ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਇੱਕ ਦਸ ਸਾਲ ਦਾ ਬੱਚਾ ਆਉਂਦਾ ਹੈ ਜਿਸ ਦਾ ਨਾਮ ਹੈ ਭਾਈ ਤਾਰੂ। ਇੱਕ ਦਿਨ ਗੁਰੂ ਨਾਨਕ ਸਾਹਿਬ ਪੁੱਛਦੇ ਹਨ ਭਾਈ ਤੇਰਾ ਨਾਮ ਕੀ ਹੈ। ਬੱਚਾ ਦਸਦਾ ਹੈ ਮੇਰਾ ਨਾਮ ਤਾਰੂ ਹੈ। ਗੁਰੂ ਸਾਹਿਬ ਕਹਿੰਦੇ ਨੇ ਭਾਈ ਤੂੰ ਏਨੀ ਛੋਟੀ ਉਮਰ ਵਿੱਚ ਸੰਗਤ ਨਾਲ ਏਥੇ ਕੀ ਕਰਨ ਆਉਂਦਾ ਹੈਂ? ਭਾਈ ਤਾਰੂ ਕਹਿੰਦਾ ਹੈ ਕਿ ਬਾਬਾ ਜੀ ਮੈਂ ਸੁਣਿਆ ਹੈ ਕਿ ਸੰਤਾਂ ਦੀ ਸੰਗਤ ਕਰਕੇ ਕਲਿਆਣ ਹੁੰਦਾ ਹੈ ਅਤੇ ਸੰਤਾਂ ਦੀ ਸੰਗਤ ਬੰਦੇ ਨੂੰ ਉਸ ਦੇ ਮੁਕਾਮ ਤੇ ਪਹੁੰਚਾ ਦਿੰਦੀ ਹੈ। ਗੁਰੂ ਸਾਹਿਬ ਕਹਿਣ ਲੱਗੇ ਕਿ ਭਾਈ ਤੇਨੂੰ ਏਨੀ ਛੋਟੀ ਉਮਰ ਵਿੱਚ ਕਲਿਆਣ ਅਤੇ ਮੁਕਾਮ ਦੀ ਜਾਣਕਾਰੀ ਕਿਵੇਂ ਹੈ? ਕੀ ਤੈਨੂੰ ਇਹ ਸ਼ਬਦ ਕਿਸੇ ਨੇ ਸਿਖਾਏ ਨੇ? ਬੱਚਾ ਕਹਿਣ ਲੱਗਾ ਬਾਬਾ ਜੀ ਇਹ ਸ਼ਬਦ ਮੈਨੂੰ ਕਿਸੇ ਨੇ ਸਿਖਾਏ ਨਹੀਂ ਹਨ ਮੇਰੇ ਅੰਦਰੋਂ ਹੀ ਮੈਨੂੰ ਮਹਿਸੂਸ ਹੋਇਆ ਹੈ ਕਿ ਇਨਸਾਨ ਦਾ ਕੋਈ ਮੁਕਾਮ ਜਰੂਰ ਹੁੰਦਾ ਹੈ। ਬਾਬਾ ਜੀ ਪੁੱਛਣ ਲੱਗੇ ਭਾਈ ਤੇਰੇ ਅੰਦਰੋਂ ਇਹ ਸ਼ਬਦ ਕਿਉਂ ਉਪਜੇ ਕੀ ਤੂੰ ਇਸ ਬਾਰੇ ਕਿਤੋਂ ਪੜ੍ਹਿਆ ਹੈ ਤਾਂ ਭਾਈ ਤਾਰੂ ਕਹਿਣ ਲੱਗਾ ਕਿ ਬਾਬਾ ਜੀ ਇਹ ਸ਼ਬਦ ਮੇਰੇ ਅੰਦਰ ਚੁੱਲ੍ਹੇ ਦੀ ਅੱਗ ਨੂੰ ਵੇਖ ਕੇ ਉਪਜੇ ਹਨ। ਗੁਰੂ ਜੀ ਨੇ ਫਿਰ ਪੁੱਛਿਆ ਓਹ ਕਿਦਾਂ ਤਾਂ ਭਾਈ ਤਾਰੂ ਕਹਿਣ ਲੱਗਾ ਕਿ ਬਾਬਾ ਜੀ ਇੱਕ ਦਿਨ ਮੇਰੀ ਮਾਂ ਚੁੱਲ੍ਹੇ ਵਿੱਚ ਅੱਗ ਬਾਲਣ ਲੱਗੀ ਤਾਂ ਉਸ ਨੇ ਦਰੱਖਤ ਤੋਂ ਟਾਹਣੀਆਂ ਤੋੜ ਕੇ ਓਨਾ ਨੂੰ ਚੁੱਲ੍ਹੇ ਵਿੱਚ ਰੱਖ ਕੇ ਅੱਗ ਲਾਈ ਅਤੇ ਬਾਅਦ ਵਿੱਚ ਵੱਡੀਆਂ ਲੱਕੜਾਂ ਤੋੜ ਕੇ ਓਨਾ ਨੂੰ ਅੱਗ ਲਾਈ। ਮੇਰੇ ਮਨ ਨੂੰ ਇਹ ਮਹਿਸੂਸ ਹੋਇਆ ਕਿ ਦਰਖਤ ਦੀਆਂ ਟਾਹਣੀਆਂ ਇਸ ਦੁਨੀਆਂ ਵਿੱਚ ਬਾਅਦ ਵਿੱਚ ਆਈਆਂ ਹਨ ਪਰ ਓਨਾ ਨੂੰ ਅੱਗ ਪਹਿਲਾਂ ਲਗਾ ਦਿੱਤੀ ਗਈ ਹੈ ਅਤੇ ਟਾਹਣ ਪਹਿਲਾਂ ਪੈਦਾ ਹੋਏ ਹਨ ਪਰ ਓਨਾ ਨੂੰ ਮੌਤ ਬਾਅਦ ਵਿੱਚ ਆਈ ਹੈ। ਇਸ ਤੋਂ ਮੇਰੇ ਮਨ ਵਿੱਚ ਬੈਰਾਗ ਆਇਆ ਕਿ ਬੱਚੇ ਇਸ ਦੁਨੀਆਂ ਵਿੱਚ ਬਾਅਦ ਵਿੱਚ ਆਏ ਹਨ ਪਰ ਕੁਝ ਪਤਾ ਨਹੀਂ ਕਿ ਉਹ ਦੁਨੀਆਂ ਵਿਚੋਂ ਪਹਿਲਾਂ ਚਲੇ ਜਾਣ। ਮੌਤ ਦਾ ਕੁਝ ਪਤਾ ਨਹੀਂ ਕਿ ਬੱਚਿਆਂ ਨੂੰ ਪਹਿਲਾਂ ਆ ਜਾਵੇ। ਇਸ ਕਰਕੇ ਮੇਰੇ ਮਨ ਵਿੱਚ ਆਇਆ ਕਿ ਕਿਸੇ ਸਾਧੂ ਪਾਸੋਂ ਕਲਿਆਣ ਦਾ ਰਾਸਤਾ ਜਾਣ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਭਾਈ ਤਾਰੂ ਤੋਂ ਖੁਸ਼ ਹੋਏ ਅਤੇ ਉਸ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ।
(ਰਣਜੀਤ ਸਿੰਘ ਮੋਹਲੇਕੇ)