਏ ਮਾਤਾ ਨਾਨਕੀ ਸਾਹਿਬ ਜੀ, ਮਾਤਾ ਗੁਜ਼ਰੀ ਜੀ, ਮਾਮਾ ਕ੍ਰਿਪਾਲ ਚੰਦ ਜੀ, ਭਾਈ ਸੰਗਤੀਆ ਜੀ, ਭਾਈ ਸੁਖਨੰਦ ਜੀ, ਭਾਈ ਸਾਹਿਬ ਚੰਦ ਜੀ, ਸੰਤ ਗੁਰਬਖ਼ਸ਼ ਦਾਸ ਉਦਾਸੀ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਉ ੱਦਾ ਜੀ, ਭਾਈ ਗੁਰਦਿੱਤਾ ਜੀ, ਭਾਈ ਜੈਤਾ ਜੀ ਅਤੇ ਭਾਈ ਨੱਥੂ ਰਾਮ ਜੀ ਰਬਾਬੀ ਜਥੇ ਨਾਲ 21 ਕੱਤਕ ਸੰਮਤ 1722 ਨੂੰ , ਇੱਥੇ ਇਕ ਦਿਨ ਰਹਿ ਕੇ ਪਵਿੱਤਰ ਕਰਦਿਆਂ ਆਪਣੀ ਪਵਿੱਤਰ ਰਸਨਾ ਤੋਂ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇੱਥੋਂ ਚਾਲੇ ਪਾਉਂਦਿਆਂ ਗੁਰੂ ਸਾਹਿਬ ਜੀ ਪਿੰਡ ਘਰਾਚੋਂ, ਨਾਗਰਾ, ਟੱਲ ਘਨੌੜ੍ਹ ਹੁੰਦੇ ਹੋਏ ਵੱਖ-ਵੱਖ ਪਿੰਡਾਂ ‘ਚ ਦੀ ਹੁੰਦਿਆਂ ਪਟਨਾ ਸਾਹਿਬ ਪਹੁੰਚ ਕੇ ਜੌਹਰੀ ਸਾਲਸ ਰਾਏ ਦੀ ਹਵੇਲੀ ‘ਚ ਨਿਵਾਸ ਕੀਤਾ, ਕੁਝ ਦਿਨ ਆਰਾਮ ਕਰਨ ਤੋਂ ਬਾਅਦ ਗੁਰੂ ਜੀ ਜੈਪੁਰ ਦੇ ਰਾਜਾ ਰਾਮ ਸਿੰਘ ਨੂੰ ਮਿਲਣ ਆਸਾਮ ਚਲੇ ਗਏ | ਇਸ ਪਵਿੱਤਰ ਸਥਾਨ ‘ਤੇ ਗੁਰੂ ਸਾਹਿਬ ਜੀ ਦੀ ਅਪਾਰ ਬਖ਼ਸ਼ੀਸ਼ ਦੁਆਰਾ ਬਸੰਤ ਪੰਚਮੀ ਦਾ ਸਾਲਾਨਾ ਮੇਲਾ, ਹਰ ਮਹੀਨੇ ਦੀ ਪੰਚਮੀਂ, ਮੱਸਿਆ, ਸੰਗਰਾਂਦ, ਸ਼ਹੀਦੀ ਗੁਰਪੁਰਬ ਪਾਤਸ਼ਾਹੀ ਪੰਜਵੀਂ, ਨੌਵੀਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਵਤਾਰ ਪੁਰਬ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ | ਇਸ ਪਵਿੱਤਰ ਸਥਾਨ ‘ਤੇ ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕਾ ਸ਼ਰਧਾਵਾਨ ਪ੍ਰਾਣੀਆਂ ਦੀਆਂ ਸ਼ੁੱਭ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ |