ਆ ਗਏ ਨੀ ਨਿਹੰਗ, ਬੂਹੇ ਖੋਲ ਦਿਓ ਨਿਸ਼ੰਗ

ਹਮ ਲੈ ਜਾਣਹੁ ਪੰਥ ਉਚੇਰੋ!
ਅੰਨਦਪੁਰ ਸਾਹਿਬ ਦੇ ਨੇੜੇ ਤੇੜੇ ਬਹੁਤਾ ਇਲਾਕਾ ਰੰਘੜਾਂ ਦਾ ਸੀ। ਕੇਰਾਂ ਦੀ ਗੱਲ ਹੈ ਕਿ ਸਿੱਖ ਸੰਗਤਾਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਲਈ ਆ ਰਹੀਆਂ ਸਨ, ਇਨ੍ਹਾਂ ਰੰਘੜਾਂ ਨੇ ਉਨ੍ਹਾਂ ਤੇ ਅਚਨਚੇਤ ਹੱਲਾ ਬੋਲ ਕੇ ਮਾਲ ਅਸਬਾਬ ਲੁਟ ਲਿਆ । ਜਦੋਂ ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਓਸੇ ਵਕਤ ਸਿੱਖਾਂ ਦਾ ਜੱਥਾ ਰੰਘੜਾਂ ਨੂੰ ਸੋਧਣ ਲਈ ਭੇਜਿਆ । ਸਿੱਖਾਂ ਨੇ ਜਿੱਥੇ ਰੰਘੜਾਂ ਦੀ ਭੁਗਤ ਸਵਾਰ ਕੇ ਮਾਲ ਅਸਬਾਬ ਵਾਪਸ ਲਿਆ, ਉਥੇ ਹੀ ਉਨ੍ਹਾਂ ਦੇ ਹੱਥ ਇਕ ਮੁਸਲਮਾਨ ਕੁੜੀ ਦੀ ਡੋਲੀ ਆ ਗਈ। ਸਿੱਖ ਉਸ ਡੋਲੇ ਨੂੰ ਚੁਕ ਕੇ ਅੰਨਦਪੁਰ ਸਾਹਿਬ ਲੈ ਆਏ ।
ਜਦੋਂ ਸੱਚੇ ਪਾਤਸ਼ਾਹ ਨੇ ਇਹ ਡੋਲਾ ਦੇਖਿਆ ਤਾਂ ਪੁਛਣ ਲੱਗੇ ਕਿ ਇਸ ਵਿਚ ਕੀ ਹੈ? ਤਾਂ ਸਿੱਖ ਮੁਸਕਰਾ ਕਿ ਕਹਿਣ ਲੱਗੇ, ਪਾਤਸ਼ਾਹ ਇਕ ਤੁਰਕਨੀ ਦੀ ਡੋਲੀ ਹੈ। ਗੁਰੂ ਸਾਹਿਬ ਕਹਿਣ ਲੱਗੇ ਕਿ ਤੁਸੀ ਇਹ ਇਥੇ ਕਿਉਂ ਲਿਆਂਦੀ ਤਾਂ ਸਿੱਖ ਕਹਿਣ ਲੱਗੇ ਪਾਤਸ਼ਾਹ ! ਇਹ ਸਾਡੀਆਂ ਬਹੂ ਬੇਟੀਆਂ ਦੀ ਬੇਹੁਰਮਤੀ ਕਰਨ ਦੇ ਮੌਕੇ ਲੱਭਦੇ ਰਹਿੰਦੇ ਹਨ, ਅਸੀਂ ਵੀ ਹੁਣ ਉਨ੍ਹਾਂ ਨੂੰ ਉਨ੍ਹਾਂ ਵਾਂਗ ਭਾਜੀ ਵਾਪਸ ਮੋੜਾਂਗੇ, ਬਦਲਾ ਲਵਾਂਗੇ । ਇਹੋ ਜੰਗ ਦੀ ਨੀਤੀ ਹੈ :-
ਸਗਲ ਸਿੱਖ ਪੁਛਣ ਗੁਣ ਖਾਨੀ।
ਸਗਲ ਤੁਰਕ ਭੁਗਵੇ ਹਿੰਦਵਾਨੀ।
ਸਿਖ ਬਦਲਾ ਲੈ ਭਲਾ ਜਣਾਵੈ।
ਗੁਰੂ ਸ਼ਾਸਤ੍ਰ ਕਿਉਂ ਵਰਜ ਹਟਾਵੈ।
ਪਾਤਸ਼ਾਹ ਨੇ ਇਹ ਸੁਣਕੇ ਸਿੱਖਾਂ ਨੂੰ ਫਿਟਕਾਰ ਤੇ ਪਾਈ ਤੇ ਕਿਹਾ ਮੈਂ ਤੁਹਾਨੂੰ ਜ਼ਿੱਲਤ ਦੀ ਨੀਂਵੀ ਖੱਡ ਵਿਚ ਨਹੀਂ ਡਿੱਗਣ ਦਵਾਂਗਾ । ਇਹ ਕਰਤੂਤ ਬਿਲਕੁਲ ਗ਼ਲਤ ਹੈ। ਸੱਚੇ ਪਾਤਸ਼ਾਹ ਨੇ ਉਸ ਡਰੀ ਹੋਈ ਡੋਲੀ ਵਿਚਲੀ ਕੁੜੀ ਨੂੰ ਹੌਂਸਲਾ ਦਿੰਦੇ ਹੋਏ ਕਿਹਾ, ਧੀਏ! ਤੂੰ ਘਬਰਾ ਨ, ਇਹ ਸਮਝ ਕਿ ਤੂੰ ਅਾਪਣੇ ਪਿਤਾ ਦੇ ਘਰ ਆਈਂ ਹੈਂ। ਪਾਤਸ਼ਾਹ ਨੇ ਉਸ ਬੱਚੀ ਨੂੰ ਆਸੀਸ ਤੇ ਸ਼ਗਨ ਦੇ ਕੋ ਬੜੇ ਅਦਬੋ ਅਦੀਬਤ ਨਾਲ ਉਸਦੇ ਘਰ ਪਹੁੰਚਾਇਆ ਤੇ ਸਿੱਖਾਂ ਨੂੰ ਅਗਾਂਹ ਵਾਸਤੇ ਇਹੋ ਜਿਹੀ ਕਰਤੂਤ ਕਰਨ ਤੋਂ ਸਖ਼ਤੀ ਨਾਲ ਵਰਜਦੇ ਹੋਏ ਕਿਹਾ, ਮੈਂ ਇਸ ਸਿੱਖ ਪੰਥ ਨੂੰ ਕਿਰਦਾਰ ਪੱਖੋਂ ਬਹੁਤ ਉੱਚਾ ਲੈ ਕੇ ਜਵਾਂਗਾ, ਜਿਸਦੀ ਮਿਸਾਲ ਜ਼ਮਾਨਾ ਦੇਵੇਗਾ;
ਸੁਣਿ ਸਤਿਗੁਰੂ ਬੋਲੇ ਤਿਸ ਬੇਰੇ।
ਹਮ ਲੈ ਜਾਣਹੁ ਪੰਥ ਉਚੇਰੇ।
ਨਹ ਅਧੋਗਤ ਬਿਖਹਿ ਪਹੁੰਚਾਵਹਿਂ।
ਤਾ ਤੇ ਕਲਮਲ ਕਰਮ ਹਟਾਵੈਂ।
ਸਿੱਖਾਂ ਦੇ ਇਸ ਕਿਰਦਾਰ ਦੀਆਂ ਸਿਫ਼ਤਾਂ ਸਿੱਖਾਂ ਪ੍ਰਤੀ ਮੰਦ ਭਾਵਨਾ ਰੱਖਣ ਵਾਲੇ ਕਾਜੀ ਨੂਰ ਮੁਹੰਮਦ ਨੇ ਵੀ ਆਪਣੇ ਜੰਗਨਾਮੇ ਵਿਚ ਕੀਤੀਆਂ ਹਨ, ਜਿਸ ਵਿੱਚ ਉਹ ਦੱਸਦਾ ਹੈ ਕਿ ਜੇ ਇਹਨਾਂ ਦੇ ਹੱਥ ਦੁਸ਼ਮਣ ਦੀ ਔਰਤ ਆ ਜਾਏ ਤਾਂ ਉਸਦਾ ਵੀ ਬਹੁਤ ਸਤਿਕਾਰ ਕਰਦੇ ਹਨ। ਇਸੇ ਲਈ ਤੇ ਸਮੇਂ ਦੀ ਹਿਕ ਤੇ ਇਹ ਬੋਲ ਉਕਰੇ ਪਏ ਆ , ” ਆ ਗਏ ਨੀ ਨਿਹੰਗ, ਬੂਹੇ ਖੋਲ ਦਿਓ ਨਿਸ਼ੰਗ “।
ਬਲਦੀਪ ਸਿੰਘ ਰਾਮੂੰਵਾਲੀਆ


Share On Whatsapp

Leave a Reply




top