ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਕੋਲ ਸਿੱਧ ਆ ਕੇ ਪੁੱਛਣ ਲੱਗੇ ਕਿ ਗੁਰੂ ਜੀ ਤੁਹਾਡਾ ਉਪਦੇਸ਼ ਕੀ ਹੈ ? ਤਾਂ ਗੁਰੂ ਜੀ ਨੇ ਉੱਤਰ ਦਿੱਤਾ –
“ਕਿਰਤ ਕਰੋ , ਨਾਮ ਜਪੋ , ਵੰਡ ਛਕੋ”
ਸਿਧਾਂ ਨੇ ਗੁਰੂ ਜੀ ਨੂੰ ਇਕ ਤਿਲ ਭੇਂਟ ਕੀਤਾ ਅਤੇ ਕਿਹਾ ਗੁਰੂ ਜੀ ਇਹ ਤਿਲ ਸਭ ਨੂੰ ਵੰਡ ਕੇ ਛਕਾਵੋ। ਗੁਰੂ ਜੀ ਸਿਧਾਂ ਦੀ ਇਸ ਸ਼ਰਾਰਤ ਤੇ ਮੁਸਕਰਾਏ ਅਤੇ ਭਾਈ ਮਰਦਾਨੇ ਨੂੰ ਕਿਹਾ ਇਹ ਤਿਲ ਰਗੜ ਕੇ ਦੁੱਧ ਵਿੱਚ ਮਿਲਾ ਕੇ ਸਭ ਨੂੰ ਛਕਾਓ ਅਤੇ ਮਰਦਾਨੇ ਨੇ ਇਸੇ ਤਰਾਂ ਕਰਕੇ ਸਭ ਨੂੰ ਛਕਾਇਆ। ਗੁਰੂ ਜੀ ਨੇ ਸਿੱਧਾ ਨੂੰ ਪੁੱਛਿਆ ਕੇ ਕੋਈ ਐਸਾ ਹੈ ਜਿਸ ਨੇ ਤਿਲ ਨਾ ਛਕਿਆ ਹੋਵੇ ? ਤਾਂ ਸਿਧਾਂ ਦੀਆਂ ਅੱਖਾਂ ਨੀਵੀਂਆ ਹੋ ਗਈਆਂ। ਸਿਧਾਂ ਨੇ ਬੇਨਤੀ ਕੀਤੀ ਗੁਰੂ ਜੀ ਅਸੀਂ ਛੱਤੀ ਪ੍ਰਕਾਰ ਦੇ ਭੋਜਨ ਗ੍ਰੰਥਾਂ ਵਿਚ ਕੇਵਲ ਪੜ੍ਹੇ ਅਤੇ ਸੁਣੇ ਹਨ ਪਰ ਛਕੇ ਨਹੀਂ , ਕਿਰਪਾ ਕਰਕੇ ਸਾਨੂ ਛੱਤੀ ਪ੍ਰਕਾਰ ਦੇ ਭੋਜਨ ਛਕਾਵੋ ਤਾਂ ਗੁਰੂ ਜੀ ਦੀ ਆਗਿਆ ਨਾਲ ਮਰਦਾਨਾ ਬੋਹੜ ਤੇ ਚੜ੍ਹ ਕੇ ਟਹਿਣੀਆਂ ਹਿਲਾਉਣ ਲੱਗਾ ਅਤੇ ਬੋਹੜ ਤੋਂ ਛੱਤੀ ਪ੍ਰਕਾਰ ਦੇ ਭੋਜਨ ਹੇਠਾਂ ਆਏ ਜੋ ਸਿਧਾਂ ਨੇ ਰੱਜ ਕੇ ਛਕੇ। ਗੁਰੂ ਜੀ ਦੇ ਬਚਨਾਂ ਅਨੁਸਾਰ –
ਜੋ ਵੀ ਇਸ ਅਸਥਾਨ ਤੇ ਸ਼ਰਧਾ ਭਾਵਨਾ ਨਾਲ ਤਿਲ – ਫੁਲ ਅਰਦਾਸ ਕਰਵਾਏਗਾ ਉਸ ਦੇ ਭੰਡਾਰੇ ਗੁਰੂ ਜੀ ਦੀਆਂ ਰਹਿਮਤਾਂ ਨਾਲ ਭਰ ਜਾਣਗੇ