ਇਤਿਹਾਸ – ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ

ਦਸੰਬਰ ਮਹੀਨੇ ਦੇ ਵਿੱਚ ਬਹੁਤ ਹੀ ਜ਼ਿਆਦਾ ਠੰਡ ਪੈਂਦੀ ਹੈ ਪਰ ਇਸ ਦਸੰਬਰ ਮਹੀਨੇ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਅਤੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ।6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਤੇ ਕੁੱਝ ਸਿੰਘਾਂ ਦੀ ਟੁੱਕੜੀ ਨਾਲ ਚੱਲੇ ਸੀ।ਜਿਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਕੋਲ ਪਹੁੰਚੇ ਤਾਂ ਇਸ ਗੱਲ ਦਾ ਪਤਾ ਮੁਗਲਾਂ ਨੂੰ ਲੱਗ ਗਿਆ। ਮੁਗਲਾਂ ਵੱਲੋਂ ਗੁਰੂ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ।ਗੁਰੂ ਸਾਹਿਬ ਜੀ ਨੇ ਖਾਲਸਾ ਫ਼ੌਜ ਨੂੰ ਦੋ ਹਿੱਸਿਆ ਵਿੱਚ ਵੰਡਿਆ,ਇੱਕ ਮੁਗਲਾਂ ਨੂੰ ਰੋਕਣ ਵਾਸਤੇ ਤੇ ਦੂਸਰੀ ਸਰਸਾ ਨਦੀ ਪਾਰ ਕਰਨ ਲਈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਸਿੰਘਾਂ ਦੇ ਨਾਲ ਸਰਸਾ ਨਦੀ ਪਾਰ ਕਰ ਰਹੇ ਸੀ।
ਉਸ ਵਕਤ ਸਰਸਾ ਨਦੀ ਦੇ ਵਿੱਚ ਬਹੁਤ ਹੀ ਜ਼ੋਰ ਦਾ ਹੜ੍ਹ ਆਇਆ ਹੋਇਆ ਸੀ।ਇੱਕ ਪਾਸੇ ਮੁਗਲਾਂ ਦੀ ਫੌਜ ਤੇ ਦੂਸਰੇ ਪਾਸੇ ਨਦੀ ਦੇ ਹੜ੍ਹ ਨੇ ਪੂਰਾ ਪਰਿਵਾਰ ਖੇਰੂ-ਖੇਰੂ ਕਰ ਦਿੱਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਸਰਸਾ ਨਦੀ ‘ਚ ਹੜ੍ਹ ਆਉਣ ਕਾਰਨ ਤਿੰਨ ਹਿੱਸਿਆ ਦੇ ਵਿੱਚ ਵੰਡਿਆ ਗਿਆ।ਗੁਰੂ ਸਾਹਿਬ ਤੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ,ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਤੇ 40 ਸਿੰਘ ਇੱਕ ਪਾਸੇ ਰਹਿ ਗਏ ਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨਦੀ ਦੇ ਦੂਸਰੇ ਪਾਸੇ ਗੁਰੂ-ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਮੋਰਿੰਡੇ ਚੱਲੇ ਗਏ
ਅਤੇ ਸਾਹਿਬਜ਼ਾਦਿਆਂ ਦੀ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।ਇਸ ਕਾਲੀ ਰਾਤ ਅਤੇ ਸਰਸਾ ਨਦੀ ਵਿੱਚ ਆਏ ਹੜ੍ਹ ਨੇ ਪੂਰਾ ਪਰਿਵਾਰ ਵਿਛੋੜ ਦਿੱਤਾ ਜੋ ਉਸ ਤੋਂ ਬਾਅਦ ਕਦੇ ਵੀ ਆਪਸ ‘ਚ ਮਿਲ ਨਹੀਂ ਸਕਿਆ।ਅੱਜ ਇਸ ਅਸਥਾਨ ਤੇ ਸਰਸਾ ਨਦੀ ਦੇ ਕਿਨਾਰੇ ਕਦੇ ਨਾ ਭੁੱਲਣ ਵਾਲੇ ਵਿਛੋੜੇ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਹੈ।


Share On Whatsapp

Leave a Reply




top