ਸਾਖੀ ਗੁਰੂ ਤੇਗ ਬਹਾਦਰ ਜੀ ਅਤੇ ਚਾਚਾ ਫੱਗੂ

ਬਿਹਾਰ ਵਿੱਚ ਇੱਕ ਕਸਬਾ ਹੈ ਸਸਰਾਮ। ਏਥੇ ਇੱਕ ਬਹੁਤ ਭਾਵਨਾ ਵਾਲਾ ਸਿੱਖ ਰਹਿੰਦਾ ਸੀ ਜਿਸ ਦਾ ਨਾਮ ਸੀ ਭਾਈ ਫੱਗੂ ਮੱਲ। ਸਾਰੇ ਪਿੰਡ ਵਾਲੇ ਉਸ ਨੂੰ ਪਿਆਰ ਨਾਲ ਚਾਚਾ ਫੱਗੂ ਕਹਿੰਦੇ ਸਨ। ਉਹ ਆਲੇ ਦੁਆਲੇ ਗੁਰਬਾਣੀ ਦਾ ਪ੍ਰਚਾਰ ਕਰਦਾ ਸੀ। ਇਸ ਦੇ ਨਾਲ ਨਾਲ ਓਹ ਸਿੱਖਾਂ ਨੂੰ ਦਸਵੰਧ ਕੱਢਣ ਦੀ ਬੇਨਤੀ ਕਰਦਾ ਅਤੇ ਦਸਵੰਧ ਇਕੱਠਾ ਕਰਕੇ ਗੁਰੂ ਘਰ ਭੇਟਾ ਲਈ ਭੇਜ ਦਿਆ ਕਰਦਾ ਸੀ। ਉਸ ਦੇ ਮਨ ਵਿੱਚ ਇੱਛਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਉਸ ਦੇ ਘਰ ਆਉਣ। ਇਸੇ ਇੱਛਾ ਕਰਕੇ ਉਸ ਨੇ ਆਪਣੇ ਘਰ ਦਾ ਦਰਵਾਜਾ ਬਹੁਤ ਵੱਡਾ ਬਣਵਾਇਆ ਤਾਂ ਕਿ ਗੁਰੂ ਸਾਹਿਬ ਘੋੜੇ ਉੱਤੇ ਬੈਠੇ ਹੋਏ ਹੀ ਅੰਦਰ ਆ ਜਾਣ। ਓਹ ਘਰ ਦਾ ਦਰਵਾਜਾ ਵੀ ਸਦਾ ਖੁੱਲਾ ਰੱਖਦਾ ਸੀ ਤਾਂ ਕਿ ਗੁਰੂ ਸਾਹਿਬ ਨੂੰ ਬਾਹਰ ਨਾ ਰੁਕਣਾ ਪਵੇ। ਪਿੰਡ ਵਾਲਿਆਂ ਨੇ ਕਹਿਣਾ ਕਿ ਗੁਰੂ ਸਾਹਿਬ ਏਨੀਂ ਦੂਰੋਂ ਪੰਜਾਬ ਤੋਂ ਸਾਡੇ ਪਿੰਡ ਨਹੀਂ ਆਉਣਗੇ ਪਰ ਚਾਚਾ ਫੱਗੂ ਨੇ ਅਰਦਾਸਾਂ ਕਰਦੇ ਰਹਿਣਾ। ਗੁਰੂ ਤੇਗ ਬਹਾਦੁਰ ਸਾਹਿਬ ਇੱਕ ਦਿਨ ਬਨਾਰਸ ਤੋਂ ਚਲਦੇ ਹੋਏ ਸਸਰਾਮ ਪਹੁੰਚੇ ਅਤੇ ਘੋੜੇ ਤੇ ਬੈਠੇ ਬੈਠੇ ਹੀ ਓਹ ਚਾਚਾ ਫੱਗੂ ਦੇ ਘਰ ਲੰਘ ਆਏ। ਚਾਚਾ ਫੱਗੂ ਬਹੁਤ ਖੁਸ਼ ਹੋਇਆ ਅਤੇ ਓਹਨਾ ਦੇ ਪੈਰਾਂ ‘ਤੇ ਮੱਥਾ ਟੇਕਿਆ। ਸੰਗਤ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਉਸ ਦੇ ਘਰ ਆ ਗਈ। ਉਸ ਨੇ ਜੋ ਸੰਗਤ ਕੋਲੋਂ ਦਸਵੰਧ ਇਕੱਠਾ ਕੀਤਾ ਹੋਇਆ ਸੀ ਓਹ ਵੱਖ ਵੱਖ ਝੋਲੀਆਂ ਵਿੱਚ ਪਾ ਕੇ ਰੱਖਿਆ ਹੋਇਆ ਸੀ। ਉਸ ਨੇ ਸਾਰਾ ਦਸਵੰਧ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤਾ। ਗੁਰੂ ਸਾਹਿਬ ਮੁਸਕੁਰਾ ਕੇ ਕਹਿਣ ਲੱਗੇ ਕਿ ਭਾਈ ਤੂੰ ਸਾਨੂੰ ਪੂਰਾ ਦਸਵੰਧ ਨਹੀਂ ਭੇਟਾ ਕੀਤਾ। ਚਾਚਾ ਫੱਗੂ ਜੀ ਕਹਿੰਦੇ ਮਹਾਰਾਜ ਸਾਰਾ ਦਸਵੰਧ ਦੇ ਦਿੱਤਾ ਹੈ। ਜਦੋਂ ਦੂਜੀ ਵਾਰ ਗੁਰੂ ਸਾਹਿਬ ਨੇ ਫੇਰ ਕਿਹਾ ਤਾਂ ਚਾਚਾ ਫੱਗੂ ਕਹਿਣ ਲੱਗੇ ਕਿ ਮਹਾਰਾਜ ਤੁਸੀ ਹੀ ਕਿਰਪਾ ਕਰਕੇ ਦੱਸੋ ਮੈਂ ਭੁੱਲ ਗਿਆ ਹੋਵਾਂਗਾ। ਗੁਰੂ ਸਾਹਿਬ ਨੇ ਕਿਹਾ ਕਿ ਬਾਹਰ ਜੋ ਬੇਰੀ ਲੱਗੀ ਹੋਈ ਹੈ ਓਹ ਵੀ ਸਾਡੀ ਹੈ। ਚਾਚਾ ਫੱਗੂ ਦੀਆਂ ਅੱਖਾਂ ਵਿੱਚ ਬੈਰਾਗ ਦੇ ਹੰਝੂ ਆ ਗਏ ਅਤੇ ਓਹ ਗੁਰੂ ਸਾਹਿਬ ਦੇ ਪੈਰਾਂ ਵਿੱਚ ਡਿੱਗ ਪਿਆ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਹੁਣ ਸੰਗਤ ਨੂੰ ਵੀ ਇਸ ਬੇਰੀ ਬਾਰੇ ਦੱਸ।
ਚਾਚਾ ਫੱਗੂ ਜੀ ਨੇ ਦੱਸਿਆ ਕਿ ਉਹ ਦਸਵੰਧ ਲੈਣ ਲਈ ਕਿਸੇ ਦੇ ਘਰ ਗਏ ਸੀ। ਓਹ ਬਹੁਤ ਗਰੀਬ ਪਰਿਵਾਰ ਸੀ। ਘਰ ਵਿੱਚ ਸਿਰਫ ਔਰਤ ਸੀ, ਮਰਦ ਬਾਹਰ ਗਿਆ ਹੋਇਆ ਸੀ। ਜਦੋਂ ਉਸ ਨੇ ਦਸਵੰਧ ਮੰਗਿਆ ਤਾਂ ਭੈਣ ਕਹਿਣ ਲੱਗੀ ਕਿ ਸਾਡੇ ਕੋਲ ਕੁਝ ਨਹੀਂ ਹੈ ਗੁਰੂ ਨੂੰ ਦੇਣ ਲਈ। ਉਸ ਨੇ ਕਿਹਾ ਕਿ ਕੁਝ ਨਾ ਕੁਝ ਜ਼ਰੂਰ ਦਿਓ ਤਾਂ ਭੈਣ ਨੇ ਗੁੱਸੇ ਵਿੱਚ ਮਿੱਟੀ ਦੀ ਮੁੱਠ ਭਰ ਕੇ ਉਸ ਨੂੰ ਫੜਾ ਦਿੱਤੀ। ਉਸ ਨੇ ਸੋਚਿਆ ਕਿ ਇਹ ਮਿੱਟੀ ਗੁਰੂ ਦੇ ਨਾਮ ਤੇ ਮਿਲੀ ਹੈ ਇਸ ਲਈ ਇਸ ਨੂੰ ਸੁੱਟਣਾ ਨਹੀਂ ਹੈ। ਓਹ ਜਦ ਮਿੱਟੀ ਘਰ ਲੈ ਕੇ ਆਇਆ ਤਾਂ ਇਸ ਮਿੱਟੀ ਵਿੱਚ ਇੱਕ ਬੇਰ ਦੀ ਗਿਟਕ ਸੀ ਜਿਸ ਨੂੰ ਉਸ ਨੇ ਆਪਣੇ ਘਰ ਦੇ ਵਿਹੜੇ ਵਿੱਚ ਬੀਜ਼ ਦਿੱਤਾ। ਉਸ ਤੋਂ ਇਹ ਬੇਰੀ ਪੈਦਾ ਹੋਈ। ਇਹ ਸਭ ਸੁਣ ਕੇ ਸਭ ਸੰਗਤ ਦੀਆਂ ਅੱਖਾਂ ਨਮ ਹੋ ਗਈਆਂ।
ਗੁਰੂ ਸਾਹਿਬ ਕਹਿਣ ਲੱਗੇ ਭਾਈ ਤੂੰ ਬੜੀ ਵੱਡੀ ਭਾਵਨਾ ਵਾਲਾਂ ਹੈਂ ਜਿਸ ਨੇ ਗੁਰੂ ਦੇ ਨਾਮ ਦੀ ਮਿੱਟੀ ਵੀ ਝੋਲੀ ਪਵਾ ਲਈ। ਇਸ ਤਰਾਂ ਭਾਈ ਫੱਗੂ ਦੀ ਸ਼ਰਧਾ ਅਤੇ ਭਾਵਨਾ ਕਰਕੇ ਗੁਰੂ ਸਾਹਿਬ ਨੇ ਓਹਨਾ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ।
(ਰਣਜੀਤ ਸਿੰਘ ਮੋਹਲੇਕੇ)


Share On Whatsapp

Leave a Reply




top