ਖਾਲਸਾ ਪੰਥ ਦੀ ਸਾਜਨਾ

(ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ)
ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਮਹੱਤਤਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਚਾਰ ਚੰਨ ਲਗਾ ਦਿੱਤੇ।ਉਹਨਾਂ ਦੁਆਰਾ ਸਾਜਿਆ ਇਹ ਖਾਲਸਾ ਜ਼ੁਲਮ ਦੇ ਖ਼ਿਲਾਫ਼ ਡੱਟਣ ਦੇ ਸਮਰੱਥ ਹੋਇਆ।ਇਹ ਬਹੁਤ ਮਹਾਨ ਕੰਮ ਹੈ,ਕਿ ਜ਼ਾਲਮ ਹਾਕਮ ਦੇ ਅੱਗੇ ਨਿਡਰ ਹੋ ਕੇ ,ਮੌਤ ਦੀ ਪਰਵਾਹ ਕੀਤੇ ਬਗ਼ੈਰ ਜ਼ੁਲਮ ਦੇ ਵਿਰੁੱਧ ਅਵਾਜ਼ ਉਠਾਉਣੀ।ਹੱਕ-ਸੱਚ ਲਈ ਖੜ੍ਹੇ ਹੋਣਾ ਅਤੇ ਲਗਾਤਾਰਾ ਡੱਟਣਾ।ਜ਼ਾਲਮ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸਦਾ ਮੁਕਾਬਲਾ ਕਰਨ ਦੀ ਹਿੰਮਤ ਜਿਗਰੇ ਵਾਲੇ ਹੀ ਕਰ ਸਕਦੇ ਹਨ।
ਗੁਰੂ ਜੀ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਮੁਰਦਾ ਦਿਲ ਇਨਸਾਨਾ ਵਿੱਚ ਨਵੀਂ ਰੂਹ ਫੂਕੀ ।ਉਹਨਾਂ ਅੰਦਰ ਹਿੰਮਤ ਭਰੀ।ਇਹ ਕੋਈ ਸਧਾਰਨ ਕੰਮ ਨਹੀਂ ਸੀ।ਇਸ ਕੰਮ ਨੂੰ ਕਰਨ ਲਈ ਅਤੇ ਨੇਪਰੇ ਚਾੜ੍ਹਨ ਲਈ ਵੀ ਜਿਗਰੇ ਤੇ ਜੁਰਅੱਤ ਦੀ ਜ਼ਰੂਰਤ ਸੀ।ਉਹਨਾਂ ਨੇ ਅੰਮ੍ਰਿਤ ਛਕਾ ਕੇ ਸਭ ਜਾਤਾਂ-ਪਾਤਾਂ,ਵਰਨ-ਵੰਡੀਆ, ਊਚ-ਨੀਚ,ਛੂਤ-ਛਾਤ ਆਦਿ ਦੇ ਭੇਦ-ਭਾਵ ਨੂੰ ਮਿਟਾ ਕੇ ਸਾਰੀ ਮਨੁੱਖਤਾ ਨੂੰ ਇੱਕ ਸਮਾਨ ਬਰਾਬਰਤਾ ਦਾ ਅਧਿਕਾਰ ਦਿੱਤਾ।ਮਨੁੱਖ ਜੋ ਕਿ ਸਦੀਆ ਤੋਂ ਊਚ-ਨੀਚ ਦੇ ਚੱਕਰਵਿਊ ਵਿੱਚ ਧੁਰ ਤੱਕ ਫਸਿਆ ਸੀ,ਉਸ ਨੂੰ ਇਸ ਵਿੱਚੋਂ ਬਾਹਰ ਕੱਢਿਆ ਤਾਂ ਕਿ ਮਨੁੱਖ ਦਾ ਮਨੋਬਲ ਉੱਚਾ ਉੱਠ ਸਕੇ ਅਤੇ ਚਰਿੱਤਰ ਸਾਫ਼ ਸੁਥਰਾ ਹੋ ਸਕੇ।ਸਦਾ ਚੰਗੇ ਕੰਮ ਕਰਨ ਲਈ ਪ੍ਰੇਰਤ ਕੀਤਾ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੱਤਾ।ਆਪਣੇ ਨਿੱਜ ਤੋਂ ਉੱਪਰ ਉੱਠ ਕੇ ਕੁੱਲ ਲੋਕਾਈ ਦੇ ਭਲੇ ਲਈ ਅੱਗੇ ਹੋ ਕੇ ਆਖ਼ਰੀ ਦਮ ਤੱਕ ਡੱਟਣ ਲਈ ਸਾਹਸ ਭਰਿਆ।ਮੌਤ ਵਰਗੀ ਅਟੱਲ ਸੱਚਾਈ ਨੂੰ ਮੰਨ ਕੇ ਜੀਣ ਦਾ ਸੁਨੇਹਾ ਦਿੱਤਾ।
ਉਹਨਾਂ ਨੇ ਦੇਸ਼, ਕੌਮ ਦੀ ਖ਼ਾਤਰ ਆਪਣਾ ਪੂਰਾ ਸਰਬੰਸ ਵਾਰ ਦਿੱਤਾ।ਫਿਰ ਵੀ ਕਦੀ ‘ਸੀ’ ਨਹੀਂ ਕੀਤੀ।ਉਹਨਾਂ ਵਰਗੀ ਮਹਾਨ,
ਪਵਿੱਤਰ, ਤੇ ਉੱਚੀ-ਸੁੱਚੀ ਸ਼ਖ਼ਸੀਅਤ ਲਾਸਾਨੀ ਹੀ ਹੁੰਦੀ ਹੈ।
ਉਹਨਾਂ ਦੀ ਸੋਚ ਅਤੇ ਕੰਮ ਦੂਰ-ਅੰਦੇਸ਼ੀ ਵਾਲੇ ਹਨ,ਜਿਨ੍ਹਾਂ ਨੂੰ ਸਮਝਣਾ ਸਧਾਰਨ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ।ਅੱਜ ਦੇ ਇਸ ਭਿਆਨਕ ਸਮੇਂ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਦੁਆਰਾ ਦਰਸਾਏ ਗਏ ਮਾਰਗ ਹਰ ਇੱਕ ਦੀ ਰਹਿਨੁਮਾਈ ਕਰਦੇ ਨਜ਼ਰ ਆਉਂਦੇ ਹਨ, ਇਸ ਨੂੰ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ।ਉਹਨਾਂ ਬਾਰੇ ਲਿਖਣਾ ਮੇਰੇ ਵੱਸ ਦੀ ਗੱਲ ਨਹੀਂ।ਗੁਰੂ ਜੀ ਦੀ ਸਖ਼ਸੀਅਤ ਬੜੀ ਉੱਚੀ , ਸੁੱਚੀ ਅਤੇ ਮਹਾਨ ਹੈ। ਇਹ ਨਿਮਾਣੀ ਜਹੀ ਕੋਸ਼ਸ਼ ਕੀਤੀ ਹੈ।
ਪਰਵੀਨ ਕੌਰ ਸਿੱਧੂ


Share On Whatsapp

Leave a Reply




top