ਇਤਿਹਾਸ – ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਥੂਹੀ (ਨਾਭਾ)

ਮਹਾਨ ਕੋਸ਼ ਦੀ ਲਿਖਤ ਦੇ ਰਚੇਤਾ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੀ ਇਤਿਹਾਸਕ ਅਤੇ ਵਿਰਾਸਤੀ ਨਗਰੀ ਨੇੜੇ ਪੈਂਦੇ ਕਈ ਪਿੰਡਾਂ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਜਿਥੇ ਅੱਜ ਇਤਿਹਾਸਿਕ ਅਸਥਾਨ ਸੁਸ਼ੋਭਿਤ ਹਨ | ਇਨ੍ਹਾਂ ਪਿੰਡਾਂ ਵਿਚੋਂ ਇਕ ਪਿੰਡ ਹੈ ਥੂਹੀ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਵਸਿਆ ਹੋਇਆ ਹੈ ਅਤੇ ਸ਼ਹਿਰ ਤੋਂ ਤਕਰੀਬਨ 2 ਮੀਲ ਦੀ ਦੂਰੀ ‘ਤੇ ਹੈ | ਇਥੇ ਗੁਰੂ ਸਾਹਿਬ ਪਿੰਡ ਰੋਹਟਾ ਤੋਂ ਹੁੰਦੇ ਹੋਏ 13 ਕੱਤਕ 1722 ਸੰਮਤ ਬਿਕਰਮੀ ਨੂੰ ਪਹੁੰਚੇ ਸਨ | ਗੁਰੂ ਜੀ ਨਾਲ ਉਸ ਸਮੇਂ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕਿ੍ਪਾਲ ਚੰਦ, ਭਾਈ ਸੁਖਨੰਦਾ, ਭਾਈ ਉਦੈ, ਭਾਈ ਸੰਗਤੀਆ, ਭਾਈ ਸਾਹਿਬ ਚੰਦ, ਭਾਈ ਗੁਰਬਖ਼ਸ਼ ਦਾਸ ਉਦਾਸੀ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਜੈਤਾ, ਭਾਈ ਨੱਥੂ ਰਾਮ ਦਾ ਰਬਾਬੀ ਜਥਾ ਗੱਡਿਆਂ ਵਿਚ ਉਨ੍ਹਾਂ ਕੋਲ ਲੰਗਰ ਦਾ ਸਾਮਾਨ, ਭਾਂਡੇ, ਬਿਸਤਰੇ, ਛਾਇਆ-ਮਾਨ ਕਨਾਤਾ ਆਦਿ ਸਮੇਤ 300 ਦੇ ਕਰੀਬ ਸੰਗਤਾਂ ਹਾਜ਼ਰ ਸਨ | ਗੁਰੂ ਸਾਹਿਬ ਨੇ ਇਸ ਅਸਥਾਨ ‘ਤੇ ਰਹਿਰਾਸ ਸਾਹਿਬ ਦਾ ਪਾਠ ਅਤੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਕ ਦਿਨ ਰਹਿਣ ਉਪਰੰਤ ਗੁਰੂ ਜੀ ਪਰਿਵਾਰ ਅਤੇ ਸੰਗਤਾਂ ਸਮੇਤ ਅਗਲੇ ਪੜਾਅ ਲਈ ਰਵਾਨਾ ਹੋ ਗਏ | ਇਥੇ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਥੂਹੀ ਸੁਸ਼ੋਭਿਤ ਹੈ ਅਤੇ ਇਥੋਂ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਵਰੋਸਾਏ ਬਾਬਾ ਮੱਖਣ ਸਿੰਘ, ਪਿੰਡ ਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ | ਵੱਡੀ ਦਰਸ਼ਨੀ ਡਿਉਢੀ ਤੇ ਗੁਰੂ ਘਰ ਦੀ ਸੁੰਦਰ ਇਮਾਰਤ ਤਿਆਰ ਹੋ ਚੁੱਕੀ ਹੈ | ਦੂਰ-ਦੁਰਾਡੇ ਤੋਂ ਸੰਗਤਾਂ ਇਸ ਅਸਥਾਨ ‘ਤੇ ਨਤਮਸਤਕ ਹੋਣ ਆਉਂਦੀਆਂ ਹਨ |


Share On Whatsapp

Leave a Reply




top